“ਅਸਲ ਜੀਵਨ” ਦਾ ਆਨੰਦ ਮਾਣੋ
ਯਹੋਵਾਹ ਪਰਮੇਸ਼ੁਰ ਨੇ ਇਨਸਾਨ ਦੇ ਮਨ ਵਿਚ ਸਦੀਪਕਾਲ ਦਾ ਵਿਚਾਰ ਟਿਕਾਇਆ ਹੈ। (ਉਪਦੇਸ਼ਕ ਦੀ ਪੋਥੀ 3:11) ਇਹ ਚੀਜ਼ ਇਨਸਾਨਾਂ ਨੂੰ ਮੌਤ ਦੇ ਸਾਮ੍ਹਣੇ ਬੇਬੱਸ ਮਹਿਸੂਸ ਕਰਾਉਂਦੀ ਹੈ, ਪਰ ਨਾਲੋਂ-ਨਾਲ ਉਨ੍ਹਾਂ ਵਿਚ ਜੀਉਂਦੇ ਰਹਿਣ ਦੀ ਇਕ ਬੇਰੋਕ ਇੱਛਾ ਵੀ ਪੈਦਾ ਕਰਦੀ ਹੈ।
ਪਰਮੇਸ਼ੁਰ ਦਾ ਪ੍ਰੇਰਿਤ ਬਚਨ, ਪਵਿੱਤਰ ਬਾਈਬਲ, ਸਾਨੂੰ ਬਹੁਤ ਵੱਡੀ ਉਮੀਦ ਦਿੰਦਾ ਹੈ। (2 ਤਿਮੋਥਿਉਸ 3:16) ਯਹੋਵਾਹ, ਜੋ ਪ੍ਰੇਮ ਹੈ, ਇਨਸਾਨ ਨੂੰ ਸਦੀਪਕਾਲ ਦੇ ਵਿਚਾਰ ਨੂੰ ਸਮਝਣ ਦੀ ਯੋਗਤਾ ਨਾਲ ਪੈਦਾ ਕਰਨ ਤੋਂ ਬਾਅਦ ਉਸ ਨੂੰ ਕੁਝ ਹੀ ਵਰ੍ਹਿਆਂ ਦੀ ਜ਼ਿੰਦਗੀ ਨਾ ਦਿੰਦਾ। ਇਹ ਬਿਲਕੁਲ ਪਰਮੇਸ਼ੁਰ ਦੀ ਸ਼ਖ਼ਸੀਅਤ ਦੇ ਵਿਰੁੱਧ ਹੈ ਕਿ ਉਹ ਸਾਨੂੰ ਦੁੱਖ ਭੋਗਣ ਲਈ ਸ੍ਰਿਸ਼ਟ ਕਰਦਾ। ਅਸੀਂ “ਪਸੂਆਂ ਦੀ ਨਿਆਈਂ” ਨਹੀਂ ਸ੍ਰਿਸ਼ਟ ਕੀਤੇ ਗਏ ਸੀ “ਜਿਹੜੇ ਅਸਲੋਂ ਬੁੱਧਹੀਨ ਹਨ ਅਤੇ ਸ਼ਿਕਾਰ ਕੀਤੇ ਜਾਣ ਅਤੇ ਨਸ਼ਟ ਹੋਣ ਲਈ ਉਤਪਤ ਹੋਏ” ਸਨ।—2 ਪਤਰਸ 2:12.
ਆਦਮ ਅਤੇ ਹਵਾਹ ਨੂੰ ਸਦੀਪਕਾਲ ਦੀ ਕੁਦਰਤੀ ਭਾਵਨਾ ਨਾਲ ਸ੍ਰਿਸ਼ਟ ਕਰ ਕੇ, ਯਹੋਵਾਹ ਪਰਮੇਸ਼ੁਰ ਨੇ ਕੁਝ “ਬਹੁਤ ਹੀ ਚੰਗਾ” ਬਣਾਇਆ ਸੀ; ਉਸ ਨੇ ਉਨ੍ਹਾਂ ਨੂੰ ਸਦਾ ਲਈ ਜੀਉਣ ਦੀ ਸੰਭਾਵਨਾ ਨਾਲ ਰਚਿਆ ਸੀ। (ਉਤਪਤ 1:31) ਪਰ ਅਫ਼ਸੋਸ ਦੀ ਗੱਲ ਹੈ ਕਿ ਉਨ੍ਹਾਂ ਨੇ ਆਪਣੀ ਆਜ਼ਾਦੀ ਦੀ ਗ਼ਲਤ ਵਰਤੋਂ ਕੀਤੀ, ਅਤੇ ਸ੍ਰਿਸ਼ਟੀਕਰਤਾ ਤੋਂ ਮਿਲੀ ਸਪੱਸ਼ਟ ਪਾਬੰਦੀ ਦੀ ਲਾਪਰਵਾਹੀ ਕੀਤੀ ਅਤੇ ਆਪਣੀ ਮੁਢਲੀ ਸੰਪੂਰਣਤਾ ਨੂੰ ਖੋਹ ਦਿੱਤਾ। ਨਤੀਜੇ ਵਜੋਂ, ਉਹ ਆਪ ਮਰ ਗਏ ਅਤੇ ਉਨ੍ਹਾਂ ਨੇ ਆਪਣੀ ਔਲਾਦ ਦੇ ਹੱਥ ਅਪੂਰਣਤਾ ਅਤੇ ਮੌਤ ਹੀ ਫੜਾਈ।—ਉਤਪਤ 2:17; 3:1-24; ਰੋਮੀਆਂ 5:12.
