ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 4/1 ਸਫ਼ੇ 23-27
  • ਫਿਰਦੌਸ ਦੀ ਤਲਾਸ਼ ਵਿਚ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਫਿਰਦੌਸ ਦੀ ਤਲਾਸ਼ ਵਿਚ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਖੇਤੀਬਾੜੀ ਦੀ ਮੁੜ-ਬਹਾਲੀ
  • ਪਰਮੇਸ਼ੁਰ ਵਿਚ ਵਿਸ਼ਵਾਸ ਪੈਦਾ ਹੁੰਦਾ ਹੈ
  • ਮੇਰੀਆਂ ਪ੍ਰਾਰਥਨਾਵਾਂ ਸੁਣੀਆਂ ਗਈਆਂ
  • ਅਧਿਆਤਮਿਕ ਤਰੱਕੀ
  • ਦੁੱਖ ਵੇਲੇ ਮਦਦ
  • ਕਿਸੇ ਬਿਹਤਰ ਚੀਜ਼ ਲਈ ਜਤਨ ਕਰਨਾ
  • ਬੈਥਲ—ਇਕ ਸ਼ਾਨਦਾਰ ਰੂਹਾਨੀ ਫਿਰਦੌਸ
  • ਕੀ ਤੁਸੀਂ ਆ ਸਕਦੇ ਹੋ?
    ਸਾਡੀ ਰਾਜ ਸੇਵਕਾਈ—2003
  • ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਕਰਨਾ ਚਾਹੁੰਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਮੈਂ ਸਿੱਖਣਾ ਕਦੇ ਨਹੀਂ ਛੱਡਿਆ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਖੁੱਲ੍ਹਾ ਸੱਦਾ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 4/1 ਸਫ਼ੇ 23-27

ਫਿਰਦੌਸ ਦੀ ਤਲਾਸ਼ ਵਿਚ

ਪਾਸਕਲ ਸਟੀਜ਼ੀ ਦੀ ਜ਼ਬਾਨੀ

ਰਾਤ ਕਾਫ਼ੀ ਬੀਤ ਚੁੱਕੀ ਸੀ, ਅਤੇ ਦੱਖਣੀ ਫ਼ਰਾਂਸ ਦੇ ਬੇਜ਼ੀਏ ਸ਼ਹਿਰ ਦੀਆਂ ਗਲੀਆਂ ਸੁੰਨਸਾਨ ਸਨ। ਮੈਂ ਅਤੇ ਮੇਰੇ ਦੋਸਤ ਨੇ ਧਾਰਮਿਕ ਕਿਤਾਬਾਂ ਦੀ ਇਕ ਦੁਕਾਨ ਦੇਖੀ, ਅਤੇ ਉਸ ਦੀ ਤਾਜ਼ਾ-ਤਾਜ਼ਾ ਰੰਗ ਕੀਤੀ ਹੋਈ ਕੰਧ ਉੱਤੇ ਨੀਚੀ ਨਾਮਕ ਜਰਮਨ ਫ਼ਿਲਾਸਫ਼ਰ ਦੇ ਇਹ ਸ਼ਬਦ ਵੱਡੇ-ਵੱਡੇ ਅੱਖਰਾਂ ਵਿਚ ਲਿਖ ਦਿੱਤੇ: ‘ਦੇਵਤੇ ਮਰੇ ਹੋਏ ਹਨ। ਮਹਾਮਾਨਵ ਜ਼ਿੰਦਾਬਾਦ!’ ਮੈਂ ਇਸ ਤਰ੍ਹਾਂ ਦਾ ਇਨਸਾਨ ਕਿਉਂ ਬਣਿਆ?

ਮੈਂ 1951 ਵਿਚ ਫ਼ਰਾਂਸ ਦੇ ਇਕ ਕੈਥੋਲਿਕ ਪਰਿਵਾਰ ਵਿਚ ਪੈਦਾ ਹੋਇਆ ਸੀ। ਸਾਡਾ ਪਰਿਵਾਰ ਇਤਾਵਲੀ ਸੀ। ਜਦੋਂ ਮੈਂ ਛੋਟਾ ਸੀ, ਉਦੋਂ ਸਾਡਾ ਪਰਿਵਾਰ ਇਟਲੀ ਦੇ ਦੱਖਣੀ ਭਾਗ ਵਿਚ ਛੁੱਟੀਆਂ ਮਨਾਉਣ ਲਈ ਜਾਇਆ ਕਰਦਾ ਸੀ। ਉੱਥੇ ਹਰ ਪਿੰਡ ਵਿਚ ਕੁਆਰੀ ਮਰਿਯਮ ਦੀ ਮੂਰਤੀ ਸੀ। ਆਪਣੇ ਨਾਨਾ ਜੀ ਨਾਲ ਪਹਾੜਾਂ ਉੱਤੇ ਸੈਰ ਕਰਦੇ ਹੋਏ ਮੈਂ ਉਨ੍ਹਾਂ ਵੱਡੀਆਂ ਅਤੇ ਕੱਪੜੇ ਪਹਿਨੀਆਂ ਹੋਈਆਂ ਅਣਗਿਣਤ ਮੂਰਤੀਆਂ ਨੂੰ ਦੇਖਿਆ ਕਰਦਾ ਸੀ, ਪਰ ਮੇਰੀ ਉਨ੍ਹਾਂ ਵਿਚ ਕੋਈ ਨਿਹਚਾ ਨਹੀਂ ਸੀ। ਮੈਂ ਆਪਣੀ ਮੁਢਲੀ ਸਿੱਖਿਆ ਜੈਸੂਇਟ ਧਰਮ ਦੇ ਲੋਕਾਂ ਦੁਆਰਾ ਚਲਾਏ ਜਾਂਦੇ ਇਕ ਧਾਰਮਿਕ ਸਕੂਲ ਵਿਚ ਪੂਰੀ ਕੀਤੀ। ਪਰ, ਮੈਂ ਉੱਥੇ ਕਦੀ ਵੀ ਕੋਈ ਅਜਿਹੀ ਗੱਲ ਨਹੀਂ ਸੁਣੀ ਜਿਸ ਨੇ ਸੱਚ-ਮੁੱਚ ਮੇਰੇ ਵਿਚ ਪਰਮੇਸ਼ੁਰ ਪ੍ਰਤੀ ਨਿਹਚਾ ਪੈਦਾ ਕੀਤੀ ਹੋਵੇ।

ਮੈਂ ਉਦੋਂ ਜ਼ਿੰਦਗੀ ਦੇ ਮਕਸਦ ਬਾਰੇ ਸੋਚਣਾ ਸ਼ੁਰੂ ਕੀਤਾ ਜਦੋਂ ਮੈਂ ਡਾਕਟਰੀ ਦਾ ਅਧਿਐਨ ਕਰਨ ਲਈ ਮੌਨਪੈਲੀਏ ਸ਼ਹਿਰ ਦੀ ਯੂਨੀਵਰਸਿਟੀ ਵਿਚ ਦਾਖ਼ਲਾ ਲਿਆ। ਮੇਰੇ ਪਿਤਾ ਜੀ ਲੜਾਈ ਵਿਚ ਜ਼ਖ਼ਮੀ ਹੋ ਗਏ ਸਨ ਅਤੇ ਡਾਕਟਰ ਹਮੇਸ਼ਾ ਉਨ੍ਹਾਂ ਕੋਲ ਬੈਠੇ ਰਹਿੰਦੇ ਸਨ। ਕੀ ਲੜਾਈ ਵਿਚ ਜ਼ਖ਼ਮੀ ਹੋਣ ਵਾਲੇ ਲੋਕਾਂ ਨੂੰ ਚੰਗਾ ਕਰਨ ਲਈ ਇੰਨੇ ਜਤਨ ਅਤੇ ਸਮਾਂ ਲਗਾਉਣ ਦੀ ਬਜਾਇ, ਲੜਾਈ ਨੂੰ ਖ਼ਤਮ ਕਰਨਾ ਜ਼ਿਆਦਾ ਚੰਗਾ ਨਹੀਂ ਹੋਵੇਗਾ? ਪਰ, ਵੀਅਤਨਾਮ ਦੀ ਲੜਾਈ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਸੀ। ਇਕ ਹੋਰ ਉਦਾਹਰਣ ਵਜੋਂ, ਮੇਰੀ ਰਾਇ ਵਿਚ ਫੇਫੜਿਆਂ ਦੇ ਕੈਂਸਰ ਦਾ ਇੱਕੋ-ਇਕ ਸਹੀ ਇਲਾਜ, ਇਸ ਦੇ ਬੁਨਿਆਦੀ ਕਾਰਨ—ਤਮਾਖੂ—ਨੂੰ ਖ਼ਤਮ ਕਰਨਾ ਸੀ। ਅਤੇ ਉਨ੍ਹਾਂ ਬੀਮਾਰੀਆਂ ਬਾਰੇ ਕੀ, ਜਿਹੜੀਆਂ ਵਿਕਾਸਸ਼ੀਲ ਦੇਸ਼ਾਂ ਵਿਚ ਕੁਪੋਸ਼ਣ ਕਰਕੇ ਅਤੇ ਅਮੀਰ ਦੇਸ਼ਾਂ ਵਿਚ ਲੋੜੋਂ ਵੱਧ ਖਾਣ ਕਰਕੇ ਹੁੰਦੀਆਂ ਹਨ? ਕੀ ਦੁਖਦਾਈ ਸਿੱਟਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨ ਦੀ ਬਜਾਇ ਇਨ੍ਹਾਂ ਦੇ ਕਾਰਨਾਂ ਨੂੰ ਦੂਰ ਕਰਨਾ ਜ਼ਿਆਦਾ ਚੰਗਾ ਨਹੀਂ ਹੋਵੇਗਾ? ਧਰਤੀ ਉੱਤੇ ਇੰਨੇ ਦੁੱਖ ਕਿਉਂ ਹਨ? ਮੈਂ ਮਹਿਸੂਸ ਕਰਦਾ ਸੀ ਕਿ ਇਸ ਆਤਮਘਾਤੀ ਸਮਾਜ ਵਿਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਸੀ, ਅਤੇ ਇਸ ਦੇ ਲਈ ਮੈਂ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਾ ਸੀ।

