ਝੂਠੀਆਂ ਦਲੀਲਾਂ ਨਾਲ ਆਪਣੇ ਆਪ ਨੂੰ ਧੋਖਾ ਨਾ ਦਿਓ
ਹੱਵਾਹ ਨੇ ਮਨ੍ਹਾ ਕੀਤੇ ਗਏ ਦਰਖ਼ਤ ਦਾ ਫਲ ਖਾ ਲਿਆ ਜਿਸ ਤੋਂ ਬਾਅਦ ਪਰਮੇਸ਼ੁਰ ਨੇ ਉਸ ਨੂੰ ਪੁੱਛਿਆ: “ਤੈਂ ਇਹ ਕੀ ਕੀਤਾ?” ਉਸ ਨੇ ਜਵਾਬ ਦਿੱਤਾ: “ਸੱਪ ਨੇ ਮੈਨੂੰ ਭਰਮਾਇਆ ਤਾਂ ਮੈਂ ਖਾਧਾ।” (ਉਤ. 3:13) ਉਸ ਨੂੰ ਪਰਮੇਸ਼ੁਰ ਪ੍ਰਤਿ ਅਣਆਗਿਆਕਾਰੀ ਕਰਨ ਲਈ ਸ਼ਤਾਨ ਯਾਨੀ ਚਲਾਕ ਸੱਪ ਨੇ ਭਰਮਾਇਆ ਸੀ ਜਿਸ ਨੂੰ ਬਾਅਦ ਵਿਚ ‘ਪੁਰਾਣਾ ਸੱਪ’ ਕਿਹਾ ਗਿਆ ‘ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ।’—ਪਰ. 12:9.
ਉਤਪਤ ਦਾ ਬਿਰਤਾਂਤ ਦਿਖਾਉਂਦਾ ਹੈ ਕਿ ਸ਼ਤਾਨ ਚਾਲਬਾਜ਼ ਹੈ ਜੋ ਭੋਲੇ-ਭਾਲੇ ਲੋਕਾਂ ਨੂੰ ਧੋਖਾ ਦੇਣ ਦੇ ਇਰਾਦੇ ਨਾਲ ਇਕ ਤੋਂ ਬਾਅਦ ਇਕ ਝੂਠ ਫੈਲਾਉਂਦਾ ਹੈ। ਹੱਵਾਹ ਵੀ ਉਸ ਦੇ ਧੋਖੇ ਵਿਚ ਆ ਗਈ। ਫਿਰ ਵੀ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਕੱਲਾ ਸ਼ਤਾਨ ਹੀ ਸਾਨੂੰ ਭਰਮਾ ਸਕਦਾ ਹੈ। ਬਾਈਬਲ ਸਾਨੂੰ ਝੂਠੀਆਂ ਦਲੀਲਾਂ ਨਾਲ ‘ਆਪਣੇ ਆਪ ਨੂੰ ਧੋਖਾ ਦੇਣ’ ਦੇ ਖ਼ਤਰੇ ਬਾਰੇ ਵੀ ਚੇਤਾਵਨੀ ਦਿੰਦੀ ਹੈ।—ਯਾਕੂ. 1:22.
ਸਾਨੂੰ ਸ਼ਾਇਦ ਲੱਗੇ ਕਿ ਆਪਣੇ ਆਪ ਨੂੰ ਧੋਖਾ ਦੇਣਾ ਅਸੰਭਵ ਹੈ। ਪਰ ਪਰਮੇਸ਼ੁਰ ਦੀ ਇਹ ਚੇਤਾਵਨੀ ਕਿਸੇ ਮਕਸਦ ਨਾਲ ਦਿੱਤੀ ਗਈ ਹੈ। ਇਸ ਲਈ ਸਾਡੇ ਲਈ ਚੰਗਾ ਹੋਵੇਗਾ ਕਿ ਅਸੀਂ ਸੋਚੀਏ ਕਿ ਅਸੀਂ ਆਪਣੇ ਆਪ ਨੂੰ ਕਿੱਦਾਂ ਧੋਖਾ ਦੇ ਸਕਦੇ ਹਾਂ ਅਤੇ ਕਿਸ ਤਰ੍ਹਾਂ ਦੀ ਝੂਠੀ ਦਲੀਲ ਸਾਨੂੰ ਗੁਮਰਾਹ ਕਰ ਸਕਦੀ ਹੈ। ਇਸ ਮਾਮਲੇ ਵਿਚ ਬਾਈਬਲ ਦੀ ਇਕ ਉਦਾਹਰਣ ਸਾਡੀ ਮਦਦ ਕਰ ਸਕਦੀ ਹੈ।
ਆਪਣੇ ਆਪ ਨੂੰ ਧੋਖਾ ਦੇਣ ਵਾਲਿਆਂ ਤੋਂ ਸਿੱਖੋ
