ਯਹੋਵਾਹ ਵਫ਼ਾਦਾਰ ਵਿਅਕਤੀਆਂ ਨਾਲ ਕੀਤੇ ਆਪਣੇ ਵਾਅਦੇ ਪੂਰੇ ਕਰਦਾ ਹੈ
“ਜਿਹ ਨੇ ਵਾਇਦਾ ਕੀਤਾ ਹੈ ਉਹ ਵਫ਼ਾਦਾਰ ਹੈ।”—ਇਬਰਾਨੀਆਂ 10:23.
1, 2. ਅਸੀਂ ਯਹੋਵਾਹ ਦੇ ਵਾਅਦਿਆਂ ਵਿਚ ਪੂਰਾ ਵਿਸ਼ਵਾਸ ਕਿਉਂ ਰੱਖ ਸਕਦੇ ਹਾਂ?
ਯਹੋਵਾਹ ਆਪਣੇ ਸੇਵਕਾਂ ਤੋਂ ਮੰਗ ਕਰਦਾ ਹੈ ਕਿ ਉਹ ਉਸ ਵਿਚ ਅਤੇ ਉਸ ਦੇ ਵਾਅਦਿਆਂ ਵਿਚ ਪੱਕੀ ਨਿਹਚਾ ਵਧਾਉਣ ਅਤੇ ਕਾਇਮ ਰੱਖਣ। ਅਜਿਹੀ ਨਿਹਚਾ ਨਾਲ ਇਕ ਵਿਅਕਤੀ ਯਹੋਵਾਹ ਵਿਚ ਪੂਰਾ ਵਿਸ਼ਵਾਸ ਰੱਖ ਸਕਦਾ ਹੈ ਕਿ ਉਹ ਆਪਣੇ ਵਾਅਦੇ ਪੂਰੇ ਕਰੇਗਾ। ਉਸ ਦਾ ਪ੍ਰੇਰਿਤ ਬਚਨ ਐਲਾਨ ਕਰਦਾ ਹੈ: “ਸੈਨਾਂ ਦੇ ਯਹੋਵਾਹ ਨੇ ਸੌਂਹ ਖਾਧੀ, ਕਿ ਨਿਸੰਗ ਜਿਵੇਂ ਮੈਂ ਠਾਣਿਆ, ਤਿਵੇਂ ਹੋ ਜਾਵੇਗਾ, ਅਤੇ ਜਿਵੇਂ ਮੈਂ ਮਤਾ ਮਤਾਇਆ, ਤਿਵੇਂ ਉਹ ਕਾਇਮ ਰਹੇਗਾ।”—ਯਸਾਯਾਹ 14:24.
2 ਇਹ ਕਥਨ ਕਿ “ਸੈਨਾਂ ਦੇ ਯਹੋਵਾਹ ਨੇ ਸੌਂਹ ਖਾਧੀ,” ਦਿਖਾਉਂਦਾ ਹੈ ਕਿ ਉਹ ਆਪਣੇ ਵਾਅਦੇ ਪੂਰੇ ਕਰਨ ਦੀ ਸੱਚੇ ਦਿਲੋਂ ਸਹੁੰ ਖਾਂਦਾ ਹੈ। ਇਸ ਲਈ ਉਸ ਦਾ ਬਚਨ ਕਹਿ ਸਕਦਾ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” (ਕਹਾਉਤਾਂ 3:5, 6) ਜਦੋਂ ਅਸੀਂ ਯਹੋਵਾਹ ਵਿਚ ਭਰੋਸਾ ਰੱਖਦੇ ਹਾਂ ਅਤੇ ਆਪਣੇ ਆਪ ਨੂੰ ਉਸ ਦੀ ਬੁੱਧ ਦੁਆਰਾ ਮਾਰਗ-ਦਰਸ਼ਿਤ ਹੋਣ ਦਿੰਦੇ ਹਾਂ, ਤਾਂ ਸਾਡੇ ਮਾਰਗ ਸਾਨੂੰ ਜ਼ਰੂਰ ਸਦੀਪਕ ਜੀਵਨ ਵੱਲ ਲੈ ਜਾਣਗੇ, ਕਿਉਂਕਿ ਪਰਮੇਸ਼ੁਰ ਦੀ ਬੁੱਧ ‘ਓਹਨਾਂ ਲਈ ਜੀਉਣ ਦਾ ਬਿਰਛ ਹੈ ਜਿਹੜੇ ਇਹ ਨੂੰ ਗ੍ਰਹਿਣ ਕਰਦੇ ਹਨ।’—ਕਹਾਉਤਾਂ 3:18; ਯੂਹੰਨਾ 17:3.
ਪ੍ਰਾਚੀਨ ਸਮਿਆਂ ਵਿਚ ਸੱਚੀ ਨਿਹਚਾ
3. ਨੂਹ ਨੇ ਯਹੋਵਾਹ ਵਿਚ ਕਿਵੇਂ ਨਿਹਚਾ ਦਿਖਾਈ?
3 ਸੱਚੀ ਨਿਹਚਾ ਰੱਖਣ ਵਾਲਿਆਂ ਦੇ ਪ੍ਰਤੀ ਯਹੋਵਾਹ ਦੇ ਕੰਮਾਂ ਦਾ ਰਿਕਾਰਡ ਉਸ ਦੀ ਭਰੋਸੇਯੋਗਤਾ ਦਾ ਸਬੂਤ ਹੈ। ਮਿਸਾਲ ਲਈ, ਕੁਝ 4,400 ਸਾਲ ਪਹਿਲਾਂ, ਪਰਮੇਸ਼ੁਰ ਨੇ ਨੂਹ ਨੂੰ ਦੱਸਿਆ ਕਿ ਉਸ ਦੇ ਦਿਨਾਂ ਦਾ ਸੰਸਾਰ ਇਕ ਵਿਸ਼ਵ ਜਲ-ਪਰਲੋ ਵਿਚ ਨਸ਼ਟ ਹੋਣ ਵਾਲਾ ਸੀ। ਉਸ ਨੇ ਮਾਨਵੀ ਅਤੇ ਪਸ਼ੂ ਜੀਵਨ ਬਚਾਉਣ ਲਈ ਨੂਹ ਨੂੰ ਇਕ ਵੱਡੀ ਕਿਸ਼ਤੀ ਬਣਾਉਣ ਦੀ ਹਿਦਾਇਤ ਦਿੱਤੀ। ਨੂਹ ਨੇ ਕੀ ਕੀਤਾ? ਇਬਰਾਨੀਆਂ 11:7 ਸਾਨੂੰ ਦੱਸਦਾ ਹੈ: “ਨਿਹਚਾ ਨਾਲ ਨੂਹ ਨੇ ਪਰਮੇਸ਼ੁਰ ਕੋਲੋਂ ਉਨ੍ਹਾਂ ਵਸਤਾਂ ਦੀ ਖਬਰ ਪਾ ਕੇ ਜਿਹੜੀਆਂ ਅਜੇ ਅਣਡਿੱਠ ਸਨ ਸਹਮ ਕੇ ਆਪਣੇ ਘਰ ਦੇ ਬਚਾਉ ਲਈ ਕਿਸ਼ਤੀ ਬਣਾਈ।” ਨੂਹ ਨੇ ਉਸ ਗੱਲ ਵਿਚ ਨਿਹਚਾ ਕਿਉਂ ਰੱਖੀ ਜੋ ਪਹਿਲਾਂ ਕਦੀ ਨਹੀਂ ਹੋਈ ਸੀ, ਉਹ ਗੱਲ ਜੋ “ਅਜੇ ਅਣਡਿੱਠ” ਸੀ? ਕਿਉਂਕਿ ਮਾਨਵ ਪਰਿਵਾਰ ਨਾਲ ਪਰਮੇਸ਼ੁਰ ਦੇ ਪਿਛਲੇ ਵਰਤਾਉ ਬਾਰੇ ਇੰਨਾ ਕੁਝ ਜਾਣਨ ਕਰਕੇ ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਜੋ ਕੁਝ ਵੀ ਪਰਮੇਸ਼ੁਰ ਕਹਿੰਦਾ ਹੈ ਉਹ ਸੱਚ ਸਾਬਤ ਹੁੰਦਾ ਹੈ। ਇਸ ਲਈ ਨੂਹ ਨੂੰ ਯਕੀਨ ਸੀ ਕਿ ਜਲ-ਪਰਲੋ ਵੀ ਜ਼ਰੂਰ ਆਵੇਗੀ।—ਉਤਪਤ 6:9-22.