ਇਕ ਅਰਾਜਕਤਾਵਾਦੀ ਦੁਆਰਾ ਲਿਖੀ ਗਈ ਕਿਤਾਬ ਮੇਰੀ ਸਭ ਤੋਂ ਮਨ-ਪਸੰਦ ਕਿਤਾਬ ਸੀ, ਅਤੇ ਮੈਂ ਉਸ ਵਿੱਚੋਂ ਵਾਕ ਲੈ-ਲੈ ਕੇ ਕੰਧਾਂ ਉੱਤੇ ਲਿਖਿਆ ਕਰਦਾ ਸੀ। ਹੌਲੀ-ਹੌਲੀ, ਮੈਂ ਵੀ ਅਰਾਜਕਤਾਵਾਦੀ ਬਣ ਗਿਆ, ਅਤੇ ਮੈਂ ਧਰਮ ਤੇ ਨੈਤਿਕ ਨਿਯਮਾਂ ਨੂੰ ਮੰਨਣਾ ਛੱਡ ਦਿੱਤਾ। ਮੈਂ ਪਰਮੇਸ਼ੁਰ ਜਾਂ ਕੋਈ ਮਾਲਕ ਨਹੀਂ ਚਾਹੁੰਦਾ ਸੀ। ਮੇਰੀ ਰਾਇ ਵਿਚ, ਪਰਮੇਸ਼ੁਰ ਅਤੇ ਧਰਮ, ਅਮੀਰਾਂ ਅਤੇ ਸ਼ਕਤੀਸ਼ਾਲੀ ਲੋਕਾਂ ਦੇ ਬਣਾਏ ਹੋਏ ਹਨ ਤਾਂਕਿ ਉਹ ਸਾਡੇ ਵਰਗੇ ਲੋਕਾਂ ਨੂੰ ਆਪਣੇ ਅਧੀਨ ਕਰ ਸਕਣ ਅਤੇ ਸਾਡਾ ਸ਼ੋਸ਼ਣ ਕਰ ਸਕਣ। ਉਹ ਮਾਨੋ ਕਹਿ ਰਹੇ ਸਨ ਕਿ ‘ਧਰਤੀ ਉੱਤੇ ਸਾਡੇ ਲਈ ਸਖ਼ਤ ਮਿਹਨਤ ਕਰੋ, ਅਤੇ ਸਵਰਗੀ ਫਿਰਦੌਸ ਵਿਚ ਤੁਹਾਨੂੰ ਵੱਡਾ ਇਨਾਮ ਮਿਲੇਗਾ।’ ਪਰ ਦੇਵਤਿਆਂ ਦਾ ਜ਼ਮਾਨਾ ਖ਼ਤਮ ਹੋ ਗਿਆ ਸੀ। ਲੋਕਾਂ ਨੂੰ ਇਸ ਬਾਰੇ ਦੱਸਣ ਦੀ ਲੋੜ ਸੀ। ਉਨ੍ਹਾਂ ਨੂੰ ਦੱਸਣ ਦਾ ਇਕ ਤਰੀਕਾ ਸੀ ਕੰਧਾਂ ਉੱਤੇ ਲਿਖ ਕੇ ਨਾਅਰੇਬਾਜ਼ੀ ਕਰਨੀ।

ਇਸ ਕਾਰਨ, ਮੇਰੀ ਪੜ੍ਹਾਈ ਪਿੱਛੇ ਪੈ ਗਈ। ਇਸ ਸਮੇਂ ਦੌਰਾਨ, ਮੈਂ ਭੂਗੋਲ ਅਤੇ ਪਰਿਸਥਿਤੀ-ਵਿਗਿਆਨ ਦਾ ਅਧਿਐਨ ਕਰਨ ਲਈ ਮੌਨਪੈਲੀਏ ਸ਼ਹਿਰ ਦੀ ਇਕ ਹੋਰ ਯੂਨੀਵਰਸਿਟੀ ਵਿਚ ਦਾਖ਼ਲਾ ਲੈ ਲਿਆ ਸੀ। ਇਸ ਯੂਨੀਵਰਸਿਟੀ ਵਿਚ ਹਮੇਸ਼ਾ ਬਗਾਵਤ ਦਾ ਮਾਹੌਲ ਬਣਿਆ ਰਹਿੰਦਾ ਸੀ। ਜਿੰਨਾ ਜ਼ਿਆਦਾ ਮੈਂ ਪਰਿਸਥਿਤੀ-ਵਿਗਿਆਨ ਦਾ ਅਧਿਐਨ ਕਰਦਾ ਗਿਆ, ਮੈਨੂੰ ਆਪਣੇ ਸੁੰਦਰ ਗ੍ਰਹਿ ਨੂੰ ਪ੍ਰਦੂਸ਼ਿਤ ਹੁੰਦੇ ਦੇਖ ਕੇ ਉੱਨਾ ਹੀ ਜ਼ਿਆਦਾ ਗੁੱਸਾ ਆਉਂਦਾ ਗਿਆ।

ਹਰ ਸਾਲ ਮੈਂ ਗਰਮੀਆਂ ਦੀਆਂ ਛੁੱਟੀਆਂ ਵਿਚ ਹਜ਼ਾਰਾਂ ਮੀਲ ਤੈ ਕਰਦੇ ਹੋਏ ਪੂਰੇ ਯੂਰਪ ਦੀ ਸੈਰ ਕਰਦਾ ਸੀ। ਮੈਂ ਆਉਂਦੀਆਂ-ਜਾਂਦੀਆਂ ਗੱਡੀਆਂ ਵਿਚ ਲਿਫ਼ਟ ਲੈਂਦਾ ਸੀ। ਸੈਂਕੜੇ ਡਰਾਈਵਰਾਂ ਨਾਲ ਸਫ਼ਰ ਕਰਦਿਆਂ ਅਤੇ ਗੱਲਾਂ ਕਰਦਿਆਂ, ਮੈਂ ਆਪਣੀਆਂ ਅੱਖਾਂ ਨਾਲ ਮਨੁੱਖੀ ਸਮਾਜ ਦੀ ਦੁਸ਼ਟਤਾ ਅਤੇ ਭ੍ਰਿਸ਼ਟਤਾ ਨੂੰ ਦੇਖਿਆ। ਫਿਰਦੌਸ ਦੀ ਤਲਾਸ਼ ਕਰਦੇ ਹੋਏ, ਇਕ ਦਿਨ ਮੈਂ ਕ੍ਰੀਟ ਨਾਮਕ ਸੁੰਦਰ ਟਾਪੂ ਦੇ ਕੁਝ ਬਹੁਤ ਹੀ ਦਿਲਕਸ਼ ਸਮੁੰਦਰੀ ਕਿਨਾਰਿਆਂ ਤੇ ਪਹੁੰਚਿਆ, ਅਤੇ ਦੇਖਿਆ ਕਿ ਉਹ ਤੇਲ ਨਾਲ ਭਰੇ ਹੋਏ ਸਨ। ਮੇਰਾ ਦਿਲ ਬਹੁਤ ਉਦਾਸ ਹੋਇਆ। ਕੀ ਧਰਤੀ ਉੱਤੇ ਕਿਤੇ ਫਿਰਦੌਸ ਦਾ ਕੋਈ ਹਿੱਸਾ ਬਾਕੀ ਬਚਿਆ ਵੀ ਸੀ?

ਖੇਤੀਬਾੜੀ ਦੀ ਮੁੜ-ਬਹਾਲੀ

ਫ਼ਰਾਂਸ ਵਿਚ ਪਰਿਸਥਿਤੀ-ਵਿਗਿਆਨੀ ਇਸ ਗੱਲ ਦਾ ਪ੍ਰਚਾਰ ਕਰ ਰਹੇ ਸਨ ਕਿ ਸਮਾਜ ਉੱਤੇ ਆਈਆਂ ਆਫ਼ਤਾਂ ਦਾ ਹੱਲ ਖੇਤੀਬਾੜੀ ਦੀ ਮੁੜ-ਬਹਾਲੀ ਸੀ। ਮੈਂ ਆਪਣੇ ਹੱਥਾਂ ਨਾਲ ਕੰਮ ਕਰਨਾ ਚਾਹੁੰਦਾ ਸੀ। ਇਸ ਲਈ ਮੈਂ ਦੱਖਣੀ ਫ਼ਰਾਂਸ ਵਿਚ ਸੇਵਨ ਪਹਾੜ ਦੇ ਨੇੜੇ ਸਥਿਤ ਇਕ ਛੋਟੇ ਪਿੰਡ ਵਿਚ ਪੱਥਰਾਂ ਨਾਲ ਬਣਿਆ ਇਕ ਪੁਰਾਣਾ ਘਰ ਖ਼ਰੀਦ ਲਿਆ। ਦਰਵਾਜ਼ੇ ਉੱਤੇ ਮੈਂ ਅਮਰੀਕਨ ਹਿੱਪੀਆਂ ਦਾ ਨਾਅਰਾ ਲਿਖਿਆ, “ਮੌਜੂਦਾ ਫਿਰਦੌਸ।” ਇਕ ਜਵਾਨ ਜਰਮਨ ਕੁੜੀ ਮੇਰੇ ਨਾਲ ਰਹਿਣ ਲੱਗ ਪਈ ਜੋ ਸਫ਼ਰ ਕਰਦਿਆਂ ਸਾਡੇ ਇਲਾਕੇ ਵਿੱਚੋਂ ਦੀ ਲੰਘ ਰਹੀ ਸੀ। ਸਰਕਾਰ ਦੇ ਪ੍ਰਤਿਨਿਧ, ਨਗਰ-ਪ੍ਰਧਾਨ ਦੇ ਸਾਮ੍ਹਣੇ ਵਿਆਹ ਕਰਾਉਣਾ ਮੈਨੂੰ ਬਿਲਕੁਲ ਮਨਜ਼ੂਰ ਨਹੀਂ ਸੀ। ਅਤੇ ਚਰਚ ਵਿਚ? ਕਦੀ ਵੀ ਨਹੀਂ।

