ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w12 1/1 ਸਫ਼ੇ 19-23
  • ਆਮ ਬੋਲੀ ਵਿਚ ਬਾਈਬਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਮ ਬੋਲੀ ਵਿਚ ਬਾਈਬਲ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਸਿਰਲੇਖ
  • ਪਰਮੇਸ਼ੁਰ ਦੀ ਮਹਿਮਾ ਕਰਨ ਵਾਲੇ ਅਨੁਵਾਦਕ
  • ਪਰਮੇਸ਼ੁਰ ਦਾ ਨਾਂ ਪਵਿੱਤਰ ਕਰਨ ਵਾਲਾ ਅਨੁਵਾਦ
  • ਸਹੀ ਅਤੇ ਸਪੱਸ਼ਟ ਅਨੁਵਾਦ
  • ਦੁਨੀਆਂ ਭਰ ਵਿਚ ਪਰਮੇਸ਼ੁਰ ਦੇ ਬਚਨ ਨੂੰ ਮੁਹੱਈਆ ਕਰਾਉਣਾ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
w12 1/1 ਸਫ਼ੇ 19-23

ਆਮ ਬੋਲੀ ਵਿਚ ਬਾਈਬਲ

“ਜੇ ਤੁਸੀਂ ਮੰਨਦੇ ਹੋ ਕਿ ਬਾਈਬਲ ਪਰਮੇਸ਼ੁਰ ਦਾ ਬਚਨ ਹੈ ਅਤੇ ਇਹ ਇਨਸਾਨਾਂ ਨੂੰ ਦਿੱਤਾ ਗਿਆ ਹੈ, ਤਾਂ ਇਸ ਦਾ ਮਤਲਬ ਹੈ ਕਿ ਉਹ ਇਸ ਦੇ ਜ਼ਰੀਏ ਸਾਡੇ ਨਾਲ ਗੱਲ ਕਰਦਾ ਹੈ। . . . ਜੇ ਤੁਹਾਡੇ ਧਰਮ ਦਾ ਤੁਹਾਡੀ ਪੂਰੀ ਜ਼ਿੰਦਗੀ ਉੱਤੇ ਅਸਰ ਪੈਂਦਾ ਹੈ, ਤਾਂ ਇਹ ਜ਼ਰੂਰੀ ਹੈ ਕਿ [ਬਾਈਬਲ] ਆਮ ਬੋਲੀ ਵਿਚ ਹੋਵੇ।” ਇਹ ਗੱਲ ਵਿਦਵਾਨ ਐਲਨ ਡੂਥੀ ਨੇ ਆਪਣੀ ਕਿਤਾਬ ਵਿਚ ਲਿਖੀ ਸੀ ਜਿਸ ਦਾ ਨਾਂ ਹੈ ਬਾਈਬਲ ਅਨੁਵਾਦ: ਅਤੇ ਕਿਹੜੇ ਅਨੁਵਾਦ ਦੀ ਚੋਣ ਕਰਨੀ ਹੈ (ਅੰਗ੍ਰੇਜ਼ੀ)।

ਪਰਮੇਸ਼ੁਰ ਦੇ ਬਚਨ ਦੇ ਪ੍ਰੇਮੀ ਇਸ ਗੱਲ ਨਾਲ ਦਿਲੋਂ ਸਹਿਮਤ ਹਨ। ਉਹ ਪੂਰੀ ਤਰ੍ਹਾਂ ਮੰਨਦੇ ਹਨ ਕਿ “ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ ਅਤੇ ਇਹ ਸਿਖਾਉਣ, ਤਾੜਨ, ਸੁਧਾਰਨ ਅਤੇ ਪਰਮੇਸ਼ੁਰ ਦੇ ਸਹੀ ਮਿਆਰਾਂ ਮੁਤਾਬਕ ਅਨੁਸ਼ਾਸਨ ਦੇਣ ਲਈ ਫ਼ਾਇਦੇਮੰਦ ਹੈ।” (2 ਤਿਮੋਥਿਉਸ 3:16) ਬਾਈਬਲ ਪੁਰਾਣੀਆਂ, ਘਿਸੀਆਂ-ਪਿਟੀਆਂ ਗੱਲਾਂ ਨਾਲ ਭਰੀ ਹੋਈ ਕਿਤਾਬ ਨਹੀਂ ਹੈ। ਇਸ ਦੀ ਬਜਾਇ, ਪਰਮੇਸ਼ੁਰ ਦਾ ਬਚਨ “ਜੀਉਂਦਾ ਅਤੇ ਸ਼ਕਤੀਸ਼ਾਲੀ ਹੈ” ਅਤੇ ਰੋਜ਼ਾਨਾ ਜ਼ਿੰਦਗੀ ਵਿਚ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਦੱਸਦਾ ਹੈ। (ਇਬਰਾਨੀਆਂ 4:12) ਇਸ ਪਵਿੱਤਰ ਕਿਤਾਬ ਦਾ ਆਮ ਬੋਲੀ ਵਿਚ ਹੋਣਾ ਬਹੁਤ ਜ਼ਰੂਰੀ ਹੈ, ਤਾਂ ਹੀ ਲੋਕ ਇਸ ਨੂੰ ਸਮਝ ਸਕਦੇ ਹਨ ਅਤੇ ਜ਼ਿੰਦਗੀ ਵਿਚ ਇਸ ਦੀਆਂ ਗੱਲਾਂ ਉੱਤੇ ਚੱਲ ਸਕਦੇ ਹਨ। ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਨਵਾਂ ਨੇਮ ਉੱਚੇ ਦਰਜੇ ਦੀ ਯੂਨਾਨੀ ਵਿਚ ਨਹੀਂ ਲਿਖਿਆ ਗਿਆ ਸੀ ਜਿਸ ਨੂੰ ਪਲੈਟੋ ਵਰਗੇ ਫ਼ਿਲਾਸਫ਼ਰ ਇਸਤੇਮਾਲ ਕਰਦੇ ਸਨ, ਸਗੋਂ ਆਮ ਯੂਨਾਨੀ ਵਿਚ ਲਿਖਿਆ ਗਿਆ ਸੀ ਜਿਸ ਨੂੰ ਕੋਇਨੀ ਕਿਹਾ ਜਾਂਦਾ ਸੀ। ਜੀ ਹਾਂ, ਬਾਈਬਲ ਇਸੇ ਲਈ ਲਿਖੀ ਗਈ ਸੀ ਕਿ ਆਮ ਲੋਕ ਇਸ ਨੂੰ ਪੜ੍ਹਨ ਅਤੇ ਸਮਝਣ।