ਬਾਈਬਲ ਸਾਨੂੰ ਜੀਵਨ ਦੇ ਮਕਸਦ ਅਤੇ ਮੌਤ ਦੇ ਅਰਥ ਬਾਰੇ ਭੁੱਲ-ਭੁਲਾਈਆਂ ਵਿਚ ਨਹੀਂ ਪਾਉਂਦੀ ਹੈ। ਉਹ ਕਹਿੰਦੀ ਹੈ ਕਿ ਮੌਤ ਵਿਚ “ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ” ਅਤੇ ਮੋਏ “ਕੁਝ ਵੀ ਨਹੀਂ ਜਾਣਦੇ” ਹਨ। (ਉਪਦੇਸ਼ਕ ਦੀ ਪੋਥੀ 9:5, 10) ਇਸ ਦਾ ਭਾਵ ਹੈ ਕਿ ਮੋਏ ਤਾਂ ਮੋਏ ਹਨ। ਅਮਰ ਆਤਮਾ ਦੀ ਸਿੱਖਿਆ ਬਾਈਬਲ ਤੋਂ ਨਹੀਂ ਹੈ, ਇਸ ਲਈ ਮੋਇਆਂ ਦੀ ਸਥਿਤੀ ਕੋਈ ਗਹਿਰੀ ਬੁਝਾਰਤ ਨਹੀਂ ਹੈ।—ਉਤਪਤ 3:19; ਜ਼ਬੂਰ 146:4; ਉਪਦੇਸ਼ਕ ਦੀ ਪੋਥੀ 3:19, 20; ਹਿਜ਼ਕੀਏਲ 18:4.a
ਰੱਬ ਦਾ ਮਕਸਦ ਸੀ; ਉਸ ਨੇ ਇਸ ਧਰਤੀ ਨੂੰ “ਬੇਡੌਲ ਨਹੀਂ ਉਤਪਤ ਕੀਤਾ” ਸੀ। ਉਸ ਨੇ ਇਸ ਨੂੰ ਫਿਰਦੌਸ ਵਰਗੀਆਂ ਹਾਲਤਾਂ ਵਿਚ ਸੰਪੂਰਣ ਮਨੁੱਖਾਂ ਨਾਲ ‘ਵਸਾਈ ਜਾਣ ਲਈ’ ਸਾਜਿਆ ਸੀ, ਅਤੇ ਰੱਬ ਨੇ ਆਪਣਾ ਮਕਸਦ ਨਹੀਂ ਬਦਲਿਆ ਹੈ। (ਯਸਾਯਾਹ 45:18; ਮਲਾਕੀ 3:6) ਉਸ ਨੇ ਇਹ ਮਕਸਦ ਪੂਰਾ ਕਰਨ ਲਈ ਆਪਣੇ ਪੁੱਤਰ ਨੂੰ ਇਸ ਧਰਤੀ ਉੱਤੇ ਘੱਲਿਆ। ਯਿਸੂ ਮਸੀਹ ਮੌਤ ਤਕ ਵਫ਼ਾਦਾਰ ਰਹਿ ਕੇ, ਮਨੁੱਖਜਾਤੀ ਨੂੰ ਪਾਪ ਅਤੇ ਮੌਤ ਤੋਂ ਰਿਹਾ ਕਰਨ ਦਾ ਜ਼ਰੀਆ ਬਣਿਆ। ਅਸਲ ਵਿਚ ਯਿਸੂ ਨੇ ਕਿਹਾ ਕਿ “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।”—ਯੂਹੰਨਾ 3:16.
ਬਹੁਤ ਸਮੇਂ ਪਹਿਲਾਂ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ ਕਿ ਉਹ “ਨਵਾਂ ਅਕਾਸ਼ ਅਤੇ ਨਵੀਂ ਧਰਤੀ” ਉਤਪੰਨ ਕਰੇਗਾ। (ਯਸਾਯਾਹ 65:17; 2 ਪਤਰਸ 3:13) ਉਹ ਵਫ਼ਾਦਾਰ ਮਸੀਹੀਆਂ ਦੇ ਇਕ ਛੋਟੇ ਜਿਹੇ ਸਮੂਹ ਨੂੰ ਸਵਰਗ ਵਿਚ ਰਹਿਣ ਲਈ ਚੁਣੇਗਾ। ਯਿਸੂ ਮਸੀਹ ਅਤੇ ਇਹ ਵਫ਼ਾਦਾਰ ਮਸੀਹੀ ਇਕ ਸ਼ਾਸਕੀ ਕੇਂਦਰ ਬਣਦੇ ਹਨ। ਬਾਈਬਲ ਇਸ ਨੂੰ “ਸੁਰਗ ਦਾ ਰਾਜ,” ਜਾਂ “ਪਰਮੇਸ਼ੁਰ ਦਾ ਰਾਜ” ਸੱਦਦੀ ਹੈ, ਜਿਸ ਦੁਆਰਾ ‘ਧਰਤੀ ਉੱਤੇ ਸਭਨਾਂ’ ਚੀਜ਼ਾਂ ਦਾ ਪ੍ਰਬੰਧ ਹੋਵੇਗਾ। (ਮੱਤੀ 4:17; 12:28; ਅਫ਼ਸੀਆਂ 1:10; ਪਰਕਾਸ਼ ਦੀ ਪੋਥੀ 5:9, 10; 14:1, 3) ਸਾਡੀ ਧਰਤੀ ਉੱਤੇ ਸਾਰੀ ਨਾਸਤਿਕਤਾ ਨਾਸ਼ ਕਰ ਕੇ ਅਤੇ ਧਰਤੀ ਨੂੰ ਸ਼ੁੱਧ ਬਣਾ ਕੇ, ਰੱਬ ਇਕ ਧਾਰਮਿਕ ਮਾਨਵੀ ਸਮਾਜ, ਜਾਂ “ਨਵੀਂ ਧਰਤੀ” ਸਾਜੇਗਾ। ਇਸ ਵਿਚ ਉਹ ਲੋਕ ਸ਼ਾਮਲ ਹੋਣਗੇ ਜਿਨ੍ਹਾਂ ਨੂੰ ਰੱਬ ਇਸ ਦੁਸ਼ਟ ਦੁਨੀਆਂ ਉੱਤੇ ਆਉਣ ਵਾਲੇ ਨਾਸ਼ ਤੋਂ ਬਚਾਵੇਗਾ। (ਮੱਤੀ 24:3, 7-14, 21; ਪਰਕਾਸ਼ ਦੀ ਪੋਥੀ 7:9, 13, 14) ਇਨ੍ਹਾਂ ਵਿਚ ਉਹ ਲੋਕ ਵੀ ਆ ਰਲਣਗੇ ਜੋ ਵਾਅਦਾ ਕੀਤੇ ਗਏ ਪੁਨਰ-ਉਥਾਨ ਵਿਚ ਵਾਪਸ ਜੀ ਉਠਾਏ ਜਾਣਗੇ।—ਯੂਹੰਨਾ 5:28, 29; ਰਸੂਲਾਂ ਦੇ ਕਰਤੱਬ 24:15.