ਜ਼ਿਆਦਾ ਸਮਾਂ ਅਸੀਂ ਨੰਗੇ ਪੈਰ ਤੁਰਦੇ ਸੀ, ਅਤੇ ਮੇਰੇ ਵਾਲ ਲੰਮੇ ਅਤੇ ਦਾੜ੍ਹੀ ਉਘੜ-ਦੁਗੜੀ ਸੀ। ਫਲਾਂ ਤੇ ਸਬਜ਼ੀਆਂ ਦੀ ਖੇਤੀ ਕਰਨੀ ਮੈਨੂੰ ਬਹੁਤ ਪਸੰਦ ਸੀ। ਗਰਮੀਆਂ ਵਿਚ ਆਕਾਸ਼ ਨੀਲਾ ਹੁੰਦਾ ਸੀ ਅਤੇ ਟਿੱਡੇ ਗਾਉਂਦੇ ਹੁੰਦੇ ਸਨ। ਦੂਰ-ਦੂਰ ਤਕ ਫੈਲੀਆਂ ਝਾੜੀਆਂ ਦੇ ਫੁੱਲ ਬਹੁਤ ਮਹਿਕਦੇ ਸਨ, ਅਤੇ ਭੂਮੱਧ-ਸਾਗਰੀ ਫਲ—ਅੰਗੂਰ ਅਤੇ ਅੰਜੀਰਾਂ—ਜੋ ਮੈਂ ਉਗਾਏ ਸਨ ਬਹੁਤ ਹੀ ਰਸੀਲੇ ਸਨ। ਇਸ ਤਰ੍ਹਾਂ ਲੱਗਦਾ ਸੀ ਕਿ ਸਾਨੂੰ ਆਪਣਾ ਫਿਰਦੌਸ ਮਿਲ ਗਿਆ ਸੀ।

ਪਰਮੇਸ਼ੁਰ ਵਿਚ ਵਿਸ਼ਵਾਸ ਪੈਦਾ ਹੁੰਦਾ ਹੈ

ਯੂਨੀਵਰਸਿਟੀ ਵਿਚ, ਮੈਂ ਕੋਸ਼ਿਕਾ ਜੀਵ-ਵਿਗਿਆਨ, ਭਰੂਣ-ਵਿਗਿਆਨ, ਅਤੇ ਅੰਗ-ਵਿਗਿਆਨ ਦਾ ਅਧਿਐਨ ਕੀਤਾ ਸੀ, ਅਤੇ ਮੈਂ ਇਨ੍ਹਾਂ ਸਾਰੀਆਂ ਸਰੀਰਕ-ਪ੍ਰਣਾਲੀਆਂ ਦੀ ਜਟਿਲਤਾ ਅਤੇ ਤਾਲਮੇਲ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। ਹੁਣ ਕਿਉਂਕਿ ਮੈਂ ਹਰ ਦਿਨ ਸ੍ਰਿਸ਼ਟੀ ਨੂੰ ਦੇਖ ਸਕਦਾ ਸੀ ਅਤੇ ਇਸ ਉੱਤੇ ਵਿਚਾਰ ਕਰ ਸਕਦਾ ਸੀ, ਇਸ ਲਈ ਇਸ ਦੀ ਸੁੰਦਰਤਾ ਅਤੇ ਤਾਕਤ ਮੈਨੂੰ ਹੈਰਾਨ ਕਰਦੀਆਂ ਸਨ। ਹਰ ਦਿਨ ਮੈਂ ਸ੍ਰਿਸ਼ਟੀ ਦੀ ਕਿਤਾਬ ਦੇ ਪੰਨਿਆਂ ਵਿੱਚੋਂ ਕੁਝ-ਨ-ਕੁਝ ਸਿੱਖਦਾ ਸੀ। ਇਕ ਦਿਨ ਪਹਾੜੀਆਂ ਉੱਤੇ ਕਾਫ਼ੀ ਦੇਰ ਤਕ ਸੈਰ ਕਰਨ ਦੌਰਾਨ ਅਤੇ ਜ਼ਿੰਦਗੀ ਬਾਰੇ ਗਹਿਰਾਈ ਨਾਲ ਸੋਚਣ ਤੋਂ ਬਾਅਦ, ਮੈਂ ਇਸ ਸਿੱਟੇ ਤੇ ਪੁੱਜਿਆ ਕਿ ਜ਼ਰੂਰ ਇਕ ਸ੍ਰਿਸ਼ਟੀਕਰਤਾ ਹੈ। ਮੈਂ ਆਪਣੇ ਦਿਲ ਵਿਚ ਪਰਮੇਸ਼ੁਰ ਉੱਤੇ ਨਿਹਚਾ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਮੈਂ ਆਪਣੇ ਦਿਲ ਵਿਚ ਇਕ ਖ਼ਾਲੀਪਣ ਅਤੇ ਬੇਚੈਨੀ ਭਰੀ ਇਕੱਲਤਾ ਮਹਿਸੂਸ ਕਰਦਾ ਸੀ। ਪਰ ਜਿਸ ਦਿਨ ਮੈਂ ਪਰਮੇਸ਼ੁਰ ਵਿਚ ਵਿਸ਼ਵਾਸ ਕਰਨਾ ਸ਼ੁਰੂ ਕੀਤਾ, ਉਸ ਦਿਨ ਮੈਂ ਆਪਣੇ ਆਪ ਨੂੰ ਕਿਹਾ, ‘ਪਾਸਕਲ, ਹੁਣ ਤੂੰ ਕਦੀ ਵੀ ਇਕੱਲਾ ਨਹੀਂ ਹੋਵੇਂਗਾ।’ ਇਹ ਇਕ ਬਹੁਤ ਹੀ ਅਨੋਖਾ ਅਹਿਸਾਸ ਸੀ।

ਫਿਰ, ਸਾਡੇ ਘਰ ਇਕ ਕੁੜੀ—ਐਮਨਡੀਨ—ਨੇ ਜਨਮ ਲਿਆ। ਉਹ ਮੇਰੀਆਂ ਅੱਖਾਂ ਦਾ ਤਾਰਾ ਸੀ। ਹੁਣ ਕਿਉਂਕਿ ਮੈਂ ਪਰਮੇਸ਼ੁਰ ਵਿਚ ਵਿਸ਼ਵਾਸ ਰੱਖਦਾ ਸੀ, ਮੈਂ ਉਨ੍ਹਾਂ ਕੁਝ ਨੈਤਿਕ ਨਿਯਮਾਂ ਦੀ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ ਜਿਹੜੇ ਮੈਂ ਜਾਣਦਾ ਸੀ। ਮੈਂ ਚੋਰੀ ਕਰਨੀ ਅਤੇ ਝੂਠ ਬੋਲਣਾ ਛੱਡ ਦਿੱਤਾ, ਅਤੇ ਮੈਨੂੰ ਜਲਦੀ ਹੀ ਅਹਿਸਾਸ ਹੋ ਗਿਆ ਕਿ ਇਹ ਸਭ ਕੁਝ ਛੱਡਣ ਕਰਕੇ ਦੂਜਿਆਂ ਨਾਲ ਮੇਰੇ ਝਗੜੇ ਖ਼ਤਮ ਹੋ ਗਏ ਸਨ। ਜੀ ਹਾਂ, ਸਾਨੂੰ ਨਿੱਜੀ ਸਮੱਸਿਆਵਾਂ ਸਨ, ਅਤੇ ਮੇਰਾ ਫਿਰਦੌਸ ਉਸ ਤਰ੍ਹਾਂ ਦਾ ਨਹੀਂ ਸੀ ਜਿਸ ਦੀ ਮੈਂ ਆਸ ਰੱਖੀ ਸੀ। ਉਸ ਇਲਾਕੇ ਵਿਚ ਅੰਗੂਰਾਂ ਦੀ ਖੇਤੀ ਕਰਨ ਵਾਲੇ ਕਿਸਾਨ ਕੀਟਨਾਸ਼ਕ ਅਤੇ ਨਦੀਣਨਾਸ਼ਕਦਵਾਈਆਂ ਵਰਤਦੇ ਸਨ ਜਿਸ ਨਾਲ ਮੇਰੀਆਂ ਫ਼ਸਲਾਂ ਵੀ ਪ੍ਰਦੂਸ਼ਿਤ ਹੋ ਜਾਂਦੀਆਂ ਸਨ। ਮੈਨੂੰ ਮੇਰੇ ਇਸ ਸਵਾਲ ਦਾ ਜਵਾਬ ਅਜੇ ਵੀ ਨਹੀਂ ਮਿਲਿਆ ਸੀ ਕਿ ਬੁਰਾਈ ਦਾ ਕਾਰਨ ਕੀ ਸੀ। ਇਸ ਤੋਂ ਇਲਾਵਾ, ਭਾਵੇਂ ਕਿ ਮੈਂ ਪਰਿਵਾਰਕ ਜੀਵਨ ਬਾਰੇ ਬਹੁਤ ਕੁਝ ਪੜ੍ਹਿਆ ਸੀ, ਫਿਰ ਵੀ ਮੇਰਾ ਆਪਣੀ ਸਾਥਣ ਨਾਲ ਲੜਾਈ-ਝਗੜਾ ਹੁੰਦਾ ਰਹਿੰਦਾ ਸੀ। ਸਾਡੇ ਕੁਝ ਦੋਸਤ ਸਨ ਅਤੇ ਉਹ ਵੀ ਝੂਠੇ; ਕੁਝ ਦੋਸਤਾਂ ਨੇ ਤਾਂ ਮੇਰੀ ਸਾਥਣ ਨੂੰ ਮੇਰੇ ਨਾਲ ਬੇਵਫ਼ਾਈ ਕਰਨ ਲਈ ਵੀ ਉਕਸਾਇਆ। ਇਹ ਅਸਲੀ ਫਿਰਦੌਸ ਨਹੀਂ ਸੀ।

