ਤੁਸੀਂ ਆਪਣੇ ਬੱਚਿਆਂ ਦੀ ਕਿਵੇਂ ਰਾਖੀ ਕਰ ਸਕਦੇ ਹੋ?
ਇਕ ਸਥਾਨਕ ਸਕੂਲ ਵਿਚ ਕਈ ਸਾਲ ਤਕ ਪੜ੍ਹਾਈ ਕਰਨ ਮਗਰੋਂ, ਵਰਨਰa ਨੇ ਲਗਭਗ 3,000 ਦੂਜੇ ਨੌਜਵਾਨਾਂ ਨਾਲ ਸਾਓ ਪੌਲੋ, ਬ੍ਰਾਜ਼ੀਲ, ਵਿਚ ਉੱਚ ਵਿਦਿਆ ਪ੍ਰਾਪਤ ਕਰਨੀ ਸ਼ੁਰੂ ਕੀਤੀ। ਉਸ ਨੇ ਪਹਿਲੀ ਵਾਰ ਆਪਣੇ ਸੰਗੀ ਵਿਦਿਆਰਥੀਆਂ ਨੂੰ ਨਸ਼ੀਲੀਆਂ ਦਵਾਈਆਂ ਵੇਚਦੇ ਅਤੇ ਵਰਤਦੇ ਦੇਖਿਆ। ਛੋਟੇ ਕੱਦ ਦਾ ਹੋਣ ਕਰਕੇ, ਉਹ ਛੇਤੀ ਹੀ ਆਪਣੇ ਨਾਲੋਂ ਵੱਡੇ ਵਿਦਿਆਰਥੀਆਂ ਦੀ ਅਪਮਾਨਜਨਕ ਅਤੇ ਖ਼ਤਰਨਾਕ ਸਤਾਹਟ ਦਾ ਸ਼ਿਕਾਰ ਬਣ ਗਿਆ।
ਵਰਨਰ ਦੀ ਭੈਣ ਈਵਾ ਨੂੰ ਵੀ ਸਮੱਸਿਆਵਾਂ ਆਈਆਂ। ਆਪਣੀ ਯੋਗਤਾ ਸਿੱਧ ਕਰਨ ਲਈ, ਉਸ ਨੇ ਇੰਨੀ ਮਿਹਨਤ ਨਾਲ ਪੜ੍ਹਾਈ ਕੀਤੀ ਕਿ ਉਹ ਸਰੀਰਕ ਅਤੇ ਭਾਵਾਤਮਕ ਤੌਰ ਤੇ ਥੱਕ ਗਈ ਅਤੇ ਮਾਨਸਿਕ ਉਲਝਣ ਦੀ ਸ਼ਿਕਾਰ ਹੋ ਗਈ। ਦੂਜੇ ਕਿਸ਼ੋਰਾਂ ਵਾਂਗ, ਵਰਨਰ ਅਤੇ ਈਵਾ ਨੂੰ ਸਰੀਰਕ ਅਤੇ ਭਾਵਾਤਮਕ ਰਾਖੀ ਦੀ ਲੋੜ ਸੀ। ਤੁਹਾਡੇ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਮਦਦ ਦੀ ਲੋੜ ਹੈ? ਤੁਸੀਂ ਉਨ੍ਹਾਂ ਨੂੰ ਬਾਲਗ ਜੀਵਨ ਲਈ ਕਿਵੇਂ ਤਿਆਰ ਕਰ ਸਕਦੇ ਹੋ? ਦਰਅਸਲ, ਤੁਸੀਂ ਆਪਣੇ ਬੱਚਿਆਂ ਲਈ ਕਿਸ ਤਰ੍ਹਾਂ ਦਾ ਭਵਿੱਖ ਚਾਹੁੰਦੇ ਹੋ?