ਲਗਭਗ 537 ਈਸਵੀ ਪੂਰਵ ਵਿਚ ਫ਼ਾਰਸ ਦੇ ਮਹਾਨ ਖੋਰੁਸ ਨੇ ਫ਼ਰਮਾਨ ਜਾਰੀ ਕੀਤਾ ਕਿ ਬਾਬਲ ਵਿਚ ਗ਼ੁਲਾਮ ਯਹੂਦੀ ਯਰੂਸ਼ਲਮ ਵਾਪਸ ਜਾਣ ਅਤੇ ਮੰਦਰ ਨੂੰ ਦੁਬਾਰਾ ਬਣਾਉਣ। (ਅਜ਼. 1:1, 2) ਅਗਲੇ ਸਾਲ ਯਹੋਵਾਹ ਦੇ ਮਕਸਦ ਅਨੁਸਾਰ ਲੋਕਾਂ ਨੇ ਨਵੇਂ ਮੰਦਰ ਦੀਆਂ ਨੀਂਹਾਂ ਧਰੀਆਂ। ਲੋਕਾਂ ਨੇ ਇਸ ਮਹੱਤਵਪੂਰਣ ਪ੍ਰਾਜੈਕਟ ਦੇ ਸ਼ੁਰੂਆਤੀ ਪੜਾਅ ਉੱਤੇ ਯਹੋਵਾਹ ਦੀ ਬਰਕਤ ਕਾਰਨ ਖ਼ੁਸ਼ੀ ਮਨਾਈ ਅਤੇ ਯਹੋਵਾਹ ਦੀ ਵਡਿਆਈ ਕੀਤੀ। (ਅਜ਼. 3:8, 10, 11) ਪਰ ਜਲਦੀ ਹੀ ਮੰਦਰ ਦੀ ਦੁਬਾਰਾ ਉਸਾਰੀ ਦਾ ਵਿਰੋਧ ਹੋਣ ਲੱਗ ਪਿਆ ਅਤੇ ਲੋਕ ਨਿਰਾਸ਼ ਹੋ ਗਏ। (ਅਜ਼. 4:4) ਉਨ੍ਹਾਂ ਦੇ ਵਾਪਸ ਆਉਣ ਤੋਂ ਬਾਅਦ ਲਗਭਗ 15 ਸਾਲਾਂ ਤਕ ਫ਼ਾਰਸੀ ਅਧਿਕਾਰੀਆਂ ਨੇ ਯਰੂਸ਼ਲਮ ਵਿਚ ਉਸਾਰੀ ਦੇ ਕੰਮ ਉੱਤੇ ਪਾਬੰਦੀ ਲਾਈ ਰੱਖੀ। ਕੰਮ ਉੱਤੇ ਰੋਕ ਲਾਉਣ ਲਈ ਅਧਿਕਾਰੀ ਖ਼ੁਦ ਯਰੂਸ਼ਲਮ ਆਏ ਅਤੇ “ਬਦੋਬਦੀ ਧੱਕੇ ਨਾਲ [ਯਹੂਦੀਆਂ ਨੂੰ] ਰੋਕ ਛੱਡਿਆ।”—ਅਜ਼. 4:21-24.
ਇਸ ਵਿਰੋਧ ਦੇ ਕਾਰਨ ਯਹੂਦੀਆਂ ਨੇ ਝੂਠੀਆਂ ਦਲੀਲਾਂ ਨਾਲ ਆਪਣੇ ਆਪ ਨੂੰ ਧੋਖਾ ਦਿੱਤਾ। ਉਨ੍ਹਾਂ ਨੇ ਆਪਣੇ ਆਪ ਨੂੰ ਕਿਹਾ: “ਅਜੇ ਯਹੋਵਾਹ ਦੇ ਭਵਨ ਦੇ ਬਣਾਉਣ ਦਾ ਵੇਲਾ ਨਹੀਂ ਆਇਆ।” (ਹੱਜ. 1:2) ਉਨ੍ਹਾਂ ਨੇ ਸੋਚਿਆ ਕਿ ਪਰਮੇਸ਼ੁਰ ਨਹੀਂ ਚਾਹੁੰਦਾ ਕਿ ਮੰਦਰ ਨੂੰ ਛੇਤੀ ਬਣਾਇਆ ਜਾਵੇ। ਉਸ ਦੀ ਮਰਜ਼ੀ ਪੂਰੀ ਕਰਨ ਦਾ ਰਾਹ ਲੱਭਣ ਦੀ ਬਜਾਇ ਉਨ੍ਹਾਂ ਨੇ ਪਵਿੱਤਰ ਕੰਮ ਕਰਨਾ ਛੱਡ ਦਿੱਤਾ ਅਤੇ ਆਪਣੇ ਘਰਾਂ ਨੂੰ ਸੁਆਰਨ ਵਿਚ ਰੁੱਝ ਗਏ। ਪਰਮੇਸ਼ੁਰ ਦੇ ਨਬੀ ਹੱਜਈ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਪੁੱਛਿਆ: “ਭਲਾ, ਏਹ ਕੋਈ ਸਮਾ ਹੈ ਕਿ ਤੁਸੀਂ ਆਪ ਆਪਣੇ ਛੱਤੇ ਹੋਏ ਕੋਠਿਆਂ ਵਿੱਚ ਰਹੋ ਜਦ ਕਿ ਏਹ ਭਵਨ [ਯਹੋਵਾਹ ਦਾ ਮੰਦਰ] ਬਰਬਾਦ ਪਿਆ ਹੈ?”—ਹੱਜ. 1:4.
