ਅਸੀਂ ਜ਼ਿੰਦਗੀ ਦਾ ਸਫ਼ਰ ਇਕੱਲੇ ਨਹੀਂ ਕੱਟ ਸਕਦੇ
“ਇੱਕ ਨਾਲੋਂ ਦੋ ਚੰਗੇ ਹਨ . . . ਕਿਉਂਕਿ ਜੇ ਉਹ ਡਿੱਗ ਪੈਣ ਤਾਂ ਇੱਕ ਜਣਾ ਦੂਜੇ ਨੂੰ ਚੁੱਕੇਗਾ।”—ਰਾਜਾ ਸੁਲੇਮਾਨ
ਪੁਰਾਣੇ ਜ਼ਮਾਨੇ ਵਿਚ ਇਸਰਾਏਲ ਦੇ ਰਾਜੇ ਸੁਲੇਮਾਨ ਨੇ ਕਿਹਾ: “ਇੱਕ ਨਾਲੋਂ ਦੋ ਚੰਗੇ ਹਨ ਕਿਉਂ ਜੋ ਉਨ੍ਹਾਂ ਦੀ ਮਿਹਨਤ ਦੀ ਚੰਗੀ ਖੱਟੀ ਹੁੰਦੀ ਹੈ। ਕਿਉਂਕਿ ਜੇ ਉਹ ਡਿੱਗ ਪੈਣ ਤਾਂ ਇੱਕ ਜਣਾ ਦੂਜੇ ਨੂੰ ਚੁੱਕੇਗਾ ਪਰ ਹਾਏ ਉਹ ਦੇ ਉੱਤੇ ਜਿਹੜਾ ਇਕੱਲਾ ਡਿੱਗਦਾ ਹੈ ਕਿਉਂ ਜੋ ਉਸ ਦਾ ਦੂਜਾ ਕੋਈ ਨਹੀਂ ਜੋ ਉਹ ਨੂੰ ਚੁੱਕ ਖੜਾ ਕਰੇ!” (ਉਪਦੇਸ਼ਕ ਦੀ ਪੋਥੀ 4:9, 10) ਮਨੁੱਖੀ ਸੁਭਾਅ ਨੂੰ ਪਛਾਣਨ ਵਾਲੇ ਇਸ ਬੁੱਧੀਮਾਨ ਰਾਜੇ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਨੂੰ ਇਕ-ਦੂਜੇ ਦੇ ਸਾਥ ਦੀ ਲੋੜ ਹੈ ਅਤੇ ਅਸੀਂ ਦੂਜਿਆਂ ਤੋਂ ਵੱਖ ਹੋ ਕੇ ਇਕੱਲੇ ਨਹੀਂ ਜੀ ਸਕਦੇ। ਇਹ ਗੱਲਾਂ ਕਿਸੇ ਇਨਸਾਨ ਦੀ ਸੋਚ ਨਹੀਂ ਸਨ। ਸੁਲੇਮਾਨ ਨੇ ਇਹ ਗੱਲਾਂ ਪਰਮੇਸ਼ੁਰ ਤੋਂ ਮਿਲੀ ਬੁੱਧੀ ਦੀ ਮਦਦ ਨਾਲ ਲਿਖੀਆਂ ਸਨ।
ਦੂਜਿਆਂ ਨਾਲੋਂ ਨਾਤਾ ਤੋੜ ਕੇ ਇਕੱਲੇ ਰਹਿਣਾ ਕੋਈ ਅਕਲਮੰਦੀ ਦੀ ਗੱਲ ਨਹੀਂ ਹੈ। ਸਾਨੂੰ ਸਾਰਿਆਂ ਨੂੰ ਇਕ-ਦੂਜੇ ਦੇ ਸਹਾਰੇ ਅਤੇ ਮਦਦ ਦੀ ਜ਼ਰੂਰਤ ਹੈ। ਬਾਈਬਲ ਕਹਿੰਦੀ ਹੈ ਕਿ “ਜੋ ਆਪ ਨੂੰ ਵੱਖਰਾ ਕਰੇ ਉਹ ਆਪਣੀ ਇੱਛਿਆ ਭਾਲਦਾ ਹੈ, ਉਹ ਸਾਰੀ ਖਰੀ ਬੁੱਧੀ ਦੇ ਵਿਰੁੱਧ ਚਿੜਦਾ ਹੈ।” (ਕਹਾਉਤਾਂ 18:1) ਇਸ ਲਈ ਸਮਾਜ-ਵਿਗਿਆਨੀ ਲੋਕਾਂ ਨੂੰ ਕਹਿੰਦੇ ਹਨ ਕਿ ਉਹ ਦੂਜੇ ਲੋਕਾਂ ਨਾਲ ਮਿਲਣ-ਗਿਲਣ ਅਤੇ ਉਨ੍ਹਾਂ ਵਿਚ ਦਿਲਚਸਪੀ ਲੈਣ।
ਪ੍ਰੋਫ਼ੈਸਰ ਰੌਬਰਟ ਪਟਨਮ ਕਹਿੰਦਾ ਹੈ ਕਿ ਸਮਾਜ ਵਿਚ ਫਿਰ ਤੋਂ ਮੇਲ-ਜੋਲ ਵਧਾਉਣ ਲਈ “ਲੋਕਾਂ ਨੂੰ ਧਾਰਮਿਕ ਕੰਮਾਂ ਵਿਚ ਜ਼ਿਆਦਾ ਹਿੱਸਾ ਲੈਣਾ ਚਾਹੀਦਾ ਹੈ।” ਇਸ ਮਾਮਲੇ ਵਿਚ ਯਹੋਵਾਹ ਦੇ ਗਵਾਹ ਵਧੀਆ ਮਿਸਾਲ ਹਨ। ਦੁਨੀਆਂ ਭਰ ਵਿਚ ਉਨ੍ਹਾਂ ਦੀਆਂ ਕਲੀਸਿਯਾਵਾਂ ਵਿਚ ਪਰਿਵਾਰ ਵਰਗਾ ਮਾਹੌਲ ਹੈ ਜਿਸ ਵਿਚ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ। ਉਹ ਪਤਰਸ ਰਸੂਲ ਦੇ ਸ਼ਬਦਾਂ ਤੇ ਚੱਲਦੇ ਹੋਏ ‘ਆਪਣੇ ਭਾਈਆਂ ਨਾਲ ਪ੍ਰੇਮ ਰੱਖਦੇ ਹਨ’ ਅਤੇ “ਪਰਮੇਸ਼ੁਰ ਦਾ ਭੈ” ਮੰਨਦੇ ਹਨ। (1 ਪਤਰਸ 2:17) ਯਹੋਵਾਹ ਦੇ ਗਵਾਹਾਂ ਦੇ ਬਹੁਤ ਸਾਰੇ ਕੰਮ ਸੱਚੀ ਭਗਤੀ ਨਾਲ ਜੁੜੇ ਹੋਏ ਹਨ ਜਿਸ ਕਰਕੇ ਉਹ ਦੂਜਿਆਂ ਤੋਂ ਵੱਖ ਹੋ ਕੇ ਨਹੀਂ ਰਹਿੰਦੇ ਅਤੇ ਇਸ ਤਰ੍ਹਾਂ ਵੱਖਰੇ ਹੋਣ ਦੇ ਹਾਨੀਕਾਰਕ ਅਸਰਾਂ ਤੋਂ ਬਚੇ ਰਹਿੰਦੇ ਹਨ। ਉਹ ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਪਾਈ ਜਾਂਦੀ ਸੱਚਾਈ ਸਿੱਖਣ ਵਿਚ ਦੂਜਿਆਂ ਦੀ ਮਦਦ ਕਰਦੇ ਹਨ।—2 ਤਿਮੋਥਿਉਸ 2:15.