ਉਦੋਂ “ਅਸਲ ਜੀਵਨ”
ਬਾਗ਼ ਵਰਗੀ ਧਰਤੀ ਉੱਤੇ ਜੀਵਨ ਦੇ ਸੋਹਣੇ ਵਰਣਨ ਨੂੰ ਸੱਚ ਦਿਖਾਉਣ ਲਈ ਰੱਬ ਕਹਿੰਦਾ ਹੈ ਕਿ “ਵੇਖ, ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ।” (ਪਰਕਾਸ਼ ਦੀ ਪੋਥੀ 21:5) ਇਨਸਾਨ ਦੇ ਦਿਮਾਗ਼ ਲਈ ਉਨ੍ਹਾਂ ਅਚੰਭਿਆਂ ਨੂੰ ਚੰਗੀ ਤਰ੍ਹਾਂ ਸਮਝਣਾ ਸੰਭਵ ਨਹੀਂ ਹੈ ਜੋ ਰੱਬ ਉਦੋਂ ਮਨੁੱਖਜਾਤੀ ਲਈ ਕਰੇਗਾ। ਰੱਬ ਸੰਸਾਰ ਭਰ ਵਿਚ ਅਦਨ ਵਰਗਾ ਇਕ ਬਾਗ਼ ਬਣਾਵੇਗਾ। (ਲੂਕਾ 23:43, ਨਿਵ) ਠੀਕ ਅਦਨ ਵਾਂਗ ਉੱਥੇ ਰੰਗੀਲੀ ਸੁੰਦਰਤਾ, ਸੋਹਣੀਆਂ-ਸੋਹਣੀਆਂ ਆਵਾਜ਼ਾਂ ਅਤੇ ਹਰ ਤਰ੍ਹਾਂ ਦੀ ਸੁਆਦਲੀ ਚੀਜ਼ ਹੋਵੇਗੀ। ਗ਼ਰੀਬੀ ਅਤੇ ਕਾਲ ਉਦੋਂ ਨਹੀਂ ਹੋਣਗੇ, ਕਿਉਂਕਿ ਉਸ ਸਮੇਂ ਬਾਰੇ ਬਾਈਬਲ ਕਹਿੰਦੀ ਹੈ ਕਿ “ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” (ਪਰਕਾਸ਼ ਦੀ ਪੋਥੀ 21:4; ਜ਼ਬੂਰ 72:16) ਅਗਾਹਾਂ ਨੂੰ ਫਿਰ ਕਦੇ ਵੀ ਕੋਈ ਨਹੀਂ ਕਹੇਗਾ ਕਿ “ਮੈਂ ਬਿਮਾਰ ਹਾਂ,” ਕਿਉਂਕਿ ਬੀਮਾਰੀ ਸਦਾ ਲਈ ਖ਼ਤਮ ਕੀਤੀ ਜਾਵੇਗੀ। (ਯਸਾਯਾਹ 33:24) ਜੀ ਹਾਂ, ਪੀੜਾ ਦੇ ਸਾਰੇ ਕਾਰਨ, ਅਤੇ ਬਹੁਤ ਸਮੇਂ ਤੋਂ ਮਨੁੱਖ ਦੀ ਵੈਰਣ, ਮੌਤ ਵੀ ਮਿਟ ਜਾਵੇਗੀ। (1 ਕੁਰਿੰਥੀਆਂ 15:26) “ਨਵੀਂ ਧਰਤੀ,” ਅਰਥਾਤ, ਮਸੀਹ ਦੇ ਰਾਜ ਅਧੀਨ ਨਵੇਂ ਮਾਨਵੀ ਸਮਾਜ ਦੇ ਇਕ ਚਮਤਕਾਰੀ ਦਰਸ਼ਣ ਵਿਚ, ਯੂਹੰਨਾ ਰਸੂਲ ਨੇ ਇਹ ਕਹਿੰਦਿਆਂ ਇਕ ਆਵਾਜ਼ ਸੁਣੀ ਕਿ “[ਪਰਮੇਸ਼ੁਰ] ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।” ਇਸ ਈਸ਼ਵਰੀ ਵਾਅਦੇ ਦੀ ਪੂਰਤੀ ਤੋਂ ਜ਼ਿਆਦਾ ਹੋਰ ਕਿਹੜੀ ਚੀਜ਼ ਇੰਨਾ ਚੈਨ ਅਤੇ ਇੰਨੀ ਖ਼ੁਸ਼ੀ ਲਿਆ ਸਕਦੀ ਹੈ?
