ਕੌਣ ਸਾਡੇ ਸੰਦੇਸ਼ ਨੂੰ ਸੁਣੇਗਾ?
1 ਮਾਨਵ ਇਤਿਹਾਸ ਵਿਚ ਪਹਿਲੀ ਵਾਰ, ਲੋਕਾਂ ਉੱਤੇ ਜਾਣਕਾਰੀ ਦੀ ਬੁਛਾੜ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ ਅਧਿਕਤਰ ਜਾਣਕਾਰੀ ਫ਼ਜ਼ੂਲ ਅਤੇ ਗੁਮਰਾਹ ਕਰਨ ਵਾਲੀ ਹੈ। ਸਿੱਟੇ ਵਜੋਂ, ਅਨੇਕ ਲੋਕ ਦਬੇ ਹੋਏ ਮਹਿਸੂਸ ਕਰਦੇ ਹਨ, ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸੰਦੇਸ਼ ਸੁਣਨ ਲਈ ਮਨਾਉਣਾ ਸਾਡੇ ਲਈ ਇਕ ਚੁਣੌਤੀ ਬਣ ਜਾਂਦਾ ਹੈ। ਉਨ੍ਹਾਂ ਨੂੰ ਅਹਿਸਾਸ ਨਹੀਂ ਹੈ ਕਿ ਪਰਮੇਸ਼ੁਰ ਦਾ ਬਚਨ ਸੁਣਨ ਦੇ ਨਾਲ ਉਨ੍ਹਾਂ ਉੱਤੇ ਕਿੰਨਾ ਹੀ ਚੰਗਾ ਪ੍ਰਭਾਵ ਪੈ ਸਕਦਾ ਹੈ।—ਲੂਕਾ 11:28.
2 ਅਸੀਂ ਆਨੰਦਿਤ ਹਾਂ ਕਿ ਸੰਸਾਰ ਦੇ ਅਨੇਕ ਹਿੱਸਿਆਂ ਵਿਚ, ਹਜ਼ਾਰਾਂ ਲੋਕ ਇਸ ਸੰਦੇਸ਼ ਨੂੰ ਸੁਣ ਰਹੇ ਹਨ ਅਤੇ ਸਾਡੀ ਗ੍ਰਹਿ ਬਾਈਬਲ ਅਧਿਐਨ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਰਹੇ ਹਨ। ਪਰੰਤੂ, ਦੂਜੇ ਖੇਤਰਾਂ ਵਿਚ, ਪ੍ਰਤਿਕ੍ਰਿਆ ਇੰਨੀ ਚੰਗੀ ਨਹੀਂ ਹੈ। ਸੇਵਕਾਈ ਵਿਚ ਅਸੀਂ ਜਿਨ੍ਹਾਂ ਨੂੰ ਮਿਲਦੇ ਹਾਂ, ਉਨ੍ਹਾਂ ਵਿੱਚੋਂ ਅਧਿਕਤਰ ਲੋਕ ਚੰਗੀ ਪ੍ਰਤਿਕ੍ਰਿਆ ਨਹੀਂ ਦਿਖਾਉਂਦੇ ਹਨ, ਅਤੇ ਅਸੀਂ ਸ਼ਾਇਦ ਵਿਚਾਰ ਕਰੀਏ ਕਿ ਕੌਣ ਸਾਡੇ ਸੰਦੇਸ਼ ਨੂੰ ਸੁਣੇਗਾ।
3 ਸਾਨੂੰ ਨਿਰਉਤਸ਼ਾਹਿਤ ਹੋਣ ਤੋਂ ਬਚੇ ਰਹਿਣਾ ਚਾਹੀਦਾ ਹੈ। ਪੌਲੁਸ ਨੇ ਸਮਝਾਇਆ: ‘ਹਰੇਕ ਜਿਹੜਾ ਪ੍ਰਭੁ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ। ਪਰ ਜਿਹ ਦੀ ਖਬਰ ਸੁਣੀ ਹੀ ਨਹੀਂ ਓਹ ਉਸ ਦਾ ਨਾਮ ਕਿੱਕੁਰ ਲੈਣ? ਅਤੇ ਪਰਚਾਰਕ ਬਾਝੋਂ ਕਿੱਕੁਰ ਸੁਣਨ? ਜਿਵੇਂ ਲਿਖਿਆ ਹੋਇਆ ਹੈ ਭਈ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ ਖਬਰੀ ਸੁਣਾਉਂਦੇ ਹਨ ਓਹਨਾਂ ਦੇ ਚਰਨ ਕਿਹੇ ਸੁੰਦਰ ਹਨ!’ (ਰੋਮੀ. 10:13-15) ਜੇਕਰ ਅਸੀਂ ਉੱਦਮੀ ਢੰਗ ਨਾਲ ਰਾਜ ਦੇ ਬੀ ਨੂੰ ਬੀਜਦੇ ਹਾਂ, ਤਾਂ ਪਰਮੇਸ਼ੁਰ ਇਸ ਨੂੰ ਨੇਕਦਿਲ ਵਿਅਕਤੀਆਂ ਦੇ ਵਿਚ ਵਧਾਏਗਾ।—1 ਕੁਰਿੰ. 3:6.