ਦੂਜਿਆਂ ਦੇ ਪਿਆਰ ਅਤੇ ਸਾਥ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ
ਯਹੋਵਾਹ ਦੇ ਗਵਾਹਾਂ ਦੇ ਭਾਈਚਾਰੇ ਵਿਚ ਏਕਾ ਹੈ ਅਤੇ ਇਸ ਦਾ ਹਰ ਮੈਂਬਰ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਮਿਸਾਲ ਲਈ, ਦੱਖਣੀ ਅਮਰੀਕਾ ਵਿਚ ਰਹਿਣ ਵਾਲੇ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਮੀਗਲ, ਫਰੋਈਲੋਨ ਅਤੇ ਐਲਮਾ ਰੂਥ ਵੱਲ ਧਿਆਨ ਦਿਓ। ਜਨਮ ਤੋਂ ਹੀ ਉਨ੍ਹਾਂ ਦੀਆਂ ਹੱਡੀਆਂ ਵਿਚ ਕੋਈ ਨੁਕਸ ਸੀ ਜਿਸ ਕਰਕੇ ਉਨ੍ਹਾਂ ਦਾ ਸਰੀਰਕ ਵਾਧਾ ਰੁਕ ਗਿਆ ਅਤੇ ਉਹ ਬੌਣੇ ਰਹਿ ਗਏ। ਤਿੰਨੋਂ ਵੀਲ੍ਹਚੇਅਰਾਂ ਦੇ ਸਹਾਰੇ ਇੱਧਰ-ਉੱਧਰ ਜਾਂਦੇ ਹਨ। ਪਰ ਜਦੋਂ ਉਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਨਾਲ ਸੰਗਤ ਕਰਨੀ ਸ਼ੁਰੂ ਕੀਤੀ, ਤਾਂ ਇਸ ਦਾ ਉਨ੍ਹਾਂ ਦੀਆਂ ਜ਼ਿੰਦਗੀਆਂ ਉੱਤੇ ਕੀ ਅਸਰ ਪਿਆ?
ਮੀਗਲ ਕਹਿੰਦਾ ਹੈ: “ਮੈਂ ਬਹੁਤ ਮੁਸ਼ਕਲ ਸਮਿਆਂ ਵਿੱਚੋਂ ਗੁਜ਼ਰਿਆ ਸਾਂ, ਪਰ ਯਹੋਵਾਹ ਦੇ ਲੋਕਾਂ ਨਾਲ ਸੰਗਤ ਕਰਨ ਨਾਲ ਮੇਰੀ ਜ਼ਿੰਦਗੀ ਹੀ ਬਦਲ ਗਈ। ਦੂਜਿਆਂ ਤੋਂ ਵੱਖਰੇ ਹੋ ਕੇ ਰਹਿਣਾ ਬਹੁਤ ਖ਼ਤਰਨਾਕ ਹੈ। ਮਸੀਹੀ ਸਭਾਵਾਂ ਵਿਚ ਆਪਣੇ ਭੈਣ-ਭਰਾਵਾਂ ਨਾਲ ਗੱਲਬਾਤ ਕਰਨ ਅਤੇ ਹਰ ਹਫ਼ਤੇ ਉਨ੍ਹਾਂ ਨੂੰ ਮਿਲਣ ਨਾਲ ਮੈਨੂੰ ਖ਼ੁਸ਼ ਰਹਿਣ ਵਿਚ ਬਹੁਤ ਮਦਦ ਮਿਲੀ ਹੈ।”
ਐਲਮਾ ਰੂਥ ਵੀ ਕਹਿੰਦੀ ਹੈ: “ਮੈਂ ਬਹੁਤ ਨਿਰਾਸ਼ ਅਤੇ ਉਦਾਸ ਰਹਿੰਦੀ ਸੀ। ਪਰ ਯਹੋਵਾਹ ਬਾਰੇ ਸਿੱਖਣ ਤੋਂ ਬਾਅਦ, ਮੈਨੂੰ ਅਹਿਸਾਸ ਹੋਇਆ ਕਿ ਮੈਂ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਬਣਾ ਸਕਦੀ ਸੀ। ਇਹ ਮੇਰੀ ਜ਼ਿੰਦਗੀ ਵਿਚ ਸਭ ਤੋਂ ਅਹਿਮ ਗੱਲ ਬਣ ਗਈ ਹੈ। ਮੇਰੇ ਪਰਿਵਾਰ ਨੇ ਸਾਡੀ ਬਹੁਤ ਮਦਦ ਕੀਤੀ ਜਿਸ ਕਰਕੇ ਅਸੀਂ ਇਕ-ਦੂਜੇ ਦੇ ਹੋਰ ਵੀ ਨੇੜੇ ਆ ਗਏ।”