ਭਵਿੱਖ ਦੀ ਜ਼ਿੰਦਗੀ ਬਾਰੇ ਦੱਸਦੇ ਹੋਏ, ਬਾਈਬਲ ਖ਼ਾਸ ਤੌਰ ਤੇ ਉਨ੍ਹਾਂ ਹਾਲਾਤਾਂ ਉੱਤੇ ਜ਼ੋਰ ਦਿੰਦੀ ਹੈ ਜੋ ਮਨੁੱਖ ਦੀਆਂ ਨੈਤਿਕ ਅਤੇ ਰੂਹਾਨੀ ਤਮੰਨਾਂ ਨੂੰ ਸੰਤੁਸ਼ਟ ਕਰਨਗੇ। ਅਜਿਹੇ ਚੰਗੇ ਟੀਚੇ ਪੂਰੀ ਤਰ੍ਹਾਂ ਸਫ਼ਲ ਹੋਣਗੇ ਜਿਨ੍ਹਾਂ ਲਈ ਇਨਸਾਨਾਂ ਨੇ ਹੁਣ ਤਕ ਵਿਅਰਥ ਮਿਹਨਤ ਕੀਤੀ ਹੈ। (ਮੱਤੀ 6:10) ਇਨ੍ਹਾਂ ਵਿਚ ਇਨਸਾਫ਼ ਦੀ ਇੱਛਾ ਵੀ ਸ਼ਾਮਲ ਹੈ। ਇਹ ਇੱਛਾ ਅਜੇ ਤਕ ਪੂਰੀ ਨਹੀਂ ਹੋਈ ਹੈ ਕਿਉਂਕਿ ਜ਼ਾਲਮ ਹਾਕਮਾਂ ਨੇ ਲਾਚਾਰ ਮਨੁੱਖਾਂ ਉੱਤੇ ਬਹੁਤ ਦਬਾਉ ਪਾਇਆ ਹੈ। (ਉਪਦੇਸ਼ਕ ਦੀ ਪੋਥੀ 8:9) ਜ਼ਬੂਰਾਂ ਦੇ ਲਿਖਾਰੀ ਨੇ ਮਸੀਹ ਦੇ ਰਾਜ ਅਧੀਨ ਹਾਲਾਤਾਂ ਬਾਰੇ ਭਵਿੱਖਬਾਣੀ ਵਜੋਂ ਲਿਖਿਆ ਕਿ ‘ਉਹ ਦੇ ਦਿਨੀਂ ਧਰਮ ਲਹਿ ਲਹਾਵੇਗਾ ਅਤੇ ਬਾਹਲਾ ਸੁਖ ਹੋਵੇਗਾ।’—ਜ਼ਬੂਰ 72:7.
ਬਰਾਬਰੀ ਦੀ ਭਾਵਨਾ ਸਾਰੇ ਇਨਸਾਨਾਂ ਵਿਚਕਾਰ ਇਕ ਹੋਰ ਤਮੰਨਾ ਹੈ ਜਿਸ ਲਈ ਕਈਆਂ ਲੋਕਾਂ ਨੇ ਬਲੀਦਾਨ ਕੀਤੇ ਹਨ। “ਨਵੀਂ ਸਰਿਸ਼ਟ” ਵਿਚ ਰੱਬ ਪੱਖਪਾਤ ਦੀ ਭਾਵਨਾ ਖ਼ਤਮ ਕਰ ਦੇਵੇਗਾ। (ਮੱਤੀ 19:28) ਸਾਰਿਆਂ ਲੋਕਾਂ ਦਾ ਇੱਕੋ-ਜਿੱਕਾ ਆਦਰ ਕੀਤਾ ਜਾਵੇਗਾ। ਇਹ ਬਰਾਬਰੀ ਕਿਸੇ ਕਠੋਰ ਸਰਕਾਰੀ ਹਕੂਮਤ ਦੁਆਰਾ ਲਾਗੂ ਨਹੀਂ ਕੀਤੀ ਜਾਵੇਗੀ। ਇਸ ਦੀ ਬਜਾਇ, ਭੇਦ-ਭਾਵ ਦੇ ਕਾਰਨ ਮਿਟਾਏ ਜਾਣਗੇ। ਲੋਭ ਅਤੇ ਘਮੰਡ ਵੀ ਨਹੀਂ ਹੋਣਗੇ ਜਿਨ੍ਹਾਂ ਕਾਰਨ ਮਨੁੱਖ ਦੂਜਿਆਂ ਉੱਤੇ ਧੌਂਸ ਜਮਾਉਂਦੇ ਹਨ ਜਾਂ ਧੰਨ-ਦੌਲਤ ਇਕੱਠਾ ਕਰਦੇ ਹਨ। ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। ਓਹ ਨਾ ਬਣਾਉਣਗੇ ਭਈ ਦੂਜਾ ਵੱਸੇ, ਓਹ ਨਾ ਲਾਉਣਗੇ ਭਈ ਦੂਜਾ ਖਾਵੇ।”—ਯਸਾਯਾਹ 65:21, 22.
