ਬਜ਼ੁਰਗੋ, ਕੀ ਤੁਸੀਂ “ਥੱਕੇ ਹੋਏ ਦੀ ਜਾਨ” ਨੂੰ ਤਾਜ਼ਗੀ ਦਿੰਦੇ ਹੋ?
30-35 ਸਾਲਾਂ ਦੀ ਕੁਆਰੀ ਭੈਣ ਐਂਜਲਾa ਥੋੜ੍ਹੀ ਜਿਹੀ ਘਬਰਾਈ ਹੋਈ ਹੈ ਕਿਉਂਕਿ ਬਜ਼ੁਰਗ ਉਸ ਨੂੰ ਮਿਲਣ ਆ ਰਹੇ ਹਨ। ਉਹ ਸੋਚਦੀ ਹੈ, ‘ਉਹ ਮੈਨੂੰ ਕੀ ਕਹਿਣਗੇ? ਇਹ ਸੱਚ ਹੈ ਕਿ ਮੈਂ ਸਾਰੀਆਂ ਮੀਟਿੰਗਾਂ ਨੂੰ ਨਹੀਂ ਗਈ, ਪਰ ਮੈਂ ਸਾਰਾ ਦਿਨ ਕੰਮ ਤੇ ਬਿਰਧ ਲੋਕਾਂ ਦੀ ਦੇਖ-ਭਾਲ ਕਰ ਕੇ ਥੱਕ-ਟੁੱਟ ਜਾਂਦੀ ਹਾਂ।’ ਆਪਣੀਆਂ ਰੋਜ਼ ਦੀਆਂ ਚਿੰਤਾਵਾਂ ਤੋਂ ਇਲਾਵਾ ਉਸ ਨੂੰ ਆਪਣੀ ਮਾਂ ਦੀ ਸਿਹਤ ਦਾ ਵੀ ਬਹੁਤ ਫ਼ਿਕਰ ਹੈ।
ਬਜ਼ੁਰਗੋ, ਜੇ ਤੁਸੀਂ ਇਸ ਭੈਣ ਨੂੰ ਮਿਲਣ ਜਾ ਰਹੇ ਹੁੰਦੇ, ਤਾਂ ਤੁਸੀਂ ਇਸ ‘ਥੱਕੀ ਹੋਈ ਜਾਨ’ ਨੂੰ ਕਿਵੇਂ ਹੌਸਲਾ ਦਿੰਦੇ? (ਯਿਰ. 31:25) ਤੁਸੀਂ ਕਿਸੇ ਭੈਣ ਜਾਂ ਭਰਾ ਨੂੰ ਮਿਲਣ ਤੋਂ ਪਹਿਲਾਂ ਤਿਆਰੀ ਕਿਵੇਂ ਕਰ ਸਕਦੇ ਹੋ ਤਾਂਕਿ ਤੁਸੀਂ ਉਸ ਨੂੰ ਤਰੋ-ਤਾਜ਼ਾ ਕਰ ਸਕੋ?