ਮੀਗਲ ਦੇ ਪਿਤਾ ਨੇ ਮੀਗਲ ਨੂੰ ਬੜੇ ਪਿਆਰ ਨਾਲ ਪੜ੍ਹਨਾ-ਲਿਖਣਾ ਸਿਖਾਇਆ। ਫਿਰ ਮੀਗਲ ਨੇ ਫਰੋਈਲੋਨ ਅਤੇ ਐਲਮਾ ਰੂਥ ਨੂੰ ਪੜ੍ਹਨਾ-ਲਿਖਣਾ ਸਿਖਾਇਆ। ਇਸ ਤਰ੍ਹਾਂ ਕਰਨਾ ਉਨ੍ਹਾਂ ਦੀ ਅਧਿਆਤਮਿਕਤਾ ਲਈ ਜ਼ਰੂਰੀ ਸੀ। ਐਲਮਾ ਰੂਥ ਕਹਿੰਦੀ ਹੈ: “ਪੜ੍ਹਨਾ ਸਿੱਖਣ ਨਾਲ ਸਾਨੂੰ ਬਹੁਤ ਫ਼ਾਇਦਾ ਹੋਇਆ ਕਿਉਂਕਿ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨ ਪੜ੍ਹਨ ਦੁਆਰਾ ਅਸੀਂ ਅਧਿਆਤਮਿਕ ਤੌਰ ਤੇ ਤਰੱਕੀ ਕਰ ਸਕੇ।”
ਇਸ ਵੇਲੇ ਮੀਗਲ ਇਕ ਬਜ਼ੁਰਗ ਦੇ ਤੌਰ ਤੇ ਸੇਵਾ ਕਰਦਾ ਹੈ। ਫਰੋਈਲੋਨ ਨੇ ਨੌਂ ਵਾਰੀ ਬਾਈਬਲ ਪੜ੍ਹ ਲਈ ਹੈ। ਐਲਮਾ ਰੂਥ ਯਹੋਵਾਹ ਦੀ ਸੇਵਾ ਕਰਨ ਵਿਚ ਜ਼ਿਆਦਾ ਸਮਾਂ ਬਿਤਾਉਣ ਲਈ 1996 ਤੋਂ ਪਾਇਨੀਅਰੀ ਕਰ ਰਹੀ ਹੈ। ਉਹ ਕਹਿੰਦੀ ਹੈ: “ਯਹੋਵਾਹ ਦੀ ਅਸੀਸ ਨਾਲ ਮੈਂ ਇਸ ਟੀਚੇ ਤੇ ਪਹੁੰਚੀ ਹਾਂ। ਕਲੀਸਿਯਾ ਵਿਚ ਭੈਣਾਂ ਵੀ ਮੇਰੀ ਮਦਦ ਕਰਦੀਆਂ ਹਨ। ਉਹ ਨਾ ਸਿਰਫ਼ ਪ੍ਰਚਾਰ ਕਰਨ ਵਿਚ ਮੇਰੀ ਮਦਦ ਕਰਦੀਆਂ ਹਨ, ਸਗੋਂ ਮੇਰੀਆਂ 11 ਬਾਈਬਲ ਸਟੱਡੀਆਂ ਕਰਾਉਣ ਵਿਚ ਵੀ ਮੇਰੀ ਮਦਦ ਕਰਦੀਆਂ ਹਨ।”
ਅਗਲੀ ਚੰਗੀ ਮਿਸਾਲ ਮੈਕਸੀਕੋ ਸ਼ਹਿਰ ਦੀ ਅਮੀਲੀਆ ਦੀ ਹੈ। ਇਕ ਹਾਦਸੇ ਵਿਚ ਉਸ ਦੀਆਂ ਲੱਤਾਂ ਅਤੇ ਪਿੱਠ ਵਿਚ ਨੁਕਸ ਪੈ ਜਾਣ ਕਾਰਨ ਉਸ ਨੂੰ ਵੀਲ੍ਹਚੇਅਰ ਦਾ ਸਹਾਰਾ ਲੈਣਾ ਪਿਆ। ਯਹੋਵਾਹ ਦੇ ਗਵਾਹਾਂ ਨੇ ਉਸ ਨਾਲ ਬਾਈਬਲ ਦਾ ਅਧਿਐਨ ਕੀਤਾ ਅਤੇ 1996 ਵਿਚ ਉਸ ਨੇ ਬਪਤਿਸਮਾ ਲੈ ਲਿਆ। ਅਮੀਲੀਆ ਕਹਿੰਦੀ ਹੈ: “ਸੱਚਾਈ ਜਾਣਨ ਤੋਂ ਪਹਿਲਾਂ ਮੈਂ ਜੀਉਣਾ ਨਹੀਂ ਚਾਹੁੰਦੀ ਸੀ ਤੇ ਆਤਮ-ਹੱਤਿਆ ਕਰਨੀ ਚਾਹੁੰਦੀ ਸੀ। ਖਾਲੀਪਣ ਮੈਨੂੰ ਸਤਾ ਰਿਹਾ ਸੀ ਜਿਸ ਕਰਕੇ ਮੈਂ ਦਿਨ-ਰਾਤ ਰੋਂਦੀ ਰਹਿੰਦੀ ਸੀ। ਪਰ ਜਦੋਂ ਮੈਂ ਯਹੋਵਾਹ ਦੇ ਲੋਕਾਂ ਨਾਲ ਮਿਲਣਾ-ਜੁਲਣਾ ਸ਼ੁਰੂ ਕੀਤਾ, ਤਾਂ ਮੈਂ ਭੈਣ-ਭਰਾਵਾਂ ਦਾ ਪਿਆਰ ਮਹਿਸੂਸ ਕੀਤਾ। ਮੇਰੇ ਵਿਚ ਉਨ੍ਹਾਂ ਦੀ ਨਿੱਜੀ ਦਿਲਚਸਪੀ ਤੋਂ ਮੈਨੂੰ ਬਹੁਤ ਹੌਸਲਾ ਮਿਲਿਆ। ਇਕ ਬਜ਼ੁਰਗ ਮੇਰੇ ਨਾਲ ਇਕ ਭਰਾ ਜਾਂ ਪਿਤਾ ਵਾਂਗ ਪੇਸ਼ ਆਉਂਦਾ ਹੈ। ਉਹ ਅਤੇ ਕਲੀਸਿਯਾ ਦੇ ਕੁਝ ਸਹਾਇਕ ਸੇਵਕ ਮੈਨੂੰ ਵੀਲ੍ਹਚੇਅਰ ਵਿਚ ਬੈਠਾ ਕੇ ਸਭਾਵਾਂ ਵਿਚ ਅਤੇ ਪ੍ਰਚਾਰ ਕਰਨ ਲਈ ਲੈ ਜਾਂਦੇ ਹਨ।”