ਮੇਰੀਆਂ ਪ੍ਰਾਰਥਨਾਵਾਂ ਸੁਣੀਆਂ ਗਈਆਂ

ਮੈਂ ਅਕਸਰ ਆਪਣੇ ਤਰੀਕੇ ਨਾਲ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਿਆ ਕਰਦਾ ਸੀ ਕਿ ਉਹ ਜੀਵਨ ਵਿਚ ਮੇਰੀ ਅਗਵਾਈ ਕਰੇ। ਇਕ ਐਤਵਾਰ ਨੂੰ ਸਵੇਰ ਦੇ ਸਮੇਂ, ਈਰੈਨ ਲੋਪੇਸ ਨਾਮਕ ਇਕ ਹੱਸ-ਮੁੱਖ ਔਰਤ ਆਪਣੇ ਛੋਟੇ ਮੁੰਡੇ ਨਾਲ ਸਾਡੇ ਦਰਵਾਜ਼ੇ ਤੇ ਆਈ। ਉਹ ਯਹੋਵਾਹ ਦੀ ਗਵਾਹ ਸੀ। ਮੈਂ ਉਸ ਦੀ ਗੱਲ ਸੁਣੀ ਅਤੇ ਦੁਬਾਰਾ ਮੁਲਾਕਾਤ ਕਰਨ ਲਈ ਮੰਨ ਗਿਆ। ਦੋ ਆਦਮੀ ਮੈਨੂੰ ਮਿਲਣ ਆਏ। ਸਾਡੇ ਵਿਚ ਹੋਈ ਗੱਲ-ਬਾਤ ਤੋਂ ਮੈਂ ਦੋ ਗੱਲਾਂ ਯਾਦ ਰੱਖੀਆਂ—ਫਿਰਦੌਸ ਅਤੇ ਪਰਮੇਸ਼ੁਰ ਦਾ ਰਾਜ। ਮੈਂ ਇਹ ਗੱਲਾਂ ਆਪਣੇ ਦਿਲ ਵਿਚ ਸੰਭਾਲ ਕੇ ਰੱਖੀਆਂ, ਅਤੇ ਜਿੱਦਾਂ-ਜਿੱਦਾਂ ਮਹੀਨੇ ਬੀਤਦੇ ਗਏ, ਮੈਨੂੰ ਇਹ ਗੱਲ ਸਮਝ ਆ ਗਈ ਕਿ ਜੇਕਰ ਮੈਂ ਇਕ ਸਾਫ਼ ਅੰਤਹਕਰਣ ਅਤੇ ਸੱਚੀ ਖ਼ੁਸ਼ੀ ਪ੍ਰਾਪਤ ਕਰਨੀ ਚਾਹੁੰਦਾ ਹਾਂ, ਤਾਂ ਇਕ-ਨ-ਇਕ ਦਿਨ ਮੈਨੂੰ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਚੱਲਣਾ ਪਵੇਗਾ।

ਆਪਣੇ ਜੀਵਨ ਨੂੰ ਪਰਮੇਸ਼ੁਰ ਦੇ ਬਚਨ ਦੀ ਇਕਸੁਰਤਾ ਵਿਚ ਲਿਆਉਣ ਲਈ, ਪਹਿਲਾਂ ਤਾਂ ਮੇਰੀ ਸਾਥਣ ਮੇਰੇ ਨਾਲ ਵਿਆਹ ਕਰਾਉਣ ਲਈ ਤਿਆਰ ਸੀ। ਪਰ ਫਿਰ ਉਹ ਉਨ੍ਹਾਂ ਲੋਕਾਂ ਦੀ ਬੁਰੀ ਸੰਗਤ ਵਿਚ ਪੈ ਗਈ ਜਿਹੜੇ ਪਰਮੇਸ਼ੁਰ ਅਤੇ ਉਸ ਦੇ ਨਿਯਮਾਂ ਦਾ ਮਜ਼ਾਕ ਉਡਾਉਂਦੇ ਸਨ। ਬਸੰਤ ਦੇ ਮਹੀਨੇ ਵਿਚ ਇਕ ਦਿਨ ਸ਼ਾਮ ਨੂੰ ਘਰ ਆਉਣ ਤੇ ਮੈਨੂੰ ਬਹੁਤ ਸਦਮਾ ਲੱਗਾ। ਸਾਡਾ ਘਰ ਖਾਲੀ ਸੀ। ਮੇਰੀ ਸਾਥਣ ਸਾਡੀ ਤਿੰਨ ਸਾਲ ਦੀ ਧੀ ਨੂੰ ਆਪਣੇ ਨਾਲ ਲੈ ਕੇ ਚਲੀ ਗਈ ਸੀ। ਕਈ ਦਿਨਾਂ ਤਕ ਮੈਂ ਉਨ੍ਹਾਂ ਦੇ ਵਾਪਸ ਆਉਣ ਦੀ ਉਡੀਕ ਕਰਦਾ ਰਿਹਾ—ਪਰ ਵਿਅਰਥ। ਪਰਮੇਸ਼ੁਰ ਨੂੰ ਦੋਸ਼ ਦੇਣ ਦੀ ਬਜਾਇ, ਮੈਂ ਉਸ ਨੂੰ ਪ੍ਰਾਰਥਨਾ ਕੀਤੀ ਕਿ ਉਹ ਮੇਰੀ ਮਦਦ ਕਰੇ।

ਇਸ ਘਟਨਾ ਤੋਂ ਕੁਝ ਚਿਰ ਬਾਅਦ, ਮੈਂ ਬਾਈਬਲ ਲਈ, ਅਤੇ ਆਪਣੇ ਅੰਜੀਰ ਦੇ ਦਰਖ਼ਤ ਥੱਲੇ ਬੈਠ ਕੇ ਇਸ ਨੂੰ ਪੜ੍ਹਨਾ ਸ਼ੁਰੂ ਕੀਤਾ। ਅਸਲ ਵਿਚ, ਇਹ ਮੇਰੇ ਲਈ ਇਸ ਤਰ੍ਹਾਂ ਸੀ ਜਿਵੇਂ ਪਿਆਸੇ ਨੂੰ ਖੂਹ ਮਿਲ ਗਿਆ ਹੋਵੇ। ਭਾਵੇਂ ਕਿ ਮੈਂ ਮਨੋਵਿਸ਼ਲੇਸ਼ਕਾਂ ਅਤੇ ਮਨੋਵਿਗਿਆਨੀਆਂ ਦੁਆਰਾ ਲਿਖੀਆਂ ਗਈਆਂ ਹਰ ਤਰ੍ਹਾਂ ਦੀਆਂ ਕਿਤਾਬਾਂ ਪੜ੍ਹੀਆਂ ਸਨ, ਪਰ ਮੈਨੂੰ ਕਿਸੇ ਵਿਚ ਵੀ ਅਜਿਹੀ ਬੁੱਧੀ ਦੀਆਂ ਗੱਲਾਂ ਨਹੀਂ ਮਿਲੀਆਂ ਸਨ। ਇਹ ਕਿਤਾਬ ਜ਼ਰੂਰ ਪਰਮੇਸ਼ੁਰ ਦੀ ਪ੍ਰੇਰਣਾ ਦੁਆਰਾ ਲਿਖਾਈ ਗਈ ਸੀ। ਯਿਸੂ ਦੀ ਸਿੱਖਿਆ ਅਤੇ ਮਨੁੱਖੀ ਸੁਭਾਅ ਬਾਰੇ ਉਸ ਦੀ ਸਮਝ ਨੇ ਮੈਨੂੰ ਹੈਰਾਨ ਕੀਤਾ। ਮੈਨੂੰ ਜ਼ਬੂਰਾਂ ਦੀ ਪੋਥੀ ਤੋਂ ਦਿਲਾਸਾ ਮਿਲਿਆ ਅਤੇ ਕਹਾਉਤਾਂ ਦੀ ਪੋਥੀ ਵਿਚ ਪਾਈ ਜਾਂਦੀ ਵਿਵਹਾਰਕ ਬੁੱਧੀ ਤੋਂ ਮੈਂ ਬਹੁਤ ਹੈਰਾਨ ਹੋਇਆ। ਮੈਨੂੰ ਜਲਦੀ ਹੀ ਪਤਾ ਲੱਗ ਗਿਆ ਕਿ ਭਾਵੇਂ ਸ੍ਰਿਸ਼ਟੀ ਦਾ ਅਧਿਐਨ ਕਰਨਾ ਇਕ ਵਿਅਕਤੀ ਨੂੰ ਪਰਮੇਸ਼ੁਰ ਦੇ ਨੇੜੇ ਲਿਆਉਣ ਦਾ ਉੱਤਮ ਤਰੀਕਾ ਹੈ, ਪਰ ਇਹ ਸਿਰਫ਼ ਉਸ ਦੀ “ਸ਼ਕਤੀ ਦੇ ਨਿਸ਼ਾਨ ਹੀ” ਪ੍ਰਗਟ ਕਰਦਾ ਹੈ।—ਅੱਯੂਬ 26:14, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਯਹੋਵਾਹ ਦੇ ਗਵਾਹ ਮੈਨੂੰ ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ ਅਤੇ ਆਪਣਾ ਪਰਿਵਾਰਕ ਜੀਵਨ ਸੁਖੀ ਬਣਾਉਣਾa ਨਾਮਕ ਦੋ ਕਿਤਾਬਾਂ ਦੇ ਕੇ ਗਏ ਸਨ। ਇਨ੍ਹਾਂ ਨੂੰ ਪੜ੍ਹਨ ਨਾਲ ਮੇਰੀਆਂ ਅੱਖਾਂ ਖੁੱਲ੍ਹ ਗਈਆਂ। ਸੱਚ ਪੁਸਤਕ ਨੇ ਮੇਰੀ ਇਹ ਸਮਝਣ ਵਿਚ ਮਦਦ ਕੀਤੀ ਕਿ ਇਨਸਾਨ ਪੂਰੇ ਸੰਸਾਰ ਵਿਚ ਪ੍ਰਦੂਸ਼ਣ, ਲੜਾਈਆਂ, ਵਧਦੀ ਹਿੰਸਾ ਅਤੇ ਪ੍ਰਮਾਣੂ ਵਿਨਾਸ਼ ਦੇ ਖ਼ਤਰੇ ਦਾ ਕਿਉਂ ਸਾਮ੍ਹਣਾ ਕਰ ਰਿਹਾ ਸੀ। ਅਤੇ ਜਿਵੇਂ ਲਾਲ ਆਕਾਸ਼, ਜਿਹੜਾ ਮੈਂ ਆਪਣੇ ਬਾਗ਼ ਵਿੱਚੋਂ ਦੇਖਦਾ ਸੀ, ਅਗਲੇ ਦਿਨ ਦੇ ਚੰਗੇ ਮੌਸਮ ਦਾ ਸੰਦੇਸ਼ ਦਿੰਦਾ ਸੀ, ਉਸੇ ਤਰ੍ਹਾਂ ਇਨ੍ਹਾਂ ਘਟਨਾਵਾਂ ਨੇ ਸਾਬਤ ਕੀਤਾ ਕਿ ਪਰਮੇਸ਼ੁਰ ਦਾ ਰਾਜ ਬਹੁਤ ਨੇੜੇ ਹੈ। ਅਤੇ ਜਿੱਥੋਂ ਤਕ ਪਰਿਵਾਰਕ ਜੀਵਨ ਕਿਤਾਬ ਦਾ ਸਵਾਲ ਸੀ, ਮੈਂ ਚਾਹੁੰਦਾ ਸੀ ਕਿ ਇਸ ਨੂੰ ਆਪਣੀ ਸਾਥਣ ਨੂੰ ਦਿਖਾਵਾਂ ਅਤੇ ਉਸ ਨੂੰ ਦੱਸਾਂ ਕਿ ਅਸੀਂ ਬਾਈਬਲ ਦੀ ਸਲਾਹ ਉੱਤੇ ਚੱਲ ਕੇ ਖ਼ੁਸ਼ ਰਹਿ ਸਕਦੇ ਹਾਂ। ਪਰ ਹੁਣ ਇਹ ਸੰਭਵ ਨਹੀਂ ਸੀ।