4 ਕੁੰਜੀ ਹੈ ਨਿਯਮਿਤ ਪੁਨਰ-ਮੁਲਾਕਾਤ ਕਰਨਾ: ਉਨ੍ਹਾਂ ਖੇਤਰਾਂ ਵਿਚ ਜਿੱਥੇ ਇੰਜ ਜਾਪਦਾ ਹੈ ਕਿ ਘੱਟ ਹੀ ਲੋਕ ਸਾਡੇ ਸੰਦੇਸ਼ ਨੂੰ ਸੁਣਦੇ ਹਨ, ਸਾਨੂੰ ਜੋ ਵੀ ਦਿਲਚਸਪੀ ਮਿਲੇ ਉਸ ਨੂੰ ਵਿਕਸਿਤ ਕਰਨ ਉੱਤੇ ਧਿਆਨ ਲਗਾਉਣਾ ਚਾਹੀਦਾ ਹੈ, ਭਾਵੇਂ ਉਨ੍ਹਾਂ ਨੇ ਸਾਹਿੱਤ ਲਿਆ ਹੈ ਜਾਂ ਨਹੀਂ। ਇਹ ਸਿੱਟਾ ਕੱਢਣ ਵਿਚ ਜਲਦਬਾਜ਼ੀ ਕਿਉਂ ਕਰੀਏ ਕਿ ਕੁਝ ਵੀ ਸੰਪੰਨ ਨਹੀਂ ਹੋਵੇਗਾ? ਜਦੋਂ ਅਸੀਂ ਬੀ ਬੀਜਦੇ ਹਾਂ, ਤਾਂ ਸਾਨੂੰ ਇਹ ਪਤਾ ਨਹੀਂ ਹੁੰਦਾ ਹੈ ਕਿ ਇਹ ਕਿੱਥੇ ਸਫ਼ਲ ਹੋਵੇਗਾ। (ਉਪ. 11:6) ਭਾਵੇਂ ਥੋੜ੍ਹੇ ਸਮੇਂ ਲਈ ਹੀ ਹੋਵੇ, ਜੇਕਰ ਅਸੀਂ ਸ਼ਾਸਤਰ ਵਿੱਚੋਂ ਕੁਝ ਸਾਂਝਾ ਕਰਨ ਲਈ ਤਿਆਰੀ ਕਰ ਕੇ ਵਾਪਸ ਜਾਂਦੇ ਹਾਂ, ਤਾਂ ਅਸੀਂ ਸ਼ਾਇਦ ਉਸ ਵਿਅਕਤੀ ਦੇ ਦਿਲ ਤਕ ਪਹੁੰਚ ਸਕੀਏ। ਅਸੀਂ ਇਕ ਟ੍ਰੈਕਟ ਛੱਡ ਸਕਦੇ ਹਾਂ ਜਾਂ ਚਾਲੂ ਰਸਾਲੇ ਪੇਸ਼ ਕਰ ਸਕਦੇ ਹਾਂ। ਆਖ਼ਰਕਾਰ, ਅਸੀਂ ਸ਼ਾਇਦ ਇਕ ਬਾਈਬਲ ਅਧਿਐਨ ਪ੍ਰਦਰਸ਼ਿਤ ਕਰ ਸਕੀਏ। ਅਸੀਂ ਸੁਖਾਵੇਂ ਢੰਗ ਨਾਲ ਹੈਰਾਨ ਹੋਵਾਂਗੇ ਕਿ ਯਹੋਵਾਹ ਸਾਡੇ ਜਤਨਾਂ ਨੂੰ ਕਿੰਨੀ ਬਰਕਤ ਦਿੰਦਾ ਹੈ।—ਜ਼ਬੂ. 126:5, 6.