ਕੀ ਅਸੀਂ ਇਸ ਉਦਾਹਰਣ ਤੋਂ ਕੋਈ ਸਬਕ ਸਿੱਖਦੇ ਹਾਂ? ਜੇ ਅਸੀਂ ਇਹ ਗ਼ਲਤ ਨਜ਼ਰੀਆ ਰੱਖਦੇ ਹਾਂ ਕਿ ਅੰਤ ਆਉਣ ਵਿਚ ਹਾਲੇ ਕਾਫ਼ੀ ਸਮਾਂ ਪਿਆ ਹੈ, ਤਾਂ ਅਸੀਂ ਭਗਤੀ ਦੇ ਕੰਮਾਂ ਨੂੰ ਨਜ਼ਰਅੰਦਾਜ਼ ਕਰ ਕੇ ਆਪਣੇ ਹੀ ਕੰਮਾਂ ਵਿਚ ਰੁੱਝ ਸਕਦੇ ਹਾਂ। ਇਹ ਗੱਲ ਸਮਝਣ ਲਈ ਇਸ ਮਿਸਾਲ ਬਾਰੇ ਸੋਚੋ। ਮੰਨ ਲਓ ਕਿ ਤੁਸੀਂ ਮਹਿਮਾਨਾਂ ਦੀ ਉਡੀਕ ਕਰ ਰਹੇ ਹੋ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਤੁਸੀਂ ਉਨ੍ਹਾਂ ਦੇ ਠਹਿਰਨ ਲਈ ਫਟਾਫਟ ਘਰ ਦੇ ਜ਼ਰੂਰੀ ਕੰਮ-ਕਾਰ ਕਰਨ ਲੱਗਦੇ ਹੋ। ਪਰ ਫਿਰ ਤੁਹਾਨੂੰ ਸੁਨੇਹਾ ਆਉਂਦਾ ਹੈ ਕਿ ਉਹ ਦੇਰ ਨਾਲ ਆਉਣਗੇ। ਕੀ ਤੁਸੀਂ ਤਿਆਰੀਆਂ ਕਰਨੀਆਂ ਛੱਡ ਦਿਓਗੇ?
ਯਾਦ ਕਰੋ ਕਿ ਹੱਜਈ ਅਤੇ ਜ਼ਕਰਯਾਹ ਨੇ ਯਹੂਦੀਆਂ ਦੀ ਇਹ ਸਮਝਣ ਵਿਚ ਮਦਦ ਕੀਤੀ ਕਿ ਯਹੋਵਾਹ ਅਜੇ ਵੀ ਚਾਹੁੰਦਾ ਸੀ ਕਿ ਮੰਦਰ ਨੂੰ ਬਿਨਾਂ ਦੇਰ ਕੀਤਿਆਂ ਦੁਬਾਰਾ ਉਸਾਰਿਆ ਜਾਵੇ। ਹੱਜਈ ਨੇ ਕਿਹਾ: ‘ਹੇ ਦੇਸ ਦੇ ਸਾਰੇ ਲੋਕੋ, ਤਕੜੇ ਹੋਵੋ! ਅਤੇ ਕੰਮ ਕਰੋ।’ (ਹੱਜ. 2:4) ਉਨ੍ਹਾਂ ਨੂੰ ਇਸ ਵਿਸ਼ਵਾਸ ਨਾਲ ਕੰਮ ਕਰਦੇ ਰਹਿਣ ਦੀ ਲੋੜ ਸੀ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਉਨ੍ਹਾਂ ਦੀ ਮਦਦ ਕਰੇਗੀ। (ਜ਼ਕ. 4:6, 7) ਕੀ ਇਹ ਮਿਸਾਲ ਯਹੋਵਾਹ ਦੇ ਦਿਨ ਬਾਰੇ ਗ਼ਲਤ ਸਿੱਟਾ ਨਾ ਕੱਢਣ ਵਿਚ ਸਾਡੀ ਮਦਦ ਕਰ ਸਕਦੀ ਹੈ?—1 ਕੁਰਿੰ. 10:11.