ਅਧਿਆਤਮਿਕ ਤਰੱਕੀ

ਮੈਂ ਹੋਰ ਜਾਣਨਾ ਚਾਹੁੰਦਾ ਸੀ, ਇਸ ਲਈ ਮੈਂ ਰੋਬਰ ਨਾਮਕ ਇਕ ਗਵਾਹ ਨੂੰ ਮੇਰੇ ਨਾਲ ਮੁਲਾਕਾਤ ਕਰਨ ਲਈ ਕਿਹਾ। ਜਦੋਂ ਮੈਂ ਉਸ ਨੂੰ ਦੱਸਿਆ ਕਿ ਮੈਂ ਬਪਤਿਸਮਾ ਲੈਣਾ ਚਾਹੁੰਦਾ ਹਾਂ, ਤਾਂ ਉਹ ਹੈਰਾਨ ਹੋਇਆ। ਮੇਰੇ ਨਾਲ ਬਾਈਬਲ ਅਧਿਐਨ ਸ਼ੁਰੂ ਕੀਤਾ ਗਿਆ। ਜਲਦੀ ਹੀ ਮੈਂ ਉਹ ਸਭ ਗੱਲਾਂ ਦੂਸਰਿਆਂ ਨੂੰ ਦੱਸਣ ਲੱਗ ਪਿਆ ਜਿਹੜੀਆਂ ਮੈਂ ਸਿੱਖ ਰਿਹਾ ਸੀ ਅਤੇ ਰਾਜ ਗ੍ਰਹਿ ਵਿੱਚੋਂ ਕਿਤਾਬਾਂ ਪ੍ਰਾਪਤ ਕਰ ਕੇ ਦੂਸਰਿਆਂ ਨੂੰ ਵੰਡਣੀਆਂ ਸ਼ੁਰੂ ਕਰ ਦਿੱਤੀਆਂ।

ਰੋਜ਼ੀ-ਰੋਟੀ ਕਮਾਉਣ ਲਈ, ਮੈਂ ਰਾਜਗੀਰੀ ਦੇ ਕੋਰਸ ਵਿਚ ਦਾਖ਼ਲਾ ਲੈ ਲਿਆ। ਇਸ ਗੱਲ ਤੋਂ ਜਾਣੂ ਹੋਣ ਕਰਕੇ ਕਿ ਪਰਮੇਸ਼ੁਰ ਦਾ ਬਚਨ ਇਕ ਵਿਅਕਤੀ ਦਾ ਭਲਾ ਕਰ ਸਕਦਾ ਹੈ, ਮੈਂ ਦੂਸਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਗ਼ੈਰ-ਰਸਮੀ ਤੌਰ ਤੇ ਪ੍ਰਚਾਰ ਕਰਨ ਲਈ ਹਰ ਮੌਕੇ ਦਾ ਫ਼ਾਇਦਾ ਉਠਾਇਆ। ਇਕ ਸ਼ਾਮ, ਮੈਂ ਸਰਜ਼ ਨੂੰ ਸਕੂਲ ਵਿਚ ਮਿਲਿਆ। ਉਸ ਦੇ ਹੱਥਾਂ ਵਿਚ ਕੁਝ ਰਸਾਲੇ ਸਨ। ਮੈਂ ਉਸ ਨੂੰ ਕਿਹਾ: “ਮੈਂ ਦੇਖਦਾ ਹਾਂ ਕਿ ਤੈਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ।” “ਹਾਂ, ਪਰ ਮੈਂ ਇਨ੍ਹਾਂ ਨਾਲ ਬੋਰ ਹੋ ਗਿਆ ਹਾਂ।” ਮੈਂ ਉਸ ਨੂੰ ਪੁੱਛਿਆ: “ਕੀ ਤੂੰ ਸੱਚ-ਮੁੱਚ ਇਕ ਦਿਲਚਸਪ ਕਿਤਾਬ ਪੜ੍ਹਨੀ ਚਾਹੁੰਦਾ ਹੈਂ?” ਅਸੀਂ ਪਰਮੇਸ਼ੁਰ ਦੇ ਰਾਜ ਬਾਰੇ ਬਹੁਤ ਵਧੀਆ ਚਰਚਾ ਕੀਤੀ, ਅਤੇ ਇਸ ਤੋਂ ਬਾਅਦ ਉਸ ਨੇ ਬਾਈਬਲ-ਆਧਾਰਿਤ ਕੁਝ ਕਿਤਾਬਾਂ ਲਈਆਂ। ਅਗਲੇ ਹਫ਼ਤੇ ਉਹ ਮੇਰੇ ਨਾਲ ਰਾਜ ਗ੍ਰਹਿ ਵਿਚ ਆਇਆ, ਅਤੇ ਉਸ ਨਾਲ ਬਾਈਬਲ ਅਧਿਐਨ ਸ਼ੁਰੂ ਕੀਤਾ ਗਿਆ।

ਇਕ ਦਿਨ ਮੈਂ ਰੋਬਰ ਨੂੰ ਪੁੱਛਿਆ ਕਿ ਕੀ ਮੈਂ ਘਰ-ਘਰ ਪ੍ਰਚਾਰ ਕਰਨ ਲਈ ਜਾ ਸਕਦਾ ਸੀ। ਉਹ ਆਪਣੀ ਅਲਮਾਰੀ ਵਿੱਚੋਂ ਮੇਰੇ ਲਈ ਇਕ ਸੂਟ ਕੱਢ ਲਿਆਇਆ। ਅਗਲੇ ਐਤਵਾਰ, ਮੈਂ ਉਸ ਨਾਲ ਪਹਿਲੀ ਵਾਰ ਖੇਤਰ ਸੇਵਕਾਈ ਵਿਚ ਗਿਆ। ਅਖ਼ੀਰ ਵਿਚ, 7 ਮਾਰਚ, 1981 ਨੂੰ ਮੈਂ ਯਹੋਵਾਹ ਪਰਮੇਸ਼ੁਰ ਨੂੰ ਕੀਤੇ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਬਪਤਿਸਮਾ ਲੈ ਲਿਆ।