ਭੈਣਾਂ-ਭਰਾਵਾਂ ਦੇ ਹਾਲਾਤਾਂ ਬਾਰੇ ਸੋਚੋ
ਕਦੀ-ਕਦੀ ਅਸੀਂ ਸਾਰੇ ਆਪਣੀ ਨੌਕਰੀ ਜਾਂ ਮੰਡਲੀ ਵਿਚ ਆਪਣੀਆਂ ਜ਼ਿੰਮੇਵਾਰੀਆਂ ਕਰਕੇ ਥੱਕ ਜਾਂਦੇ ਹਾਂ। ਇਕ ਵਾਰ ਦਾਨੀਏਲ ਨਬੀ ਵੀ ਥੱਕ ਗਿਆ ਸੀ। ਉਹ ਇਕ ਦਰਸ਼ਣ ਦੇਖ ਕੇ ਕਮਜ਼ੋਰ ਹੋ ਗਿਆ ਕਿਉਂਕਿ ਉਸ ਨੂੰ ਇਹ ਸਮਝ ਨਹੀਂ ਸੀ ਆਇਆ। (ਦਾਨੀ. 8:27) ਕੁਝ ਸਮੇਂ ਬਾਅਦ ਪਰਮੇਸ਼ੁਰ ਨੇ ਉਸ ਦੀ ਮਦਦ ਕਰਨ ਲਈ ਜਬਰਾਏਲ ਦੂਤ ਨੂੰ ਘੱਲਿਆ। ਦੂਤ ਨੇ ਨਾ ਸਿਰਫ਼ ਉਸ ਨੂੰ ਹੋਰ ਸਮਝ ਦਿੱਤੀ, ਪਰ ਤਸੱਲੀ ਵੀ ਦਿੱਤੀ ਕਿ ਯਹੋਵਾਹ ਨੇ ਉਸ ਦੀਆਂ ਪ੍ਰਾਰਥਨਾਵਾਂ ਸੁਣ ਲਈਆਂ ਸਨ ਅਤੇ ਦੱਸਿਆ ਕਿ ਉਹ ਅਜੇ ਵੀ ਪਰਮੇਸ਼ੁਰ ਦਾ “ਵੱਡਾ ਪਿਆਰਾ” ਸੀ। (ਦਾਨੀ. 9:21-23) ਇਕ ਹੋਰ ਮੌਕੇ ʼਤੇ ਇਕ ਹੋਰ ਦੂਤ ਨੇ ਦਾਨੀਏਲ ਕੋਲ ਆ ਕੇ ਆਪਣੀਆਂ ਗੱਲਾਂ ਰਾਹੀਂ ਉਸ ਨੂੰ ਤਕੜਾ ਕੀਤਾ ਕਿਉਂਕਿ ਉਹ ਬਹੁਤ ਥੱਕਿਆ ਹੋਇਆ ਸੀ।—ਦਾਨੀ. 10:19.
ਕਿਸੇ ਭੈਣ ਜਾਂ ਭਰਾ ਨੂੰ ਮਿਲਣ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਹਾਲਾਤਾਂ ਬਾਰੇ ਸੋਚੋ
ਇਸੇ ਤਰ੍ਹਾਂ ਸ਼ਾਇਦ ਕੋਈ ਭੈਣ ਜਾਂ ਭਰਾ ਥੱਕਿਆ ਹੋਇਆ ਜਾਂ ਨਿਰਾਸ਼ ਹੋਵੇ। ਉਸ ਨੂੰ ਮਿਲਣ ਜਾਣ ਤੋਂ ਪਹਿਲਾਂ, ਉਸ ਦੇ ਹਾਲਾਤਾਂ ਬਾਰੇ ਸੋਚੋ। ਉਹ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਿਹਾ ਹੈ? ਕੀ ਇਹ ਮੁਸ਼ਕਲਾਂ ਉਸ ਦਾ ਹੌਸਲਾ ਤਾਂ ਨਹੀਂ ਢਾਹ ਰਹੀਆਂ? ਇਨ੍ਹਾਂ ਦੇ ਬਾਵਜੂਦ ਉਸ ਵਿਚ ਕਿਹੜੇ ਚੰਗੇ ਗੁਣ ਹਨ? ਰਿਚਰਡ, ਜੋ 20 ਸਾਲਾਂ ਤੋਂ ਬਜ਼ੁਰਗ ਹੈ, ਕਹਿੰਦਾ ਹੈ: “ਮੈਂ ਆਪਣੇ ਭਰਾਵਾਂ ਦੀਆਂ ਖੂਬੀਆਂ ਵੱਲ ਧਿਆਨ ਦਿੰਦਾ ਹਾਂ। ਉਨ੍ਹਾਂ ਨੂੰ ਮਿਲਣ ਜਾਣ ਤੋਂ ਪਹਿਲਾਂ ਮੈਂ ਉਨ੍ਹਾਂ ਦੇ ਹਾਲਾਤਾਂ ਬਾਰੇ ਧਿਆਨ ਨਾਲ ਸੋਚਦਾ ਹਾਂ ਤਾਂਕਿ ਮੈਂ ਉਨ੍ਹਾਂ ਦੀਆਂ ਲੋੜਾਂ ਮੁਤਾਬਕ ਉਨ੍ਹਾਂ ਨੂੰ ਹੌਸਲਾ ਦੇ ਸਕਾਂ।” ਜੇ ਤੁਸੀਂ ਕਿਸੇ ਹੋਰ ਬਜ਼ੁਰਗ ਨਾਲ ਕਿਸੇ ਨੂੰ ਮਿਲਣ ਜਾਣਾ ਹੈ, ਤਾਂ ਕਿਉਂ ਨਾ ਤੁਸੀਂ ਦੋਵੇਂ ਮਿਲ ਕੇ ਭੈਣ ਜਾਂ ਭਰਾ ਦੇ ਹਾਲਾਤਾਂ ਬਾਰੇ ਗੱਲ ਕਰੋ?