4, 5. ਅਬਰਾਹਾਮ ਨੇ ਯਹੋਵਾਹ ਵਿਚ ਪੂਰਾ ਭਰੋਸਾ ਕਿਉਂ ਰੱਖਿਆ?
4 ਸੱਚੀ ਨਿਹਚਾ ਦੀ ਇਕ ਹੋਰ ਮਿਸਾਲ ਅਬਰਾਹਾਮ ਹੈ। ਤਕਰੀਬਨ 3,900 ਸਾਲ ਪਹਿਲਾਂ, ਪਰਮੇਸ਼ੁਰ ਨੇ ਉਸ ਨੂੰ ਆਪਣੀ ਪਤਨੀ, ਸਾਰਾਹ ਤੋਂ ਪੈਦਾ ਹੋਏ ਆਪਣੇ ਇਕਲੌਤੇ ਪੁੱਤਰ, ਇਸਹਾਕ ਨੂੰ ਬਲੀਦਾਨ ਕਰਨ ਲਈ ਆਖਿਆ। (ਉਤਪਤ 22:1-10) ਅਬਰਾਹਾਮ ਨੇ ਕੀ ਰਵੱਈਆ ਦਿਖਾਇਆ? ਇਬਰਾਨੀਆਂ 11:17 ਕਹਿੰਦਾ ਹੈ: “ਨਿਹਚਾ ਨਾਲ ਅਬਰਾਹਾਮ ਨੇ ਜਦ ਪਰਤਾਇਆ ਗਿਆ ਤਾਂ ਇਸਹਾਕ ਨੂੰ ਬਲੀਦਾਨ ਲਈ ਚੜ੍ਹਾਇਆ।” ਪਰੰਤੂ, ਆਖ਼ਰੀ ਪਲ ਤੇ, ਯਹੋਵਾਹ ਦੇ ਦੂਤ ਨੇ ਉਸ ਨੂੰ ਰੋਕ ਦਿੱਤਾ। (ਉਤਪਤ 22:11, 12) ਫਿਰ ਵੀ, ਅਬਰਾਹਾਮ ਅਜਿਹਾ ਕੰਮ ਕਰਨ ਬਾਰੇ ਸੋਚ ਵੀ ਕਿਵੇਂ ਸਕਦਾ ਸੀ? ਕਿਉਂਕਿ ਜਿਵੇਂ ਇਬਰਾਨੀਆਂ 11:19 ਕਹਿੰਦਾ ਹੈ, “ਉਹ ਨੇ ਵਿਚਾਰ ਕੀਤਾ ਜੋ ਪਰਮੇਸ਼ੁਰ [ਇਸਹਾਕ ਨੂੰ] ਮੁਰਦਿਆਂ ਵਿੱਚੋਂ ਭੀ ਉਠਾਲਣ ਨੂੰ ਸਮਰਥ ਹੈ।” ਪਰੰਤੂ ਅਬਰਾਹਾਮ ਪੁਨਰ-ਉਥਾਨ ਵਿਚ ਕਿਵੇਂ ਨਿਹਚਾ ਰੱਖ ਸਕਦਾ ਸੀ ਜਦ ਕਿ ਉਸ ਨੇ ਇਕ ਵੀ ਪੁਨਰ-ਉਥਾਨ ਨਹੀਂ ਦੇਖਿਆ ਸੀ ਅਤੇ ਨਾ ਹੀ ਇਸ ਬਾਰੇ ਪਹਿਲਾਂ ਕੋਈ ਰਿਕਾਰਡ ਸੀ?
5 ਯਾਦ ਕਰੋ, ਸਾਰਾਹ 89 ਸਾਲਾਂ ਦੀ ਸੀ ਜਦੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਇਕ ਪੁੱਤਰ ਦੇਣ ਦਾ ਵਾਅਦਾ ਕੀਤਾ। ਸਾਰਾਹ ਦੀ ਕੁੱਖ ਹੁਣ ਬੱਚੇ ਨਹੀਂ ਜਣ ਸਕਦੀ ਸੀ, ਅਰਥਾਤ ਉਹ ਬੇਜਾਨ ਸੀ। (ਉਤਪਤ 18:9-14) ਪਰ ਪਰਮੇਸ਼ੁਰ ਨੇ ਸਾਰਾਹ ਦੀ ਕੁੱਖ ਨੂੰ ਮੁੜ ਜੀਵਿਤ ਕੀਤਾ, ਅਤੇ ਉਸ ਨੇ ਇਸਹਾਕ ਨੂੰ ਜਨਮ ਦਿੱਤਾ। (ਉਤਪਤ 21:1-3) ਅਬਰਾਹਾਮ ਜਾਣਦਾ ਸੀ ਕਿ ਜੇਕਰ ਪਰਮੇਸ਼ੁਰ ਸਾਰਾਹ ਦੀ ਬੇਜਾਨ ਕੁੱਖ ਨੂੰ ਮੁੜ ਜੀਵਿਤ ਕਰ ਸਕਦਾ ਹੈ, ਤਾਂ ਫਿਰ ਜ਼ਰੂਰਤ ਪੈਣ ਤੇ ਉਹ ਇਸਹਾਕ ਨੂੰ ਵੀ ਦੁਬਾਰਾ ਜੀਵਿਤ ਕਰ ਸਕਦਾ ਸੀ। ਰੋਮੀਆਂ 4:20, 21 ਅਬਰਾਹਾਮ ਬਾਰੇ ਕਹਿੰਦਾ ਹੈ: “ਪਰਮੇਸ਼ੁਰ ਦੇ ਬਚਨ ਦੀ ਵੱਲੋਂ ਉਹ ਨੇ ਬੇਪਰਤੀਤ ਨਾਲ ਸੰਕਾ ਨਾ ਕੀਤੀ ਸਗੋਂ ਨਿਹਚਾ ਵਿੱਚ ਤਕੜਿਆਂ ਹੋ ਕੇ ਉਹ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ। ਅਤੇ ਉਹ ਨੂੰ ਪੱਕੀ ਨਿਹਚਾ ਸੀ ਭਈ ਜਿਹ ਦਾ ਉਸ ਨੇ ਬਚਨ ਦਿੱਤਾ ਉਸ ਦੇ ਪੂਰਿਆਂ ਕਰਨ ਨੂੰ ਵੀ ਸਮਰਥ ਹੈ।”
6. ਯਹੋਸ਼ੁਆ ਨੇ ਯਹੋਵਾਹ ਵਿਚ ਆਪਣਾ ਵਿਸ਼ਵਾਸ ਕਿਵੇਂ ਪ੍ਰਗਟ ਕੀਤਾ?
6 ਕੁਝ 3,400 ਸਾਲ ਪਹਿਲਾਂ ਜਦੋਂ ਯਹੋਸ਼ੁਆ ਇਕ ਸੌ ਸਾਲ ਤੋਂ ਵੱਧ ਉਮਰ ਦਾ ਸੀ, ਅਤੇ ਉਸ ਦੇ ਪੂਰੇ ਜਵੀਨ ਦੇ ਤਜਰਬੇ ਮਗਰੋਂ ਕਿ ਪਰਮੇਸ਼ੁਰ ਕਿੰਨਾ ਵਿਸ਼ਵਾਸਯੋਗ ਹੈ, ਉਸ ਨੇ ਆਪਣੇ ਵਿਸ਼ਵਾਸ ਦਾ ਇਹ ਕਾਰਨ ਦਿੱਤਾ: “ਤੁਸੀਂ ਆਪਣੇ ਸਾਰੇ ਮਨਾਂ ਵਿੱਚ ਅਤੇ ਆਪਣੀਆਂ ਸਾਰੀਆਂ ਜਾਨਾਂ ਵਿੱਚ ਜਾਣਦੇ ਹੋ ਭਈ ਏਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ। ਓਹ ਸਾਰੇ ਤੁਹਾਡੇ ਲਈ ਪੂਰੇ ਹੋਏ। ਓਹਨਾਂ ਵਿੱਚੋਂ ਇੱਕ ਬਚਨ ਵੀ ਨਾ ਰਿਹਾ।”—ਯਹੋਸ਼ੁਆ 23:14.