ਗ਼ਲਤ ਸੋਚਣ ਦੀ ਥਾਂ ਚੰਗਾ ਸੋਚੋ
ਪਤਰਸ ਰਸੂਲ ਨੇ ਆਪਣੀ ਦੂਸਰੀ ਚਿੱਠੀ ਵਿਚ “ਨਵੇਂ ਅਕਾਸ਼ ਅਤੇ ਨਵੀਂ ਧਰਤੀ” ਨੂੰ ਕਾਇਮ ਕਰਨ ਬਾਰੇ ਪਰਮੇਸ਼ੁਰ ਦੇ ਠਹਿਰਾਏ ਹੋਏ ਸਮੇਂ ਬਾਰੇ ਸੋਚ-ਵਿਚਾਰ ਕੀਤਾ। (2 ਪਤ. 3:13) ਉਸ ਨੇ ਦੇਖਿਆ ਕਿ ਮਖੌਲ ਕਰਨ ਵਾਲੇ ਕੁਝ ਲੋਕ ਸ਼ੱਕ ਕਰਦੇ ਸਨ ਕਿ ਪਰਮੇਸ਼ੁਰ ਮਨੁੱਖੀ ਮਾਮਲਿਆਂ ਵਿਚ ਦਖ਼ਲ ਨਹੀਂ ਦੇਵੇਗਾ। ਉਹ ਬਹਿਸ ਕਰਦੇ ਸਨ ਕਿ ਕੁਝ ਨਹੀਂ ਹੋਵੇਗਾ ਕਿਉਂਕਿ ‘ਸ੍ਰਿਸ਼ਟੀ ਦੇ ਮੁੱਢੋਂ ਸੱਭੇ ਕੁਝ ਤਿਵੇਂ ਹੀ ਬਣਿਆ ਰਿਹਾ ਸੀ।’ (2 ਪਤ. 3:4) ਪਤਰਸ ਇਸ ਤਰ੍ਹਾਂ ਦੀ ਗ਼ਲਤ ਸੋਚ ਨੂੰ ਬਦਲਣਾ ਚਾਹੁੰਦਾ ਸੀ। ਉਸ ਨੇ ਲਿਖਿਆ: ‘ਮੈਂ ਤੁਹਾਨੂੰ ਗੱਲਾਂ ਯਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਠੀਕ ਠੀਕ ਸੋਚਣ ਦੇ ਲਈ ਪਰੇਰਨਾ ਦੇਵਾਂ।’ (2 ਪਤ. 3:1, CL) ਉਸ ਨੇ ਮਸੀਹੀਆਂ ਨੂੰ ਯਾਦ ਕਰਾਇਆ ਕਿ ਮਖੌਲ ਕਰਨ ਵਾਲੇ ਗ਼ਲਤ ਸਨ। ਪਰਮੇਸ਼ੁਰ ਨੇ ਪਹਿਲਾਂ ਮਨੁੱਖੀ ਮਾਮਲਿਆਂ ਵਿਚ ਦਖ਼ਲ ਦੇ ਕੇ ਪੂਰੇ ਸੰਸਾਰ ਵਿਚ ਤਬਾਹਕੁਨ ਜਲ-ਪਰਲੋ ਲਿਆਂਦੀ ਸੀ।—2 ਪਤ. 3:5-7.
ਹੱਜਈ ਨੇ 520 ਈਸਵੀ ਪੂਰਵ ਵਿਚ ਨਿਰਾਸ਼ ਅਤੇ ਢਿੱਲੇ ਪੈ ਚੁੱਕੇ ਯਹੂਦੀਆਂ ਨੂੰ ਇਸੇ ਤਰ੍ਹਾਂ ਦੀ ਪ੍ਰੇਰਣਾ ਦਿੱਤੀ ਸੀ। ਉਸ ਨੇ ਉਨ੍ਹਾਂ ਨੂੰ ਸਲਾਹ ਦਿੱਤੀ: “ਤੁਸੀਂ ਆਪਣੇ ਚਾਲੇ ਉੱਤੇ ਧਿਆਨ ਦਿਓ।” (ਹੱਜ. 1:5) ਉਨ੍ਹਾਂ ਦੀ ਸੋਚਣ-ਸ਼ਕਤੀ ਨੂੰ ਜਗਾਉਣ ਲਈ ਉਸ ਨੇ ਆਪਣੇ ਸੰਗੀ ਭਗਤਾਂ ਨੂੰ ਪਰਮੇਸ਼ੁਰ ਦੇ ਮਕਸਦਾਂ ਅਤੇ ਵਾਅਦਿਆਂ ਬਾਰੇ ਚੇਤੇ ਕਰਾਇਆ ਜੋ ਪਰਮੇਸ਼ੁਰ ਨੇ ਆਪਣੇ ਲੋਕਾਂ ਨਾਲ ਕੀਤੇ ਸਨ। (ਹੱਜ. 1:8; 2:4, 5) ਇਹ ਉਤਸ਼ਾਹ ਮਿਲਣ ਤੋਂ ਜਲਦੀ ਬਾਅਦ ਉਨ੍ਹਾਂ ਨੇ ਉਸਾਰੀ ਦਾ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ ਭਾਵੇਂ ਕਿ ਸਰਕਾਰ ਨੇ ਇਸ ਉੱਤੇ ਪਾਬੰਦੀ ਲਗਾਈ ਸੀ। ਇਕ ਵਾਰ ਫੇਰ ਵਿਰੋਧੀਆਂ ਨੇ ਉਸਾਰੀ ਦੇ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫ਼ਲ ਰਹੇ। ਉਸਾਰੀ ਦੇ ਕੰਮ ਤੋਂ ਪਾਬੰਦੀ ਹਟਾ ਦਿੱਤੀ ਗਈ ਅਤੇ ਪੰਜਾਂ ਸਾਲਾਂ ਵਿਚ ਮੰਦਰ ਬਣਾਉਣ ਦਾ ਕੰਮ ਪੂਰਾ ਹੋ ਗਿਆ।—ਅਜ਼. 6:14, 15; ਹੱਜ. 1:14, 15.