ਦੁੱਖ ਵੇਲੇ ਮਦਦ

ਇਸੇ ਸਮੇਂ ਦੌਰਾਨ, ਮੈਂ ਪਤਾ ਲਗਾ ਲਿਆ ਸੀ ਕਿ ਐਮਨਡੀਨ ਅਤੇ ਉਸ ਦੀ ਮਾਂ ਵਿਦੇਸ਼ ਵਿਚ ਕਿੱਥੇ ਰਹਿੰਦੀਆਂ ਸਨ। ਪਰ ਐਮਨਡੀਨ ਦੀ ਮਾਂ ਨੇ—ਜਿਸ ਦੇਸ਼ ਵਿਚ ਉਹ ਰਹਿੰਦੀ ਸੀ ਉਸ ਦੇਸ਼ ਦੇ ਕਾਨੂੰਨਾਂ ਅਨੁਸਾਰ—ਮੈਨੂੰ ਮੇਰੀ ਧੀ ਨੂੰ ਮਿਲਣ ਤੋਂ ਰੋਕ ਦਿੱਤਾ। ਮੈਂ ਅੰਦਰੋਂ ਟੁੱਟ ਗਿਆ ਸੀ। ਐਮਨਡੀਨ ਦੀ ਮਾਂ ਨੇ ਵਿਆਹ ਕਰਾ ਲਿਆ, ਅਤੇ ਮੇਰੇ ਦੁੱਖ ਦੀ ਕੋਈ ਹੱਦ ਨਹੀਂ ਰਹੀ ਜਦੋਂ ਮੈਨੂੰ ਇਕ ਕਾਨੂੰਨੀ ਨੋਟਿਸ ਮਿਲਿਆ ਕਿ ਉਸ ਦੇ ਪਤੀ ਨੇ ਮੇਰੀ ਧੀ ਨੂੰ ਗੋਦ ਲੈ ਲਿਆ ਸੀ—ਮੇਰੀ ਇਜਾਜ਼ਤ ਤੋਂ ਬਿਨਾਂ। ਹੁਣ ਮੇਰਾ ਆਪਣੀ ਬੱਚੀ ਉੱਤੇ ਕੋਈ ਅਧਿਕਾਰ ਨਹੀਂ ਸੀ। ਕਾਨੂੰਨੀ ਕਾਰਵਾਈ ਕਰਨ ਦੇ ਬਾਵਜੂਦ ਵੀ, ਮੈਂ ਉਸ ਨੂੰ ਮਿਲਣ ਦਾ ਅਧਿਕਾਰ ਪ੍ਰਾਪਤ ਨਹੀਂ ਕਰ ਸਕਿਆ। ਮੇਰਾ ਦੁੱਖ ਇੰਨਾ ਜ਼ਿਆਦਾ ਸੀ ਕਿ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਜਿਵੇਂ ਮੈਂ ਆਪਣੀ ਪਿੱਠ ਉੱਤੇ ਪੰਜਾਹ ਕਿਲੋ ਭਾਰ ਚੁੱਕਿਆ ਹੋਵੇ।

ਪਰ ਯਹੋਵਾਹ ਦੇ ਬਚਨ ਨੇ ਮੈਨੂੰ ਕਈ ਤਰੀਕਿਆਂ ਨਾਲ ਸੰਭਾਲੀ ਰੱਖਿਆ। ਇਕ ਦਿਨ ਜਦੋਂ ਮੈਂ ਬਹੁਤ ਦੁਖੀ ਸੀ, ਤਾਂ ਮੈਂ ਕਹਾਉਤਾਂ 24:10 ਦੇ ਸ਼ਬਦ ਵਾਰ-ਵਾਰ ਦੁਹਰਾਏ: “ਜੇ ਤੂੰ ਬਿਪਤਾ ਦੇ ਦਿਨ ਢਿੱਲਾ ਪੈ ਜਾਵੇਂ, ਤਾਂ ਤੇਰਾ ਬਲ ਘੱਟ ਹੈ।” ਇਸ ਆਇਤ ਨੇ ਮੈਨੂੰ ਹਿੰਮਤ ਨਹੀਂ ਹਾਰਨ ਦਿੱਤੀ। ਇਕ ਹੋਰ ਮੌਕੇ ਤੇ, ਆਪਣੀ ਧੀ ਨੂੰ ਦੇਖਣ ਦੀ ਕੋਸ਼ਿਸ਼ ਵਿਚ ਨਾਕਾਮ ਹੋਣ ਤੋਂ ਬਾਅਦ, ਮੈਂ ਸੇਵਕਾਈ ਵਿਚ ਗਿਆ ਅਤੇ ਮੈਂ ਆਪਣੇ ਬੈੱਗ ਦਾ ਹੈਂਡਲ ਪੂਰੇ ਜ਼ੋਰ ਨਾਲ ਘੁੱਟ ਕੇ ਫੜਿਆ। ਅਜਿਹੇ ਮੁਸ਼ਕਲ ਪਲਾਂ ਦੌਰਾਨ, ਮੈਂ ਜ਼ਬੂਰ 126:6 ਦੀ ਸੱਚਾਈ ਅਨੁਭਵ ਕੀਤੀ। ਇਹ ਕਹਿੰਦਾ ਹੈ: “ਜਿਹੜਾ ਬੀਜਣ ਲਈ ਬੀ ਚੁੱਕ ਕੇ ਰੋਂਦਿਆਂ ਜਾਂਦਾ ਹੈ, ਉਹ ਜ਼ਰੂਰ ਜੈਕਾਰਿਆਂ ਨਾਲ ਭਰੀਆਂ ਚੁੱਕ ਕੇ ਆਵੇਗਾ।” ਮੈਂ ਇਕ ਮਹੱਤਵਪੂਰਣ ਸਬਕ ਸਿੱਖਿਆ ਕਿ ਜਦੋਂ ਤੁਸੀਂ ਮੁਸ਼ਕਲ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਹੋ, ਤਾਂ ਉਨ੍ਹਾਂ ਨੂੰ ਹੱਲ ਕਰਨ ਦੀ ਆਪਣੀ ਪੂਰੀ ਕੋਸ਼ਿਸ਼ ਕਰਨ ਤੋਂ ਬਾਅਦ, ਤੁਹਾਨੂੰ ਉਨ੍ਹਾਂ ਸਮੱਸਿਆਵਾਂ ਨੂੰ ਪਿੱਛੇ ਛੱਡ ਕੇ ਯਹੋਵਾਹ ਦੀ ਸੇਵਾ ਵਿਚ ਦ੍ਰਿੜ੍ਹਤਾ ਨਾਲ ਅੱਗੇ ਵਧਦੇ ਜਾਣਾ ਚਾਹੀਦਾ ਹੈ। ਇਹ ਆਪਣੇ ਆਨੰਦ ਨੂੰ ਕਾਇਮ ਰੱਖਣ ਦਾ ਇੱਕੋ-ਇਕ ਤਰੀਕਾ ਹੈ।

ਕਿਸੇ ਬਿਹਤਰ ਚੀਜ਼ ਲਈ ਜਤਨ ਕਰਨਾ

ਮੇਰੇ ਵਿਚ ਆਈਆਂ ਤਬਦੀਲੀਆਂ ਨੂੰ ਦੇਖ ਕੇ, ਮੇਰੇ ਪਿਆਰੇ ਮਾਤਾ-ਪਿਤਾ ਨੇ ਮੈਨੂੰ ਮਦਦ ਪੇਸ਼ ਕੀਤੀ ਤਾਂਕਿ ਮੈਂ ਯੂਨੀਵਰਸਿਟੀ ਵਿਚ ਆਪਣੀ ਪੜ੍ਹਾਈ ਪੂਰੀ ਕਰ ਸਕਾਂ। ਮੈਂ ਉਨ੍ਹਾਂ ਦਾ ਧੰਨਵਾਦ ਕੀਤਾ, ਪਰ ਹੁਣ ਮੇਰਾ ਟੀਚਾ ਹੋਰ ਸੀ। ਸੱਚਾਈ ਨੇ ਮੈਨੂੰ ਮਨੁੱਖੀ ਫ਼ਲਸਫ਼ੇ, ਗੁਪਤ-ਵਿੱਦਿਆ ਅਤੇ ਜੋਤਸ਼-ਵਿੱਦਿਆ ਤੋਂ ਆਜ਼ਾਦ ਕਰ ਦਿੱਤਾ ਸੀ। ਹੁਣ ਮੇਰੇ ਸੱਚੇ ਦੋਸਤ ਸਨ ਜਿਹੜੇ ਲੜਾਈ ਵਿਚ ਇਕ ਦੂਸਰੇ ਨੂੰ ਕਦੀ ਨਹੀਂ ਮਾਰਨਗੇ। ਅਤੇ ਅਖ਼ੀਰ ਮੇਰੇ ਸਵਾਲਾਂ ਦਾ ਜਵਾਬ ਮਿਲ ਗਿਆ ਕਿ ਧਰਤੀ ਉੱਤੇ ਇੰਨੇ ਦੁੱਖ ਕਿਉਂ ਸਨ। ਸ਼ੁਕਰਗੁਜ਼ਾਰੀ ਕਰਕੇ, ਮੈਂ ਆਪਣੀ ਪੂਰੀ ਤਾਕਤ ਨਾਲ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦਾ ਸੀ। ਯਿਸੂ ਨੇ ਆਪਣੀ ਸੇਵਕਾਈ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕੀਤਾ ਸੀ, ਅਤੇ ਮੈਂ ਉਸ ਦੀ ਉਦਾਹਰਣ ਉੱਤੇ ਚੱਲਣਾ ਚਾਹੁੰਦਾ ਸੀ।