7, 8. ਪਹਿਲੀ ਸਦੀ ਵਿਚ ਵਫ਼ਾਦਾਰ ਮਸੀਹੀਆਂ ਨੇ ਕਿਹੜੇ ਜਾਨ-ਬਚਾਊ ਕਦਮ ਚੁੱਕੇ, ਅਤੇ ਕਿਉਂ?
7 ਤਕਰੀਬਨ 1,900 ਸਾਲ ਪਹਿਲਾਂ, ਅਨੇਕ ਨਿਮਰ ਲੋਕਾਂ ਨੇ ਸੱਚੀ ਨਿਹਚਾ ਦਿਖਾਈ। ਉਨ੍ਹਾਂ ਨੇ ਬਾਈਬਲ ਭਵਿੱਖਬਾਣੀ ਦੀ ਪੂਰਤੀ ਤੋਂ ਇਹ ਪਛਾਣਿਆ ਕਿ ਯਿਸੂ ਮਸੀਹਾ ਸੀ ਅਤੇ ਉਸ ਦੀਆਂ ਸਿੱਖਿਆਵਾਂ ਨੂੰ ਸਵੀਕਾਰ ਕੀਤਾ। ਹਕੀਕਤਾਂ ਅਤੇ ਇਬਰਾਨੀ ਸ਼ਾਸਤਰ ਵਿਚ ਠੋਸ ਬੁਨਿਆਦ ਹੋਣ ਦੇ ਕਾਰਨ, ਉਨ੍ਹਾਂ ਨੇ ਯਿਸੂ ਦੀਆਂ ਸਿੱਖਿਆਵਾਂ ਉੱਤੇ ਨਿਹਚਾ ਰੱਖੀ। ਇਸ ਲਈ, ਜਦੋਂ ਯਿਸੂ ਨੇ ਕਿਹਾ ਕਿ ਯਹੂਦਿਯਾ ਅਤੇ ਯਰੂਸ਼ਲਮ ਦੀ ਬੇਵਫ਼ਾਈ ਦੇ ਕਾਰਨ ਪਰਮੇਸ਼ੁਰ ਦਾ ਨਿਆਉਂ ਆਉਣ ਵਾਲਾ ਸੀ, ਤਾਂ ਉਨ੍ਹਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ। ਅਤੇ ਜਦੋਂ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਆਪਣੀਆਂ ਜਾਨਾਂ ਬਚਾਉਣ ਲਈ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ, ਤਾਂ ਉਨ੍ਹਾਂ ਨੇ ਉਹੋ ਹੀ ਕੀਤਾ।
8 ਯਿਸੂ ਨੇ ਨਿਹਚਾਵਾਨਾਂ ਨੂੰ ਦੱਸਿਆ ਸੀ ਕਿ ਜਦੋਂ ਯਰੂਸ਼ਲਮ ਫ਼ੌਜਾਂ ਨਾਲ ਘੇਰਿਆ ਹੋਇਆ ਹੋਵੇ, ਤਾਂ ਉਨ੍ਹਾਂ ਨੂੰ ਭੱਜ ਜਾਣਾ ਚਾਹੀਦਾ ਹੈ। ਸੰਨ 66 ਸਾ.ਯੁ. ਵਿਚ ਰੋਮੀ ਫ਼ੌਜਾਂ ਯਰੂਸ਼ਲਮ ਦੇ ਵਿਰੁੱਧ ਆਈਆਂ। ਪਰ ਫਿਰ ਰੋਮੀ ਕਿਸੇ ਅਗਿਆਤ ਕਾਰਨ ਕਰਕੇ ਵਾਪਸ ਚਲੇ ਗਏ। ਮਸੀਹੀਆਂ ਲਈ ਸ਼ਹਿਰ ਛੱਡਣ ਦਾ ਇਹ ਇਕ ਇਸ਼ਾਰਾ ਸੀ, ਕਿਉਂਕਿ ਯਿਸੂ ਨੇ ਕਿਹਾ ਸੀ: “ਜਾਂ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ ਵੇਖੋ ਤਾਂ ਜਾਣੋ ਭਈ ਉਹ ਦਾ ਉੱਜੜਨਾ ਨੇੜੇ ਆ ਪਹੁੰਚਿਆ ਹੈ। ਤਦ ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਨੂੰ ਭੱਜ ਜਾਣ ਅਤੇ ਓਹ ਜਿਹੜੇ ਉਸ ਦੇ ਵਿੱਚ ਹੋਣ ਸੋ ਨਿੱਕਲ ਜਾਣ ਅਤੇ ਜਿਹੜੇ ਖੇਤਾਂ ਵਿੱਚ ਹੋਣ ਉਹ ਦੇ ਅੰਦਰ ਨਾ ਵੜਨ।” (ਲੂਕਾ 21:20, 21) ਸੱਚੀ ਨਿਹਚਾ ਰੱਖਣ ਵਾਲੇ ਲੋਕ ਯਰੂਸ਼ਲਮ ਅਤੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਨੂੰ ਭੱਜ ਗਏ।
ਨਿਹਚਾ ਦੀ ਕਮੀ ਦੇ ਨਤੀਜੇ
9, 10. (ੳ) ਧਾਰਮਿਕ ਆਗੂਆਂ ਨੇ ਯਿਸੂ ਵਿਚ ਨਿਹਚਾ ਦੀ ਕਮੀ ਕਿਵੇਂ ਦਿਖਾਈ? (ਅ) ਇਸ ਨਿਹਚਾ ਦੀ ਕਮੀ ਦੇ ਨਤੀਜੇ ਕੀ ਨਿਕਲੇ?