ਇਸ ਕਰਕੇ ਪਿਛਲੇ ਕੁਝ ਸਾਲਾਂ ਦੌਰਾਨ ਕਈ ਭਾਸ਼ਾਵਾਂ ਵਿਚ ਬਾਈਬਲ ਦਾ ਅਨੁਵਾਦ ਕੀਤਾ ਗਿਆ ਹੈ। ਇਨ੍ਹਾਂ ਅਨੁਵਾਦਾਂ ਤੋਂ ਬਹੁਤ ਫ਼ਾਇਦਾ ਹੋਇਆ ਹੈ। ਜ਼ਿਆਦਾਤਰ ਲੋਕਾਂ ਲਈ ਆਪਣੀ ਭਾਸ਼ਾ ਵਿਚ ਧਰਮ-ਗ੍ਰੰਥ ਉਪਲਬਧ ਹੈ। ਫਿਰ ਵੀ ਬਹੁਤ ਸਾਰੇ ਅਨੁਵਾਦਾਂ ਵਿਚ ਕੁਝ ਬਹੁਤ ਗੰਭੀਰ ਕਮੀਆਂ ਪਾਈਆਂ ਗਈਆਂ ਹਨ। ਇਹ ਅਨੁਵਾਦ ਨਿਰਪੱਖ ਰਹਿ ਕੇ ਸਹੀ ਤਰੀਕੇ ਨਾਲ ਤਿਆਰ ਨਹੀਂ ਕੀਤੇ ਗਏ ਹਨ। ਉਦਾਹਰਣ ਲਈ, ਕੁਝ ਅਨੁਵਾਦਾਂ ਵਿਚ ਬਾਈਬਲ ਦੀਆਂ ਸਾਫ਼ ਸਿੱਖਿਆਵਾਂ ਨੂੰ ਧੁੰਦਲਾ ਕੀਤਾ ਗਿਆ ਹੈ ਜਿਵੇਂ ਕਿ ਮਰੇ ਹੋਏ ਕਿਸ ਹਾਲਤ ਵਿਚ ਹਨ, ਯਿਸੂ ਨੂੰ ਕਿਸ ਚੀਜ਼ ਉੱਤੇ ਟੰਗ ਕੇ ਮਾਰਿਆ ਗਿਆ ਸੀ ਅਤੇ ਸੱਚੇ ਪਰਮੇਸ਼ੁਰ ਦਾ ਨਾਂ ਕੀ ਹੈ।

ਇਸ ਲਈ, ਪਰਮੇਸ਼ੁਰ ਦੇ ਬਚਨ ਦੇ ਪ੍ਰੇਮੀਆਂ ਨੂੰ ਪੰਜਾਬੀ ਵਿਚ ਪਵਿੱਤਰ ਬਾਈਬਲ​—ਮੱਤੀ ਤੋਂ ਪ੍ਰਕਾਸ਼ ਦੀ ਕਿਤਾਬ (ਨਵੀਂ ਦੁਨੀਆਂ ਅਨੁਵਾਦ) ਦੇ ਰੀਲੀਜ਼ ਹੋਣ ਤੇ ਬਹੁਤ ਖ਼ੁਸ਼ੀ ਹੋਈ। ਯਹੋਵਾਹ ਦੇ ਗਵਾਹਾਂ ਨੇ ਇਸ ਨਵੇਂ ਅਨੁਵਾਦ ਨੂੰ 20 ਅਗਸਤ 2011 ਨੂੰ ਰੀਲੀਜ਼ ਕੀਤਾ ਸੀ। ਇਸ ਅਨੁਵਾਦ ਉੱਤੇ ਕੱਟੜ ਧਾਰਮਿਕ ਵਿਚਾਰਾਂ ਦਾ ਪ੍ਰਭਾਵ ਨਹੀਂ ਹੈ ਅਤੇ ਇਹ ਬਹੁਤ ਹੀ ਸਹੀ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਇਸ ਕਰਕੇ ਉਨ੍ਹਾਂ ਲੋਕਾਂ ਲਈ ਬਾਈਬਲ ਨੂੰ ਹੋਰ ਚੰਗੀ ਤਰ੍ਹਾਂ ਸਮਝਣਾ ਆਸਾਨ ਹੋ ਗਿਆ ਹੈ ਜੋ ਯੂਨਾਨੀ ਭਾਸ਼ਾ ਨਹੀਂ ਜਾਣਦੇ। ਪਰ ਤੁਸੀਂ ਸ਼ਾਇਦ ਸੋਚ ਰਹੇ ਹੋਣੇ ਕਿ ਇਸ ਲਾਜਵਾਬ ਅਨੁਵਾਦ ਨੂੰ ਕਿਸ ਨੇ ਤਿਆਰ ਕੀਤਾ ਹੈ?

ਪਰਮੇਸ਼ੁਰ ਦੀ ਮਹਿਮਾ ਕਰਨ ਵਾਲੇ ਅਨੁਵਾਦਕ

ਪੰਜਾਬੀ ਲੋਕਾਂ ਲਈ ਭਾਵੇਂ ਪਵਿੱਤਰ ਬਾਈਬਲ​—ਮੱਤੀ ਤੋਂ ਪ੍ਰਕਾਸ਼ ਦੀ ਕਿਤਾਬ (ਨਵੀਂ ਦੁਨੀਆਂ ਅਨੁਵਾਦ) ਨਵਾਂ ਹੈ, ਪਰ 1950 ਵਿਚ ਇਹ ਅਨੁਵਾਦ ਅੰਗ੍ਰੇਜ਼ੀ ਵਿਚ ਰੀਲੀਜ਼ ਕੀਤਾ ਗਿਆ ਸੀ ਅਤੇ ਇਸ ਨੂੰ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਨੇ ਰੀਲੀਜ਼ ਕੀਤਾ ਸੀ ਜੋ ਲੰਬੇ ਸਮੇਂ ਤੋਂ ਬਾਈਬਲਾਂ ਛਾਪਣ ਵਾਲੀ ਅੰਤਰਰਾਸ਼ਟਰੀ ਬਾਈਬਲ ਸੋਸਾਇਟੀ ਹੈ। ਇਹ ਨਵਾਂ ਅਨੁਵਾਦ ਕਈ ਗੱਲਾਂ ਵਿਚ ਦੂਸਰੇ ਅਨੁਵਾਦਾਂ ਨਾਲੋਂ ਵੱਖਰਾ ਸੀ, ਜਿਵੇਂ ਕਿ ਇਸ ਦਾ ਨਾਂ। ਆਮ ਤੌਰ ਤੇ ਬਾਈਬਲ ਨੂੰ “ਪੁਰਾਣੇ ਨੇਮ” ਅਤੇ “ਨਵੇਂ ਨੇਮ” ਦੇ ਨਾਂ ਹੇਠ ਵੰਡਿਆ ਜਾਂਦਾ ਹੈ, ਪਰ ਇਸ ਨਵੇਂ ਅਨੁਵਾਦ ਨੂੰ ਇਨ੍ਹਾਂ ਨਾਵਾਂ ਹੇਠ ਨਾ ਵੰਡਣ ਦੀ ਦਲੇਰੀ ਦਿਖਾਈ ਗਈ। ਇਕ ਹੋਰ ਫ਼ਰਕ ਬਾਰੇ 15 ਸਤੰਬਰ 1950 ਦੇ ਪਹਿਰਾਬੁਰਜ ਵਿਚ ਦੱਸਿਆ ਗਿਆ ਸੀ: ‘ਅਨੁਵਾਦ ਕਮੇਟੀ ਦੇ ਮੈਂਬਰਾਂ ਨੇ ਆਪਣੀ ਇੱਛਾ ਜ਼ਾਹਰ ਕੀਤੀ ਹੈ ਕਿ ਉਨ੍ਹਾਂ ਦੇ ਨਾਂ ਗੁਪਤ ਰੱਖੇ ਜਾਣ ਅਤੇ ਉਨ੍ਹਾਂ ਨੇ ਖ਼ਾਸ ਤੌਰ ਤੇ ਕਿਹਾ ਹੈ ਕਿ ਉਨ੍ਹਾਂ ਦੇ ਜੀਉਂਦੇ-ਜੀ ਜਾਂ ਮਰਨ ਤੋਂ ਬਾਅਦ ਉਨ੍ਹਾਂ ਦੇ ਨਾਂ ਛਾਪੇ ਨਾ ਜਾਣ। ਸੱਚੇ ਪਰਮੇਸ਼ੁਰ ਦੇ ਨਾਂ ਦੀ ਮਹਿਮਾ ਕਰਨਾ ਹੀ ਇਸ ਅਨੁਵਾਦ ਦਾ ਮਕਸਦ ਹੈ।’

1961 ਵਿਚ ਪੂਰੀ ਬਾਈਬਲ ਦਾ ਨਵੀਂ ਦੁਨੀਆਂ ਅਨੁਵਾਦ ਇੱਕੋ ਜਿਲਦ ਵਿਚ ਰੀਲੀਜ਼ ਕੀਤਾ ਗਿਆ ਸੀ। ਭਾਵੇਂ ਕਿ ਇਸ ਦੇ ਅਨੁਵਾਦਕਾਂ ਦੇ ਨਾਂ ਅੱਜ ਤਕ ਦੱਸੇ ਨਹੀਂ ਗਏ ਹਨ, ਪਰ ਉਨ੍ਹਾਂ ਦੇ ਉਦੇਸ਼ ਜਾਂ ਉਨ੍ਹਾਂ ਦੀ ਸ਼ਰਧਾ ʼਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਇਸ ਅਨੁਵਾਦ ਦੇ 1984 ਦੇ ਐਡੀਸ਼ਨ ਦੇ ਮੁਖਬੰਧ ਵਿਚ ਕਿਹਾ ਗਿਆ ਸੀ: “ਧਰਮ-ਗ੍ਰੰਥ ਦਾ ਅਨੁਵਾਦ ਕਰਨ ਦਾ ਮਤਲਬ ਹੈ ਯਹੋਵਾਹ ਪਰਮੇਸ਼ੁਰ ਦੀਆਂ ਸੋਚਾਂ ਅਤੇ ਗੱਲਾਂ ਨੂੰ ਹੋਰ ਭਾਸ਼ਾ ਵਿਚ ਦੱਸਣਾ . . .। ਇਸ ਅਨੁਵਾਦ ਦੇ ਅਨੁਵਾਦਕ ਧਰਮ-ਗ੍ਰੰਥ ਨੂੰ ਲਿਖਾਉਣ ਵਾਲੇ ਪਰਮੇਸ਼ੁਰ ਤੋਂ ਡਰਦੇ ਹਨ ਅਤੇ ਉਸ ਨਾਲ ਪਿਆਰ ਕਰਦੇ ਹਨ, ਇਸ ਕਰਕੇ ਉਹ ਉਸ ਦੇ ਸਾਮ੍ਹਣੇ ਆਪਣੀ ਇਹ ਖ਼ਾਸ ਜ਼ਿੰਮੇਵਾਰੀ ਸਮਝਦੇ ਹਨ ਕਿ ਉਹ ਉਸ ਦੀਆਂ ਸੋਚਾਂ ਅਤੇ ਗੱਲਾਂ ਦਾ ਸਹੀ ਤਰੀਕੇ ਨਾਲ ਅਨੁਵਾਦ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨ।”

ਅਨੁਵਾਦ ਕਮੇਟੀ ਦੇ ਮੈਂਬਰਾਂ ਦਾ ਉਦੇਸ਼ ਤਾਂ ਵਧੀਆ ਸੀ, ਪਰ ਕੀ ਉਹ ਇਸ ਕੰਮ ਨੂੰ ਕਰਨ ਦੇ ਯੋਗ ਸਨ? ਕੁਝ ਵਿਦਵਾਨ ਇਸ ਅਨੁਵਾਦ ਤੋਂ ਖ਼ੁਸ਼ ਨਹੀਂ ਸਨ। ਇਸ ਕਰਕੇ ਉਨ੍ਹਾਂ ਨੇ ਇਹ ਦਲੀਲ ਦਿੱਤੀ ਕਿ ਇਸ ਦੇ ਅਨੁਵਾਦਕਾਂ ਦੇ ਨਾਂ ਅਤੇ ਉਨ੍ਹਾਂ ਦੀਆਂ ਵਿਦਿਅਕ ਯੋਗਤਾਵਾਂ ਨਹੀਂ ਦੱਸੀਆਂ ਗਈਆਂ ਹਨ, ਇਸ ਲਈ ਇਸ ਅਨੁਵਾਦ ਨੂੰ ਨਾਤਜਰਬੇਕਾਰ ਲੋਕਾਂ ਦਾ ਕੰਮ ਸਮਝ ਕੇ ਨਕਾਰ ਦਿੱਤਾ ਜਾਣਾ ਚਾਹੀਦਾ ਹੈ। ਪਰ ਸਾਰੇ ਵਿਦਵਾਨ ਇਸ ਗ਼ਲਤ ਵਿਚਾਰ ਨਾਲ ਸਹਿਮਤ ਨਹੀਂ ਹਨ। ਐਲਨ ਐੱਸ. ਡੂਥੀ ਨੇ ਲਿਖਿਆ ਸੀ: “ਜੇ ਅਸੀਂ ਬਾਈਬਲ ਦੇ ਕਿਸੇ ਅਨੁਵਾਦ ਦੇ ਅਨੁਵਾਦਕਾਂ ਜਾਂ ਪਬਲੀਸ਼ਰਾਂ ਦੇ ਨਾਂ ਜਾਣਦੇ ਹਾਂ, ਤਾਂ ਕੀ ਇਸ ਤੋਂ ਸਾਨੂੰ ਇਹ ਫ਼ੈਸਲਾ ਕਰਨ ਵਿਚ ਮਦਦ ਮਿਲੇਗੀ ਕਿ ਕਿਹੜਾ ਅਨੁਵਾਦ ਵਧੀਆ ਹੈ ਅਤੇ ਕਿਹੜਾ ਘਟੀਆ? ਸ਼ਾਇਦ ਕੁਝ ਹੱਦ ਤਕ। ਪਰ ਇਹ ਫ਼ੈਸਲਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਹਰ ਅਨੁਵਾਦ ਦੀ ਜਾਂਚ ਕੀਤੀ ਜਾਵੇ।”a

ਹਜ਼ਾਰਾਂ ਲੋਕਾਂ ਨੇ ਇਸ ਦੀ ਜਾਂਚ ਕੀਤੀ ਹੈ। ਹੁਣ ਤਕ ਦੁਨੀਆਂ ਭਰ ਵਿਚ ਨਵੀਂ ਦੁਨੀਆਂ ਅਨੁਵਾਦ ਦੇ ਪੂਰੇ ਜਾਂ ਕੁਝ ਹਿੱਸੇ ਦੀਆਂ 99 ਭਾਸ਼ਾਵਾਂ ਵਿਚ 16,96,44,821 ਕਾਪੀਆਂ ਛਾਪੀਆਂ ਜਾ ਚੁੱਕੀਆਂ ਹਨ। ਇਸ ਦੇ ਪਾਠਕਾਂ ਨੇ ਕਿਹੜੀਆਂ ਕੁਝ ਖ਼ਾਸ ਗੱਲਾਂ ਦੇਖੀਆਂ ਹਨ?