1983 ਵਿਚ, ਮੈਂ ਪੂਰੇ ਸਮੇਂ ਦਾ ਪ੍ਰਚਾਰਕ ਬਣਨ ਲਈ ਆਪਣੇ ਰਾਜਗੀਰੀ ਦੇ ਕੰਮ ਨੂੰ ਛੱਡ ਦਿੱਤਾ। ਮੇਰੀਆਂ ਪ੍ਰਾਰਥਨਾਵਾਂ ਦੇ ਜਵਾਬ ਵਿਚ, ਮੈਨੂੰ ਆਪਣਾ ਗੁਜ਼ਾਰਾ ਤੋਰਨ ਲਈ ਇਕ ਪਾਰਕ ਵਿਚ ਅੰਸ਼ਕਾਲੀ ਨੌਕਰੀ ਮਿਲ ਗਈ। ਮੈਨੂੰ ਸਰਜ਼ ਨਾਲ, ਉਹ ਨੌਜਵਾਨ ਜਿਸ ਨੂੰ ਮੈਂ ਰਾਜਗੀਰੀ ਦੇ ਸਕੂਲ ਵਿਚ ਗਵਾਹੀ ਦਿੱਤੀ ਸੀ, ਪਾਇਨੀਅਰ ਸਕੂਲ ਵਿਚ ਸਿਖਲਾਈ ਲੈ ਕੇ ਬਹੁਤ ਖ਼ੁਸ਼ੀ ਹੋਈ। ਤਿੰਨ ਸਾਲ ਤਕ ਨਿਯਮਿਤ ਪਾਇਨੀਅਰੀ ਕਰਨ ਤੋਂ ਬਾਅਦ, ਮੈਂ ਯਹੋਵਾਹ ਦੀ ਸੇਵਾ ਵਿਚ ਹੋਰ ਜ਼ਿਆਦਾ ਕੰਮ ਕਰਨ ਦੀ ਇੱਛਾ ਮਹਿਸੂਸ ਕੀਤੀ। ਇਸ ਲਈ, 1986 ਵਿਚ ਮੈਨੂੰ ਪ੍ਰੋਵੈਨ ਨਾਮਕ ਸੁੰਦਰ ਸ਼ਹਿਰ, ਜੋ ਪੈਰਿਸ ਤੋਂ ਜ਼ਿਆਦਾ ਦੂਰ ਨਹੀਂ ਹੈ, ਵਿਚ ਵਿਸ਼ੇਸ਼ ਪਾਇਨੀਅਰ ਵਜੋਂ ਨਿਯੁਕਤ ਕੀਤਾ ਗਿਆ। ਅਕਸਰ, ਸ਼ਾਮ ਨੂੰ ਘਰ ਆਉਣ ਤੇ, ਮੈਂ ਯਹੋਵਾਹ ਬਾਰੇ ਦੂਸਰਿਆਂ ਨੂੰ ਦੱਸਣ ਵਿਚ ਬਿਤਾਏ ਗਏ ਵਧੀਆ ਦਿਨ ਲਈ ਉਸ ਦਾ ਧੰਨਵਾਦ ਕਰਨ ਲਈ ਪ੍ਰਾਰਥਨਾ ਕਰਦਾ ਸੀ। ਅਸਲ ਵਿਚ, ਪਰਮੇਸ਼ੁਰ ਨਾਲ ਗੱਲ ਕਰਨੀ ਅਤੇ ਪਰਮੇਸ਼ੁਰ ਬਾਰੇ ਗੱਲ ਕਰਨੀ ਮੇਰੇ ਜੀਵਨ ਦੀਆਂ ਦੋ ਸਭ ਤੋਂ ਵੱਡੀਆਂ ਖ਼ੁਸ਼ੀਆਂ ਹਨ।

ਮੈਨੂੰ ਉਦੋਂ ਵੀ ਬਹੁਤ ਖ਼ੁਸ਼ੀ ਹੋਈ ਜਦੋਂ ਮੇਰੇ ਮਾਤਾ ਜੀ, ਜੋ 68 ਸਾਲਾਂ ਦੇ ਸਨ, ਨੇ ਬਪਤਿਸਮਾ ਲਿਆ। ਉਹ ਫ਼ਰਾਂਸ ਦੇ ਦੱਖਣ ਵਿਚ ਸੇਬਾਸੌਨ ਨਾਮਕ ਇਕ ਛੋਟੇ ਪਿੰਡ ਵਿਚ ਰਹਿੰਦੇ ਸਨ। ਜਦੋਂ ਮੇਰੇ ਮਾਤਾ ਜੀ ਨੇ ਬਾਈਬਲ ਪੜ੍ਹਨੀ ਸ਼ੁਰੂ ਕੀਤੀ, ਉਦੋਂ ਮੈਂ ਉਨ੍ਹਾਂ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੀਆਂ ਸਬਸਕ੍ਰਿਪਸ਼ਨਾਂ ਘੱਲੀਆਂ। ਉਹ ਇਕ ਵਿਚਾਰਸ਼ੀਲ ਔਰਤ ਸੀ, ਅਤੇ ਜਲਦੀ ਹੀ ਉਨ੍ਹਾਂ ਨੇ ਜੋ ਪੜ੍ਹਿਆ ਉਸ ਤੋਂ ਸੱਚਾਈ ਨੂੰ ਪਛਾਣ ਲਿਆ।

ਬੈਥਲ—ਇਕ ਸ਼ਾਨਦਾਰ ਰੂਹਾਨੀ ਫਿਰਦੌਸ

ਜਦੋਂ ਵਾਚ ਟਾਵਰ ਸੋਸਾਇਟੀ ਨੇ ਵਿਸ਼ੇਸ਼ ਪਾਇਨੀਅਰਾਂ ਦੀ ਗਿਣਤੀ ਘਟਾਉਣ ਦਾ ਫ਼ੈਸਲਾ ਕੀਤਾ, ਤਾਂ ਮੈਂ ਸੇਵਕਾਈ ਸਿਖਲਾਈ ਸਕੂਲ (Ministerial Training School) ਅਤੇ ਬੈਥਲ, ਜੋ ਕਿ ਫ਼ਰਾਂਸ ਵਿਚ ਯਹੋਵਾਹ ਦੇ ਗਵਾਹਾਂ ਦਾ ਸ਼ਾਖਾ ਦਫ਼ਤਰ ਹੈ, ਲਈ ਅਰਜੀ ਭਰੀ। ਮੈਂ ਇਹ ਫ਼ੈਸਲਾ ਯਹੋਵਾਹ ਤੇ ਛੱਡਣਾ ਚਾਹੁੰਦਾ ਸੀ ਕਿ ਮੈਂ ਕਿਵੇਂ ਉਸ ਦੀ ਸੇਵਾ ਉੱਤਮ ਤਰੀਕੇ ਨਾਲ ਕਰ ਸਕਦਾ ਸੀ। ਕੁਝ ਮਹੀਨਿਆਂ ਬਾਅਦ, ਦਸੰਬਰ 1989 ਨੂੰ, ਮੈਨੂੰ ਉੱਤਰ-ਪੱਛਮੀ ਫ਼ਰਾਂਸ ਦੇ ਲੂਵਿਐ ਸ਼ਹਿਰ ਵਿਚ ਸਥਿਤ ਬੈਥਲ ਆਉਣ ਦਾ ਸੱਦਾ ਦਿੱਤਾ ਗਿਆ। ਇਹ ਬਹੁਤ ਹੀ ਲਾਹੇਵੰਦ ਸਾਬਤ ਹੋਇਆ, ਕਿਉਂਕਿ ਜਦੋਂ ਮੇਰੇ ਮਾਪੇ ਬਹੁਤ ਬੀਮਾਰ ਹੋ ਗਏ ਸਨ, ਤਾਂ ਉਨ੍ਹਾਂ ਦੀ ਦੇਖ-ਭਾਲ ਕਰਨ ਵਿਚ ਮੈਂ ਇੱਥੋਂ ਆਪਣੇ ਭਰਾ-ਭਾਬੀ ਦੀ ਮਦਦ ਕਰ ਸਕਿਆ। ਜੇਕਰ ਮੈਂ ਹਜ਼ਾਰਾਂ ਕਿਲੋਮੀਟਰ ਦੂਰ ਮਿਸ਼ਨਰੀ ਸੇਵਾ ਕਰ ਰਿਹਾ ਹੁੰਦਾ, ਤਾਂ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਸੀ।

ਮੇਰੇ ਮਾਤਾ ਜੀ ਮੈਨੂੰ ਮਿਲਣ ਲਈ ਕਈ ਵਾਰ ਬੈਥਲ ਆਏ। ਭਾਵੇਂ ਕਿ ਮੇਰੇ ਤੋਂ ਦੂਰ ਰਹਿਣਾ ਉਨ੍ਹਾਂ ਲਈ ਇਕ ਵੱਡੀ ਕੁਰਬਾਨੀ ਸੀ, ਫਿਰ ਵੀ ਉਹ ਅਕਸਰ ਮੈਨੂੰ ਕਿਹਾ ਕਰਦੇ ਸਨ: “ਪੁੱਤ, ਬੈਥਲ ਵਿਚ ਰਹਿ। ਮੈਂ ਖ਼ੁਸ਼ ਹਾਂ ਕਿ ਤੂੰ ਇਸ ਤਰ੍ਹਾਂ ਯਹੋਵਾਹ ਦੀ ਸੇਵਾ ਕਰ ਰਿਹਾ ਹੈਂ।” ਦੁੱਖ ਦੀ ਗੱਲ ਹੈ ਕਿ ਮੇਰੇ ਮਾਤਾ-ਪਿਤਾ ਹੁਣ ਨਹੀਂ ਰਹੇ। ਮੈਂ ਉਨ੍ਹਾਂ ਨੂੰ ਇਸ ਧਰਤੀ ਉੱਤੇ ਅਸਲੀ ਫਿਰਦੌਸ ਵਿਚ ਮਿਲਣ ਲਈ ਕਿੰਨਾ ਤਰਸਦਾ ਹਾਂ!

