ਕੁਝ ਅਹਿਮ ਸਵਾਲਾਂ ਦੇ ਜਵਾਬਾਂ ਦੀ ਖੋਜ
“ਅੱਜ ਸਾਡੇ ਕੋਲ ਉਹ ਸਭ ਸੁਖ-ਸਾਧਨ ਹਨ ਜਿਨ੍ਹਾਂ ਬਾਰੇ ਪੁਰਾਣੇ ਜ਼ਮਾਨੇ ਦੇ ਲੋਕਾਂ ਨੇ ਸ਼ਾਇਦ ਕਦੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ। ਹੁਣ ਸਾਡੇ ਘਰਾਂ ਵਿਚ ਏ. ਸੀ. ਲੱਗੇ ਹੋਏ ਹਨ। ਅਸੀਂ ਮਜ਼ੇ ਨਾਲ ਸੀ. ਡੀ. ਪਲੇਅਰਾਂ ਤੇ ਗੀਤ-ਸੰਗੀਤ ਸੁਣਦੇ ਹਾਂ . . . ਇਹ ਸਭ ਕੁਝ ਹੋਣ ਦੇ ਬਾਵਜੂਦ ਅਸੀਂ ਹੁਣ ਸੋਚਦੇ ਹਾਂ ਕਿ ਆਖ਼ਰ ਜ਼ਿੰਦਗੀ ਦਾ ਮਕਸਦ ਹੈ ਕੀ। ਰੋਜ਼ਾਨਾ ਜ਼ਿੰਦਗੀ ਦੀ ਭੱਜ-ਦੌੜ ਦਾ ਕੀ ਫ਼ਾਇਦਾ? ਆਖ਼ਰ ਸਾਨੂੰ ਕੀ ਹਾਸਲ ਹੋਊ?”—ਮਨੋਵਿਗਿਆਨ ਦਾ ਪ੍ਰੋਫ਼ੈਸਰ ਡੇਵਿਡ ਜੀ. ਮਾਏਰਸ, ਹੋਪ ਕਾਲਜ, ਮਿਸ਼ੀਗਨ, ਯੂ. ਐੱਸ. ਏ.
ਤੁਸੀਂ ਇਸ ਪ੍ਰੋਫ਼ੈਸਰ ਦੇ ਸਵਾਲਾਂ ਦਾ ਕੀ ਜਵਾਬ ਦਿਓਗੇ? ਕੁਝ ਲੋਕ ਸ਼ਾਇਦ ਸੋਚਣ ਕਿ ਅਜਿਹੇ ਸਵਾਲ ਪੁੱਛਣੇ ਤਾਂ ਫਜ਼ੂਲ ਹਨ। ਪਰ ਅਜਿਹੇ ਸਵਾਲਾਂ ਨੂੰ ਅਣਡਿੱਠ ਕਰਨਾ ਜੁੱਤੀ ਵਿਚ ਵੜੇ ਰੋੜੇ ਨੂੰ ਨਾ ਕੱਢਣ ਦੇ ਬਰਾਬਰ ਹੈ। ਤੁਸੀਂ ਤੁਰ-ਫਿਰ ਤਾਂ ਸਕਦੇ ਹੋ, ਪਰ ਰੋੜਾ ਤੁਹਾਨੂੰ ਬਹੁਤ ਚੁਭੇਗਾ। ਇਸੇ ਤਰ੍ਹਾਂ ਜੇ ਤੁਸੀਂ ਰੁਕ ਕੇ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਲੱਭਦੇ, ਤਾਂ ਜ਼ਿੰਦਗੀ ਦੇ ਸਫ਼ਰ ਵਿਚ ਤੁਹਾਨੂੰ ਮਨ ਦੀ ਸ਼ਾਂਤੀ ਨਹੀਂ ਮਿਲੇਗੀ।
ਜ਼ਿੰਦਗੀ ਦੇ ਮਕਸਦ ਬਾਰੇ ਸੋਚਣ ਵਾਲੇ ਤੁਸੀਂ ਇਕੱਲੇ ਹੀ ਨਹੀਂ ਹੋ। ਸਮਾਜ ਵਿਗਿਆਨੀਆਂ ਦੁਆਰਾ ਮਨੁੱਖੀ ਕਦਰਾਂ-ਕੀਮਤਾਂ ਉੱਤੇ ਕੀਤੇ ਇਕ ਅਹਿਮ ਸਰਵੇਖਣ ਅਨੁਸਾਰ ਹੁਣ ਕਈਆਂ ਦੇਸ਼ਾਂ ਵਿਚ ਬਹੁਤ ਲੋਕ “ਜ਼ਿੰਦਗੀ ਦੇ ਮਕਸਦ” ਬਾਰੇ ਸੋਚ ਰਹੇ ਹਨ।
ਜੇ ਤੁਸੀਂ ਮਨ ਦੀ ਸੱਚੀ ਸ਼ਾਂਤੀ ਚਾਹੁੰਦੇ ਹੋ, ਤਾਂ ਤੁਹਾਨੂੰ ਇਨ੍ਹਾਂ ਤਿੰਨ ਮੁੱਖ ਸਵਾਲਾਂ ਦੇ ਜਵਾਬਾਂ ਦੀ ਖੋਜ ਕਰਨ ਦੀ ਲੋੜ ਹੈ।
ਇਨਸਾਨ ਦੀ ਜ਼ਿੰਦਗੀ ਕਿਵੇਂ ਸ਼ੁਰੂ ਹੋਈ?
ਜ਼ਿੰਦਗੀ ਦਾ ਕੀ ਮਕਸਦ ਹੈ?
ਸਾਡਾ ਭਵਿੱਖ ਕਿਹੋ ਜਿਹਾ ਹੋਵੇਗਾ?
ਤੁਹਾਨੂੰ ਇਨ੍ਹਾਂ ਅਹਿਮ ਸਵਾਲਾਂ ਦੇ ਭਰੋਸੇਯੋਗ ਜਵਾਬ ਕਿੱਥੋਂ ਮਿਲ ਸਕਦੇ ਹਨ? ਇਨਸਾਨਾਂ ਦੀ ਰਾਇ ਜਾਂ ਮਨੁੱਖੀ ਫ਼ਲਸਫ਼ੇ ਪੇਸ਼ ਕਰਨ ਦੀ ਬਜਾਇ, ਅਗਲਿਆਂ ਸਫ਼ਿਆਂ ਤੇ ਪਰਮੇਸ਼ੁਰ ਦੇ ਬਚਨ ਬਾਈਬਲ ਵਿੱਚੋਂ ਜਵਾਬ ਦਿੱਤੇ ਗਏ ਹਨ। ਜੇ ਤੁਹਾਡੇ ਕੋਲ ਬਾਈਬਲ ਹੈ, ਤਾਂ ਕਿਉਂ ਨਾ ਤੁਸੀਂ ਅਗਲਿਆਂ ਕੁਝ ਲੇਖਾਂ ਵਿਚ ਦਿੱਤੇ ਹਵਾਲਿਆਂ ਨੂੰ ਆਪ ਬਾਈਬਲ ਵਿੱਚੋਂ ਪੜ੍ਹ ਕੇ ਦੇਖੋ? (w08 2/1)