ਆਪਣੀ ਚਾਲ ਉੱਤੇ ਧਿਆਨ ਦਿਓ
ਤੁਹਾਡੇ ਖ਼ਿਆਲ ਨਾਲ ਕੀ ਅਸੀਂ ਵੀ ਹੱਜਈ ਦੇ ਦਿਨਾਂ ਦੇ ਯਹੂਦੀਆਂ ਵਾਂਗ ਨਿਰਾਸ਼ ਹੋ ਸਕਦੇ ਹਾਂ ਜਦੋਂ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ? ਜੇਕਰ ਇੱਦਾਂ ਹੁੰਦਾ ਹੈ, ਤਾਂ ਸਾਨੂੰ ਖੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਆਪਣਾ ਜੋਸ਼ ਬਰਕਰਾਰ ਰੱਖਣਾ ਔਖਾ ਲੱਗ ਸਕਦਾ ਹੈ। ਪਰ ਸਾਡੇ ਨਿਰਾਸ਼ ਹੋਣ ਦਾ ਕੀ ਕਾਰਨ ਹੋ ਸਕਦਾ ਹੈ? ਹੋ ਸਕਦਾ ਹੈ ਕਿ ਇਸ ਦੁਨੀਆਂ ਦੇ ਅਨਿਆਂ ਕਾਰਨ ਅਸੀਂ ਦੁੱਖ ਝੱਲ ਰਹੇ ਹੋਈਏ। ਜ਼ਰਾ ਹਬੱਕੂਕ ਬਾਰੇ ਸੋਚੋ ਜਿਸ ਨੇ ਪੁੱਛਿਆ: “ਮੈਂ ਕਦ ਤਾਈਂ ਦੁਹਾਈ ਦਿਆਂ, ਅਤੇ ਤੂੰ ਨਾ ਸੁਣੇਂਗਾ? ਯਾ ਮੈਂ ਤੇਰੇ ਅੱਗੇ “ਜ਼ੁਲਮ” ਚਿੱਲਾਵਾਂ, ਅਤੇ ਤੂੰ ਨਾ ਬਚਾਵੇਂਗਾ?” (ਹਬ. 1:2) ਕੁਝ ਲੋਕ ਸੋਚ ਸਕਦੇ ਹਨ ਕਿ ਦੇਰ ਹੋ ਰਹੀ ਹੈ ਜਿਸ ਕਰਕੇ ਇਕ ਮਸੀਹੀ ਸਮੇਂ ਦੀ ਗੰਭੀਰਤਾ ਨੂੰ ਭੁੱਲ ਸਕਦਾ ਹੈ ਅਤੇ ਆਰਾਮ ਦੀ ਜ਼ਿੰਦਗੀ ਜੀਉਣ ਲੱਗ ਸਕਦਾ ਹੈ। ਕੀ ਤੁਸੀਂ ਆਪਣੇ ਨਾਲ ਇੱਦਾਂ ਹੁੰਦਾ ਦੇਖ ਸਕਦੇ ਹੋ? ਜੇਕਰ ਅਸੀਂ ਇਸ ਤਰ੍ਹਾਂ ਸੋਚਦੇ ਹਾਂ, ਤਾਂ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋਵਾਂਗੇ। ਤਾਂ ਫਿਰ ਕਿੰਨਾ ਜ਼ਰੂਰੀ ਹੈ ਕਿ ਅਸੀਂ ਬਾਈਬਲ ਦੀ ਸਲਾਹ ਅਨੁਸਾਰ ‘ਆਪਣੇ ਚਾਲੇ ਉੱਤੇ ਧਿਆਨ ਦੇਈਏ’ ਅਤੇ ‘ਠੀਕ ਠੀਕ ਸੋਚੀਏ’! ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ, ‘ਕੀ ਇਸ ਤੋਂ ਮੈਨੂੰ ਹੈਰਾਨੀ ਹੋਣੀ ਚਾਹੀਦੀ ਹੈ ਕਿ ਇਸ ਦੁਸ਼ਟ ਦੁਨੀਆਂ ਦਾ ਅੰਤ ਉੱਨੀ ਜਲਦੀ ਨਹੀਂ ਆਇਆ ਜਿੰਨੀ ਜਲਦੀ ਮੈਂ ਸੋਚਦਾ ਸੀ?’