ਦਿਲ ਖੋਲ੍ਹ ਕੇ ਗੱਲਬਾਤ ਕਰਨ ਵਿਚ ਭੈਣਾਂ-ਭਰਾਵਾਂ ਦੀ ਮਦਦ ਕਰੋ
ਤੁਸੀਂ ਸਹਿਮਤ ਹੋਵੋਗੇ ਕਿ ਕਿਸੇ ਭੈਣ ਜਾਂ ਭਰਾ ਲਈ ਆਪਣੇ ਜਜ਼ਬਾਤਾਂ ਬਾਰੇ ਗੱਲ ਕਰਨੀ ਸੌਖੀ ਨਹੀਂ ਹੈ। ਸ਼ਾਇਦ ਉਸ ਲਈ ਬਜ਼ੁਰਗਾਂ ਨੂੰ ਆਪਣੇ ਦਿਲ ਦੀ ਗੱਲ ਦੱਸਣੀ ਮੁਸ਼ਕਲ ਹੋਵੇ। ਤੁਸੀਂ ਉਸ ਦੀ ਮਦਦ ਕਿਵੇਂ ਕਰ ਸਕਦੇ ਹੋ? ਤੁਸੀਂ ਮੁਸਕਰਾ ਕੇ ਉਸ ਨੂੰ ਪਿਆਰ ਭਰੇ ਸ਼ਬਦ ਕਹਿ ਸਕਦੇ ਹੋ। ਮਾਈਕਲ 40 ਸਾਲਾਂ ਤੋਂ ਬਜ਼ੁਰਗ ਹੈ। ਉਹ ਗੱਲਬਾਤ ਸ਼ੁਰੂ ਕਰਨ ਲਈ ਅਜਿਹਾ ਕੁਝ ਕਹਿੰਦਾ ਹੈ: “ਮੈਨੂੰ ਬਹੁਤ ਵਧੀਆ ਲੱਗਦਾ ਹੈ ਜਦ ਮੈਨੂੰ ਭੈਣਾਂ-ਭਰਾਵਾਂ ਨਾਲ ਬੈਠ ਕੇ ਉਨ੍ਹਾਂ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਦਾ ਮੌਕਾ ਮਿਲਦਾ ਹੈ। ਇਸ ਲਈ ਮੈਂ ਅੱਜ ਤੁਹਾਡੇ ਘਰ ਆ ਕੇ ਬਹੁਤ ਖ਼ੁਸ਼ ਹਾਂ।”
ਸ਼ਾਇਦ ਤੁਸੀਂ ਸ਼ੁਰੂ ਵਿਚ ਭੈਣ ਜਾਂ ਭਰਾ ਨਾਲ ਪ੍ਰਾਰਥਨਾ ਕਰ ਸਕਦੇ ਹੋ। ਪੌਲੁਸ ਰਸੂਲ ਨੇ ਆਪਣੀਆਂ ਪ੍ਰਾਰਥਨਾਵਾਂ ਵਿਚ ਭੈਣਾਂ-ਭਰਾਵਾਂ ਦੀ ਨਿਹਚਾ, ਪਿਆਰ ਅਤੇ ਧੀਰਜ ਦਾ ਜ਼ਿਕਰ ਕੀਤਾ ਸੀ। (1 ਥੱਸ. 1:2, 3) ਪ੍ਰਾਰਥਨਾ ਵਿਚ ਤੁਸੀਂ ਵੀ ਭੈਣ ਜਾਂ ਭਰਾ ਦੇ ਚੰਗੇ ਗੁਣਾਂ ਦਾ ਜ਼ਿਕਰ ਕਰ ਸਕਦੇ ਹੋ। ਇੱਦਾਂ ਤੁਸੀਂ ਆਪਣਾ ਅਤੇ ਉਸ ਦਾ ਦਿਲ ਤਿਆਰ ਕਰੋਗੇ ਤਾਂਕਿ ਤੁਹਾਡੀ ਦੋਹਾਂ ਦੀ ਚੰਗੀ ਗੱਲਬਾਤ ਹੋ ਸਕੇ। ਤੁਹਾਡੇ ਲਫ਼ਜ਼ ਉਸ ਨੂੰ ਦਿਲਾਸਾ ਦੇ ਸਕਦੇ ਹਨ। ਇਕ ਤਜਰਬੇਕਾਰ ਬਜ਼ੁਰਗ ਰੇਅ ਕਹਿੰਦਾ ਹੈ: “ਕਦੇ-ਕਦੇ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਕਿੰਨਾ ਕੁਝ ਕਰ ਰਹੇ ਹਾਂ। ਇਸ ਲਈ ਜਦ ਕੋਈ ਸਾਨੂੰ ਇਸ ਬਾਰੇ ਚੇਤੇ ਕਰਾਉਂਦਾ ਹੈ, ਤਾਂ ਸਾਨੂੰ ਬੜਾ ਚੰਗਾ ਲੱਗਦਾ ਹੈ।”
ਪਰਮੇਸ਼ੁਰ ਦੇ ਬਚਨ ਤੋਂ ਹੌਸਲਾ ਦਿਓ
ਪੌਲੁਸ ਵਾਂਗ ਤੁਸੀਂ ਬਾਈਬਲ ਰਾਹੀਂ ਭੈਣਾਂ-ਭਰਾਵਾਂ ਦਾ ਹੌਸਲਾ ਵਧਾ ਸਕਦੇ ਹੋ, ਭਾਵੇਂ ਤੁਸੀਂ ਸਿਰਫ਼ ਇਕ ਆਇਤ ਹੀ ਕਿਉਂ ਨਾ ਪੜ੍ਹੋ। (ਰੋਮੀ. 1:11) ਹੋ ਸਕਦਾ ਹੈ ਕਿ ਇਕ ਭਰਾ ਦੁਖੀ ਹੋਣ ਕਰਕੇ ਖ਼ੁਦ ਨੂੰ ਨਿਕੰਮਾ ਸਮਝੇ। ਉਹ ਸ਼ਾਇਦ ਜ਼ਬੂਰਾਂ ਦੇ ਇਕ ਲਿਖਾਰੀ ਵਾਂਗ ਮਹਿਸੂਸ ਕਰੇ ਜਿਸ ਨੇ ਕਿਹਾ: “ਮੈਂ ਤਾਂ ਧੂੰਏਂ ਵਿੱਚ ਦੀ ਮਸ਼ਕ ਵਾਂਙੁ ਹੋਇਆ, ਤਾਂ ਵੀ ਤੇਰੀਆਂ ਬਿਧੀਆਂ ਨੂੰ ਮੈਂ ਨਾ ਭੁੱਲਿਆ।” (ਜ਼ਬੂ. 