9 ਸੱਚੀ ਨਿਹਚਾ ਨਾ ਰੱਖਣ ਵਾਲਿਆਂ ਨੇ ਕੀ ਕੀਤਾ? ਮੌਕਾ ਹੱਥ ਵਿਚ ਹੋਣ ਤੇ ਉਹ ਨਹੀਂ ਭੱਜੇ। ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਦੇ ਆਗੂ ਉਨ੍ਹਾਂ ਨੂੰ ਬਚਾ ਸਕਦੇ ਸਨ। ਲੇਕਿਨ, ਉਨ੍ਹਾਂ ਆਗੂਆਂ ਕੋਲ ਅਤੇ ਉਨ੍ਹਾਂ ਦੇ ਪੈਰੋਕਾਰਾਂ ਕੋਲ ਵੀ ਯਿਸੂ ਦੇ ਮਸੀਹਾ ਹੋਣ ਦਾ ਸਬੂਤ ਸੀ। ਤਾਂ ਫਿਰ ਉਨ੍ਹਾਂ ਨੇ ਉਸ ਦੀ ਗੱਲ ਕਿਉਂ ਨਹੀਂ ਮੰਨੀ? ਕਿਉਂਕਿ ਉਨ੍ਹਾਂ ਦਾ ਦਿਲ ਦੁਸ਼ਟ ਸੀ। ਇਹ ਦੁਸ਼ਟਤਾ ਪਹਿਲਾਂ ਪ੍ਰਗਟ ਹੋਈ ਜਦੋਂ ਲਾਜ਼ਰ ਨੂੰ ਯਿਸੂ ਦੁਆਰਾ ਜੀ ਉਠਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਆਮ ਲੋਕਾਂ ਦੀ ਭੀੜ ਨੂੰ ਉਸ ਦੇ ਕੋਲ ਇਕੱਠੀ ਹੁੰਦੀ ਦੇਖਿਆ। ਯੂਹੰਨਾ 11:47, 48 ਦੱਸਦਾ ਹੈ: “ਪਰਧਾਨ ਜਾਜਕਾਂ ਅਤੇ ਫ਼ਰੀਸੀਆਂ ਨੇ ਮਹਾ ਸਭਾ [ਯਹੂਦੀ ਉੱਚ ਅਦਾਲਤ] ਇਕੱਠੀ ਕਰ ਕੇ ਕਿਹਾ, ਅਸੀਂ ਕੀ ਕਰਦੇ ਹਾਂ, ਕਿਉਂ ਜੋ ਇਹ ਮਨੁੱਖ [ਯਿਸੂ] ਬਹੁਤ ਨਿਸ਼ਾਨ ਵਿਖਾਉਂਦਾ ਹੈ? ਜੇ ਅਸੀਂ ਉਸ ਨੂੰ ਐਵੇਂ ਛੱਡ ਦੇਈਏ ਤਾਂ ਸਭ ਉਸ ਉੱਤੇ ਨਿਹਚਾ ਕਰਨਗੇ ਅਤੇ ਰੋਮੀ ਆ ਜਾਣਗੇ ਅਤੇ ਨਾਲੇ ਸਾਡੀ ਜਗ੍ਹਾ ਅਰ ਨਾਲੇ ਸਾਡੀ ਕੌਮ ਭੀ ਲੈ ਲੈਣਗੇ।” ਆਇਤ 53 ਕਹਿੰਦੀ ਹੈ: “ਸੋ ਉਨ੍ਹਾਂ ਨੇ ਉਸੇ ਦਿਨ ਤੋਂ ਮਤਾ ਪਕਾਇਆ ਭਈ ਉਸ ਨੂੰ ਜਾਨੋਂ ਮਾਰਨ।”
10 ਯਿਸੂ ਨੇ ਕਿੰਨਾ ਹੀ ਅਦਭੁਤ ਚਮਤਕਾਰ ਕੀਤਾ ਸੀ—ਮੁਰਦਿਆਂ ਵਿੱਚੋਂ ਲਾਜ਼ਰ ਨੂੰ ਜੀ ਉਠਾਉਣਾ! ਪਰੰਤੂ ਧਾਰਮਿਕ ਆਗੂ ਯਿਸੂ ਨੂੰ ਇਹ ਕੰਮ ਕਰਨ ਲਈ ਮਾਰ ਦੇਣਾ ਚਾਹੁੰਦੇ ਸਨ। ਉਨ੍ਹਾਂ ਦੀ ਘੋਰ ਦੁਸ਼ਟਤਾ ਉਦੋਂ ਵੀ ਪ੍ਰਗਟ ਹੋਈ ਜਦੋਂ “ਪਰਧਾਨ ਜਾਜਕਾਂ ਨੇ ਮਤਾ ਪਕਾਇਆ ਜੋ ਲਾਜ਼ਰ ਨੂੰ ਵੀ ਜਾਨੋਂ ਮਾਰ ਦੇਈਏ। ਕਿਉਂਕਿ ਉਹ ਦੇ ਕਾਰਨ ਯਹੂਦੀਆਂ ਵਿੱਚੋਂ ਬਾਹਲੇ ਲੋਕ ਚੱਲੇ ਗਏ ਅਤੇ ਯਿਸੂ ਉੱਤੇ ਨਿਹਚਾ ਕਰਦੇ ਸਨ।” (ਯੂਹੰਨਾ 12:10, 11) ਲਾਜ਼ਰ ਹੁਣੇ ਹੀ ਮੁਰਦਿਆਂ ਵਿੱਚੋਂ ਜੀ ਉਠਾਇਆ ਗਿਆ ਸੀ, ਅਤੇ ਉਹ ਜਾਜਕ ਉਸ ਨੂੰ ਫਿਰ ਤੋਂ ਮਰਿਆ ਹੋਇਆ ਦੇਖਣਾ ਚਾਹੁੰਦੇ ਸਨ! ਉਨ੍ਹਾਂ ਨੂੰ ਪਰਮੇਸ਼ੁਰ ਦੀ ਇੱਛਾ ਬਾਰੇ ਜਾਂ ਆਮ ਲੋਕਾਂ ਦੀ ਭਲਿਆਈ ਬਾਰੇ ਕੋਈ ਚਿੰਤਾ ਨਹੀਂ ਸੀ। ਉਹ ਸੁਆਰਥੀ ਸਨ, ਅਤੇ ਕੇਵਲ ਆਪਣੀਆਂ ਪਦਵੀਆਂ ਅਤੇ ਆਪਣੇ ਫ਼ਾਇਦੇ ਬਾਰੇ ਹੀ ਚਿੰਤਾ ਕਰਦੇ ਸਨ। “ਓਹ ਪਰਮੇਸ਼ੁਰ ਦੀ ਵਡਿਆਈ ਨਾਲੋਂ ਮਨੁੱਖਾਂ ਦੀ ਵਡਿਆਈ ਦੇ ਬਹੁਤੇ ਭੁੱਖੇ ਸਨ।” (ਯੂਹੰਨਾ 12:43) ਪਰੰਤੂ ਉਨ੍ਹਾਂ ਨੂੰ ਆਪਣੀ ਨਿਹਚਾ ਦੀ ਕਮੀ ਲਈ ਸਜ਼ਾ ਭੁਗਤਣੀ ਪਈ। ਸਾਲ 70 ਸਾ.ਯੁ. ਵਿਚ, ਰੋਮੀ ਫ਼ੌਜਾਂ ਨੇ ਵਾਪਸ ਆ ਕੇ ਉਨ੍ਹਾਂ ਦੀ ਜਗ੍ਹਾ ਅਤੇ ਉਨ੍ਹਾਂ ਦੀ ਕੌਮ ਨੂੰ ਨਸ਼ਟ ਕਰ ਦਿੱਤਾ, ਨਾਲੇ ਉਨ੍ਹਾਂ ਵਿੱਚੋਂ ਅਨੇਕ ਲੋਕ ਮਾਰੇ ਗਏ।
ਸਾਡੇ ਸਮਿਆਂ ਵਿਚ ਦਿਖਾਈ ਗਈ ਨਿਹਚਾ
11. ਇਸ ਸਦੀ ਦੇ ਮੁਢਲੇ ਭਾਗ ਵਿਚ, ਸੱਚੀ ਨਿਹਚਾ ਕਿਵੇਂ ਦਿਖਾਈ ਗਈ ਸੀ?
11 ਇਸ ਸਦੀ ਵਿਚ ਵੀ, ਅਨੇਕ ਪੁਰਸ਼ਾਂ ਅਤੇ ਇਸਤਰੀਆਂ ਨੇ ਸੱਚੀ ਨਿਹਚਾ ਦਿਖਾਈ ਹੈ। ਮਿਸਾਲ ਲਈ, 20ਵੀਂ ਸਦੀ ਦੇ ਮੁਢਲੇ ਭਾਗ ਵਿਚ, ਆਮ ਤੌਰ ਤੇ ਲੋਕ ਇਕ ਸ਼ਾਂਤਮਈ, ਖ਼ੁਸ਼ਹਾਲ ਭਵਿੱਖ ਦੀ ਆਸ ਕਰ ਰਹੇ ਸਨ। ਉਸੇ ਸਮੇਂ, ਯਹੋਵਾਹ ਉੱਤੇ ਨਿਹਚਾ ਰੱਖਣ ਵਾਲੇ ਲੋਕ ਐਲਾਨ ਕਰ ਰਹੇ ਸਨ ਕਿ ਮਨੁੱਖਜਾਤੀ ਕਸ਼ਟ ਦੇ ਸਭ ਤੋਂ ਭੈੜੇ ਸਮੇਂ ਵਿਚ ਪ੍ਰਵੇਸ਼ ਕਰਨ ਜਾ ਰਹੀ ਹੈ। ਪਰਮੇਸ਼ੁਰ ਦੇ ਬਚਨ ਵਿਚ ਮੱਤੀ ਅਧਿਆਇ 24, 2 ਤਿਮੋਥਿਉਸ ਅਧਿਆਇ 3, ਅਤੇ ਦੂਜੇ ਸ਼ਾਸਤਰਵਚਨਾਂ ਵਿਚ ਇਹੋ ਹੀ ਭਵਿੱਖਬਾਣੀ ਕੀਤੀ ਗਈ ਸੀ। ਉਨ੍ਹਾਂ ਨਿਹਚਾਵਾਨ ਲੋਕਾਂ ਨੇ ਜੋ ਕੁਝ ਕਿਹਾ ਉਹੋ ਹੀ ਹੋਇਆ, ਅਤੇ 1914 ਵਿਚ ਵਿਸ਼ਵ ਯੁੱਧ I ਆਰੰਭ ਹੋਇਆ। ਵਾਕਈ ਸੰਸਾਰ ਨੇ ਆਪਣੇ ਪੂਰਵ-ਸੂਚਿਤ “ਅੰਤ ਦਿਆਂ ਦਿਨਾਂ” ਵਿਚ ਪ੍ਰਵੇਸ਼ ਕੀਤਾ, ਜਿਸ ਵਿਚ “ਭੈੜੇ ਸਮੇਂ” ਸ਼ਾਮਲ ਸਨ। (2 ਤਿਮੋਥਿਉਸ 3:1) ਉਦੋਂ ਯਹੋਵਾਹ ਦੇ ਸੇਵਕ ਸੰਸਾਰ ਦੀ ਸਥਿਤੀ ਬਾਰੇ ਸੱਚਾਈ ਕਿਵੇਂ ਜਾਣ ਸਕੇ ਸਨ ਜਦ ਕਿ ਦੂਜੇ ਲੋਕ ਨਹੀਂ ਜਾਣ ਪਾਏ? ਕਿਉਂਕਿ, ਯਹੋਸ਼ੁਆ ਦੀ ਤਰ੍ਹਾਂ, ਉਨ੍ਹਾਂ ਨੂੰ ਨਿਹਚਾ ਸੀ ਕਿ ਯਹੋਵਾਹ ਦਾ ਇਕ ਵੀ ਬਚਨ ਅਸਫ਼ਲ ਨਹੀਂ ਹੋਵੇਗਾ।
12. ਅੱਜ, ਯਹੋਵਾਹ ਦੇ ਸੇਵਕ ਉਸ ਦੇ ਕਿਸ ਵਾਅਦੇ ਵਿਚ ਪੂਰਾ ਵਿਸ਼ਵਾਸ ਰੱਖਦੇ ਹਨ?
12 ਅੱਜ, ਯਹੋਵਾਹ ਉੱਤੇ ਆਪਣਾ ਭਰੋਸਾ ਰੱਖਣ ਵਾਲੇ ਉਸ ਦੇ ਸੇਵਕਾਂ ਦੀ ਗਿਣਤੀ ਸੰਸਾਰ ਭਰ ਵਿਚ ਲਗਭਗ 60 ਲੱਖ ਹੈ। ਉਹ ਪਰਮੇਸ਼ੁਰ ਦੇ ਭਵਿੱਖ-ਸੂਚਕ ਬਚਨ ਦੀ ਪੂਰਤੀ ਦੇ ਸਬੂਤ ਤੋਂ ਜਾਣਦੇ ਹਨ ਕਿ ਜਲਦੀ ਹੀ ਉਹ ਇਸ ਹਿੰਸਕ, ਅਨੈਤਿਕ ਰੀਤੀ-ਵਿਵਸਥਾ ਦਾ ਅੰਤ ਕਰੇਗਾ। ਇਸ ਲਈ ਉਹ ਯਕੀਨੀ ਹਨ ਕਿ ਉਹ ਸਮਾਂ ਨੇੜੇ ਹੈ ਜਦੋਂ ਉਹ 1 ਯੂਹੰਨਾ 2:17 ਦੀ ਪੂਰਤੀ ਦੇਖਣਗੇ, ਜੋ ਕਹਿੰਦਾ ਹੈ: “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” ਯਹੋਵਾਹ ਦੇ ਸੇਵਕ ਪੂਰਾ ਵਿਸ਼ਵਾਸ ਰੱਖਦੇ ਹਨ ਕਿ ਉਹ ਇਹ ਵਾਅਦਾ ਪੂਰਾ ਕਰੇਗਾ।
13. ਤੁਸੀਂ ਕਿਸ ਹੱਦ ਤਕ ਯਹੋਵਾਹ ਉੱਤੇ ਭਰੋਸਾ ਰੱਖ ਸਕਦੇ ਹੋ?
13 ਤੁਸੀਂ ਕਿਸ ਹੱਦ ਤਕ ਯਹੋਵਾਹ ਉੱਤੇ ਭਰੋਸਾ ਰੱਖ ਸਕਦੇ ਹੋ? ਤੁਸੀਂ ਮੌਤ ਤੀਕਰ ਯਹੋਵਾਹ ਉੱਤੇ ਭਰੋਸਾ ਰੱਖ ਸਕਦੇ ਹੋ! ਜੇਕਰ ਤੁਸੀਂ ਉਸ ਦੀ ਸੇਵਾ ਵਿਚ ਹੁਣ ਆਪਣੀ ਜਾਨ ਵੀ ਗੁਆ ਬੈਠਦੇ ਹੋ, ਤਾਂ ਉਹ ਤੁਹਾਨੂੰ ਪੁਨਰ-ਉਥਾਨ ਵਿਚ ਇਕ ਉੱਤਮ ਜੀਵਨ ਵਾਪਸ ਦੇਵੇਗਾ। ਯਿਸੂ ਸਾਨੂੰ ਭਰੋਸਾ ਦਿਵਾਉਂਦਾ ਹੈ: “ਉਹ ਘੜੀ ਆਉਂਦੀ ਹੈ ਜਿਸ ਵਿਚ ਉਹ ਸਭ ਜਿਹੜੇ ਸਮਾਰਕ ਕਬਰਾਂ ਵਿਚ [ਅਰਥਾਤ, ਪਰਮੇਸ਼ੁਰ ਦੀ ਯਾਦਾਸ਼ਤ ਵਿਚ] ਹਨ ਉਹ ਦੀ ਆਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।” (ਯੂਹੰਨਾ 5:28, 29, ਨਿ ਵ) ਕੀ ਤੁਸੀਂ ਕਿਸੇ ਡਾਕਟਰ, ਰਾਜਨੀਤਿਕ ਨੇਤਾ, ਸਾਇੰਸਦਾਨ, ਵਪਾਰੀ, ਜਾਂ ਹੋਰ ਕਿਸੇ ਇਨਸਾਨ ਨੂੰ ਜਾਣਦੇ ਹੋ ਜੋ ਇਹ ਕਰ ਸਕਦਾ ਹੈ? ਉਨ੍ਹਾਂ ਦਾ ਪਿਛਲਾ ਰਿਕਾਰਡ ਦਿਖਾਉਂਦਾ ਹੈ ਕਿ ਉਹ ਇਹ ਨਹੀਂ ਕਰ ਸਕਦੇ ਹਨ। ਯਹੋਵਾਹ ਕਰ ਸਕਦਾ ਹੈ, ਅਤੇ ਉਹ ਕਰੇਗਾ ਵੀ!
ਵਫ਼ਾਦਾਰ ਵਿਅਕਤੀਆਂ ਲਈ ਇਕ ਵਧੀਆ ਭਵਿੱਖ
14. ਵਫ਼ਾਦਾਰ ਵਿਅਕਤੀਆਂ ਲਈ ਪਰਮੇਸ਼ੁਰ ਦਾ ਬਚਨ ਕਿਹੜੇ ਵਧੀਆ ਭਵਿੱਖ ਦਾ ਵਾਅਦਾ ਕਰਦਾ ਹੈ?