ਬਾਈਬਲ ਵਿਚ ਦੱਸਿਆ ਉਡੀਕ ਕਰਨ ਦਾ ਸਮਾਂ
ਜ਼ਰਾ ਦੁਨੀਆਂ ਦੇ ਆਖ਼ਰੀ ਸਮੇਂ ਬਾਰੇ ਯਿਸੂ ਦੇ ਸ਼ਬਦਾਂ ਬਾਰੇ ਸੋਚੋ। ਅੰਤ ਦੇ ਦਿਨਾਂ ਸੰਬੰਧੀ ਯਿਸੂ ਦੀ ਭਵਿੱਖਬਾਣੀ ਬਾਰੇ ਮਰਕੁਸ ਦਾ ਬਿਰਤਾਂਤ ਦੱਸਦਾ ਹੈ ਕਿ ਯਿਸੂ ਨੇ ਸਾਨੂੰ ਵਾਰ-ਵਾਰ ਜਾਗਦੇ ਰਹਿਣ ਦੀ ਚੇਤਾਵਨੀ ਦਿੱਤੀ। (ਮਰ. 13:33-37) ਇਸੇ ਤਰ੍ਹਾਂ ਦੀ ਚੇਤਾਵਨੀ ਆਰਮਾਗੇਡਨ ਵੇਲੇ ਯਹੋਵਾਹ ਦੇ ਮਹਾਨ ਦਿਨ ਬਾਰੇ ਦਿੱਤੀ ਭਵਿੱਖਬਾਣੀ ਵਿਚ ਸਾਨੂੰ ਦੇਖਣ ਨੂੰ ਮਿਲਦੀ ਹੈ। (ਪਰ. 16:14-16) ਵਾਰ-ਵਾਰ ਚੇਤਾਵਨੀਆਂ ਕਿਉਂ ਦਿੱਤੀਆਂ ਗਈਆਂ? ਯਾਦ ਕਰਾਈਆਂ ਇਹੋ ਜਿਹੀਆਂ ਚੇਤਾਵਨੀਆਂ ਦੀ ਉਦੋਂ ਲੋੜ ਹੁੰਦੀ ਹੈ ਜਦੋਂ ਉਡੀਕ ਦਾ ਸਮਾਂ ਬਹੁਤ ਲੰਬਾ ਲੱਗਦਾ ਹੈ। ਇਸ ਸਮੇਂ ਵਿਚ ਲੋਕ ਸਮੇਂ ਦੀ ਨਾਜ਼ੁਕਤਾ ਨੂੰ ਭੁੱਲਣ ਦੇ ਖ਼ਤਰੇ ਵਿਚ ਹੁੰਦੇ ਹਨ।
ਯਿਸੂ ਨੇ ਇਕ ਉਦਾਹਰਣ ਦੇ ਕੇ ਸਮਝਾਇਆ ਕਿ ਇਸ ਦੁਨੀਆਂ ਦੇ ਅੰਤ ਦੀ ਉਡੀਕ ਕਰਦਿਆਂ ਸਾਨੂੰ ਲਗਾਤਾਰ ਸੁਚੇਤ ਰਹਿਣ ਦੀ ਲੋੜ ਹੈ। ਉਸ ਨੇ ਇਕ ਘਰ ਮਾਲਕ ਬਾਰੇ ਦੱਸਿਆ ਜਿਸ ਦੇ ਘਰ ਨੂੰ ਚੋਰ ਨੇ ਸੰਨ੍ਹ ਮਾਰੀ ਸੀ। ਉਹ ਲੁੱਟੇ ਜਾਣ ਤੋਂ ਕਿੱਦਾਂ ਬਚ ਸਕਦਾ ਸੀ? ਪੂਰੀ ਰਾਤ ਜਾਗਦਾ ਰਹਿ ਕੇ। ਯਿਸੂ ਨੇ ਇਸ ਉਦਾਹਰਣ ਦੇ ਅੰਤ ਵਿਚ ਸਾਨੂੰ ਤਾੜਨਾ ਦਿੰਦੇ ਹੋਏ ਕਿਹਾ: ‘ਤਿਆਰ ਰਹੋ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।’—ਮੱਤੀ 24:43, 44.