ਮਨੁੱਖ ਨੇ ਵੱਡੇ ਅਤੇ ਛੋਟੇ ਪੈਮਾਨੇ ਤੇ ਯੁੱਧ ਵਿਚ ਕਤਲਾਮ ਦੁਆਰਾ ਕਿੰਨਾ ਦੁੱਖ ਭੋਗਿਆ ਹੈ! ਇਹ ਹਾਬਲ ਦੇ ਕਤਲ ਤੋਂ ਲੈ ਕੇ ਸਾਡੇ ਸਮੇਂ ਦਿਆਂ ਯੁੱਧਾਂ ਤਕ ਜਾਰੀ ਰਿਹਾ ਹੈ। ਮਨੁੱਖਾਂ ਨੇ ਕਿੰਨੇ ਸਮੇਂ ਤੋਂ ਸ਼ਾਂਤੀ ਲਈ ਉਮੀਦ ਕੀਤੀ ਹੈ ਅਤੇ ਲੱਗਦਾ ਹੈ ਕਿ ਇਹ ਉਮੀਦ ਵਿਅਰਥ ਰਹੀ ਹੈ! ਜਦੋਂ ਧਰਤੀ ਮੁੜ ਕੇ ਚੰਗਿਆਂ ਹਾਲਾਤਾਂ ਅਧੀਨ ਹੋਵੇਗੀ, ਸਾਰੇ ਮਨੁੱਖ ਸ਼ਾਂਤਮਈ ਅਤੇ ਨਿਮਰ ਹੋਣਗੇ; “ਬਹੁਤੇ ਸੁਖ ਕਰਕੇ [ਉਹ] ਆਪਣੇ ਆਪ ਨੂੰ ਨਿਹਾਲ ਕਰਨਗੇ।”—ਜ਼ਬੂਰ 37:11.
ਯਸਾਯਾਹ 11:9 ਤੇ ਦੱਸਿਆ ਗਿਆ ਹੈ ਕਿ “ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।” ਵਿਰਸੇ ਵਿਚ ਮਿਲੀ ਅਪੂਰਣਤਾ ਦੇ ਕਾਰਨ, ਅਤੇ ਕਈ ਹੋਰ ਕਾਰਨਾਂ ਕਰਕੇ, ਸਾਡੇ ਲਈ ਇਨ੍ਹਾਂ ਸ਼ਬਦਾਂ ਨੂੰ ਪੂਰੀ ਤਰ੍ਹਾਂ ਸਮਝਣਾ ਸੰਭਵ ਨਹੀਂ ਹੈ। ਹਾਲੇ ਸਾਨੂੰ ਇਹ ਨਹੀਂ ਪਤਾ ਹੈ ਕਿ ਪਰਮੇਸ਼ੁਰ ਦਾ ਸੰਪੂਰਣ ਗਿਆਨ ਉਸ ਦੇ ਨਾਲ ਸਾਡਾ ਬੰਧਨ ਕਿਸ ਤਰ੍ਹਾਂ ਬੰਨ੍ਹੇਗਾ ਅਤੇ ਇਸ ਦਾ ਨਤੀਜਾ ਸਾਡੇ ਲਈ ਖ਼ੁਸ਼ੀ ਦਾ ਕਾਰਨ ਕਿਉਂ ਹੋਵੇਗਾ। ਪਰ ਇਹ ਦੇਖਦੇ ਹੋਏ ਕਿ ਬਾਈਬਲ ਸਾਨੂੰ ਦੱਸਦੀ ਹੈ ਕਿ ਯਹੋਵਾਹ ਸ਼ਕਤੀ, ਬੁੱਧ, ਇਨਸਾਫ਼ ਅਤੇ ਪ੍ਰੇਮ ਦਾ ਪਰਮੇਸ਼ੁਰ ਹੈ, ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਉਹ “ਨਵੀਂ ਧਰਤੀ” ਦੇ ਵਾਸੀਆਂ ਦੀਆਂ ਸਾਰੀਆਂ ਪ੍ਰਾਰਥਨਾਵਾਂ ਸੁਣੇਗਾ।
“ਅਸਲ ਜੀਵਨ” ਪੱਕਾ ਹੈ—ਉਸ ਨੂੰ ਹੱਥੋਂ ਨਾ ਜਾਣ ਦਿਓ!
ਕਈਆਂ ਵਿਅਕਤੀਆਂ ਲਈ ਕਿਸੇ ਬਿਹਤਰ ਦੁਨੀਆਂ ਵਿਚ ਸਦੀਪਕ ਜੀਵਨ ਦੀ ਸੰਭਾਵਨਾ, ਸਿਰਫ਼ ਇਕ ਸੁਪਨਾ ਜਾਂ ਕਲਪਨਾ ਹੀ ਹੈ। ਪਰ, ਬਾਈਬਲ ਦੇ ਵਾਅਦੇ ਵਿਚ ਸੱਚ-ਮੁੱਚ ਨਿਹਚਾ ਕਰਨ ਵਾਲਿਆਂ ਲਈ, ਇਹ ਉਮੀਦ ਨਿਸ਼ਚਿਤ ਹੈ। ਉਹ ਉਨ੍ਹਾਂ ਦੀਆਂ ਜਾਨਾਂ ਦਾ ਲੰਗਰ ਹੈ। (ਇਬਰਾਨੀਆਂ 6:19) ਜਿਵੇਂ ਲੰਗਰ ਇਕ ਜਹਾਜ਼ ਨੂੰ ਕਾਇਮ ਰੱਖਦਾ ਹੈ ਅਤੇ ਉਸ ਨੂੰ ਡਾਵਾਂਡੋਲ ਹੋਣ ਤੋਂ ਬਚਾਉਂਦਾ ਹੈ, ਸਦੀਪਕ ਜੀਵਨ ਦੀ ਉਮੀਦ ਲੋਕਾਂ ਨੂੰ ਸਥਿਰ ਅਤੇ ਦਲੇਰ ਬਣਾਉਂਦੀ ਹੈ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿਚ ਵੱਡੀਆਂ ਔਖਿਆਈਆਂ ਦਾ ਸਾਮ੍ਹਣਾ ਕਰਨ ਦੇ ਯੋਗ ਹੀ ਨਹੀਂ, ਪਰ ਉਨ੍ਹਾਂ ਉੱਤੇ ਕਾਬੂ ਪਾਉਣ ਦੇ ਯੋਗ ਬਣਾਉਂਦੀ ਹੈ।
ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਰੱਬ ਆਪਣੇ ਵਾਅਦੇ ਨਿਭਾਵੇਗਾ। ਉਸ ਨੇ ਸੌਂਹ ਖਾ ਕੇ ਇਕ ਗਾਰੰਟੀ ਦਿੱਤੀ ਹੈ ਅਤੇ ਇਹ ਕਦੇ ਵੀ ਪਲਟਾਈ ਨਹੀਂ ਜਾ ਸਕਦੀ। ਪੌਲੁਸ ਰਸੂਲ ਨੇ ਲਿਖਿਆ ਕਿ ‘ਪਰਮੇਸ਼ੁਰ ਨੇ ਵਾਇਦੇ ਦੇ ਅਧਕਾਰੀਆਂ ਉੱਤੇ ਆਪਣੀ ਮਨਸ਼ਾ ਨੂੰ ਹੋਰ ਵੀ ਅਟੱਲ ਕਰ ਕੇ ਪਰਗਟ ਕਰਨਾ ਚਾਹਿਆ ਤਾਂ ਵਿਚਾਲੇ ਸੌਂਹ ਲਿਆਂਦੀ ਭਈ ਦੋ ਅਟੱਲ ਗੱਲਾਂ ਦੇ ਦੁਆਰਾ ਜਿਨ੍ਹਾਂ ਵਿੱਚ ਪਰਮੇਸ਼ੁਰ ਦਾ ਝੂਠ ਬੋਲਣਾ ਅਣਹੋਣਾ ਹੈ ਸਾਨੂੰ ਆਪਣੇ ਸਾਹਮਣੇ ਰੱਖੀ ਹੋਈ ਆਸਾ ਨੂੰ ਫੜ ਲੈਣ ਲਈ ਪੱਕਾ ਦਿਲਾਸਾ ਮਿਲੇ।’ (ਇਬਰਾਨੀਆਂ 6:17, 18) “ਦੋ ਅਟੱਲ ਗੱਲਾਂ” ਜੋ ਪਰਮੇਸ਼ੁਰ ਕਦੇ ਵੀ ਨਹੀਂ ਰੱਦ ਕਰ ਸਕਦਾ ਹੈ, ਉਹ ਉਸ ਦਾ ਵਾਅਦਾ ਅਤੇ ਉਸ ਦੀ ਸੌਂਹ ਹਨ ਅਤੇ ਇਨ੍ਹਾਂ ਉੱਤੇ ਅਸੀਂ ਆਪਣੀਆਂ ਉਮੀਦਾਂ ਰੱਖਦੇ ਹਾਂ।
ਪਰਮੇਸ਼ੁਰ ਦੇ ਵਾਅਦਿਆਂ ਵਿਚ ਨਿਹਚਾ ਤੋਂ ਸਾਨੂੰ ਬਹੁਤ ਦਿਲਾਸਾ ਅਤੇ ਰੂਹਾਨੀ ਸ਼ਕਤੀ ਮਿਲਦੀ ਹੈ। ਇਸਰਾਏਲ ਦੇ ਲੋਕਾਂ ਦੇ ਆਗੂ, ਯਹੋਸ਼ੁਆ ਦੀ ਅਜਿਹੀ ਨਿਹਚਾ ਸੀ। ਜਦੋਂ ਯਹੋਸ਼ੁਆ ਨੇ ਇਸਰਾਏਲੀ ਲੋਕਾਂ ਨੂੰ ਅਲਵਿਦਾਹ ਕਿਹਾ, ਤਾਂ ਉਹ ਉਸ ਸਮੇਂ ਕਾਫ਼ੀ ਬਿਰਧ ਸੀ ਅਤੇ ਜਾਣਦਾ ਸੀ ਕਿ ਉਹ ਦਮ ਤੋੜਨ ਵਾਲਾ ਹੈ। ਪਰ, ਉਹ ਮਜ਼ਬੂਤ ਰਿਹਾ ਅਤੇ ਉਸ ਨੇ ਅਟੁੱਟ ਵਫ਼ਾਦਾਰੀ ਦਿਖਾਈ ਅਤੇ ਇਹ ਗੁਣ ਪਰਮੇਸ਼ੁਰ ਦੇ ਵਾਅਦਿਆਂ ਵਿਚ ਪੂਰੇ ਭਰੋਸੇ ਤੋਂ ਉਤਪੰਨ ਹੋਏ ਸਨ। ਇਹ ਕਹਿਣ ਤੋਂ ਬਾਅਦ ਕਿ ਉਹ “ਸਾਰੇ ਸੰਸਾਰ ਦੇ ਰਾਹ ਉੱਤੇ ਜਾਣ ਵਾਲਾ” ਸੀ, ਅਰਥਾਤ ਉਸ ਰਸਤੇ ਉੱਤੇ ਜੋ ਸਾਰੀ ਮਨੁੱਖਜਾਤੀ ਨੂੰ ਮੌਤ ਤਕ ਲਿਜਾਂਦਾ ਹੈ, ਯਹੋਸ਼ੁਆ ਨੇ ਅੱਗੇ ਕਿਹਾ: “ਤੁਸੀਂ ਆਪਣੇ ਸਾਰੇ ਮਨਾਂ ਵਿੱਚ ਅਤੇ ਆਪਣੀਆਂ ਸਾਰੀਆਂ ਜਾਨਾਂ ਵਿੱਚ ਜਾਣਦੇ ਹੋ ਭਈ ਏਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ। ਓਹ ਸਾਰੇ ਤੁਹਾਡੇ ਲਈ ਪੂਰੇ ਹੋਏ। ਓਹਨਾਂ ਵਿੱਚੋਂ ਇੱਕ ਬਚਨ ਵੀ ਨਾ ਰਿਹਾ।” ਜੀ ਹਾਂ, ਯਹੋਸ਼ੁਆ ਨੇ ਤਿੰਨ ਵਾਰ ਕਿਹਾ ਕਿ ਪਰਮੇਸ਼ੁਰ ਹਮੇਸ਼ਾ ਆਪਣੇ ਸਾਰੇ ਵਾਅਦੇ ਪੂਰੇ ਕਰਦਾ ਹੈ।—ਯਹੋਸ਼ੁਆ 23:14.