ਉਨ੍ਹਾਂ ਨੂੰ ਰੋਟੀ-ਕੱਪੜੇ ਨਾਲੋਂ ਕੁਝ ਜ਼ਿਆਦਾ ਦੀ ਲੋੜ ਹੈ
ਜ਼ਰਾ ਇਕ ਮਿੰਟ ਲਈ ਉਸ ਚੁਣੌਤੀ ਬਾਰੇ ਸੋਚੋ ਜਿਸ ਦਾ ਅੱਜ ਮਾਪੇ ਆਪਣੇ ਬੱਚਿਆਂ ਦੀ ਰਾਖੀ ਕਰਨ ਵਿਚ ਸਾਮ੍ਹਣਾ ਕਰਦੇ ਹਨ। ਪਰਿਵਾਰਕ ਜੀਵਨ ਦੇ ਪੱਧਰ ਵਿਚ ਆਈ ਗਿਰਾਵਟ ਕਰਕੇ ਅਤੇ ਗ਼ਰੀਬੀ ਵਿਚ ਵਾਧੇ ਕਰਕੇ, ਬਹੁਤ ਸਾਰੇ ਦੇਸ਼ਾਂ ਵਿਚ ਸੜਕਾਂ ਤੇ ਰਹਿਣ ਵਾਲੇ ਬੱਚਿਆਂ ਦੀ ਗਿਣਤੀ ਵੱਧ ਰਹੀ ਹੈ। ਬਾਲ ਮਜ਼ਦੂਰੀ, ਬੱਚਿਆਂ ਨੂੰ ਸ਼ੋਸ਼ਣ ਤੋਂ ਨਾ ਬਚਾਉਣ ਦਾ ਸਿੱਟਾ ਹੈ। ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਵੀ ਬਹੁਤ ਸਾਰੇ ਨੌਜਵਾਨਾਂ ਨੂੰ ਤਬਾਹ ਕਰ ਦਿੰਦੀ ਹੈ। ਮਿਸਾਲ ਵਜੋਂ, ਜਦੋਂ ਇਕ ਬ੍ਰਾਜ਼ੀਲੀ ਕਿਸ਼ੋਰ ਨਸ਼ੀਲੀ ਦਵਾਈ ਦਾ ਅਮਲੀ ਬਣ ਗਿਆ, ਤਾਂ ਉਸ ਦੇ ਘਰ ਵਿੱਚੋਂ ਸ਼ਾਂਤੀ ਗਾਇਬ ਹੋ ਗਈ। ਉਸ ਦੇ ਮਾਪਿਆਂ ਨੂੰ ਭਾਵਾਤਮਕ ਤਣਾਅ ਅਨੁਭਵ ਕਰਨ ਤੋਂ ਇਲਾਵਾ, ਉਸ ਦੇ ਇਲਾਜ ਵਾਸਤੇ ਪੈਸੇ ਇਕੱਠੇ ਕਰਨ ਲਈ ਵੀ ਸੰਘਰਸ਼ ਕਰਨਾ ਪਿਆ, ਅਤੇ ਨਸ਼ੀਲੀਆਂ ਦਵਾਈਆਂ ਦੇ ਨਿਰਦਈ ਦਲਾਲ ਪੈਸੇ ਵਸੂਲ ਕਰਨ ਲਈ ਉਨ੍ਹਾਂ ਦੇ ਘਰ ਆ ਧਮਕੇ।
ਪਰੰਤੂ, ਜੀਵਨ ਦੇ ਦਬਾਵਾਂ ਦੇ ਬਾਵਜੂਦ, ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਨਾ ਕੇਵਲ ਰੋਟੀ, ਕੱਪੜਾ, ਅਤੇ ਮਕਾਨ ਮੁਹੱਈਆ ਕਰਨ, ਬਲਕਿ ਹਿੰਸਾ, ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ, ਅਤੇ ਹੋਰ ਸਮੱਸਿਆਵਾਂ ਤੋਂ ਵੀ ਉਨ੍ਹਾਂ ਦੀ ਰਾਖੀ ਕਰਨ ਦਾ ਸੰਘਰਸ਼ ਜਾਰੀ ਰੱਖਦੇ ਹਨ। ਇਹ ਕੋਸ਼ਿਸ਼ ਸ਼ਲਾਘਾਯੋਗ ਹੈ, ਪਰੰਤੂ ਕੀ ਇਹ ਕਾਫ਼ੀ ਹੈ? ਭਾਵਾਤਮਕ ਅਤੇ ਅਧਿਆਤਮਿਕ ਖ਼ਤਰਿਆਂ ਤੋਂ ਉਨ੍ਹਾਂ ਦੀ ਰਾਖੀ ਕਰਨ ਬਾਰੇ ਕੀ? ਬਹੁਤ ਸਾਰੇ ਮਾਪਿਆਂ ਨੇ ਅਹਿਸਾਸ ਕੀਤਾ ਹੈ ਕਿ ਸਫ਼ਲ ਮਾਤਾ-ਪਿਤਾ ਬਣਨ ਵਿਚ ਆਪਣੇ ਬੱਚਿਆਂ ਨੂੰ ਸਹੀ ਪ੍ਰਕਾਰ ਦੇ ਦੋਸਤ ਅਤੇ ਮਨੋਰੰਜਨ ਚੁਣਨ ਵਿਚ ਮਦਦ ਦੇਣ ਦੀਆਂ ਚੁਣੌਤੀਆਂ ਨਾਲ ਨਜਿੱਠਣਾ ਵੀ ਸ਼ਾਮਲ ਹੈ। ਪਰੰਤੂ, ਮਾਤਾ-ਪਿਤਾ ਕਿਵੇਂ ਹੱਦੋਂ ਵੱਧ ਰੱਖਿਆਕਾਰੀ ਹੋਣ ਜਾਂ ਹੱਦੋਂ ਵੱਧ ਇਜਾਜ਼ਤੀ ਹੋਣ ਤੋਂ ਪਰਹੇਜ਼ ਕਰ ਸਕਦੇ ਹਨ? ਅਸੀਂ ਤੁਹਾਨੂੰ ਅਗਲੇ ਲੇਖ ਵਿਚ ਪਾਏ ਜਾਂਦੇ ਜਵਾਬਾਂ ਉੱਤੇ ਗੌਰ ਕਰਨ ਦਾ ਸੱਦਾ ਦਿੰਦੇ ਹਾਂ।
[ਫੁਟਨੋਟ]
a ਇਸ ਲੇਖ ਵਿਚ ਬਦਲਵੇਂ ਨਾਂ ਵਰਤੇ ਗਏ ਹਨ।