ਇਹ ਉਦਾਹਰਣ ਦਿਖਾਉਂਦੀ ਹੈ ਕਿ ਸਾਨੂੰ ਇੰਤਜ਼ਾਰ ਕਰਦੇ ਰਹਿਣ ਲਈ ਤਿਆਰ ਹੋਣ ਦੀ ਲੋੜ ਹੈ, ਇੱਥੋਂ ਤਕ ਕਿ ਲੰਬੇ ਸਮੇਂ ਲਈ ਵੀ। ਸਾਨੂੰ ਹੱਦੋਂ ਜ਼ਿਆਦਾ ਨਹੀਂ ਸੋਚਣਾ ਚਾਹੀਦਾ ਕਿ ਇਹ ਦੁਸ਼ਟ ਦੁਨੀਆਂ ਜ਼ਿਆਦਾ ਲੰਬੀ ਦੇਰ ਤਕ ਚੱਲਦੀ ਜਾ ਰਹੀ ਹੈ ਜਿਸ ਦੀ ਸਾਨੂੰ ਉਮੀਦ ਨਹੀਂ ਸੀ। ਸਾਨੂੰ ਆਪਣੇ ਆਪ ਨੂੰ ਝੂਠੀਆਂ ਦਲੀਲਾਂ ਦੇ ਕੇ ਧੋਖਾ ਨਹੀਂ ਦੇਣਾ ਚਾਹੀਦਾ ਕਿ ‘ਅਜੇ ਯਹੋਵਾਹ ਦਾ ਵੇਲਾ ਨਹੀਂ ਆਇਆ।’ ਇਸ ਤਰ੍ਹਾਂ ਦੀ ਸੋਚਣੀ ਕਾਰਨ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਸਾਡੀ ਇੱਛਾ ਘੱਟ ਸਕਦੀ ਹੈ।—ਰੋਮੀ. 12:11.
ਝੂਠੀਆਂ ਦਲੀਲਾਂ ਨੂੰ ਜੜ੍ਹੋਂ ਮੁਕਾਓ
ਝੂਠੀਆਂ ਦਲੀਲਾਂ ਦੇ ਸੰਬੰਧ ਵਿਚ ਗਲਾਤੀਆਂ 6:7 ਦਾ ਸਿਧਾਂਤ ਲਾਗੂ ਹੁੰਦਾ ਹੈ: ‘ਧੋਖਾ ਨਾ ਖਾਓ, ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ।’ ਜੇ ਖੇਤ ਵਿਚ ਕੁਝ ਬੀਜਿਆ ਨਾ ਜਾਵੇ, ਤਾਂ ਬਹੁਤ ਸਾਰਾ ਘਾਹ-ਫੂਸ ਆਸਾਨੀ ਨਾਲ ਉੱਗ ਜਾਂਦਾ ਹੈ। ਇਸੇ ਤਰ੍ਹਾਂ ਜੇ ਅਸੀਂ ਠੀਕ-ਠੀਕ ਨਾ ਸੋਚੀਏ, ਤਾਂ ਝੂਠੀਆਂ ਦਲੀਲਾਂ ਸਾਡੇ ਮਨਾਂ ਵਿਚ ਜੜ੍ਹ ਫੜ ਸਕਦੀਆਂ ਹਨ। ਮਿਸਾਲ ਲਈ, ਅਸੀਂ ਸ਼ਾਇਦ ਆਪਣੇ ਆਪ ਨੂੰ ਕਹੀਏ, ‘ਬਿਨਾਂ ਸ਼ੱਕ ਯਹੋਵਾਹ ਦਾ ਦਿਨ ਆ ਰਿਹਾ ਹੈ ਪਰ ਇੰਨੀ ਜਲਦੀ ਨਹੀਂ।’ ਆਪਣੀਆਂ ਆਸਾਂ ਵਿਚ ਆਏ ਇਸ ਬਦਲਾਅ ਕਾਰਨ ਅਸੀਂ ਆਪਣੇ ਮਸੀਹੀ ਕੰਮਾਂ ਵਿਚ ਢਿੱਲੇ ਪੈ ਸਕਦੇ ਹਾਂ। ਸਮੇਂ ਦੇ ਬੀਤਣ ਨਾਲ ਅਸੀਂ ਹੌਲੀ-ਹੌਲੀ ਇਨ੍ਹਾਂ ਕੰਮਾਂ ਨੂੰ ਨਜ਼ਰਅੰਦਾਜ਼ ਕਰਨ ਲੱਗ ਪਵਾਂਗੇ। ਫਿਰ ਯਹੋਵਾਹ ਦਾ ਦਿਨ ਅਚਾਨਕ ਆ ਜਾਵੇਗਾ ਜਿਸ ਬਾਰੇ ਸਾਨੂੰ ਪਤਾ ਵੀ ਨਹੀਂ ਲੱਗੇਗਾ।—2 ਪਤ. 3:10.