ਪਰਮੇਸ਼ੁਰ ਦਾ ਨਾਂ ਪਵਿੱਤਰ ਕਰਨ ਵਾਲਾ ਅਨੁਵਾਦ

ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ ਜੋ ਮੱਤੀ 6:9 ਵਿਚ ਦਰਜ ਹੈ: “ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ।” ਪਰ ਜ਼ਿਆਦਾਤਰ ਅਨੁਵਾਦਾਂ ਵਿਚ ਪਰਮੇਸ਼ੁਰ ਦੇ ਨਾਂ ਦੀ ਜਗ੍ਹਾ ਸਿਰਫ਼ “ਪਰਮੇਸ਼ੁਰ” ਜਾਂ “ਪ੍ਰਭੂ” ਵਰਤਿਆ ਗਿਆ ਹੈ। ਪਰ ਜਦੋਂ ਬਾਈਬਲ ਪਹਿਲਾਂ ਲਿਖੀ ਗਈ ਸੀ, ਉਸ ਵੇਲੇ ਇਸ ਤਰ੍ਹਾਂ ਨਹੀਂ ਸੀ। ਬਾਈਬਲ ਦੀਆਂ ਇਬਰਾਨੀ ਲਿਖਤਾਂ ਵਿਚ ਪਰਮੇਸ਼ੁਰ ਦਾ ਨਾਂ “ਯਹੋਵਾਹ” ਲਗਭਗ 7,000 ਵਾਰ ਵਰਤਿਆ ਗਿਆ ਸੀ। (ਕੂਚ 3:15; ਜ਼ਬੂਰਾਂ ਦੀ ਪੋਥੀ 83:18) ਪਰ ਬਾਅਦ ਵਿਚ, ਯਹੂਦੀ ਅੰਧਵਿਸ਼ਵਾਸ ਵਿਚ ਫਸ ਕੇ ਪਰਮੇਸ਼ੁਰ ਦਾ ਨਾਂ ਲੈਣ ਤੋਂ ਵੀ ਡਰਨ ਲੱਗ ਪਏ ਜਿਸ ਕਰਕੇ ਉਨ੍ਹਾਂ ਨੇ ਇਹ ਨਾਂ ਲੈਣਾ ਹੀ ਛੱਡ ਦਿੱਤਾ। ਯਿਸੂ ਦੇ ਰਸੂਲਾਂ ਦੇ ਮਰਨ ਤੋਂ ਬਾਅਦ ਇਹ ਅੰਧਵਿਸ਼ਵਾਸ ਮਸੀਹੀ ਮੰਡਲੀ ਵਿਚ ਵੀ ਆ ਗਿਆ। (ਹੋਰ ਜਾਣਕਾਰੀ ਲਈ ਰਸੂਲਾਂ ਦੇ ਕੰਮ 20:​29, 30 ਅਤੇ 1 ਤਿਮੋਥਿਉਸ 4:1 ਦੇਖੋ।) ਬਾਈਬਲ ਦੀਆਂ ਯੂਨਾਨੀ ਲਿਖਤਾਂ (ਮੱਤੀ ਤੋਂ ਪ੍ਰਕਾਸ਼ ਦੀ ਕਿਤਾਬ) ਦੀਆਂ ਨਕਲਾਂ ਤਿਆਰ ਕਰਨ ਵਾਲੇ ਲੋਕ ਪਰਮੇਸ਼ੁਰ ਦੇ ਨਾਂ ਯਹੋਵਾਹ ਨੂੰ ਕੱਢ ਕੇ ਉਸ ਦੀ ਜਗ੍ਹਾ “ਪ੍ਰਭੂ” ਅਤੇ “ਪਰਮੇਸ਼ੁਰ” ਵਰਤਣ ਲੱਗ ਪਏ।

ਪਰ ਖ਼ੁਸ਼ੀ ਦੀ ਗੱਲ ਹੈ ਕਿ ਯੂਨਾਨੀ ਲਿਖਤਾਂ (ਨਵਾਂ ਨੇਮ) ਦੇ ਨਵੀਂ ਦੁਨੀਆਂ ਅਨੁਵਾਦ ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ ਵਰਤਣ ਦੀ ਦਲੇਰੀ ਕੀਤੀ ਗਈ ਜਿਸ ਵਿਚ ਇਹ ਨਾਂ 237 ਵਾਰ ਆਉਂਦਾ ਹੈ। ਅਨੁਵਾਦਕਾਂ ਨੇ ਆਪਣੀ ਮਰਜ਼ੀ ਨਾਲ ਇਸ ਅਨੁਵਾਦ ਵਿਚ ਇਹ ਨਾਂ ਨਹੀਂ ਵਰਤਿਆ ਹੈ, ਸਗੋਂ ਉਨ੍ਹਾਂ ਨੇ ਧਿਆਨ ਨਾਲ ਚੰਗੀ ਤਰ੍ਹਾਂ ਖੋਜਬੀਨ ਕਰਨ ਤੋਂ ਬਾਅਦ ਇਸ ਤਰ੍ਹਾਂ ਕੀਤਾ ਹੈ। ਮਿਸਾਲ ਲਈ, ਲੂਕਾ 4:18 ਵਿਚ ਯਸਾਯਾਹ 61:1 ਦੇ ਸ਼ਬਦਾਂ ਦਾ ਹਵਾਲਾ ਦਿੱਤਾ ਗਿਆ ਹੈ। ਇਬਰਾਨੀ ਲਿਖਤਾਂ (ਉਤਪਤ ਤੋਂ ਮਲਾਕੀ) ਵਿਚ ਯਸਾਯਾਹ ਦੀ ਕਿਤਾਬ ਦੀ ਇਸ ਆਇਤ ਵਿਚ ਨਾਂ ਯਹੋਵਾਹ ਵਰਤਿਆ ਗਿਆ ਸੀ।b ਇਸੇ ਲਈ, ਨਵੀਂ ਦੁਨੀਆਂ ਅਨੁਵਾਦ ਵਿਚ ਲੂਕਾ 4:18 ਦਾ ਸਹੀ ਤਰੀਕੇ ਨਾਲ ਅਨੁਵਾਦ ਕੀਤਾ ਗਿਆ ਹੈ: “ਯਹੋਵਾਹ ਦੀ ਸ਼ਕਤੀ ਮੇਰੇ ਉੱਤੇ ਹੈ ਅਤੇ ਉਸ ਨੇ ਮੈਨੂੰ ਚੁਣਿਆ ਹੈ ਕਿ ਮੈਂ ਗ਼ਰੀਬਾਂ ਨੂੰ ਖ਼ੁਸ਼ ਖ਼ਬਰੀ ਸੁਣਾਵਾਂ।”