ਹੋਸੇ ਨਾਂ ਦਾ ਇਕ ਵਿਅਕਤੀ ਇਕੱਲਾ ਰਹਿੰਦਾ ਹੈ। ਉਸ ਨੇ 1992 ਵਿਚ ਯਹੋਵਾਹ ਦੇ ਇਕ ਗਵਾਹ ਦੇ ਤੌਰ ਤੇ ਬਪਤਿਸਮਾ ਲਿਆ ਸੀ। ਉਸ ਦੀ ਉਮਰ 70 ਸਾਲ ਹੈ ਤੇ 1990 ਵਿਚ ਉਹ ਆਪਣੀ ਨੌਕਰੀ ਤੋਂ ਰਿਟਾਇਰ ਹੋ ਗਿਆ ਸੀ। ਹੋਸੇ ਨਿਰਾਸ਼ਾ ਵਿਚ ਡੁੱਬਿਆ ਰਹਿੰਦਾ ਸੀ, ਪਰ ਗਵਾਹਾਂ ਨੂੰ ਮਿਲਣ ਤੋਂ ਬਾਅਦ ਉਸ ਨੇ ਤੁਰੰਤ ਮਸੀਹੀ ਸਭਾਵਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਉਸ ਨੇ ਉੱਥੇ ਜੋ ਕੁਝ ਸੁਣਿਆ ਅਤੇ ਦੇਖਿਆ, ਉਸ ਨੂੰ ਬਹੁਤ ਚੰਗਾ ਲੱਗਾ। ਮਿਸਾਲ ਲਈ, ਉਸ ਨੇ ਭਰਾਵਾਂ ਦਾ ਆਪਸੀ ਮੇਲ-ਮਿਲਾਪ ਦੇਖਿਆ ਅਤੇ ਮਹਿਸੂਸ ਕੀਤਾ ਕਿ ਭਰਾ ਉਸ ਦੀ ਕਿੰਨੀ ਚਿੰਤਾ ਕਰਦੇ ਸਨ। ਉਸ ਦੀ ਕਲੀਸਿਯਾ ਦੇ ਬਜ਼ੁਰਗ ਅਤੇ ਸਹਾਇਕ ਸੇਵਕ ਹੁਣ ਉਸ ਦੀ ਦੇਖ-ਭਾਲ ਕਰਦੇ ਹਨ। (ਫ਼ਿਲਿੱਪੀਆਂ 1:1; 1 ਪਤਰਸ 5:2) ਇਨ੍ਹਾਂ ਭਰਾਵਾਂ ਤੋਂ ਉਸ ਨੂੰ “ਤਸੱਲੀ” ਮਿਲਦੀ ਹੈ। (ਕੁਲੁੱਸੀਆਂ 4:11) ਉਹ ਉਸ ਨੂੰ ਡਾਕਟਰ ਕੋਲ ਲੈ ਜਾਂਦੇ ਹਨ, ਉਸ ਨੂੰ ਘਰ ਮਿਲਣ ਜਾਂਦੇ ਹਨ ਅਤੇ ਉਨ੍ਹਾਂ ਨੇ ਉਸ ਦੇ ਚਾਰ ਓਪਰੇਸ਼ਨਾਂ ਦੌਰਾਨ ਉਸ ਨੂੰ ਹੌਸਲਾ ਵੀ ਦਿੱਤਾ। ਉਹ ਕਹਿੰਦਾ ਹੈ: “ਉਹ ਮੇਰੀ ਚਿੰਤਾ ਕਰਦੇ ਹਨ। ਉਹ ਸੱਚ-ਮੁੱਚ ਮੇਰਾ ਪਰਿਵਾਰ ਹਨ। ਮੈਂ ਉਨ੍ਹਾਂ ਦੇ ਸਾਥ ਦਾ ਬਹੁਤ ਆਨੰਦ ਮਾਣਦਾ ਹਾਂ।”
ਦੇਣ ਨਾਲ ਸੱਚੀ ਖ਼ੁਸ਼ੀ ਮਿਲਦੀ ਹੈ
ਜਦੋਂ ਰਾਜਾ ਸੁਲੇਮਾਨ ਨੇ ਕਿਹਾ ਸੀ ਕਿ “ਇੱਕ ਨਾਲੋਂ ਦੋ ਚੰਗੇ ਹਨ,” ਤਾਂ ਉਸ ਤੋਂ ਪਹਿਲਾਂ ਉਹ ਧਨ-ਦੌਲਤ ਪਿੱਛੇ ਭੱਜਣ ਦੀ ਮੂਰਖਤਾ ਬਾਰੇ ਗੱਲ ਕਰ ਕੇ ਹਟਿਆ ਸੀ। (ਉਪਦੇਸ਼ਕ ਦੀ ਪੋਥੀ 4:7-9) ਪਰ ਅੱਜ ਬਹੁਤ ਸਾਰੇ ਲੋਕ ਇਨ੍ਹਾਂ ਚੀਜ਼ਾਂ ਪਿੱਛੇ ਭੱਜ ਰਹੇ ਹਨ ਅਤੇ ਇਨ੍ਹਾਂ ਦੇ ਬਦਲੇ ਉਹ ਆਪਣੇ ਪਰਿਵਾਰ ਅਤੇ ਦੂਸਰੇ ਰਿਸ਼ਤਿਆਂ ਨੂੰ ਕੁਰਬਾਨ ਕਰ ਰਹੇ ਹਨ।
ਲਾਲਚ ਅਤੇ ਸੁਆਰਥ ਕਾਰਨ ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਦੂਜਿਆਂ ਤੋਂ ਵੱਖ ਕਰ ਲਿਆ ਹੈ। ਅਜਿਹੇ ਲੋਕਾਂ ਨੂੰ ਜ਼ਿੰਦਗੀ ਵਿਚ ਨਾ ਤਾਂ ਕੋਈ ਖ਼ੁਸ਼ੀ ਮਿਲੀ ਹੈ ਤੇ ਨਾ ਹੀ ਕਿਸੇ ਤਰ੍ਹਾਂ ਦੀ ਸੰਤੁਸ਼ਟੀ। ਉਨ੍ਹਾਂ ਦੇ ਹੱਥ ਬਸ ਨਿਰਾਸ਼ਾ ਹੀ ਲੱਗੀ ਹੈ। ਇਸ ਦੇ ਉਲਟ, ਉੱਪਰ ਜ਼ਿਕਰ ਕੀਤੀਆਂ ਮਿਸਾਲਾਂ ਦਿਖਾਉਂਦੀਆਂ ਹਨ ਕਿ ਯਹੋਵਾਹ ਦੀ ਸੇਵਾ ਕਰਨ ਵਾਲਿਆਂ ਨਾਲ ਮੇਲ-ਜੋਲ ਰੱਖਣ ਨਾਲ ਚੰਗਾ ਅਸਰ ਪੈਂਦਾ ਹੈ ਕਿਉਂਕਿ ਉਹ ਯਹੋਵਾਹ ਅਤੇ ਦੂਜੇ ਲੋਕਾਂ ਨਾਲ ਪਿਆਰ ਕਰਦੇ ਹਨ। ਇਕੱਲੇ ਰਹਿਣ ਕਾਰਨ ਇਹ ਲੋਕ ਪਹਿਲਾਂ ਨਿਰਾਸ਼ ਸਨ। ਨਿਰਾਸ਼ਾ ਤੇ ਕਾਬੂ ਪਾਉਣ ਵਿਚ ਤਿੰਨ ਗੱਲਾਂ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ। ਉਹ ਮਸੀਹੀ ਸਭਾਵਾਂ ਵਿਚ ਬਾਕਾਇਦਾ ਹਾਜ਼ਰ ਹੋਣ ਲੱਗ ਪਏ, ਦੂਜੇ ਭੈਣ-ਭਰਾਵਾਂ ਨੇ ਉਨ੍ਹਾਂ ਦੀ ਮਦਦ ਅਤੇ ਦੇਖ-ਭਾਲ ਕੀਤੀ ਤੇ ਬਾਅਦ ਵਿਚ ਇਹ ਲੋਕ ਵੀ ਜੋਸ਼ ਨਾਲ ਪ੍ਰਚਾਰ ਕਰਨ ਲੱਗ ਪਏ।—ਕਹਾਉਤਾਂ 17:17; ਇਬਰਾਨੀਆਂ 10:24, 25.
ਕਿਉਂਕਿ ਅਸੀਂ ਇਕ-ਦੂਜੇ ਤੇ ਨਿਰਭਰ ਕਰਦੇ ਹਾਂ, ਇਸ ਲਈ ਇਹ ਸੁਭਾਵਕ ਹੈ ਕਿ ਦੂਜਿਆਂ ਦੀ ਮਦਦ ਕਰਨ ਨਾਲ ਸਾਨੂੰ ਖ਼ੁਸ਼ੀ ਮਿਲਦੀ ਹੈ। ਐਲਬਰਟ ਆਇਨਸਟਾਈਨ, ਜਿਸ ਦੇ ਕੰਮ ਤੋਂ ਦੂਜਿਆਂ ਨੂੰ ਫ਼ਾਇਦਾ ਹੋਇਆ, ਨੇ ਕਿਹਾ: ‘ਇਨਸਾਨ ਦੀ ਅਹਿਮੀਅਤ ਇਸ ਗੱਲ ਤੋਂ ਦੇਖੀ ਜਾਣੀ ਚਾਹੀਦੀ ਹੈ ਕਿ ਉਹ ਕੀ ਦਿੰਦਾ ਹੈ, ਨਾ ਕਿ ਇਸ ਤੋਂ ਕਿ ਉਸ ਨੂੰ ਕੀ ਮਿਲ ਸਕਦਾ ਹੈ।’ ਇਹ ਗੱਲ ਸਾਡੇ ਪ੍ਰਭੂ ਯਿਸੂ ਮਸੀਹ ਦੇ ਇਨ੍ਹਾਂ ਸ਼ਬਦਾਂ ਨਾਲ ਮੇਲ ਖਾਂਦੀ ਹੈ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਇਸ ਲਈ, ਜਿਸ ਤਰ੍ਹਾਂ ਪਿਆਰ ਲੈਣਾ ਚੰਗੀ ਗੱਲ ਹੈ, ਉਸੇ ਤਰ੍ਹਾਂ ਦੂਜਿਆਂ ਨਾਲ ਪਿਆਰ ਕਰਨਾ ਵੀ ਬਹੁਤ ਵਧੀਆ ਗੱਲ ਹੈ।
ਇਕ ਸਫ਼ਰੀ ਨਿਗਾਹਬਾਨ ਕਈ ਸਾਲਾਂ ਤੋਂ ਅਧਿਆਤਮਿਕ ਮਦਦ ਦੇਣ ਲਈ ਕਲੀਸਿਯਾਵਾਂ ਵਿਚ ਜਾਂਦਾ ਰਿਹਾ ਹੈ ਅਤੇ ਉਸ ਨੇ ਗ਼ਰੀਬ ਮਸੀਹੀਆਂ ਲਈ ਸਭਾਵਾਂ ਕਰਨ ਵਾਸਤੇ ਹਾਲ ਬਣਾਉਣ ਵਿਚ ਉਨ੍ਹਾਂ ਦੀ ਮਦਦ ਕੀਤੀ ਹੈ। ਉਹ ਆਪਣੀਆਂ ਭਾਵਨਾਵਾਂ ਇਸ ਤਰ੍ਹਾਂ ਜ਼ਾਹਰ ਕਰਦਾ ਹੈ: “ਆਪਣੇ ਭੈਣ-ਭਰਾਵਾਂ ਦੀ ਸੇਵਾ ਕਰਨ ਤੋਂ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ਉਨ੍ਹਾਂ ਦੇ ਚਿਹਰਿਆਂ ਤੋਂ ਝਲਕਦੀ ਕਦਰਦਾਨੀ ਮੈਨੂੰ ਮਦਦ ਕਰਨ ਦੇ ਮੌਕਿਆਂ ਨੂੰ ਭਾਲਦੇ ਰਹਿਣ ਲਈ ਪ੍ਰੇਰਿਤ ਕਰਦੀ ਹੈ। ਮੈਂ ਆਪਣੇ ਤਜਰਬੇ ਤੋਂ ਦੱਸਦਾ ਹਾਂ ਕਿ ਖ਼ੁਸ਼ੀ ਖ਼ਾਸਕਰ ਦੂਜਿਆਂ ਵਿਚ ਨਿੱਜੀ ਦਿਲਚਸਪੀ ਲੈਣ ਨਾਲ ਮਿਲਦੀ ਹੈ। ਮੈਂ ਜਾਣਦਾ ਹਾਂ ਕਿ ਬਜ਼ੁਰਗ ਹੋਣ ਦੇ ਨਾਤੇ, ਸਾਨੂੰ ‘ਹਰੇਕ ਪੌਣ ਤੋਂ ਲੁੱਕਣ ਦੇ ਥਾਂ ਜਿਹੇ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਅਤੇ ਹੁੱਸੀ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ ਜਿਹੇ’ ਹੋਣਾ ਚਾਹੀਦਾ ਹੈ।”—ਯਸਾਯਾਹ 32:2.
ਮਿਲ-ਜੁਲ ਕੇ ਵੱਸਣਾ ਕਿੰਨਾ ਚੰਗਾ ਹੈ!
ਯਕੀਨ ਕਰੋ, ਦੂਜਿਆਂ ਦੀ ਮਦਦ ਕਰਨ ਅਤੇ ਯਹੋਵਾਹ ਦੀ ਸੇਵਾ ਕਰਨ ਨਾਲ ਬਹੁਤ ਫ਼ਾਇਦਾ ਹੁੰਦਾ ਹੈ ਅਤੇ ਸੱਚੀ ਖ਼ੁਸ਼ੀ ਮਿਲਦੀ ਹੈ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਵੇਖੋ, ਕਿੰਨਾ ਚੰਗਾ ਤੇ ਸੋਹਣਾ ਹੈ ਭਈ ਭਰਾ ਮਿਲ ਜੁਲ ਕੇ ਵੱਸਣ!” (ਜ਼ਬੂਰਾਂ ਦੀ ਪੋਥੀ 133:1) ਇਕ-ਦੂਜੇ ਦਾ ਸਾਥ ਦੇਣ ਲਈ ਪਰਿਵਾਰ ਵਿਚ ਏਕਤਾ ਹੋਣੀ ਬਹੁਤ ਜ਼ਰੂਰੀ ਹੈ, ਜਿਵੇਂ ਅਸੀਂ ਮੀਗਲ, ਫਰੋਈਲੋਨ ਅਤੇ ਐਲਮਾ ਰੂਥ ਦੀ ਮਿਸਾਲ ਤੋਂ ਦੇਖਿਆ ਹੈ। ਇਕੱਠੇ ਹੋ ਕੇ ਸੱਚੀ ਭਗਤੀ ਕਰਨੀ ਸੱਚ-ਮੁੱਚ ਵੱਡੀ ਬਰਕਤ ਹੈ! ਮਸੀਹੀ ਪਤੀਆਂ ਅਤੇ ਪਤਨੀਆਂ ਨੂੰ ਸਲਾਹ ਦੇਣ ਤੋਂ ਬਾਅਦ ਪਤਰਸ ਰਸੂਲ ਨੇ ਲਿਖਿਆ: “ਤੁਸੀਂ ਸੱਭੇ ਇੱਕ ਮਨ ਹੋਵੋ, ਆਪੋ ਵਿੱਚੀਂ ਦਰਦੀ ਬਣੋ, ਭਰੱਪਣ ਦਾ ਪ੍ਰੇਮ ਰੱਖੋ, ਤਰਸਵਾਨ ਅਤੇ ਮਨ ਦੇ ਹਲੀਮ ਹੋਵੋ।”—1 ਪਤਰਸ 3:8.
ਸੱਚੀ ਦੋਸਤੀ ਰੱਖਣ ਨਾਲ ਜਜ਼ਬਾਤੀ ਅਤੇ ਅਧਿਆਤਮਿਕ ਤੌਰ ਤੇ ਬਹੁਤ ਫ਼ਾਇਦੇ ਹੁੰਦੇ ਹਨ। ਆਪਣੇ ਭੈਣ-ਭਰਾਵਾਂ ਨੂੰ ਪੌਲੁਸ ਰਸੂਲ ਨੇ ਤਾਕੀਦ ਕੀਤੀ: “ਕਮਦਿਲਿਆਂ ਨੂੰ ਦਿਲਾਸਾ ਦਿਓ, ਨਿਤਾਣਿਆਂ ਨੂੰ ਸਮ੍ਹਾਲੋ, ਸਭਨਾਂ ਨਾਲ ਧੀਰਜ ਕਰੋ। . . . ਇੱਕ ਦੂਏ ਲਈ ਅਤੇ ਸਭਨਾਂ ਲਈ ਸਦਾ ਭਲਿਆਈ ਦੇ ਪਿੱਛੇ ਲੱਗੇ ਰਹੋ।”—1 ਥੱਸਲੁਨੀਕੀਆਂ 5:14, 15.