ਤੁਸੀਂ ਵੀ ਪਰਮੇਸ਼ੁਰ ਦੁਆਰਾ ਵਾਅਦਾ ਕੀਤੀ ਹੋਈ, ਅਤੇ ਜਲਦੀ ਹੀ ਸਥਾਪਿਤ ਹੋਣ ਵਾਲੀ ਨਵੀਂ ਦੁਨੀਆਂ ਵਿਚ ਅਜਿਹੀ ਨਿਹਚਾ ਰੱਖ ਸਕਦੇ ਹੋ। ਦਿਲ ਲਾ ਕੇ ਬਾਈਬਲ ਨੂੰ ਸਟੱਡੀ ਕਰਨ ਦੁਆਰਾ, ਤੁਸੀਂ ਸਮਝ ਪਾਓਗੇ ਕਿ ਯਹੋਵਾਹ ਕੌਣ ਹੈ ਅਤੇ ਉਹ ਤੁਹਾਡੇ ਪੂਰੇ ਭਰੋਸੇ ਦੇ ਯੋਗ ਕਿਉਂ ਹੈ। (ਪਰਕਾਸ਼ ਦੀ ਪੋਥੀ 4:11) ਅਬਰਾਹਾਮ, ਸਾਰਾਹ, ਇਸਹਾਕ, ਅਤੇ ਪ੍ਰਾਚੀਨ ਸਮੇਂ ਦੇ ਦੂਜੇ ਵਫ਼ਾਦਾਰ ਸੇਵਕਾਂ ਦੀ ਨਿਹਚਾ ਅਟੁੱਟ ਸੀ। ਇਹ ਨਿਹਚਾ ਸੱਚੇ ਪਰਮੇਸ਼ੁਰ ਯਹੋਵਾਹ ਬਾਰੇ ਉਨ੍ਹਾਂ ਦੇ ਡੂੰਘੇ ਗਿਆਨ ਉੱਤੇ ਆਧਾਰਿਤ ਸੀ। ਭਾਵੇਂ ਕਿ ਉਨ੍ਹਾਂ ਦੇ ਜੀਉਂਦਿਆਂ-ਜਾਗਦਿਆਂ, “ਉਨ੍ਹਾਂ ਨੂੰ ਦਿੱਤੇ ਹੋਏ ਬਚਨ ਪਰਾਪਤ ਨਾ ਹੋਏ,” ਉਨ੍ਹਾਂ ਦੀ ਉਮੀਦ ਮਜ਼ਬੂਤ ਰਹੀ। ਫਿਰ ਵੀ ਉਨ੍ਹਾਂ ਨੇ “ਦੂਰੋਂ ਉਨ੍ਹਾਂ ਨੂੰ ਵੇਖ ਕੇ ਜੀ ਆਇਆਂ ਨੂੰ ਆਖਿਆ ਅਤੇ ਮੰਨ ਲਿਆ।”—ਇਬਰਾਨੀਆਂ 11:13.
ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਸਮਝਦਿਆਂ, ਅਸੀਂ ਹੁਣ “ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਓਸ ਵੱਡੇ ਦਿਹਾੜੇ” ਨੂੰ ਦੇਖਦੇ ਹਾਂ, ਜਿਸ ਦੇ ਦੌਰਾਨ ਧਰਤੀ ਉੱਤੋਂ ਸਾਰੀ ਦੁਸ਼ਟਤਾ ਮਿਟਾਈ ਜਾਵੇਗੀ। (ਪਰਕਾਸ਼ ਦੀ ਪੋਥੀ 16:14, 16) ਪ੍ਰਾਚੀਨ ਵਫ਼ਾਦਾਰ ਮਨੁੱਖਾਂ ਦੇ ਵਾਂਗ, ਸਾਨੂੰ ਆਉਣ ਵਾਲੀਆਂ ਘਟਨਾਵਾਂ ਬਾਰੇ ਨਿਸ਼ਚਿਤ ਰਹਿਣਾ ਚਾਹੀਦਾ ਹੈ। ਨਿਹਚਾ ਦੇ ਨਾਲ-ਨਾਲ ਸਾਨੂੰ ਪਰਮੇਸ਼ੁਰ ਲਈ ਅਤੇ “ਅਸਲ ਜੀਵਨ” ਲਈ ਪ੍ਰੇਮ ਦੁਆਰਾ ਪ੍ਰੇਰਿਤ ਹੋਣਾ ਚਾਹੀਦਾ ਹੈ। ਯਹੋਵਾਹ ਵਿਚ ਨਿਹਚਾ ਕਰਨ ਵਾਲਿਆਂ ਅਤੇ ਉਸ ਨਾਲ ਪ੍ਰੇਮ ਕਰਨ ਵਾਲਿਆਂ ਲਈ ਨਵੀਂ ਦੁਨੀਆਂ ਦੀ ਨੇੜਤਾ ਵੱਡੀ ਪ੍ਰੇਰਣਾ ਹੈ। ਪਰਮੇਸ਼ੁਰ ਦੀ ਮਿਹਰਬਾਨੀ ਪਾਉਣ ਲਈ ਅਤੇ ਉਸ ਦੇ ਆਉਣ ਵਾਲੇ ਵੱਡੇ ਦਿਹਾੜੇ ਦੇ ਦੌਰਾਨ ਬਚਾਉ ਵਾਸਤੇ ਸਾਨੂੰ ਅਜਿਹੀ ਨਿਹਚਾ ਅਤੇ ਪ੍ਰੇਮ ਨੂੰ ਵਧਾਉਣ ਦੀ ਜ਼ਰੂਰਤ ਹੈ।—ਸਫ਼ਨਯਾਹ 2:3; 2 ਥੱਸਲੁਨੀਕੀਆਂ 1:3; ਇਬਰਾਨੀਆਂ 10:37-39.