119:83, 176) ਇਸ ਆਇਤ ਨੂੰ ਥੋੜ੍ਹਾ-ਬਹੁਤਾ ਸਮਝਾਉਣ ਤੋਂ ਬਾਅਦ ਤੁਸੀਂ ਉਸ ਭਰਾ ਨੂੰ ਕਹਿ ਸਕਦੇ ਹੋ ਕਿ ਤੁਹਾਨੂੰ ਯਕੀਨ ਹੈ ਕਿ ਉਹ ਵੀ ਪਰਮੇਸ਼ੁਰ ਦੇ ਹੁਕਮਾਂ ਨੂੰ ਨਹੀਂ “ਭੁੱਲਿਆ” ਹੈ।
ਮੰਨ ਲਓ ਕਿ ਇਕ ਭੈਣ ਮੰਡਲੀ ਤੋਂ ਹੌਲੀ-ਹੌਲੀ ਦੂਰ ਹੋ ਗਈ ਹੈ ਜਾਂ ਪਰਮੇਸ਼ੁਰ ਦੀ ਸੇਵਾ ਵਿਚ ਢਿੱਲੀ ਪੈ ਗਈ ਹੈ। ਤੁਸੀਂ ਇਕ ਗੁਆਚੇ ਹੋਏ ਸਿੱਕੇ ਦੀ ਮਿਸਾਲ ਵਰਤ ਕੇ ਉਸ ਦੀ ਮਦਦ ਕਰ ਸਕਦੇ ਹੋ। (ਲੂਕਾ 15:8-10) ਸ਼ਾਇਦ ਉਹ ਗੁਆਚਿਆ ਹੋਇਆ ਚਾਂਦੀ ਦਾ ਸਿੱਕਾ ਇਕ ਕੀਮਤੀ ਹਾਰ ਦਾ ਹਿੱਸਾ ਹੋਵੇ। ਇਸ ਮਿਸਾਲ ਦੀ ਮਦਦ ਨਾਲ ਤੁਸੀਂ ਭੈਣ ਨੂੰ ਸਮਝਾ ਸਕਦੇ ਹੋ ਕਿ ਮੰਡਲੀ ਵਿਚ ਉਸ ਦੀ ਵੀ ਲੋੜ ਹੈ। ਫਿਰ ਤੁਸੀਂ ਦੱਸ ਸਕਦੇ ਹੋ ਕਿ ਜਿਸ ਤਰ੍ਹਾਂ ਇਕ ਚਰਵਾਹੇ ਲਈ ਹਰੇਕ ਭੇਡ ਪਿਆਰੀ ਹੁੰਦੀ ਹੈ, ਉਸੇ ਤਰ੍ਹਾਂ ਯਹੋਵਾਹ ਆਪਣੇ ਹਰੇਕ ਸੇਵਕ, ਹਾਂ, ਉਸ ਨੂੰ ਵੀ ਬਹੁਤ ਪਿਆਰ ਕਰਦਾ ਹੈ।
ਆਮ ਤੌਰ ਤੇ ਭੈਣਾਂ-ਭਰਾਵਾਂ ਨੂੰ ਬਾਈਬਲ ਦੇ ਹਵਾਲਿਆਂ ਬਾਰੇ ਗੱਲ ਕਰ ਕੇ ਮਜ਼ਾ ਆਉਂਦਾ ਹੈ। ਸੋ ਉਨ੍ਹਾਂ ਨੂੰ ਵੀ ਗੱਲ ਕਰਨ ਦਾ ਮੌਕਾ ਦਿਓ! ਕੋਈ ਆਇਤ ਪੜ੍ਹਨ ਤੋਂ ਬਾਅਦ ਤੁਸੀਂ ਇਸ ਵਿੱਚੋਂ ਇਕ-ਦੋ ਖ਼ਾਸ ਸ਼ਬਦਾਂ ਬਾਰੇ ਉਨ੍ਹਾਂ ਨੂੰ ਆਪਣਾ ਵਿਚਾਰ ਦੱਸਣ ਲਈ ਕਹਿ ਸਕਦੇ ਹੋ। ਮਿਸਾਲ ਲਈ, 2 ਕੁਰਿੰਥੀਆਂ 4:16 ਪੜ੍ਹਨ ਤੋਂ ਬਾਅਦ ਇਕ ਬਜ਼ੁਰਗ ਪੁੱਛ ਸਕਦਾ ਹੈ: “ਯਹੋਵਾਹ ਨੇ ਕਿਨ੍ਹਾਂ ਤਰੀਕਿਆਂ ਨਾਲ ਤੁਹਾਨੂੰ ਤਾਕਤ ਦੇ ਕੇ ਅੰਦਰੋਂ ਨਵਾਂ ਬਣਾਇਆ ਹੈ?” ਇੱਦਾਂ ਗੱਲਬਾਤ ਕਰਨ ਰਾਹੀਂ ਤੁਹਾਨੂੰ ‘ਇਕ-ਦੂਜੇ ਦੀ ਨਿਹਚਾ ਤੋਂ ਹੌਸਲਾ ਮਿਲ ਸਕਦਾ ਹੈ।’—ਰੋਮੀ. 1:12.
ਆਮ ਤੌਰ ਤੇ ਭੈਣਾਂ-ਭਰਾਵਾਂ ਨੂੰ ਬਾਈਬਲ ਦੇ ਹਵਾਲਿਆਂ ਬਾਰੇ ਗੱਲ ਕਰ ਕੇ ਮਜ਼ਾ ਆਉਂਦਾ ਹੈ
ਤੁਸੀਂ ਬਾਈਬਲ ਤੋਂ ਕਿਸੇ ਦੀ ਮਿਸਾਲ ਦੇ ਕੇ ਵੀ ਭੈਣਾਂ-ਭਰਾਵਾਂ ਨੂੰ ਤਰੋ-ਤਾਜ਼ਾ ਕਰ ਸਕਦੇ ਹੋ। ਸ਼ਾਇਦ ਕੋਈ ਭੈਣ ਜਾਂ ਭਰਾ ਹੰਨਾਹ ਜਾਂ ਇਪਾਫ੍ਰੋਦੀਤੁਸ ਵਾਂਗ ਬਹੁਤ ਨਿਰਾਸ਼ ਹੋਵੋ। ਭਾਵੇਂ ਇਹ ਦੋਵੇਂ ਕਦੀ-ਕਦੀ ਦੁਖੀ ਤੇ ਉਦਾਸ ਹੁੰਦੇ ਸਨ, ਫਿਰ ਵੀ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ ਸਨ। (1 ਸਮੂ. 1:9-11, 20; ਫ਼ਿਲਿ. 2:25-30) ਕਿਉਂ ਨਾ ਬਾਈਬਲ ਤੋਂ ਉਨ੍ਹਾਂ ਦੀਆਂ ਮਿਸਾਲਾਂ ਵਰਤੋ ਜਿਨ੍ਹਾਂ ਦੇ ਹਾਲਾਤ ਭੈਣਾਂ-ਭਰਾਵਾਂ ਦੇ ਹਾਲਾਤਾਂ ਨਾਲ ਮਿਲਦੇ-ਜੁਲਦੇ ਹਨ?