ਇਹੋ ਜਿਹੀਆਂ ਆਇਤਾਂ ਦਾ ਜਿਸ ਤਰ੍ਹਾਂ ਅਨੁਵਾਦ ਕੀਤਾ ਗਿਆ ਹੈ, ਉਸ ਤੋਂ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ­ਇਕਲੌਤੇ ਪੁੱਤਰ ਯਿਸੂ ਮਸੀਹ ਵਿਚ ਫ਼ਰਕ ਦੇਖਣ ਵਿਚ ਵੀ ਮਦਦ ਮਿਲਦੀ ਹੈ। ਉਦਾਹਰਣ ਲਈ, ਜ਼ਿਆਦਾਤਰ ਅਨੁਵਾਦਾਂ ਵਿਚ ਮੱਤੀ 22:44 ਦਾ ਅਨੁਵਾਦ ਇਸ ਤਰ੍ਹਾਂ ਕੀਤਾ ਗਿਆ ਹੈ: “ਪ੍ਰਭੁ ਨੇ ਮੇਰੇ ਪ੍ਰਭੁ ਨੂੰ ਆਖਿਆ।” ਪਰ ਇੱਥੇ ਕੌਣ ਕਿਸ ਨਾਲ ਗੱਲ ਕਰ ਰਿਹਾ ਹੈ? ਦਰਅਸਲ ਇਸ ਆਇਤ ਵਿਚ ਜ਼ਬੂਰ 110:1 ਦਾ ਹਵਾਲਾ ਦਿੱਤਾ ਗਿਆ ਹੈ ਜਿਸ ਵਿਚ ਪਰਮੇਸ਼ੁਰ ਦਾ ਨਾਂ ਇਸਤੇਮਾਲ ਕੀਤਾ ਗਿਆ ਹੈ। ਇਸ ਲਈ, ਨਵੀਂ ਦੁਨੀਆਂ ਅਨੁਵਾਦ ਵਿਚ ਇਸ ਆਇਤ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਗਿਆ ਹੈ: “ਯਹੋਵਾਹ ਨੇ ਮੇਰੇ ਪ੍ਰਭੂ ਨੂੰ ਕਿਹਾ: ‘ਤੂੰ ਉਦੋਂ ਤਕ ਮੇਰੇ ਸੱਜੇ ਪਾਸੇ ਬੈਠ ਜਦੋਂ ਤਕ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ।’” ਧਰਮ-ਗ੍ਰੰਥ ਵਿਚ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਵਿਚ ਦਿਖਾਏ ਗਏ ਫ਼ਰਕ ਨੂੰ ਸਮਝਣਾ ਸਿਰਫ਼ ਸ਼ਬਦਾਂ ਦਾ ਗਿਆਨ ਲੈਣ ਦੀ ਗੱਲ ਨਹੀਂ ਹੈ। (ਮਰਕੁਸ 13:32; ਯੂਹੰਨਾ 8:​17, 18; 14:28) ਇਸ ਨੂੰ ਸਮਝਣਾ ਸਾਡੀ ਮੁਕਤੀ ਲਈ ਬਹੁਤ ਜ਼ਰੂਰੀ ਹੈ। ਰਸੂਲਾਂ ਦੇ ਕੰਮ 2:21 ਵਿਚ ਕਿਹਾ ਗਿਆ ਹੈ: “ਹਰ ਕੋਈ ਜਿਹੜਾ ਯਹੋਵਾਹ ਦਾ ਨਾਂ ਲੈਂਦਾ ਹੈ, ਬਚਾਇਆ ਜਾਵੇਗਾ।”

ਸਹੀ ਅਤੇ ਸਪੱਸ਼ਟ ਅਨੁਵਾਦ

ਨਵੀਂ ਦੁਨੀਆਂ ਅਨੁਵਾਦ ਵਿਚ ਹੋਰ ਵੀ ਕਈ ਖੂਬੀਆਂ ਹਨ। ਇਸ ਅਨੁਵਾਦ ਵਾਸਤੇ ਵੈੱਸਕੌਟ ਅਤੇ ਹੌਰਟ ਦੁਆਰਾ ਚੰਗੀ ਤਰ੍ਹਾਂ ਸੁਧਾਰ ਕੇ ਤਿਆਰ ਕੀਤੇ ਗਏ ਮੂਲ ਯੂਨਾਨੀ ਖਰੜੇ ਨੂੰ ਮੁੱਖ ਤੌਰ ਤੇ ਵਰਤਿਆ ਗਿਆ ਸੀ। ਯੂਨਾਨੀ ਲਿਖਤਾਂ ਦਾ ਹਰ ਸੰਭਵ ਤਰੀਕੇ ਨਾਲ ਸੌਖੀ ਤੇ ਆਮ ਬੋਲੀ ਵਿਚ ਸਹੀ-ਸਹੀ ਅਤੇ ਸ਼ਾਬਦਿਕ ਅਨੁਵਾਦ ਕਰਨ ਦਾ ਪੂਰਾ-ਪੂਰਾ ਜਤਨ ਕੀਤਾ ਗਿਆ ਹੈ। ਇਸ ਤਰ੍ਹਾਂ ਕਰਨ ਨਾਲ ਨਾ ਸਿਰਫ਼ ਬਾਈਬਲ ਵਿਚ ਜ਼ਿਕਰ ਕੀਤੇ ਗਏ ਲੋਕਾਂ ਦੀ ਜ਼ਿੰਦਗੀ ਅਤੇ ਭਾਵਨਾਵਾਂ ਬਾਰੇ ਪਤਾ ਲੱਗਦਾ ਹੈ, ਸਗੋਂ ਬਾਈਬਲ ਦੀਆਂ ਗੱਲਾਂ ਦੀ ਹੋਰ ਸਮਝ ਵੀ ਮਿਲਦੀ ਹੈ।