14 ਯਿਸੂ ਨੇ ਪਰਮੇਸ਼ੁਰ ਦੇ ਸਵਰਗੀ ਰਾਜ ਅਧੀਨ ਨਵੇਂ ਸੰਸਾਰ ਦੀ ਨਿਸ਼ਚਿਤਤਾ ਦਾ ਸੰਕੇਤ ਕੀਤਾ ਜਦੋਂ ਉਸ ਨੇ ਕਿਹਾ: “ਧੰਨ ਓਹ ਜਿਹੜੇ ਹਲੀਮ ਹਨ ਕਿਉਂ ਜੋ ਓਹ ਧਰਤੀ ਦੇ ਵਾਰਸ ਹੋਣਗੇ।” (ਮੱਤੀ 5:5) ਇਸ ਵਾਅਦੇ ਨੇ ਜ਼ਬੂਰ 37:29 ਵਿਚ ਪਾਏ ਜਾਂਦੇ ਪਰਮੇਸ਼ੁਰ ਦੇ ਵਾਅਦੇ ਨੂੰ ਪੱਕਾ ਕੀਤਾ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” ਅਤੇ ਯਿਸੂ ਦੀ ਮੌਤ ਤੋਂ ਠੀਕ ਪਹਿਲਾਂ, ਜਦੋਂ ਇਕ ਅਪਰਾਧੀ ਨੇ ਉਸ ਵਿਚ ਨਿਹਚਾ ਪ੍ਰਗਟ ਕੀਤੀ, ਯਿਸੂ ਨੇ ਉਸ ਆਦਮੀ ਨੂੰ ਕਿਹਾ: “ਤੂੰ ਮੇਰੇ ਨਾਲ ਪਰਾਦੀਸ ਵਿਚ ਹੋਵੇਂਗਾ।” (ਲੂਕਾ 23:43, ਨਿ ਵ) ਜੀ ਹਾਂ, ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ, ਯਿਸੂ ਇਹ ਨਿਸ਼ਚਿਤ ਕਰੇਗਾ ਕਿ ਇਸ ਆਦਮੀ ਨੂੰ ਧਰਤੀ ਉੱਤੇ ਜੀਵਨ ਲਈ ਜੀ ਉਠਾਇਆ ਜਾਵੇ ਤਾਂਕਿ ਉਸ ਨੂੰ ਪਰਾਦੀਸ ਵਿਚ ਜੀਉਣ ਦਾ ਮੌਕਾ ਮਿਲੇ। ਅੱਜ, ਯਹੋਵਾਹ ਦੇ ਰਾਜ ਵਿਚ ਨਿਹਚਾ ਰੱਖਣ ਵਾਲੇ ਵੀ ਪਰਾਦੀਸ ਵਿਚ ਜੀਉਣ ਦੀ ਉਤਸ਼ਾਹ ਨਾਲ ਉਡੀਕ ਕਰ ਸਕਦੇ ਹਨ ਜਦੋਂ “[ਪਰਮੇਸ਼ੁਰ] ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।”—ਪਰਕਾਸ਼ ਦੀ ਪੋਥੀ 21:4.
15, 16. ਨਵੇਂ ਸੰਸਾਰ ਵਿਚ ਜੀਵਨ ਇੰਨਾ ਸ਼ਾਂਤਮਈ ਕਿਉਂ ਹੋਵੇਗਾ?
15 ਆਓ ਅਸੀਂ ਆਪਣਾ ਮਨ ਉਸ ਨਵੇਂ ਸੰਸਾਰ ਉੱਤੇ ਲਾਈਏ। ਕਲਪਨਾ ਕਰੋ ਕਿ ਅਸੀਂ ਉਸ ਸੰਸਾਰ ਵਿਚ ਜੀ ਰਹੇ ਹਾਂ। ਇਕਦਮ ਸਾਡਾ ਧਿਆਨ ਉਨ੍ਹਾਂ ਆਨੰਦਿਤ ਲੋਕਾਂ ਵੱਲ ਜਾਂਦਾ ਹੈ ਜੋ ਪੂਰਣ ਸ਼ਾਂਤੀ ਨਾਲ ਇਕੱਠੇ ਵੱਸਦੇ ਹਨ। ਉਹ ਅਜਿਹੀਆਂ ਹਾਲਤਾਂ ਦਾ ਆਨੰਦ ਮਾਣ ਰਹੇ ਹਨ ਜੋ ਯਸਾਯਾਹ 14:7 ਵਿਚ ਵਰਣਨ ਕੀਤੀਆਂ ਗਈਆਂ ਹਨ: “ਸਾਰੀ ਧਰਤੀ ਚੈਨ ਅਤੇ ਅਰਾਮ ਕਰਦੀ ਹੈ, ਓਹ ਖੁੱਲ੍ਹ ਕੇ ਜੈਕਾਰੇ ਗਜਾਉਂਦੇ ਹਨ।” ਉਹ ਇੰਨੇ ਖ਼ੁਸ਼ ਕਿਉਂ ਹਨ? ਇਕ ਕਾਰਨ ਇਹ ਹੈ ਕਿ ਘਰਾਂ ਦਿਆਂ ਦਰਵਾਜ਼ਿਆਂ ਤੇ ਕੋਈ ਜੰਦਰੇ ਨਹੀਂ ਹਨ। ਇਨ੍ਹਾਂ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਅਪਰਾਧ, ਜਾਂ ਹਿੰਸਾ ਨਹੀਂ ਹੈ। ਇਹ ਠੀਕ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਪਰਮੇਸ਼ੁਰ ਦੇ ਬਚਨ ਨੇ ਦੱਸਿਆ ਸੀ: “ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ।”—ਮੀਕਾਹ 4:4.
16 ਯੁੱਧ ਵੀ ਨਹੀਂ ਹੈ, ਕਿਉਂਕਿ ਇਸ ਨਵੇਂ ਸੰਸਾਰ ਵਿਚ ਯੁੱਧ ਗ਼ੈਰ-ਕਾਨੂੰਨੀ ਹੈ। ਸਾਰੇ ਹਥਿਆਰਾਂ ਨੂੰ ਸ਼ਾਂਤੀ ਦੇ ਔਜ਼ਾਰਾਂ ਵਿਚ ਬਦਲ ਦਿੱਤਾ ਗਿਆ ਹੈ। ਪੂਰਣ ਅਰਥ ਵਿਚ, ਯਸਾਯਾਹ 2:4 ਦੀ ਪੂਰਤੀ ਹੋਈ ਹੈ: “ਓਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।” ਪਰ ਫਿਰ, ਸਾਨੂੰ ਇਸੇ ਗੱਲ ਦੀ ਆਸ ਸੀ! ਕਿਉਂ? ਕਿਉਂਕਿ ਇਸ ਨਵੇਂ ਸੰਸਾਰ ਦੇ ਕਈ ਵਾਸੀਆਂ ਨੇ ਉਸ ਪੁਰਾਣੇ ਸੰਸਾਰ ਵਿਚ ਪਰਮੇਸ਼ੁਰ ਦੀ ਸੇਵਾ ਕਰਦੇ ਹੋਏ ਇਹੋ ਕਰਨਾ ਸਿੱਖਿਆ ਸੀ।
17. ਪਰਮੇਸ਼ੁਰ ਦੇ ਰਾਜ ਅਧੀਨ ਕਿਸ ਤਰ੍ਹਾਂ ਦਾ ਰਹਿਣ-ਸਹਿਣ ਹੋਵੇਗਾ?
