ਅਜਿਹੀ ਮੁਲਾਕਾਤ ਜੋ ਬਰਕਤ ਸਾਬਤ ਹੋ ਸਕਦੀ ਹੈ
1 ਜ਼ੱਕੀ ਨੇ ਖ਼ੁਸ਼ੀ ਦੇ ਨਾਲ ਯਿਸੂ ਦਾ ਆਪਣੇ ਘਰ ਵਿਚ ਮਹਿਮਾਨ ਵਜੋਂ ਸੁਆਗਤ ਕੀਤਾ। ਅਤੇ ਇਹ ਮੁਲਾਕਾਤ ਕਿੰਨੀ ਵੱਡੀ ਬਰਕਤ ਸਾਬਤ ਹੋਈ!—ਲੂਕਾ 19:2-9.
2 ਅੱਜ, ਕਲੀਸਿਯਾ ਦੇ ਸਿਰ ਵਜੋਂ, ਯਿਸੂ ਮਸੀਹ ਬਜ਼ੁਰਗਾਂ ਨੂੰ ‘ਪਰਮੇਸ਼ੁਰ ਦੇ ਇੱਜੜ ਦੀ ਚਰਵਾਹੀ ਕਰਨ’ ਲਈ ਨਿਰਦੇਸ਼ਿਤ ਕਰਦਾ ਹੈ। (1 ਪਤ. 5:2, 3; ਯੂਹੰ. 21:15-17) ਸਭਾਵਾਂ ਵਿਚ ਸਿਖਾਉਣ ਅਤੇ ਖੇਤਰ ਸੇਵਾ ਵਿਚ ਅਗਵਾਈ ਕਰਨ ਤੋਂ ਇਲਾਵਾ, ਕਲੀਸਿਯਾ ਦੇ ਨਿਗਾਹਬਾਨ ਕਲੀਸਿਯਾ ਦੇ ਅਲੱਗ-ਅਲੱਗ ਮੈਂਬਰ ਨੂੰ ਵੀ ਪ੍ਰੇਮਮਈ ਅਤੇ ਨਿੱਜੀ ਸਹਾਇਤਾ ਦਿੰਦੇ ਹਨ। ਇਸ ਲਈ ਸਮੇਂ-ਸਮੇਂ ਤੇ, ਤੁਸੀਂ ਆਪਣੇ ਘਰ ਵਿਚ, ਜਾਂ ਰਾਜ ਗ੍ਰਹਿ ਵਿਖੇ, ਜਾਂ ਉਨ੍ਹਾਂ ਨਾਲ ਖੇਤਰ ਸੇਵਾ ਵਿਚ ਕੰਮ ਕਰਦੇ ਸਮੇਂ, ਜਾਂ ਹੋਰ ਕਿਸੇ ਮੌਕੇ ਤੇ ਬਜ਼ੁਰਗਾਂ ਤੋਂ ਨਿੱਜੀ ਸਹਾਇਤਾ ਪ੍ਰਾਪਤ ਕਰਨ ਦੀ ਉਮੀਦ ਰੱਖ ਸਕਦੇ ਹੋ। ਕੀ ਤੁਹਾਨੂੰ ਬਜ਼ੁਰਗਾਂ ਦੀਆਂ ਮੁਲਾਕਾਤਾਂ ਤੋਂ ਡਰਨਾ ਚਾਹੀਦਾ ਹੈ? ਬਿਲਕੁਲ ਨਹੀਂ। ਤੁਹਾਡੇ ਨਾਲ ਉਨ੍ਹਾਂ ਦੀਆਂ ਮੁਲਾਕਾਤਾਂ ਦਾ ਇਹ ਮਤਲਬ ਨਹੀਂ ਕਿ ਤੁਸੀਂ ਕੁਝ ਗ਼ਲਤ ਕੀਤਾ ਹੈ। ਤਾਂ ਫਿਰ, ਰਹਿਨੁਮਾਈ ਮੁਲਾਕਾਤ ਦਾ ਕੀ ਮਕਸਦ ਹੈ?
3 ਪੌਲੁਸ ਨੇ ਕਿਹਾ ਕਿ ਉਹ ਭਰਾਵਾਂ ਨਾਲ ਮੁਲਾਕਾਤ ਕਰਨਾ ਚਾਹੁੰਦਾ ਸੀ ਤਾਂਕਿ ‘ਖਬਰ ਲੈ ਸਕੇ ਭਈ ਉਨ੍ਹਾਂ ਦਾ ਕੀ ਹਾਲ ਸੀ।’ (ਰਸੂ. 15:36) ਜੀ ਹਾਂ, ਪ੍ਰੇਮਮਈ ਚਰਵਾਹੇ ਹੋਣ ਦੇ ਨਾਤੇ, ਬਜ਼ੁਰਗ ਬਹੁਤ ਦਿਲਚਸਪੀ ਰੱਖਦੇ ਹਨ ਕਿ ਤੁਹਾਡਾ ਕੀ ਹਾਲ ਹੈ। ਉਹ ਅਧਿਆਤਮਿਕ ਸਹਾਇਤਾ ਦੇਣੀ ਚਾਹੁੰਦੇ ਹਨ ਜੋ ਤੁਹਾਡੇ ਲਈ ਸਹਾਈ ਅਤੇ ਉਤਸ਼ਾਹਜਨਕ ਹੋ ਸਕਦੀ ਹੈ। ਸਾਡਾ ਪ੍ਰੇਮਮਈ ਚਰਵਾਹਾ ਯਹੋਵਾਹ ਚਾਹੁੰਦਾ ਹੈ ਕਿ ਸਾਡੇ ਸਾਰਿਆਂ ਦੀ ਇਸ ਤਰ੍ਹਾਂ ਨਾਲ ਨਿੱਜੀ ਦੇਖ-ਭਾਲ ਕੀਤੀ ਜਾਵੇ।—ਹਿਜ਼. 34:11.