ਮੈਂ ਸੱਚ-ਮੁੱਚ ਵਿਸ਼ਵਾਸ ਕਰਦਾ ਹਾਂ ਕਿ ਜੇਕਰ ਕਿਸੇ ਘਰ ਨੂੰ “ਮੌਜੂਦਾ ਫਿਰਦੌਸ” ਕਿਹਾ ਜਾਣਾ ਚਾਹੀਦਾ ਹੈ, ਤਾਂ ਉਹ ਬੈਥਲ ਹੈ—“ਪਰਮੇਸ਼ੁਰ ਦਾ ਘਰ”—ਕਿਉਂਕਿ ਅਸਲੀ ਫਿਰਦੌਸ ਸਭ ਤੋਂ ਪਹਿਲਾਂ ਅਧਿਆਤਮਿਕ ਹੈ, ਅਤੇ ਬੈਥਲ ਵਿਚ ਅਧਿਆਤਮਿਕਤਾ ਰਾਜ ਕਰਦੀ ਹੈ। ਇੱਥੇ ਸਾਡੇ ਕੋਲ ਆਤਮਾ ਦੇ ਫਲ ਪੈਦਾ ਕਰਨ ਦਾ ਮੌਕਾ ਹੈ। (ਗਲਾਤੀਆਂ 5:22, 23) ਅਸੀਂ ਰੋਜ਼ਾਨਾ ਦੇ ਬਾਈਬਲ ਪਾਠ ਦੀ ਚਰਚਾ ਦੌਰਾਨ ਅਤੇ ਪਹਿਰਾਬੁਰਜ ਦੇ ਪਰਿਵਾਰਕ ਅਧਿਐਨ ਦੌਰਾਨ ਜਿਹੜਾ ਸਿਹਤਮੰਦ ਅਧਿਆਤਮਿਕ ਭੋਜਨ ਪ੍ਰਾਪਤ ਕਰਦੇ ਹਾਂ, ਇਹ ਮੈਨੂੰ ਬੈਥਲ ਸੇਵਾ ਵਿਚ ਲੱਗੇ ਰਹਿਣ ਲਈ ਮਜ਼ਬੂਤ ਕਰਦਾ ਹੈ। ਇਸ ਤੋਂ ਇਲਾਵਾ, ਬੈਥਲ ਅਧਿਆਤਮਿਕ ਤਰੱਕੀ ਕਰਨ ਲਈ ਵੀ ਇਕ ਅਨੋਖੀ ਜਗ੍ਹਾ ਹੈ ਕਿਉਂਕਿ ਅਸੀਂ ਇੱਥੇ ਦਹਾਕਿਆਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਅਧਿਆਤਮਿਕ ਮਨ ਵਾਲੇ ਭੈਣਾਂ-ਭਰਾਵਾਂ ਨਾਲ ਸੰਗਤ ਕਰ ਸਕਦੇ ਹਾਂ। ਭਾਵੇਂ ਮੈਨੂੰ ਆਪਣੀ ਧੀ ਨਾਲੋਂ ਵਿਛੜੇ 17 ਸਾਲ ਹੋ ਗਏ ਹਨ, ਪਰ ਮੈਨੂੰ ਬੈਥਲ ਵਿਚ ਬਹੁਤ ਸਾਰੇ ਜੋਸ਼ੀਲੇ ਨੌਜਵਾਨ ਮਿਲੇ ਹਨ, ਜਿਨ੍ਹਾਂ ਨੂੰ ਮੈਂ ਆਪਣੇ ਬੱਚੇ ਸਮਝਦਾ ਹਾਂ, ਅਤੇ ਉਨ੍ਹਾਂ ਨੂੰ ਅਧਿਆਤਮਿਕ ਤਰੱਕੀ ਕਰਦੇ ਹੋਏ ਦੇਖ ਕੇ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਬੀਤੇ ਅੱਠ ਸਾਲਾਂ ਦੌਰਾਨ, ਮੈਂ ਸੱਤ ਅਲੱਗ-ਅਲੱਗ ਕਾਰਜ-ਨਿਯੁਕਤੀਆਂ ਸੰਭਾਲ ਚੁੱਕਾ ਹਾਂ। ਭਾਵੇਂ ਇਹ ਤਬਦੀਲੀਆਂ ਸੌਖੀਆਂ ਨਹੀਂ ਸਨ, ਪਰ ਅਜਿਹੀ ਸਿਖਲਾਈ ਭਵਿੱਖ ਲਈ ਬਹੁਤ ਲਾਭਦਾਇਕ ਹੈ।

ਮੈਂ ਫਲੀਆਂ ਦੀ ਇਕ ਕਿਸਮ ਦੀ ਖੇਤੀ ਕਰਿਆ ਕਰਦਾ ਸੀ ਜਿਸ ਦੀ ਫ਼ਸਲ ਸੌਗੁਣਾ ਹੁੰਦੀ ਸੀ। ਇਸੇ ਤਰ੍ਹਾਂ, ਮੈਂ ਅਨੁਭਵ ਕੀਤਾ ਹੈ ਕਿ ਜਦੋਂ ਤੁਸੀਂ ਬੁਰਾਈ ਬੀਜਦੇ ਹੋ, ਤਾਂ ਤੁਸੀਂ ਸੌਗੁਣਾ ਬੁਰਾਈ ਵੱਢਦੇ ਹੋ—ਅਤੇ ਉਹ ਵੀ ਇੱਕੋ ਵਾਰ ਨਹੀਂ। ਤਜਰਬਾ ਇਕ ਸਕੂਲ ਹੈ ਜਿੱਥੇ ਪੜ੍ਹਾਈ ਬਹੁਤ ਮਹਿੰਗੀ ਪੈਂਦੀ ਹੈ। ਕਾਸ਼ ਮੈਂ ਇਸ ਸਕੂਲ ਵਿਚ ਕਦੀ ਦਾਖ਼ਲ ਨਾ ਹੋਇਆ ਹੁੰਦਾ, ਪਰ ਇਸ ਦੀ ਬਜਾਇ ਯਹੋਵਾਹ ਦੇ ਰਾਹਾਂ ਅਨੁਸਾਰ ਵੱਡਾ ਹੋਇਆ ਹੁੰਦਾ। ਉਨ੍ਹਾਂ ਨੌਜਵਾਨਾਂ ਕੋਲ ਕਿੰਨਾ ਵੱਡਾ ਵਿਸ਼ੇਸ਼-ਸਨਮਾਨ ਹੈ ਜਿਨ੍ਹਾਂ ਦੀ ਪਾਲਣਾ ਮਸੀਹੀ ਮਾਪੇ ਕਰਦੇ ਹਨ! ਬਿਨਾਂ ਸ਼ੱਕ, ਯਹੋਵਾਹ ਦੀ ਸੇਵਾ ਵਿਚ ਚੰਗੇ ਬੀ ਬੀਜ ਕੇ ਸੌਗੁਣਾ ਸ਼ਾਂਤੀ ਅਤੇ ਸੰਤੁਸ਼ਟੀ ਪ੍ਰਾਪਤ ਕਰਨੀ ਜ਼ਿਆਦਾ ਵਧੀਆ ਹੈ।—ਗਲਾਤੀਆਂ 6:7, 8.

ਜਦੋਂ ਮੈਂ ਪਾਇਨੀਅਰ ਸੀ, ਤਾਂ ਕਦੀ-ਕਦੀ ਮੈਂ ਉਸ ਧਾਰਮਿਕ ਕਿਤਾਬਾਂ ਵਾਲੀ ਦੁਕਾਨ ਦੇ ਕੋਲੋਂ ਲੰਘਿਆ ਕਰਦਾ ਸੀ ਜਿਸ ਦੀ ਕੰਧ ਉੱਤੇ ਮੈਂ ਅਰਾਜਕਤਾਵਾਦੀਆਂ ਦਾ ਨਾਅਰਾ ਲਿਖਿਆ ਸੀ। ਮੈਂ ਉਸ ਦੁਕਾਨ ਦੇ ਅੰਦਰ ਜਾ ਕੇ ਉਸ ਦੇ ਮਾਲਕ ਨੂੰ ਜੀਉਂਦੇ ਪਰਮੇਸ਼ੁਰ ਅਤੇ ਉਸ ਦੇ ਮਕਸਦ ਬਾਰੇ ਵੀ ਦੱਸਿਆ ਸੀ। ਜੀ ਹਾਂ, ਪਰਮੇਸ਼ੁਰ ਜੀਉਂਦਾ ਹੈ! ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਯਹੋਵਾਹ, ਇੱਕੋ-ਇਕ ਸੱਚਾ ਪਰਮੇਸ਼ੁਰ, ਵਫ਼ਾਦਾਰ ਪਿਤਾ ਹੈ, ਜੋ ਆਪਣੇ ਬੱਚਿਆਂ ਨੂੰ ਕਦੀ ਨਹੀਂ ਛੱਡਦਾ ਹੈ। (ਯਸਾਯਾਹ 45:15) ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸਾਰੀਆਂ ਕੌਮਾਂ ਵਿੱਚੋਂ ਭੀੜਾਂ ਦੀਆਂ ਭੀੜਾਂ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਅਤੇ ਪ੍ਰਸ਼ੰਸਾ ਕਰ ਕੇ ਹੁਣ ਰੂਹਾਨੀ ਫਿਰਦੌਸ—ਅਤੇ ਭਵਿੱਖ ਵਿਚ ਪੁਨਰ-ਸਥਾਪਿਤ ਫਿਰਦੌਸ—ਵਿਚ ਰਹਿਣ!

[ਫੁਟਨੋਟ]

a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।

[ਸਫ਼ੇ 26 ਉੱਤੇ ਤਸਵੀਰਾਂ]

ਸ੍ਰਿਸ਼ਟੀ ਦੇ ਅਚੰਭਿਆਂ ਤੋਂ ਪ੍ਰੇਰਿਤ ਹੋ ਕੇ, ਮੈਂ ਆਪਣੇ ਦਿਲ ਵਿਚ ਪਰਮੇਸ਼ੁਰ ਉਤੇ ਨਿਹਚਾ ਕਰਨ ਦਾ ਫ਼ੈਸਲਾ ਕੀਤਾ। (ਸੱਜੇ) ਅੱਜ ਬੈਥਲ ਸੇਵਾ ਵਿਚ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