ਸੋ, ਕੀ ਤੁਹਾਨੂੰ ਜ਼ਿੰਦਗੀ ਪਿਆਰੀ ਹੈ? ਅਤੇ ਕੀ ਤੁਸੀਂ ਹੁਣ “ਅਸਲ ਜੀਵਨ” ਹੋਰ ਵੀ ਜ਼ਿਆਦਾ ਚਾਹੁੰਦੇ ਹੋ, ਅਰਥਾਤ, ਪਰਮੇਸ਼ੁਰ ਦੇ ਇਕ ਪ੍ਰਵਾਨ ਸੇਵਕ ਦੇ ਤੌਰ ਤੇ ਅਜਿਹਾ ਜੀਵਨ ਜਿਸ ਵਿਚ ਇਕ ਸੁਖੀ ਭਵਿੱਖ, ਜੀ ਹਾਂ, ਸਦੀਪਕ ਜੀਵਨ ਦੀ ਸੰਭਾਵਨਾ ਹੈ? ਜੇਕਰ ਤੁਸੀਂ ਇਹ ਚਾਹੁੰਦੇ ਹੋ, ਤਾਂ ਪੌਲੁਸ ਰਸੂਲ ਦੇ ਉਪਦੇਸ਼ ਵੱਲ ਧਿਆਨ ਦਿਓ ਕਿ ਸਾਨੂੰ ‘ਬੇਠਿਕਾਣੇ ਧਨ ਉੱਤੇ ਨਹੀਂ ਸਗੋਂ ਪਰਮੇਸ਼ੁਰ ਉੱਤੇ ਆਸਰਾ ਰੱਖਣਾ’ ਚਾਹੀਦਾ ਹੈ। ਪੌਲੁਸ ਨੇ ਅੱਗੇ ਕਿਹਾ ਕਿ ‘ਪਰਉਪਕਾਰੀ ਅਤੇ ਸ਼ੁਭ ਕਰਮਾਂ ਵਿੱਚ ਧਨੀ ਹੋਵੋ,’ ਜੋ ਪਰਮੇਸ਼ੁਰ ਨੂੰ ਸਨਮਾਨਿਤ ਕਰਦੇ ਹਨ ਤਾਂਕਿ ‘ਉਸ ਜੀਵਨ ਨੂੰ ਫੜ ਲਿਆ ਜਾਵੇ ਜਿਹੜਾ ਅਸਲ ਜੀਵਨ ਹੈ।’—1 ਤਿਮੋਥਿਉਸ 6:17-19.
ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਸਵੀਕਾਰ ਕਰ ਕੇ, ਤੁਸੀਂ ਉਹ ਗਿਆਨ ਹਾਸਲ ਕਰ ਸਕਦੇ ਹੋ ਜਿਸ ਦਾ ਅਰਥ “ਸਦੀਪਕ ਜੀਉਣ” ਹੈ। (ਯੂਹੰਨਾ 17:3) ਬੜੇ ਪ੍ਰੇਮ ਨਾਲ, ਬਾਈਬਲ ਵਿਚ ਸਾਰਿਆਂ ਲਈ ਮਾਨੋ ਇਕ ਪਿਤਾ ਵੱਲੋਂ ਇਹ ਸੱਦਾ ਦਰਜ ਹੈ: “ਹੇ ਮੇਰੇ ਪੁੱਤ੍ਰ, ਤੂੰ ਮੇਰੀ ਤਾਲੀਮ ਨੂੰ ਨਾ ਭੁੱਲ, ਸਗੋਂ ਆਪਣੇ ਚਿੱਤ ਨਾਲ ਮੇਰੇ ਹੁਕਮਾਂ ਨੂੰ ਮੰਨ, ਕਿਉਂ ਜੋ ਓਹ ਉਮਰ ਦੀ ਲੰਬਾਈ, ਜੀਉਣ ਦੇ ਵਰ੍ਹੇ, ਅਤੇ ਸ਼ਾਂਤੀ ਤੇਰੇ ਲਈ ਵਧਾਉਣਗੇ।”—ਕਹਾਉਤਾਂ 3:1, 2.
[ਫੁਟਨੋਟ]
a ਇਸ ਵਿਸ਼ੇ ਬਾਰੇ ਜ਼ਿਆਦਾ ਜਾਣਕਾਰੀ ਲਈ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ, ਸਾਨੂੰ ਕੀ ਹੁੰਦਾ ਹੈ ਜਦੋਂ ਅਸੀਂ ਮਰ ਜਾਂਦੇ ਹਾਂ? (ਅੰਗ੍ਰੇਜ਼ੀ) ਬ੍ਰੋਸ਼ਰ ਦੇਖੋ।