17 ਤੁਸੀਂ ਇਕ ਹੋਰ ਗੱਲ ਵੀ ਦੇਖਦੇ ਹੋ ਕਿ ਉੱਥੇ ਗ਼ਰੀਬੀ ਨਹੀਂ ਹੈ। ਕੋਈ ਵੀ ਗੰਦੀ ਝੁੱਗੀ ਵਿਚ ਨਹੀਂ ਰਹਿ ਰਿਹਾ ਹੈ ਜਾਂ ਪਾਟੇ-ਪੁਰਾਣੇ ਕੱਪੜਿਆਂ ਵਿਚ ਨਹੀਂ ਹੈ, ਅਤੇ ਨਾ ਹੀ ਕੋਈ ਬੇਘਰ ਹੈ। ਸਾਰਿਆਂ ਕੋਲ ਆਰਾਮਦੇਹ ਘਰ ਹਨ ਅਤੇ ਸੁੰਦਰ ਦਰਖ਼ਤਾਂ ਅਤੇ ਫੁੱਲਾਂ ਨਾਲ ਸਜੀ ਜ਼ਮੀਨ ਹੈ ਜਿਸ ਦੀ ਚੰਗੀ ਤਰ੍ਹਾਂ ਨਾਲ ਦੇਖ-ਭਾਲ ਕੀਤੀ ਗਈ ਹੈ। (ਯਸਾਯਾਹ 35:1, 2; 65:21, 22; ਹਿਜ਼ਕੀਏਲ 34:27) ਅਤੇ ਉੱਥੇ ਭੁੱਖ ਨਹੀਂ ਹੈ ਕਿਉਂਕਿ ਪਰਮੇਸ਼ੁਰ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ ਕਿ ਸਾਰਿਆਂ ਲਈ ਭਰਪੂਰ ਭੋਜਨ ਹੋਵੇਗਾ: ‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ।’ (ਜ਼ਬੂਰ 72:16) ਵਾਕਈ, ਪਰਮੇਸ਼ੁਰ ਦੇ ਰਾਜ ਦੀ ਅਗਵਾਈ ਅਧੀਨ, ਇਕ ਸ਼ਾਨਦਾਰ ਪਰਾਦੀਸ ਪੂਰੀ ਧਰਤੀ ਉੱਤੇ ਫੈਲਿਆ ਹੋਇਆ ਹੈ, ਠੀਕ ਜਿਵੇਂ ਅਦਨ ਵਿਚ ਪਰਮੇਸ਼ੁਰ ਦਾ ਮਕਸਦ ਸੀ।—ਉਤਪਤ 2:8.
18. ਨਵੇਂ ਸੰਸਾਰ ਵਿਚ ਕਿਹੜੀਆਂ ਚੀਜ਼ਾਂ ਲੋਕਾਂ ਨੂੰ ਖ਼ਤਰਾ ਪੇਸ਼ ਨਹੀਂ ਕਰਨਗੀਆਂ?
18 ਨਾਲੇ, ਤੁਸੀਂ ਸਾਰਿਆਂ ਦੀ ਜੋਸ਼ ਉੱਤੇ ਹੈਰਾਨ ਹੁੰਦੇ ਹੋ। ਇਹ ਇਸ ਲਈ ਹੈ ਕਿਉਂਕਿ ਹੁਣ ਉਨ੍ਹਾਂ ਸਾਰਿਆਂ ਦੇ ਸਰੀਰ ਅਤੇ ਮਨ ਸੰਪੂਰਣ ਹਨ। ਹੁਣ ਬੀਮਾਰੀ, ਪੀੜਾ, ਜਾਂ ਮੌਤ ਨਹੀਂ ਹੈ। ਕੋਈ ਵੀ ਪਹੀਏਦਾਰ ਕੁਰਸੀ ਵਿਚ ਜਾਂ ਹਸਪਤਾਲ ਦੀ ਮੰਜੀ ਉੱਤੇ ਨਹੀਂ ਪਿਆ ਹੋਇਆ ਹੈ। ਇਹ ਸਭ ਕੁਝ ਸਦਾ ਲਈ ਖ਼ਤਮ ਹੋ ਚੁੱਕਾ ਹੈ। (ਯਸਾਯਾਹ 33:24; 35:5, 6) ਅਤੇ ਕੋਈ ਜਾਨਵਰ ਵੀ ਖ਼ਤਰਾ ਪੇਸ਼ ਨਹੀਂ ਕਰਦਾ, ਕਿਉਂਕਿ ਉਹ ਪਰਮੇਸ਼ੁਰ ਦੀ ਸ਼ਕਤੀ ਨਾਲ ਸ਼ਾਂਤਮਈ ਬਣਾਏ ਗਏ ਹਨ!—ਯਸਾਯਾਹ 11:6-8; 65:25; ਹਿਜ਼ਕੀਏਲ 34:25.
19. ਨਵੇਂ ਸੰਸਾਰ ਵਿਚ ਹਰ ਦਿਨ “ਬਹੁਤੇ ਸੁਖ” ਵਾਲਾ ਕਿਉਂ ਹੋਵੇਗਾ?
19 ਇਸ ਨਵੇਂ ਸੰਸਾਰ ਦੇ ਵਫ਼ਾਦਾਰ ਵਾਸੀਆਂ ਨਾਲ ਕਿੰਨੀ ਅਦਭੁਤ ਸਭਿਅਤਾ ਬਣ ਰਹੀ ਹੈ! ਉਨ੍ਹਾਂ ਦੀਆਂ ਸ਼ਕਤੀਆਂ ਅਤੇ ਹੁਨਰ ਨੂੰ ਅਤੇ ਧਰਤੀ ਦੀ ਸੰਪਤੀ ਨੂੰ ਨੁਕਸਾਨਦੇਹ ਕੰਮਾਂ ਦੀ ਬਜਾਇ ਲਾਭਕਾਰੀ ਕੰਮਾਂ ਵਿਚ ਇਸਤੇਮਾਲ ਕੀਤਾ ਜਾ ਰਿਹਾ ਹੈ; ਦੂਜਿਆਂ ਨਾਲ ਮੁਕਾਬਲਾ ਕਰਨ ਦੀ ਬਜਾਇ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਵਿਚ ਇਨ੍ਹਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ। ਅਤੇ ਜਿਸ ਨੂੰ ਵੀ ਤੁਸੀਂ ਮਿਲਦੇ ਹੋ ਉਸ ਉੱਤੇ ਤੁਸੀਂ ਭਰੋਸਾ ਕਰ ਸਕਦੇ ਹੋ ਕਿਉਂਕਿ, ਜਿਵੇਂ ਪਰਮੇਸ਼ੁਰ ਨੇ ਵਾਅਦਾ ਕੀਤਾ, ਸਾਰੇ “ਯਹੋਵਾਹ ਵੱਲੋਂ ਸਿੱਖੇ ਹੋਏ” ਵਿਅਕਤੀ ਹਨ। (ਯਸਾਯਾਹ 54:13) ਕਿਉਂ ਜੋ ਸਾਰੇ ਲੋਕ ਪਰਮੇਸ਼ੁਰ ਦੇ ਨਿਯਮਾਂ ਦੇ ਅਧੀਨ ਹਨ, ‘ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੈ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।’ (ਯਸਾਯਾਹ 11:9) ਵਾਕਈ, ਇਸ ਨਵੇਂ ਸੰਸਾਰ ਵਿਚ ਹਰ ਦਿਨ “ਬਹੁਤੇ ਸੁਖ” ਵਾਲਾ ਹੋਵੇਗਾ, ਠੀਕ ਜਿਵੇਂ ਜ਼ਬੂਰ 37:11 ਨੇ ਕਿਹਾ ਸੀ।
ਇਕ ਸੁਖੀ ਭਵਿੱਖ ਦੀ ਗਾਰੰਟੀ
20. ਸ਼ਾਂਤਮਈ ਭਵਿੱਖ ਦਾ ਆਨੰਦ ਮਾਣਨ ਲਈ ਸਾਨੂੰ ਕੀ ਕਰਨਾ ਪਵੇਗਾ?
20 ਸਾਨੂੰ ਉਸ ਸੁਖੀ ਭਵਿੱਖ ਵਿਚ ਸ਼ਾਮਲ ਹੋਣ ਲਈ ਕੀ ਕਰਨਾ ਪਵੇਗਾ? ਯਸਾਯਾਹ 55:6 ਸਾਨੂੰ ਦੱਸਦਾ ਹੈ: “ਯਹੋਵਾਹ ਨੂੰ ਭਾਲੋ ਜਦ ਤੀਕ ਉਹ ਲੱਭ ਸੱਕੇ, ਉਹ ਨੂੰ ਪੁਕਾਰੋ ਜਦ ਤੀਕ ਉਹ ਨੇੜੇ ਹੈ।” ਜਿਉਂ-ਜਿਉਂ ਅਸੀਂ ਭਾਲ ਕਰਦੇ ਹਾਂ, ਸਾਡਾ ਰਵੱਈਆ ਅਜਿਹਾ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਜ਼ਬੂਰ 143:10 ਵਿਚ ਵਰਣਨ ਕੀਤਾ ਗਿਆ ਹੈ: “ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ, ਤੂੰ ਤਾਂ ਮੇਰਾ ਪਰਮੇਸ਼ੁਰ ਹੈਂ।” ਇਸ ਤਰ੍ਹਾਂ ਕਰਨ ਵਾਲੇ ਲੋਕ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਯਹੋਵਾਹ ਅੱਗੇ ਨਿਰਦੋਸ਼ ਠਹਿਰ ਸਕਦੇ ਹਨ ਅਤੇ ਵਧੀਆ ਭਵਿੱਖ ਦੀ ਆਸ ਰੱਖ ਸਕਦੇ ਹਨ। “ਨਿਰਦੋਸ਼ ਮਨੁੱਖ ਨੂੰ ਦੇਖ ਅਤੇ ਨੇਕ ਮਨੁੱਖ ਨੂੰ ਨਜ਼ਰ ਵਿਚ ਰੱਖ, ਕਿਉਂਕਿ ਉਸ ਮਨੁੱਖ ਦਾ ਭਵਿੱਖ ਸ਼ਾਂਤਮਈ ਹੋਵੇਗਾ।” (ਨਿ ਵ) “ਪਰ ਅਪਰਾਧੀ ਇਕੱਠੇ ਹੀ ਨਾਸ ਹੋ ਜਾਣਗੇ, ਦੁਸ਼ਟਾਂ ਦੀ ਅੰਸ ਛੇਕੀ ਜਾਵੇਗੀ!”—ਜ਼ਬੂਰਾਂ 37:37, 38.
21, 22. ਪਰਮੇਸ਼ੁਰ ਅੱਜ ਕੀ ਬਣਾ ਰਿਹਾ ਹੈ, ਅਤੇ ਸਿਖਲਾਈ ਕਿਵੇਂ ਦਿੱਤੀ ਜਾ ਰਹੀ ਹੈ?
21 ਇਸ ਵੇਲੇ ਯਹੋਵਾਹ ਹਰ ਕੌਮ ਵਿੱਚੋਂ ਉਨ੍ਹਾਂ ਲੋਕਾਂ ਨੂੰ ਸੱਦ ਰਿਹਾ ਹੈ ਜੋ ਉਸ ਦੀ ਇੱਛਾ ਪੂਰੀ ਕਰਨੀ ਚਾਹੁੰਦੇ ਹਨ। ਉਹ ਉਨ੍ਹਾਂ ਨੂੰ ਆਪਣੇ ਨਵੇਂ ਪਾਰਥਿਵ ਸਮਾਜ ਦੀ ਨੀਂਹ ਬਣਾ ਰਿਹਾ ਹੈ, ਜਿਵੇਂ ਬਾਈਬਲ ਭਵਿੱਖਬਾਣੀ ਨੇ ਪਹਿਲਾਂ ਹੀ ਦੱਸਿਆ ਸੀ: “ਆਖਰੀ ਦਿਨਾਂ ਦੇ ਵਿੱਚ [ਜਿਸ ਸਮੇਂ ਵਿਚ ਅਸੀਂ ਹੁਣ ਜੀ ਰਹੇ ਹਾਂ] . . . ਬਹੁਤੀਆਂ ਉੱਮਤਾਂ ਆਉਣਗੀਆਂ ਅਤੇ ਆਖਣਗੀਆਂ, ਆਓ, ਅਸੀਂ ਯਹੋਵਾਹ ਦੇ ਪਰਬਤ [ਉਸ ਦੀ ਬੁਲੰਦ ਸੱਚੀ ਉਪਾਸਨਾ] ਉੱਤੇ . . . ਚੜ੍ਹੀਏ, ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ।”—ਯਸਾਯਾਹ 2:2, 3.
22 ਪਰਕਾਸ਼ ਦੀ ਪੋਥੀ 7:9 ਇਨ੍ਹਾਂ ਦਾ ਵਰਣਨ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ” ਵਜੋਂ ਕਰਦੀ ਹੈ। ਆਇਤ 14 ਬਿਆਨ ਕਰਦੀ ਹੈ: “ਏਹ ਓਹ ਹਨ ਜਿਹੜੇ ਵੱਡੀ ਬਿਪਤਾ ਵਿੱਚੋਂ ਆਉਂਦੇ ਹਨ,” ਅਤੇ ਇਸ ਸੰਸਾਰ ਦੇ ਅੰਤ ਵਿੱਚੋਂ ਬਚ ਨਿਕਲਦੇ ਹਨ। ਇਸ ਨਵੇਂ ਸੰਸਾਰ ਦੀ ਨੀਂਹ ਵਿਚ ਹੁਣ ਲਗਭਗ 60 ਲੱਖ ਲੋਕ ਹਨ, ਅਤੇ ਹਰ ਸਾਲ ਕਈ ਨਵੇਂ ਵਿਅਕਤੀ ਇਸ ਵਿਚ ਸ਼ਾਮਲ ਹੋ ਰਹੇ ਹਨ। ਯਹੋਵਾਹ ਦੇ ਇਨ੍ਹਾਂ ਸਾਰੇ ਵਫ਼ਾਦਾਰ ਸੇਵਕਾਂ ਨੂੰ ਉਸ ਦੇ ਨਵੇਂ ਸੰਸਾਰ ਵਿਚ ਜੀਵਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਉਹ ਅਧਿਆਤਮਿਕ ਅਤੇ ਦੂਜੇ ਹੁਨਰ ਸਿੱਖ ਰਹੇ ਹਨ ਜੋ ਇਸ ਧਰਤੀ ਨੂੰ ਪਰਾਦੀਸ ਵਿਚ ਬਦਲਣ ਲਈ ਲੋੜੀਂਦੇ ਹਨ। ਅਤੇ ਉਹ ਪੂਰਾ ਭਰੋਸਾ ਰੱਖਦੇ ਹਨ ਕਿ ਇਹ ਪਰਾਦੀਸ ਜ਼ਰੂਰ ਬਣੇਗਾ, ਕਿਉਂਕਿ “ਜਿਹ ਨੇ ਵਾਇਦਾ ਕੀਤਾ ਹੈ ਉਹ ਵਫ਼ਾਦਾਰ ਹੈ।”—ਇਬਰਾਨੀਆਂ 10:23.
ਪੁਨਰ-ਵਿਚਾਰ ਲਈ ਨੁਕਤੇ
◻ ਪਹਿਲੀ ਸਦੀ ਵਿਚ ਨਿਹਚਾ ਦੀ ਕਮੀ ਕਰਕੇ ਕਿਹੜੇ ਨਤੀਜੇ ਨਿਕਲੇ?
◻ ਪਰਮੇਸ਼ੁਰ ਦੇ ਸੇਵਕ ਉਸ ਉੱਤੇ ਕਿਸ ਹੱਦ ਤਕ ਭਰੋਸਾ ਰੱਖ ਸਕਦੇ ਹਨ?
◻ ਵਫ਼ਾਦਾਰ ਵਿਅਕਤੀਆਂ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ?
◻ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਇਕ ਸੁਖੀ ਭਵਿੱਖ ਨਿਸ਼ਚਿਤ ਕਰਨ ਲਈ ਸਾਨੂੰ ਕੀ ਕਰਨਾ ਪਵੇਗਾ?
[ਸਫ਼ੇ 31 ਉੱਤੇ ਤਸਵੀਰ]
ਇਸ ਵੇਲੇ ਯਹੋਵਾਹ ਇਕ ਨਵੇਂ ਪਾਰਥਿਵ ਸਮਾਜ ਦੀ ਨੀਂਹ ਰੱਖ ਰਿਹਾ ਹੈ