ਨਵੀਂ ਦੁਨੀਆਂ ਅਨੁਵਾਦ ਵਿਚ ਯੂਨਾਨੀ ਕ੍ਰਿਆਵਾਂ ਦੁਆਰਾ ਦਿਖਾਈਆਂ ਜਾਂਦੀਆਂ ਬਾਰੀਕੀਆਂ ਨੂੰ ਵੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਜ ਦੀਆਂ ਕਈ ਭਾਸ਼ਾਵਾਂ ਵਿਚ ਕ੍ਰਿਆਵਾਂ ਰਾਹੀਂ ਦਿਖਾਇਆ ਜਾਂਦਾ ਹੈ ਕਿ ਕੋਈ ਕੰਮ ਕਦੋਂ ਕੀਤਾ ਗਿਆ ਸੀ​—ਭੂਤਕਾਲ ਵਿਚ, ਵਰਤਮਾਨ ਕਾਲ ਜਾਂ ਭਵਿੱਖ ਕਾਲ ਵਿਚ। ਪਰ ਯੂਨਾਨੀ ਵਿਚ ਕ੍ਰਿਆਵਾਂ ਰਾਹੀਂ ਇਹ ਵੀ ਦਿਖਾਇਆ ਜਾਂਦਾ ਸੀ ਕਿ ਕੰਮ ਕਿੰਨਾ ਕੁ ਚਿਰ ਚੱਲਦਾ ਰਿਹਾ​—ਕੁਝ ਪਲਾਂ ਲਈ, ਪੂਰਾ ਹੋ ਗਿਆ ਜਾਂ ਫਿਰ ਲਗਾਤਾਰ ਚੱਲਦਾ ਰਿਹਾ। ਮੱਤੀ 6:33 ਵਿਚ ਯਿਸੂ ਦੇ ਸ਼ਬਦਾਂ ਉੱਤੇ ਗੌਰ ਕਰੋ। “ਪਹਿਲ ਦੇਣੀ” ਅਤੇ “ਕਰਨਾ” ਅਨੁਵਾਦ ਕੀਤੀ ਗਈ ਯੂਨਾਨੀ ਕ੍ਰਿਆ ਤੋਂ ਪਤਾ ਲੱਗਾ ਹੈ ਕਿ ਕੰਮ ਲਗਾਤਾਰ ਚੱਲ ਰਿਹਾ ਹੈ। ਯਿਸੂ ਦੇ ਸ਼ਬਦਾਂ ਦਾ ਪੂਰਾ ਮਤਲਬ ਦੇਣ ਲਈ ਸ਼ਬਦ “ਹਮੇਸ਼ਾ” ਅਤੇ “ਕਰਦੇ ਰਹੋ” ਇਸਤੇਮਾਲ ਕੀਤੇ ਗਏ ਹਨ: “ਇਸ ਲਈ, ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ ਦਿਓ ਅਤੇ ਉਸ ਦੀਆਂ ਨਜ਼ਰਾਂ ਵਿਚ ਜੋ ਸਹੀ ਹੈ ਉਹੀ ਕਰਦੇ ਰਹੋ, ਅਤੇ ਇਹ ਸਭ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ।” ਇਸੇ ਤਰ੍ਹਾਂ ਮੱਤੀ 7:7 ਦਾ ਅਨੁਵਾਦ ਇਸ ਤਰ੍ਹਾਂ ਕੀਤਾ ਗਿਆ ਹੈ: “ਮੰਗਦੇ ਰਹੋ, ਤਾਂ ਤੁਹਾਨੂੰ ਦਿੱਤਾ ਜਾਵੇਗਾ; ਲੱਭਦੇ ਰਹੋ, ਤਾਂ ਤੁਹਾਨੂੰ ਲੱਭ ਜਾਵੇਗਾ; ਦਰਵਾਜ਼ਾ ਖੜਕਾਉਂਦੇ ਰਹੋ, ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।”​—ਹੋਰ ਜਾਣਕਾਰੀ ਲਈ ਰੋਮੀਆਂ 1:32; 6:2 ਅਤੇ ਗਲਾਤੀਆਂ 5:15 ਦੇਖੋ।

ਨਵੀਂ ਦੁਨੀਆਂ ਅਨੁਵਾਦ ਵਿਚ ਕੁਝ ਜ਼ਰੂਰੀ ਯੂਨਾਨੀ ਸ਼ਬਦਾਂ ਲਈ ਪੰਜਾਬੀ ਵਿਚ ਸਮਾਨ ਸ਼ਬਦ ਵਰਤੇ ਗਏ ਹਨ। ਮਿਸਾਲ ਲਈ, ਯੂਨਾਨੀ ਸ਼ਬਦ ਸਟਾਉਰੋਸ ਦਾ ਅਨੁਵਾਦ ਸਾਰੀ ਜਗ੍ਹਾ ਤਸੀਹੇ ਦੀ ਸੂਲ਼ੀ ਕੀਤਾ ਗਿਆ ਹੈ। ਇਸ ਦੀ ਮਦਦ ਨਾਲ ਪਾਠਕ ਦੇਖ ਸਕਦੇ ਹਨ ਕਿ ਯਿਸੂ ਨੂੰ ਸਲੀਬ ਜਾਂ ਕ੍ਰਾਸ ਉੱਤੇ ਨਹੀਂ ਮਾਰਿਆ ਗਿਆ ਸੀ, ਜਿਵੇਂ ਕਿ ਕੁਝ ਧਰਮ ਸਿਖਾਉਂਦੇ ਹਨ, ਪਰ ਤਸੀਹੇ ਦੀ ਸੂਲ਼ੀ ਉੱਤੇ ਮਾਰਿਆ ਗਿਆ ਸੀ। ਅਪਰਾਧੀਆਂ ਨੂੰ ਤਸੀਹੇ ਦੇਣ ਲਈ ਰੋਮੀ ਫ਼ੌਜੀ ਤਸੀਹੇ ਦੀ ਸੂਲ਼ੀ ਵਰਤਦੇ ਹੁੰਦੇ ਸਨ।​—ਮੱਤੀ 10:38; 1 ਕੁਰਿੰਥੀਆਂ 1:​17, 18; ਗਲਾਤੀਆਂ 6:14.

ਦੁਨੀਆਂ ਭਰ ਵਿਚ ਪਰਮੇਸ਼ੁਰ ਦੇ ਬਚਨ ਨੂੰ ਮੁਹੱਈਆ ਕਰਾਉਣਾ

ਮਸੀਹੀ ਯੂਨਾਨੀ ਲਿਖਤਾਂ ਨੂੰ ਪੰਜਾਬੀ ਵਿਚ ਰੀਲੀਜ਼ ਕਰਨ ਨਾਲ ਕੰਮ ਖ਼ਤਮ ਨਹੀਂ ਹੋਇਆ। ਸਮਾਂ ਆਉਣ ਤੇ ਪੂਰੀ ਬਾਈਬਲ ਪੰਜਾਬੀ ਵਿਚ ਰੀਲੀਜ਼ ਕਰਨ ਦੀ ਯੋਜਨਾ ਬਣਾਈ ਗਈ ਹੈ। ਕੀ ਪਾਠਕ ਇਸ ਗੱਲ ʼਤੇ ਭਰੋਸਾ ਰੱਖ ਸਕਦੇ ਹਨ ਕਿ ਅੰਗ੍ਰੇਜ਼ੀ ਵਿਚ ਨਵੀਂ ਦੁਨੀਆਂ ਅਨੁਵਾਦ ਵਾਂਗ ਪੰਜਾਬੀ ਅਨੁਵਾਦ ਵੀ ਸਹੀ ਹੋਵੇਗਾ?