ਇਸ ਲਈ, ਦੂਜਿਆਂ ਦੀ ਭਲਾਈ ਕਰਨ ਦੇ ਮੌਕਿਆਂ ਦੀ ਭਾਲ ਵਿਚ ਰਹੋ। ‘ਸਭਨਾਂ ਨਾਲ ਭਲਾ ਕਰੋ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।’ ਇਸ ਨਾਲ ਤੁਹਾਡੀ ਜ਼ਿੰਦਗੀ ਅਰਥ-ਭਰਪੂਰ ਬਣੇਗੀ ਅਤੇ ਤੁਹਾਡੀ ਖ਼ੁਸ਼ੀ ਤੇ ਸੰਤੁਸ਼ਟੀ ਵਿਚ ਵੀ ਵਾਧਾ ਹੋਵੇਗਾ। (ਗਲਾਤੀਆਂ 6:9, 10) ਯਿਸੂ ਦੇ ਚੇਲੇ ਯਾਕੂਬ ਨੇ ਲਿਖਿਆ: “ਜੇ ਕੋਈ ਭਾਈ ਯਾ ਭੈਣ ਨੰਗਾ ਅਤੇ ਰੱਜਵੀ ਰੋਟੀ ਤੋਂ ਥੁੜਿਆ ਹੋਵੇ ਅਤੇ ਤੁਸਾਂ ਵਿੱਚੋਂ ਕੋਈ ਉਨ੍ਹਾਂ ਨੂੰ ਆਖੇ ਭਈ ਸੁਖ ਸਾਂਦ ਨਾਲ ਜਾਓ। ਨਿੱਘੇ
ਅਤੇ ਰੱਜੇ ਪੁੱਜੇ ਰਹੋ ਪਰ ਜਿਹੜੀਆਂ ਵਸਤਾਂ ਸਰੀਰ ਲਈ ਲੋੜੀਦੀਆਂ ਹਨ ਓਹ ਤੁਸਾਂ ਉਨ੍ਹਾਂ ਨੂੰ ਨਾ ਦਿੱਤੀਆਂ ਤਾਂ ਕੀ ਲਾਭ ਹੋਇਆ?” (ਯਾਕੂਬ 2:15, 16) ਇਸ ਸਵਾਲ ਦਾ ਜਵਾਬ ਸਾਫ਼ ਹੈ। ਸਾਨੂੰ ‘ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰਨੀ’ ਚਾਹੀਦੀ ਹੈ।—ਫ਼ਿਲਿੱਪੀਆਂ 2:4.
ਜਦੋਂ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਜਾਂ ਜਦੋਂ ਕੋਈ ਤਬਾਹੀ ਆਉਂਦੀ ਹੈ, ਤਾਂ ਯਹੋਵਾਹ ਦੇ ਗਵਾਹ ਦੂਜਿਆਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤੋਂ ਇਲਾਵਾ, ਉਹ ਇਕ ਹੋਰ ਮਹੱਤਵਪੂਰਣ ਤਰੀਕੇ ਨਾਲ ਵੀ ਲੋਕਾਂ ਦੀ ਮਦਦ ਕਰਨ ਵਿਚ ਰੁੱਝੇ ਹੋਏ ਹਨ ਯਾਨੀ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ। (ਮੱਤੀ 24:14) ਸੱਠ ਲੱਖ ਤੋਂ ਜ਼ਿਆਦਾ ਗਵਾਹ ਉਮੀਦ ਅਤੇ ਹੌਸਲਾ ਦੇਣ ਵਾਲੇ ਸੰਦੇਸ਼ ਦਾ ਪ੍ਰਚਾਰ ਕਰਨ ਵਿਚ ਲੱਗੇ ਹੋਏ ਹਨ ਜੋ ਇਸ ਗੱਲ ਦਾ ਸਬੂਤ ਹੈ ਕਿ ਉਹ ਦੂਜਿਆਂ ਵਿਚ ਸੱਚੀ ਦਿਲਚਸਪੀ ਲੈਂਦੇ ਹਨ ਤੇ ਉਨ੍ਹਾਂ ਨੂੰ ਪਿਆਰ ਕਰਦੇ ਹਨ। ਪਰ ਬਾਈਬਲ ਦੁਆਰਾ ਮਦਦ ਕਰਨ ਨਾਲ ਇਕ ਹੋਰ ਮਨੁੱਖੀ ਲੋੜ ਵੀ ਪੂਰੀ ਹੁੰਦੀ ਹੈ। ਉਹ ਲੋੜ ਕਿਹੜੀ ਹੈ?
