ਖੁੱਲ੍ਹੇ ਦਿਲ ਨਾਲ, ਪਰ ਸਮਝਦਾਰੀ ਨਾਲ ਬੀਜੋ
1 ਹਰ ਕਿਸਾਨ ਨੂੰ ਪਤਾ ਹੈ ਕਿ ਜੇ ਉਹ ਖੁੱਲ੍ਹੇ ਦਿਲ ਨਾਲ ਬੀਜੇਗਾ, ਤਾਂ ਉਹ ਖੁੱਲ੍ਹੇ ਦਿਲ ਨਾਲ ਵੱਢੇਗਾ ਵੀ। ਪਰ ਜੇ ਉਹ ਬੀਜਣ ਵਿਚ ਸਰਫ਼ਾ ਕਰਦਾ ਹੈ, ਤਾਂ ਉਸ ਦੀ ਫ਼ਸਲ ਵੀ ਘੱਟ ਹੀ ਹੋਵੇਗੀ। (2 ਕੁਰਿੰ. 9:6) ਕਿਸਾਨ ਇਸ ਗੱਲ ਦਾ ਬੜਾ ਧਿਆਨ ਰੱਖਦੇ ਹਨ ਕਿ ਉਹ ਅਜਿਹੀ ਜ਼ਮੀਨ ਤੇ ਬੀਜਾਈ ਕਰ ਕੇ ਆਪਣੇ ਬੀ ਫ਼ਜ਼ੂਲ ਨਹੀਂ ਗਵਾਉਣਗੇ ਜਿੱਥੇ ਪੈਦਾਵਾਰ ਹੋਣ ਦੀ ਸੰਭਾਵਨਾ ਨਹੀਂ ਹੈ। ਇਸੇ ਤਰ੍ਹਾਂ, ਸੇਵਕਾਈ ਵਿਚ ਸਾਹਿੱਤ ਪੇਸ਼ ਕਰਨ ਵੇਲੇ ਸਾਨੂੰ ਵੀ ਸਮਝਦਾਰੀ ਵਰਤਣ ਦੀ ਲੋੜ ਹੈ। ਸਾਨੂੰ ਉਨ੍ਹਾਂ ਲੋਕਾਂ ਨੂੰ ਹੀ ਸਾਹਿੱਤ ਦੇਣਾ ਚਾਹੀਦਾ ਹੈ ਜੋ ਇਸ ਨੂੰ ਪੜ੍ਹਨਗੇ। ਅਸੀਂ ਸੱਚੇ ਦਿਲ ਵਾਲੇ ਲੋਕਾਂ ਨੂੰ ਯਹੋਵਾਹ ਦੀ ਦਇਆ ਅਤੇ ਉਸ ਦੇ ਰਾਜ ਦੀ ਉਮੀਦ ਬਾਰੇ ਸਿੱਖਣ ਦਾ ਮੌਕਾ ਦੇਣਾ ਚਾਹੁੰਦੇ ਹਾਂ।
2 ਕੀ ਤੁਹਾਡੇ ਘਰ ਰਸਾਲਿਆਂ, ਬਰੋਸ਼ਰਾਂ ਅਤੇ ਦੂਜੇ ਪ੍ਰਕਾਸ਼ਨਾਂ ਦਾ ਢੇਰ ਲੱਗ ਰਿਹਾ ਹੈ ਜਦ ਕਿ ਇਨ੍ਹਾਂ ਨੂੰ ਤੁਸੀਂ ਆਪਣੇ ਇਲਾਕੇ ਦੇ ਲੋਕਾਂ ਨੂੰ ਸੱਚਾਈ ਦਾ ਗਿਆਨ ਦੇਣ ਲਈ ਵਰਤ ਸਕਦੇ ਸੀ? (ਮੱਤੀ 25:25 ਨਾਲ ਤੁਲਨਾ ਕਰੋ।) ਕੀ ਤੁਸੀਂ ਪ੍ਰਚਾਰ ਕਰਨ ਵੇਲੇ ਲੋਕਾਂ ਨੂੰ ਰਸਾਲੇ ਜਾਂ ਹੋਰ ਪ੍ਰਕਾਸ਼ਨ ਦੇਣ ਤੋਂ ਕਦੇ-ਕਦੇ ਇਸ ਲਈ ਝਿਜਕਦੇ ਹੋ ਕਿਉਂਕਿ ਤੁਹਾਨੂੰ ਇਹ ਕਹਿਣਾ ਚੰਗਾ ਨਹੀਂ ਲੱਗਦਾ ਕਿ ਰਾਜ ਦਾ ਪ੍ਰਚਾਰ ਕਿਸ ਦੇ ਸਹਾਰੇ ਚੱਲਦਾ ਹੈ? ਤਜਰਬੇਕਾਰ ਪ੍ਰਕਾਸ਼ਕਾਂ ਨੇ ਦੇਖਿਆ ਹੈ ਕਿ ਜਦੋਂ ਲੋਕਾਂ ਨੂੰ ਸਰਲ ਤੇ ਸਪੱਸ਼ਟ ਸ਼ਬਦਾਂ ਵਿਚ ਦੱਸਿਆ ਜਾਂਦਾ ਹੈ ਕਿ ਰਾਜ ਦੇ ਕੰਮ ਲਈ ਦਿੱਤੇ ਜਾਂਦੇ ਚੰਦਿਆਂ ਨੂੰ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ, ਤਾਂ ਕਦਰਦਾਨ ਲੋਕ ਦਰਿਆ-ਦਿਲੀ ਦਿਖਾਉਂਦੇ ਹਨ।
3 ਤੁਸੀਂ ਕਹਿ ਸਕਦੇ ਹੋ:
◼ “ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ਅਸੀਂ ਬਿਨਾਂ ਕੋਈ ਪੈਸਾ ਲਏ ਸਾਹਿੱਤ ਕਿੱਦਾਂ ਦੇ ਸਕਦੇ ਹਾਂ। ਇਹ ਦੁਨੀਆਂ ਭਰ ਵਿਚ ਕੀਤੇ ਜਾਂਦੇ ਸਿੱਖਿਆਦਾਇਕ ਕੰਮ ਦਾ ਇਕ ਹਿੱਸਾ ਹੈ ਜੋ ਲੋਕਾਂ ਵੱਲੋਂ ਆਪਣੀ ਮਰਜ਼ੀ ਨਾਲ ਦਿੱਤੇ ਜਾਂਦੇ ਚੰਦਿਆਂ ਦੇ ਸਹਾਰੇ ਚੱਲਦਾ ਹੈ। ਜੇ ਤੁਸੀਂ ਇਸ ਕੰਮ ਦੇ ਲਈ ਕੁਝ ਚੰਦਾ ਦੇਣਾ ਚਾਹੁੰਦੇ ਹੋ, ਤਾਂ ਮੈਨੂੰ ਇਹ ਚੰਦਾ ਲੈਣ ਵਿਚ ਬੜੀ ਖ਼ੁਸ਼ੀ ਹੋਵੇਗੀ।”
4 ਕਈ ਲੋਕ ਪੁੱਛਣਗੇ ਕਿ ਪ੍ਰਕਾਸ਼ਨ ਕਿੰਨੇ ਦਾ ਹੈ।
ਤੁਸੀਂ ਕਹਿ ਸਕਦੇ ਹੋ:
◼ “ਇਸ ਦੀ ਕੋਈ ਕੀਮਤ ਨਿਸ਼ਚਿਤ ਨਹੀਂ ਕੀਤੀ ਗਈ ਕਿਉਂਕਿ ਸਾਡਾ ਕੰਮ ਲੋਕਾਂ ਦੁਆਰਾ ਆਪਣੀ ਮਰਜ਼ੀ ਨਾਲ ਦਿੱਤੇ ਜਾਂਦੇ ਚੰਦਿਆਂ ਦੇ ਸਹਾਰੇ ਚੱਲਦਾ ਹੈ। ਜੇ ਤੁਸੀਂ ਅੱਜ ਕੁਝ ਚੰਦਾ ਦੇਣਾ ਚਾਹੁੰਦੇ ਹੋ, ਤਾਂ ਸਾਨੂੰ ਇਹ ਲੈਣ ਵਿਚ ਖ਼ੁਸ਼ੀ ਹੋਵੇਗੀ। ਤੁਹਾਡਾ ਚੰਦਾ ਦੁਨੀਆਂ ਭਰ ਵਿਚ ਕੀਤੇ ਜਾਂਦੇ ਸਿੱਖਿਆਦਾਇਕ ਕੰਮ ਲਈ ਵਰਤਿਆ ਜਾਵੇਗਾ।”
ਜਾਂ ਤੁਸੀਂ ਕਹਿ ਸਕਦੇ ਹੋ:
◼ “ਅਸੀਂ ਉਨ੍ਹਾਂ ਸਾਰਿਆਂ ਲੋਕਾਂ ਨੂੰ ਇਹ ਸਾਹਿੱਤ ਪੜ੍ਹਨ ਲਈ ਦਿੰਦੇ ਹਾਂ ਜੋ ਬਾਈਬਲ ਬਾਰੇ ਹੋਰ ਜ਼ਿਆਦਾ ਸਿੱਖਣਾ ਚਾਹੁੰਦੇ ਹਨ। ਜੇ ਤੁਸੀਂ ਦੁਨੀਆਂ ਭਰ ਵਿਚ ਕੀਤੇ ਜਾ ਰਹੇ ਇਸ ਕੰਮ ਲਈ ਕੁਝ ਚੰਦਾ ਦੇਣਾ ਚਾਹੁੰਦੇ ਹੋ, ਤਾਂ ਤੁਹਾਡਾ ਚੰਦਾ ਸੰਸਥਾ ਨੂੰ ਪਹੁੰਚਾਉਣ ਵਿਚ ਮੈਨੂੰ ਖ਼ੁਸ਼ੀ ਹੋਵੇਗੀ।”