ਜੀ ਹਾਂ, ਪਾਠਕ ਇਸ ਗੱਲ ਦਾ ਭਰੋਸਾ ਰੱਖ ਸਕਦੇ ਹਨ ਕਿਉਂਕਿ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੀ ਨਿਗਰਾਨੀ ਹੇਠ ਅਨੁਵਾਦ ਦਾ ਕੰਮ ਹੁੰਦਾ ਹੈ। ਇਹ ਸਹੀ ਫ਼ੈਸਲਾ ਲਿਆ ਗਿਆ ਹੈ ਕਿ ਭਾਸ਼ਾ ਬੋਲਣ ਵਾਲੀ ਟੀਮ ਹੀ ਬਾਈਬਲ ਦਾ ਅਨੁਵਾਦ ਕਰੇਗੀ। ਇਸ ਲਈ ਦੁਨੀਆਂ ਦੇ ਕਈ ਦੇਸ਼ਾਂ ਵਿਚ ਬਾਈਬਲ ਦਾ ਅਨੁਵਾਦ ਕਰਨ ਲਈ ਟੀਮਾਂ ਸਥਾਪਿਤ ਕੀਤੀਆਂ ਗਈਆਂ ਹਨ। ਇਨ੍ਹਾਂ ਟੀਮਾਂ ਦੀ ਮਦਦ ਕਰਨ ਲਈ ਨਿਊਯਾਰਕ ਦੇ ਬਰੁਕਲਿਨ ਸ਼ਹਿਰ ਵਿਚ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਟਰ ਵਿਚ ਟ੍ਰਾਂਸਲੇਸ਼ਨ ਸਰਵਿਸਿਜ਼ ਨਾਂ ਦਾ ਵਿਭਾਗ ਸਥਾਪਿਤ ਕੀਤਾ ਗਿਆ ਹੈ। ਇਹ ਵਿਭਾਗ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦਾ ਹੈ ਅਤੇ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਨਵੀਂ ਦੁਨੀਆਂ ਅਨੁਵਾਦ ਵਿਚ ਬਾਈਬਲ ਦੀਆਂ ਗੱਲਾਂ ਦਾ ਇੱਕੋ ਜਿਹਾ ਅਤੇ ਸਹੀ-ਸਹੀ ਅਰਥ ਦਿੱਤਾ ਜਾਵੇ। ਇਸ ਤੋਂ ਇਲਾਵਾ, ਬਾਈਬਲ ਦੇ ਅਨੁਵਾਦਕਾਂ ਦੀ ਮਦਦ ਕਰਨ ਲਈ ਕੰਪਿਊਟਰ ਪ੍ਰੋਗ੍ਰਾਮ ਵੀ ਤਿਆਰ ਕੀਤਾ ਗਿਆ ਹੈ। ਪਰ ਇਹ ਗੱਲ ਯਾਦ ਰੱਖੀ ਜਾਣੀ ਚਾਹੀਦੀ ਹੈ: ਇਨਸਾਨਾਂ ਦੀ ਸਖ਼ਤ ਮਿਹਨਤ ਤੋਂ ਬਿਨਾਂ ਅਨੁਵਾਦ ਦਾ ਕੰਮ ਨਹੀਂ ਹੋ ਸਕਦਾ। ਫਿਰ ਵੀ ਇਸ ਕੰਪਿਊਟਰ ਪ੍ਰੋਗ੍ਰਾਮ ਨਾਲ ਬਾਈਬਲ ਦਾ ਅਨੁਵਾਦ ਕਰਨ ਵਾਲੀਆਂ ਟੀਮਾਂ ਲਈ ਆਪਣੇ ਸ਼ਾਨਦਾਰ ਟੀਚੇ ਨੂੰ ਹਾਸਲ ਕਰਨਾ ਕਾਫ਼ੀ ਸੁਖਾਲਾ ਹੋਇਆ ਹੈ। ਇਹ ਟੀਚਾ ਹੈ ਅੰਗ੍ਰੇਜ਼ੀ ਵਾਂਗ ਹੋਰ ਭਾਸ਼ਾਵਾਂ ਵਿਚ ਨਵੀਂ ਦੁਨੀਆਂ ਅਨੁਵਾਦ ਨੂੰ ਸਹੀ-ਸਹੀ ਤਿਆਰ ਕਰਨਾ। ਇਸ ਕੰਪਿਊਟਰ ਪ੍ਰੋਗ੍ਰਾਮ ਦੀਆਂ ਕਈ ਖੂਬੀਆਂ ਹਨ, ਜਿਵੇਂ ਕਿ ਇਸ ਵਿਚ ਹਰ ਇਬਰਾਨੀ ਅਤੇ ਯੂਨਾਨੀ ਸ਼ਬਦ ਲਈ ਅੰਗ੍ਰੇਜ਼ੀ ਦਾ ਮਿਲਦਾ-ਜੁਲਦਾ ਸ਼ਬਦ ਦਿੱਤਾ ਗਿਆ ਹੈ। ਇਸ ਦੀ ਮਦਦ ਨਾਲ ਅਨੁਵਾਦਕ ਇਨ੍ਹਾਂ ਲਈ ਆਪਣੀ ਭਾਸ਼ਾ ਵਿਚ ਸ਼ਬਦਾਂ ਦੀ ਚੋਣ ਕਰ ਸਕਦੇ ਹਨ।

ਇਨ੍ਹਾਂ ਪ੍ਰਬੰਧਾਂ ਦੀ ਕਾਮਯਾਬੀ ਇਨ੍ਹਾਂ ਦੇ ਨਤੀਜਿਆਂ ਤੋਂ ਦੇਖੀ ਜਾ ਸਕਦੀ ਹੈ। ਅਸੀਂ ਤੁਹਾਨੂੰ ਪਵਿੱਤਰ ਬਾਈਬਲ​—ਮੱਤੀ ਤੋਂ ਪ੍ਰਕਾਸ਼ ਦੀ ਕਿਤਾਬ (ਨਵੀਂ ਦੁਨੀਆਂ ਅਨੁਵਾਦ) ਦੀ ਜਾਂਚ ਕਰਨ ਦੀ ਹੱਲਾਸ਼ੇਰੀ ਦਿੰਦੇ ਹਾਂ। ਤੁਸੀਂ ਇਸ ਰਸਾਲੇ ਨੂੰ ਛਾਪਣ ਵਾਲਿਆਂ ਤੋਂ ਇਹ ਬਾਈਬਲ ਲੈ ਸਕਦੇ ਹੋ। ਇਸ ਦੀਆਂ ਹੋਰ ਖੂਬੀਆਂ ਤੋਂ ਤੁਹਾਨੂੰ ਫ਼ਾਇਦਾ ਹੋਵੇਗਾ ਜਿਵੇਂ ਕਿ ਇਸ ਦੇ ਸਾਫ਼ ਤੇ ਪੜ੍ਹਨਯੋਗ ਅੱਖਰ; ਹਰ ਸਫ਼ੇ ਉੱਤੇ ਦਿੱਤੇ ਸਿਰਲੇਖ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਜਾਣੀਆਂ-ਪਛਾਣੀਆਂ ਆਇਤਾਂ ਛੇਤੀ ਲੱਭ ਸਕਦੇ ਹੋ; ਭਰਪੂਰ ਜਾਣਕਾਰੀ ਦੇਣ ਵਾਲੇ ਨਕਸ਼ੇ; ਸ਼ਬਦਾਂ ਦਾ ਅਰਥ; ਫੁਟਨੋਟ ਅਤੇ ਦਿਲਚਸਪ ਜਾਣਕਾਰੀ ਦੇਣ ਵਾਲੇ ਅਪੈਂਡਿਕਸ। ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਤੁਸੀਂ ਪੂਰੇ ਭਰੋਸੇ ਨਾਲ ਇਹ ਬਾਈਬਲ ਪੜ੍ਹ ਸਕਦੇ ਹੋ ਅਤੇ ਦੇਖ ਸਕਦੇ ਹੋ ਕਿ ਇਹ ਪਰਮੇਸ਼ੁਰ ਦੀਆਂ ਗੱਲਾਂ ਨੂੰ ਆਮ ਬੋਲੀ ਵਿਚ ਸਹੀ-ਸਹੀ ਦੱਸਦੀ ਹੈ।