ਅਹਿਮ ਲੋੜ
ਸੱਚੀ ਖ਼ੁਸ਼ੀ ਦਾ ਆਨੰਦ ਲੈਣ ਲਈ ਸਾਨੂੰ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਬਣਾਉਣ ਦੀ ਲੋੜ ਹੈ। ਕਿਹਾ ਗਿਆ ਹੈ: “ਇਨਸਾਨਾਂ ਨੇ ਹਮੇਸ਼ਾ ਅਜਿਹੇ ਸ਼ਖਸ ਦੀ ਲੋੜ ਮਹਿਸੂਸ ਕੀਤੀ ਹੈ ਜੋ ਉਸ ਨਾਲੋਂ ਉੱਚਾ ਅਤੇ ਤਾਕਤਵਰ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੂੰ ਮੰਨਣ ਦੀ ਇੱਛਾ ਇਨਸਾਨ ਵਿਚ ਪੈਦਾਇਸ਼ੀ ਹੁੰਦੀ ਹੈ ਅਤੇ ਇਸ ਲੋੜ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਇਸ ਹਕੀਕਤ ਨੂੰ ਜਾਣ ਕੇ ਸਾਨੂੰ ਹੈਰਾਨ ਹੋਣਾ ਚਾਹੀਦਾ ਹੈ ਕਿ ਦੁਨੀਆਂ ਭਰ ਦੇ ਲੋਕਾਂ ਵਿਚ ਆਪਣੇ ਨਾਲੋਂ ਉੱਚੇ ਸ਼ਖਸ ਨੂੰ ਭਾਲਣ ਅਤੇ ਉਸ ਵਿਚ ਨਿਹਚਾ ਕਰਨ ਦੀ ਇੱਕੋ ਜਿਹੀ ਇੱਛਾ ਹੈ। ਇਸ ਲਈ ਸਾਨੂੰ ਇਨਸਾਨ ਦੀ ਇਸ ਇੱਛਾ ਦਾ ਆਦਰ ਕਰਨਾ ਚਾਹੀਦਾ ਹੈ।”—ਏ. ਕਰੇਸੀ ਮੋਰੀਸਨ ਦੀ ਕਿਤਾਬ ਇਨਸਾਨ ਜ਼ਿੰਦਗੀ ਦਾ ਸਫ਼ਰ ਇਕੱਲਾ ਨਹੀਂ ਕੱਟ ਸਕਦਾ। (ਅੰਗ੍ਰੇਜ਼ੀ)
ਯਿਸੂ ਮਸੀਹ ਨੇ ਕਿਹਾ ਸੀ: “ਖ਼ੁਸ਼ ਹਨ ਉਹ ਜੋ ਆਪਣੀ ਅਧਿਆਤਮਿਕ ਲੋੜ ਦੇ ਪ੍ਰਤੀ ਸਚੇਤ ਹਨ।” (ਮੱਤੀ 5:3, NW) ਲੋਕ ਜ਼ਿਆਦਾ ਦੇਰ ਤਕ ਦੂਜਿਆਂ ਤੋਂ ਵੱਖ ਰਹਿ ਕੇ ਚੰਗੀ ਜ਼ਿੰਦਗੀ ਬਸਰ ਨਹੀਂ ਕਰ ਸਕਦੇ। ਪਰ ਆਪਣੇ ਸਿਰਜਣਹਾਰ ਤੋਂ ਆਪਣੇ ਆਪ ਨੂੰ ਵੱਖ ਕਰਨਾ ਉਸ ਤੋਂ ਵੀ ਜ਼ਿਆਦਾ ਗੰਭੀਰਤਾ ਦੀ ਗੱਲ ਹੈ। (ਪਰਕਾਸ਼ ਦੀ ਪੋਥੀ 4:11) ਇਸ ਲਈ, ਸਾਡੀ ਜ਼ਿੰਦਗੀ ਵਿਚ ਸਭ ਤੋਂ ਅਹਿਮ ਗੱਲ ਇਹ ਹੋਣੀ ਚਾਹੀਦੀ ਹੈ ਕਿ ਅਸੀਂ ‘ਪਰਮੇਸ਼ੁਰ ਦਾ ਗਿਆਨ’ ਲਈਏ ਤੇ ਉਸ ਦੇ ਅਨੁਸਾਰ ਚੱਲੀਏ। (ਕਹਾਉਤਾਂ 2:1-5) ਸੱਚ-ਮੁੱਚ, ਸਾਨੂੰ ਆਪਣੀਆਂ ਅਧਿਆਤਮਿਕ ਲੋੜਾਂ ਪੂਰੀਆਂ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਇਕੱਲੇ ਜ਼ਿੰਦਗੀ ਦਾ ਸਫ਼ਰ ਤੈਅ ਨਹੀਂ ਕਰ ਸਕਦੇ ਅਤੇ ਪਰਮੇਸ਼ੁਰ ਤੋਂ ਵੱਖ ਹੋ ਕੇ ਨਹੀਂ ਰਹਿ ਸਕਦੇ। ਖ਼ੁਸ਼ੀਆਂ ਅਤੇ ਅਸੀਸਾਂ ਭਰੀ ਜ਼ਿੰਦਗੀ ਤਾਂ ਹੀ ਮਿਲ ਸਕਦੀ ਹੈ ਜੇ ਅਸੀਂ “ਸਾਰੀ ਧਰਤੀ ਉੱਤੇ ਅੱਤ ਮਹਾਨ” ਪਰਮੇਸ਼ੁਰ ਯਹੋਵਾਹ ਨਾਲ ਚੰਗਾ ਰਿਸ਼ਤਾ ਕਾਇਮ ਕਰਦੇ ਹਾਂ।—ਜ਼ਬੂਰਾਂ ਦੀ ਪੋਥੀ 83:18.
[ਸਫ਼ੇ 5 ਉੱਤੇ ਤਸਵੀਰ]
ਮੀਗਲ: “ਮੈਂ ਬਹੁਤ ਮੁਸ਼ਕਲ ਸਮਿਆਂ ਵਿੱਚੋਂ ਗੁਜ਼ਰਿਆ ਹਾਂ, ਪਰ ਯਹੋਵਾਹ ਦੇ ਲੋਕਾਂ ਨਾਲ ਸੰਗਤ ਕਰਨ ਨਾਲ ਮੇਰੀ ਜ਼ਿੰਦਗੀ ਹੀ ਬਦਲ ਗਈ”
[ਸਫ਼ੇ 5 ਉੱਤੇ ਤਸਵੀਰ]
ਐਲਮਾ ਰੂਥ: “ਯਹੋਵਾਹ ਬਾਰੇ ਸਿੱਖਣ ਤੋਂ ਬਾਅਦ, ਮੈਨੂੰ ਅਹਿਸਾਸ ਹੋਇਆ ਕਿ ਮੈਂ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਬਣਾ ਸਕਦੀ ਸੀ”
[ਸਫ਼ੇ 6 ਉੱਤੇ ਤਸਵੀਰ]
ਅਮੀਲੀਆ: “ਸੱਚਾਈ ਜਾਣਨ ਤੋਂ ਪਹਿਲਾਂ . . . ਖਾਲੀਪਣ ਮੈਨੂੰ ਸਤਾ ਰਿਹਾ ਸੀ”
[ਸਫ਼ੇ 7 ਉੱਤੇ ਤਸਵੀਰ]
ਸੱਚੇ ਭਗਤਾਂ ਨਾਲ ਮਿਲਣ-ਜੁਲਣ ਨਾਲ ਆਪਣੀਆਂ ਅਧਿਆਤਮਿਕ ਲੋੜਾਂ ਪੂਰੀਆਂ ਕਰਨ ਵਿਚ ਮਦਦ ਮਿਲਦੀ ਹੈ