5 ਰਸਾਲੇ ਵੰਡਦੇ ਸਮੇਂ ਕੁਝ ਪ੍ਰਕਾਸ਼ਕ ਰਸਾਲੇ ਦਾ ਅੰਦਰਲਾ ਸਫ਼ਾ ਦਿਖਾ ਕੇ ਕਹਿੰਦੇ ਹਨ:
◼ “ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ, ਸਾਡਾ ਕੰਮ ਲੋਕਾਂ ਦੁਆਰਾ ਆਪਣੀ ਮਰਜ਼ੀ ਨਾਲ ਦਿੱਤੇ ਜਾਂਦੇ ਚੰਦਿਆਂ ਦੀ ਮਦਦ ਨਾਲ ਚੱਲਦਾ ਹੈ। ਜੇ ਤੁਸੀਂ ਇਸ ਕੰਮ ਵਿਚ ਮਦਦ ਕਰਨ ਲਈ ਕੁਝ ਚੰਦਾ ਦੇਣਾ ਚਾਹੁੰਦੇ ਹੋ, ਤਾਂ ਮੈਂ ਤੁਹਾਡਾ ਇਹ ਦਾਨ ਸੰਸਥਾ ਨੂੰ ਭੇਜ ਦੇਵਾਂਗਾ।”
ਇਕ ਹੋਰ ਆਸਾਨ ਤਰੀਕਾ:
◼ “ਹਾਲਾਂਕਿ ਅਸੀਂ ਬਿਨਾਂ ਕੋਈ ਪੈਸਾ ਲਏ ਇਹ ਸਾਹਿੱਤ ਦਿੰਦੇ ਹਾਂ, ਪਰ ਜੇ ਕੋਈ ਦੁਨੀਆਂ ਭਰ ਵਿਚ ਕੀਤੇ ਜਾਂਦੇ ਇਸ ਕੰਮ ਲਈ ਕੁਝ ਚੰਦਾ ਦੇਣਾ ਚਾਹੁੰਦਾ ਹੈ, ਤਾਂ ਅਸੀਂ ਖ਼ੁਸ਼ੀ ਨਾਲ ਲੈਂਦੇ ਹਾਂ।”
6 ਸਾਨੂੰ ਕਦੇ ਵੀ ਰਾਜ ਦਾ ਬੀ ਬੀਜਣ ਤੋਂ ਇਸ ਲਈ ਪਿੱਛੇ ਨਹੀਂ ਹਟ ਜਾਣਾ ਚਾਹੀਦਾ ਕਿਉਂਕਿ ਅਸੀਂ ਇਹ ਕਹਿਣ ਤੋਂ ਝਿਜਕਦੇ ਹਾਂ ਕਿ ਸਾਡੇ ਕੰਮ ਲਈ ਪੈਸਾ ਕਿੱਥੋਂ ਆਉਂਦਾ ਹੈ। ਪਰ ਸਾਹਿੱਤ ਦੇਣ ਵੇਲੇ ਸਾਨੂੰ ਸਮਝਦਾਰੀ ਵਰਤਣ ਦੀ ਲੋੜ ਹੈ ਤਾਂਕਿ ਸਾਡਾ ਸਾਹਿੱਤ ਬੇਕਾਰ ਹੀ ‘ਪਥਰੇਲੀ ਮਿੱਟੀ’ ਵਰਗੇ ਦਿਲ ਵਾਲੇ ਲੋਕਾਂ ਦੇ ਹੱਥ ਨਾ ਚਲਿਆ ਜਾਵੇ। (ਮਰ. 4:5, 6, 16, 17) ਸਾਡੀ ਖ਼ੁਸ਼ ਖ਼ਬਰੀ ਦੀ ਕਦਰ ਕਰਨ ਵਾਲੇ ਲੋਕ ਸਾਡੇ ਇਸ ਕੰਮ ਦੇ ਲਈ ਖ਼ੁਸ਼ੀ ਨਾਲ ਦਾਨ ਕਰਦੇ ਹਨ।—ਮੱਤੀ 10:42 ਨਾਲ ਤੁਲਨਾ ਕਰੋ।