[ਫੁਟਨੋਟ]

a ਦਿਲਚਸਪੀ ਦੀ ਗੱਲ ਹੈ ਕਿ ਨਿਊ ਅਮੈਰੀਕਨ ਸਟੈਂਡਡ ਬਾਈਬਲ ਦੇ ਰੈਫ਼ਰੈਂਸ ਐਡੀਸ਼ਨ (1971) ਦੀ ਜਿਲਦ ਉੱਤੇ ਵੀ ਇਸੇ ਤਰ੍ਹਾਂ ਕਿਹਾ ਗਿਆ ਸੀ: “ਅਸੀਂ ਰੈਫ਼ਰੈਂਸ ਵਾਸਤੇ ਕਿਸੇ ਵੀ ਵਿਦਵਾਨ ਦਾ ਨਾਂ ਇਸਤੇਮਾਲ ਨਹੀਂ ਕੀਤਾ ਹੈ ਕਿਉਂਕਿ ਸਾਡਾ ਵਿਸ਼ਵਾਸ ਹੈ ਕਿ ਪਰਮੇਸ਼ੁਰ ਦੇ ਬਚਨ ਵਿਚ ਲਿਖੀਆਂ ਗੱਲਾਂ ਤੋਂ ਇਸ ਦੀਆਂ ਖੂਬੀਆਂ ਜ਼ਾਹਰ ਹੁੰਦੀਆਂ ਹਨ।”

b ਇਹ ਸੱਚ ਹੈ ਕਿ “ਨਵੇਂ ਨੇਮ” ਵਿਚ ਇਬਰਾਨੀ ਲਿਖਤਾਂ ਦੇ ਹਵਾਲੇ ਸੈਪਟੁਜਿੰਟ ਅਨੁਵਾਦ (ਇਬਰਾਨੀ ਲਿਖਤਾਂ ਦਾ ਯੂਨਾਨੀ ਅਨੁਵਾਦ) ਵਿੱਚੋਂ ਦਿੱਤੇ ਗਏ ਸਨ। ਸੈਪਟੁਜਿੰਟ ਦੀਆਂ ਬਾਅਦ ਦੀਆਂ ਨਕਲਾਂ ਵਿਚ ਪਰਮੇਸ਼ੁਰ ਦਾ ਨਾਂ ਨਹੀਂ ਹੈ, ਇਸ ਕਰਕੇ ਬਹੁਤ ਸਾਰੇ ਵਿਦਵਾਨ ਕਹਿੰਦੇ ਹਨ ਕਿ ਯੂਨਾਨੀ ਲਿਖਤਾਂ ਵਿੱਚੋਂ ਵੀ ਪਰਮੇਸ਼ੁਰ ਦਾ ਨਾਂ ਕੱਢ ਦਿੱਤਾ ਜਾਣਾ ਚਾਹੀਦਾ ਹੈ। ਪਰ ਸੈਪਟੁਜਿੰਟ ਦੀਆਂ ਉਪਲਬਧ ਸਭ ਤੋਂ ਪੁਰਾਣੀਆਂ ਨਕਲਾਂ ਵਿਚ ਇਹ ਨਾਂ ਇਬਰਾਨੀ ਰੂਪ ਵਿਚ ਪਾਇਆ ਜਾਂਦਾ ਹੈ। ਇਹ ਯੂਨਾਨੀ ਲਿਖਤਾਂ ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ ਵਰਤਣ ਦਾ ਠੋਸ ਕਾਰਨ ਹੈ।

[ਸਫ਼ਾ 19 ਉੱਤੇ ਤਸਵੀਰ]

ਪੌਲੁਸ ਰਸੂਲ ਅਤੇ ਬਾਈਬਲ ਦੇ ਹੋਰ ਲਿਖਾਰੀਆਂ ਨੇ ਇਸ ਨੂੰ ਆਮ ਬੋਲੀ ਵਿਚ ਲਿਖਿਆ ਸੀ

[ਸਫ਼ੇ 20, 21 ਉੱਤੇ ਡਾਇਆਗ੍ਰਾਮ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਨਵੀਂ ਦੁਨੀਆਂ ਅਨੁਵਾਦ ਦੀਆਂ ਕੁਝ ਖੂਬੀਆਂ:

ਚੌਥੀ ਸਦੀ ਈਸਵੀ ਦੇ ਕੋਡੈਕਸ ਸਿਨੈਟਿਕਸ ਵਿਚ 1 ਤਿਮੋਥਿਉਸ 3:⁠16

ਯੂਨਾਨੀ ਲਿਖਤਾਂ ਦਾ ਹਰ ਸੰਭਵ ਤਰੀਕੇ ਨਾਲ ਸੌਖੀ ਤੇ ਆਮ ਬੋਲੀ ਵਿਚ ਸਹੀ-ਸਹੀ ਅਤੇ ਸ਼ਾਬਦਿਕ ਅਨੁਵਾਦ ਕਰਨ ਦਾ ਪੂਰਾ-ਪੂਰਾ ਜਤਨ ਕੀਤਾ ਗਿਆ ਹੈ

ਆਸਾਨੀ ਨਾਲ ਪੜ੍ਹੇ ਜਾ ਸਕਣ ਵਾਲੇ ਅੱਖਰ ਜਿਸ ਕਰਕੇ ਪੜ੍ਹਨ ਵਿਚ ਆਨੰਦ ਆਉਂਦਾ ਹੈ

ਸਿਰਲੇਖ ਜਿਨ੍ਹਾਂ ਦੀ ਮਦਦ ਨਾਲ ਜਾਣੀਆਂ-ਪਛਾਣੀਆਂ ਆਇਤਾਂ ਛੇਤੀ ਲੱਭੀਆਂ ਜਾ ਸਕਦੀਆਂ ਹਨ

ਨਕਸ਼ਿਆਂ ਦੀ ਮਦਦ ਨਾਲ ਬਾਈਬਲ ਵਿਚ ਦੱਸੀਆਂ ਥਾਵਾਂ ਬਾਰੇ ਹੋਰ ਜਾਣਕਾਰੀ ਲਈ ਜਾ ਸਕਦੀ ਹੈ

[ਸਫ਼ਾ 22 ਉੱਤੇ ਤਸਵੀਰ]

“ਨਵੀਂ ਦੁਨੀਆਂ ਅਨੁਵਾਦ” ਦੀਆਂ ਸਪੱਸ਼ਟ ਗੱਲਾਂ ਪ੍ਰਚਾਰ ਵਿਚ ਬਹੁਤ ਫ਼ਾਇਦੇਮੰਦ ਸਾਬਤ ਹੁੰਦੀਆਂ ਹਨ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