ਉਨ੍ਹਾਂ ਦੀ ਮਦਦ ਕਰਦੇ ਰਹੋ
ਭੈਣਾਂ-ਭਰਾਵਾਂ ਨੂੰ ਮਿਲਣ ਤੋਂ ਬਾਅਦ ਵੀ ਉਨ੍ਹਾਂ ਦਾ ਹਾਲ-ਚਾਲ ਪਤਾ ਕਰਦੇ ਰਹੋ। ਇੱਦਾਂ ਤੁਸੀਂ ਉਨ੍ਹਾਂ ਨੂੰ ਆਪਣੇ ਪਿਆਰ ਦਾ ਸਬੂਤ ਦਿੰਦੇ ਰਹੋਗੇ। (ਰਸੂ. 15:36) ਆਪਣੀ ਗੱਲਬਾਤ ਖ਼ਤਮ ਕਰਨ ਤੋਂ ਪਹਿਲਾਂ ਉਨ੍ਹਾਂ ਨਾਲ ਪ੍ਰਚਾਰ ਵਿਚ ਜਾਣ ਦਾ ਪ੍ਰੋਗ੍ਰਾਮ ਬਣਾਓ। ਇਕ ਤਜਰਬੇਕਾਰ ਬਜ਼ੁਰਗ ਬਰਨਾਰਡ ਕਿਸੇ ਭੈਣ ਜਾਂ ਭਰਾ ਨੂੰ ਮਿਲਣ ਤੋਂ ਬਾਅਦ ਵੀ ਉਨ੍ਹਾਂ ਦਾ ਹਾਲ-ਚਾਲ ਪੁੱਛਦਾ ਰਹਿੰਦਾ ਹੈ। ਉਹ ਉਨ੍ਹਾਂ ਨੂੰ ਇਕ ਪਾਸੇ ਲਿਜਾ ਕੇ ਪੁੱਛਦਾ ਹੈ, “ਕੀ ਸਾਡੀ ਸਲਾਹ ਤੋਂ ਤੁਹਾਡੀ ਮਦਦ ਹੋਈ?” ਇੱਦਾਂ ਕਰ ਕੇ ਤੁਹਾਨੂੰ ਪਤਾ ਲੱਗੇਗਾ ਕਿ ਉਨ੍ਹਾਂ ਨੂੰ ਹੋਰ ਮਦਦ ਦੀ ਲੋੜ ਹੈ ਜਾਂ ਨਹੀਂ।
ਬਜ਼ੁਰਗੋ, ਪਹਿਲਾਂ ਨਾਲੋਂ ਅੱਜ ਤੁਹਾਨੂੰ ਭੈਣਾਂ-ਭਰਾਵਾਂ ਨੂੰ ਅਹਿਸਾਸ ਦਿਲਾਉਣ ਦੀ ਲੋੜ ਹੈ ਕਿ ਤੁਹਾਨੂੰ ਉਨ੍ਹਾਂ ਦਾ ਫ਼ਿਕਰ ਹੈ, ਤੁਸੀਂ ਉਨ੍ਹਾਂ ਨੂੰ ਸਮਝਦੇ ਹੋ ਤੇ ਪਿਆਰ ਕਰਦੇ ਹੋ। (1 ਥੱਸ. 5:11) ਇਸ ਲਈ ਤੁਸੀਂ ਕਿਸੇ ਨੂੰ ਮਿਲਣ ਜਾਣ ਤੋਂ ਪਹਿਲਾਂ, ਉਨ੍ਹਾਂ ਦੇ ਹਾਲਾਤਾਂ ਬਾਰੇ ਸੋਚ ਕੇ ਉਨ੍ਹਾਂ ਲਈ ਪ੍ਰਾਰਥਨਾ ਕਰੋ। ਨਾਲੇ ਬਾਈਬਲ ਵਿੱਚੋਂ ਢੁਕਵੀਆਂ ਆਇਤਾਂ ਚੁਣੋ ਜਿਨ੍ਹਾਂ ਤੋਂ ਉਨ੍ਹਾਂ ਨੂੰ ਫ਼ਾਇਦਾ ਹੋਵੇਗਾ। ਫਿਰ ਤੁਸੀਂ ਆਪਣੇ ਲਫ਼ਜ਼ਾਂ ਰਾਹੀਂ “ਥੱਕੇ ਹੋਏ ਦੀ ਜਾਨ” ਨੂੰ ਤਾਜ਼ਗੀ ਦੇ ਸਕੋਗੇ!
a ਨਾਂ ਬਦਲੇ ਗਏ ਹਨ।