ਝੂਠੀਆਂ ਦਲੀਲਾਂ ਸਾਡੇ ਮਨਾਂ ਵਿਚ ਜੜ੍ਹ ਨਹੀਂ ਫੜਨਗੀਆਂ ਜੇ ਅਸੀਂ ਲਗਾਤਾਰ “ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ” ਕਰਨ ਲਈ ਤਿਆਰ ਰਹਿੰਦੇ ਹਾਂ। (ਰੋਮੀ. 12:2) ਲਗਾਤਾਰ ਪਰਮੇਸ਼ੁਰ ਦਾ ਬਚਨ ਪੜ੍ਹਨ ਨਾਲ ਸਾਨੂੰ ਇਸ ਤਰ੍ਹਾਂ ਕਰਨ ਵਿਚ ਮਦਦ ਮਿਲ ਸਕਦੀ ਹੈ। ਬਾਈਬਲ ਸਾਡੇ ਵਿਸ਼ਵਾਸ ਨੂੰ ਪੱਕਾ ਕਰ ਸਕਦੀ ਹੈ ਕਿ ਯਹੋਵਾਹ ਹਮੇਸ਼ਾ ਠਹਿਰਾਏ ਹੋਏ ਸਮੇਂ ਤੇ ਕਦਮ ਉਠਾਉਂਦਾ ਹੈ।—ਹਬ. 2:3.
ਅਧਿਐਨ ਤੇ ਪ੍ਰਾਰਥਨਾ ਕਰਨ, ਲਗਾਤਾਰ ਸਭਾਵਾਂ ਵਿਚ ਹਾਜ਼ਰ ਹੋਣ ਅਤੇ ਪ੍ਰਚਾਰ ਕਰਨ ਦੇ ਨਾਲ-ਨਾਲ ਭਲਿਆਈ ਦੇ ਕੰਮ ਕਰਨ ਨਾਲ ਅਸੀਂ ‘ਯਹੋਵਾਹ ਦੇ ਉਸ ਦਿਨ ਦੇ ਆਉਣ ਨੂੰ ਲੋਚਦੇ’ ਰਹਾਂਗੇ। (2 ਪਤ. 3:11, 12) ਯਹੋਵਾਹ ਦੇਖਦਾ ਹੈ ਕਿ ਅਸੀਂ ਲਗਾਤਾਰ ਇਹ ਕੰਮ ਕਰ ਰਹੇ ਹਾਂ। ਪੌਲੁਸ ਰਸੂਲ ਸਾਨੂੰ ਯਾਦ ਕਰਾਉਂਦਾ ਹੈ: “ਭਲਿਆਈ ਕਰਦਿਆਂ ਅਸੀਂ ਅੱਕ ਨਾਂ ਜਾਈਏ ਕਿਉਂਕਿ ਜੇ ਹੌਸਲਾ ਨਾ ਹਾਰੀਏ ਤਾਂ ਵੇਲੇ ਸਿਰ ਵੱਢਾਂਗੇ।”—ਗਲਾ. 6:9.
ਯਕੀਨਨ, ਹੁਣ ਝੂਠੀਆਂ ਦਲੀਲਾਂ ਨਾਲ ਆਪਣੇ ਆਪ ਨੂੰ ਧੋਖਾ ਦੇਣ ਦਾ ਸਮਾਂ ਨਹੀਂ ਹੈ ਕਿ ਯਹੋਵਾਹ ਦਾ ਦਿਨ ਅਜੇ ਦੂਰ ਹੈ। ਇਸ ਦੀ ਬਜਾਇ ਇਹ ਸਮਾਂ ਆਪਣੇ ਦਿਲਾਂ ਨੂੰ ਦ੍ਰਿੜ੍ਹ ਕਰਨ ਦਾ ਹੈ ਕਿ ਯਹੋਵਾਹ ਦਾ ਦਿਨ ਨੇੜੇ ਆ ਗਿਆ ਹੈ।
[ਸਫ਼ਾ 4 ਉੱਤੇ ਤਸਵੀਰ]
ਹੱਜਈ ਅਤੇ ਜ਼ਕਰਯਾਹ ਨੇ ਯਹੂਦੀਆਂ ਨੂੰ ਮੰਦਰ ਬਣਾਉਣ ਲਈ ਪ੍ਰੇਰਿਆ
[ਸਫ਼ਾ 5 ਉੱਤੇ ਤਸਵੀਰ]
ਉਦੋਂ ਕੀ ਜੇ ਘਰ ਦਾ ਮਾਲਕ ਜਾਣਦਾ ਹੁੰਦਾ ਕਿ ਚੋਰ ਆ ਰਿਹਾ ਸੀ?