4 ਬਜ਼ੁਰਗਾਂ ਦੀਆਂ ਮੁਲਾਕਾਤਾਂ ਦਾ ਸੁਆਗਤ ਕਰੋ: ਆਪਣੇ ਭਰਾਵਾਂ ਨਾਲ ਮੁਲਾਕਾਤ ਕਰਨ ਦਾ ਪੌਲੁਸ ਦਾ ਟੀਚਾ ਸੀ ‘ਉਨ੍ਹਾਂ ਨੂੰ ਉਨ੍ਹਾਂ ਦੇ ਉਤਸਾਹ ਦੇ ਲਈ ਆਤਮਿਕ ਵਰਦਾਨ ਦੇਣਾ, ਅਤੇ ਕਿ ਦੋਵੇਂ ਧਿਰਾਂ ਉਤਸਾਹ ਪ੍ਰਾਪਤ ਕਰਨ।’ (ਰੋਮੀ. 1:11, 12, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਨ੍ਹਾਂ ਅੰਤ ਦਿਆਂ ਕਠਿਨ ਦਿਨਾਂ ਵਿਚ ਸਾਨੂੰ ਸਾਰਿਆਂ ਨੂੰ ਅਧਿਆਤਮਿਕ ਉਤਸ਼ਾਹ ਦੀ ਲੋੜ ਹੈ, ਅਤੇ ਨਿਹਚਾ ਵਿਚ ਦ੍ਰਿੜ੍ਹ ਰਹਿਣ ਦੇ ਲਈ ਮਦਦ ਦੀ ਵੀ ਲੋੜ ਹੈ। ਰਹਿਨੁਮਾਈ ਮੁਲਾਕਾਤ ਪ੍ਰਤੀ ਤੁਹਾਡੀ ਸਕਾਰਾਤਮਕ ਪ੍ਰਤਿਕ੍ਰਿਆ ਦੇ ਕਾਰਨ ਨਿਰਸੰਦੇਹ ਦੋਵੇਂ ਧਿਰਾਂ ਉਤਸ਼ਾਹ ਪ੍ਰਾਪਤ ਕਰਨਗੀਆਂ।
5 ਬਜ਼ੁਰਗਾਂ ਦੇ ਰਹਿਨੁਮਾਈ ਕੰਮ ਤੋਂ ਪ੍ਰਾਪਤ ਹੋਣ ਵਾਲੇ ਅਨੇਕ ਲਾਭਾਂ ਦੀ ਕਦਰ ਕਰੋ। ਜੇਕਰ ਅਜਿਹਾ ਕੋਈ ਮਾਮਲਾ ਜਾਂ ਸਵਾਲ ਹੈ ਜਿਸ ਬਾਰੇ ਤੁਸੀਂ ਚਿੰਤਿਤ ਹੋ, ਤਾਂ ਯਾਦ ਰੱਖੋ ਕਿ ਮਦਦ ਕਰਨ ਲਈ ਕਲੀਸਿਯਾ ਵਿਚ ਬਜ਼ੁਰਗ ਮੌਜੂਦ ਹਨ। ਉਨ੍ਹਾਂ ਨਾਲ ਅਜਿਹੇ ਕਿਸੇ ਵੀ ਮਾਮਲੇ ਬਾਰੇ ਗੱਲ ਕਰਨ ਤੋਂ ਨਾ ਹਿਚਕਿਚਾਓ ਜੋ ਤੁਹਾਡੇ ਅਧਿਆਤਮਿਕ ਕਲਿਆਣ ਉੱਤੇ ਅਸਰ ਪਾ ਰਿਹਾ ਹੈ। ਯਹੋਵਾਹ ਵੱਲੋਂ ਕੀਤੇ ਗਏ ਇਸ ਪ੍ਰੇਮਮਈ ਪ੍ਰਬੰਧ ਦੀ ਕਦਰ ਕਰੋ, ਅਤੇ ਅਜਿਹੀ ਮੁਲਾਕਾਤ ਤੋਂ ਪ੍ਰਾਪਤ ਹੋਣ ਵਾਲੀਆਂ ਬਰਕਤਾਂ ਵਿਚ ਆਨੰਦਿਤ ਹੋਵੋ।