5 ਇਕ ਔਰਤ, ਜਿਸ ਨੇ ਥੋੜ੍ਹੀ ਬਹੁਤ ਦਿਲਚਸਪੀ ਦਿਖਾਈ ਸੀ, ਨੂੰ ਇਕ ਟ੍ਰੈਕਟ ਦਿੱਤਾ ਗਿਆ। ਇਸ ਮਗਰੋਂ ਉਹ ਦੋ ਮਹੀਨਿਆਂ ਲਈ ਘਰ ਵਿਖੇ ਨਹੀਂ ਮਿਲੀ, ਅਤੇ ਜਦੋਂ ਮਿਲੀ ਵੀ ਤਾਂ ਉਦੋਂ ਉਸ ਕੋਲ ਗੱਲ ਕਰਨ ਦਾ ਸਮਾਂ ਨਹੀਂ ਸੀ। ਉਹੋ ਟ੍ਰੈਕਟ ਉਸ ਨੂੰ ਦੁਬਾਰਾ ਦਿੱਤਾ ਗਿਆ। ਪ੍ਰਕਾਸ਼ਕ ਵੱਲੋਂ ਉਸ ਨੂੰ ਉਸ ਦੇ ਘਰ ਵਿਖੇ ਮਿਲਣ ਦੇ ਦ੍ਰਿੜ੍ਹ ਜਤਨਾਂ ਦੇ ਬਾਵਜੂਦ, ਉਸ ਨਾਲ ਸੰਪਰਕ ਕਰਨ ਲਈ ਤਿੰਨ ਹੋਰ ਮਹੀਨੇ ਲੱਗ ਗਏ, ਪਰੰਤੂ ਉਦੋਂ ਉਹ ਬੀਮਾਰ ਸੀ। ਭੈਣ ਅਗਲੇ ਹਫ਼ਤੇ ਫਿਰ ਗਈ, ਅਤੇ ਟ੍ਰੈਕਟ ਦੇ ਬਾਰੇ ਇਕ ਸੰਖੇਪ ਗੱਲਬਾਤ ਸ਼ੁਰੂ ਹੋਈ। ਜਦੋਂ ਭੈਣ ਇਕ ਹਫ਼ਤੇ ਮਗਰੋਂ ਵਾਪਸ ਗਈ, ਤਾਂ ਔਰਤ ਨੇ ਰਾਜ ਸੰਦੇਸ਼ ਵਿਚ ਸੱਚੀ ਦਿਲਚਸਪੀ ਦਿਖਾਈ। ਉਸ ਦੇ ਜੀਵਨ ਵਿਚ ਬਦਲੇ ਹਾਲਾਤ ਨੇ ਉਸ ਨੂੰ ਆਪਣੀ ਅਧਿਆਤਮਿਕ ਆਵੱਸ਼ਕਤਾ ਬਾਰੇ ਸਚੇਤ ਕੀਤਾ। ਇਕ ਬਾਈਬਲ ਅਧਿਐਨ ਸ਼ੁਰੂ ਕੀਤਾ ਗਿਆ, ਅਤੇ ਇਸ ਮਗਰੋਂ ਉਸ ਨੇ ਹਰ ਹਫ਼ਤੇ ਜੋਸ਼ ਨਾਲ ਅਧਿਐਨ ਕੀਤਾ।
6 ਜੇਕਰ ਅਸੀਂ ਕਿਸੇ ਵੀ ਚੀਜ਼ ਨੂੰ ਵਧਦੇ ਹੋਏ ਦੇਖਣਾ ਚਾਹੁੰਦੇ ਹਾਂ, ਭਾਵੇਂ ਇਹ ਫੁੱਲ ਹੋਵੇ, ਸਬਜ਼ੀ ਹੋਵੇ, ਜਾਂ ਰਾਜ ਸੰਦੇਸ਼ ਵਿਚ ਦਿਲਚਸਪੀ ਹੀ ਕਿਉਂ ਨਾ ਹੋਵੇ, ਵਾਹੀ ਦੀ ਜ਼ਰੂਰਤ ਪੈਂਦੀ ਹੈ। ਇਸ ਵਿਚ ਸਮੇਂ, ਜਤਨ, ਪਰਵਾਹ ਭਰਪੂਰ ਮਨੋਬਿਰਤੀ, ਅਤੇ ਹਾਰ ਨਾ ਮੰਨਣ ਲਈ ਦ੍ਰਿੜ੍ਹ ਸੰਕਲਪ ਦੀ ਜ਼ਰੂਰਤ ਹੈ। ਪਿਛਲੇ ਸਾਲ, ਤਿੰਨ ਲੱਖ ਤੋਂ ਵੱਧ ਲੋਕ ਜਿਨ੍ਹਾਂ ਵਿਚ ਰਾਜ ਦੇ ਬੀ ਨੇ ਜੜ੍ਹ ਫੜੀ ਸੀ, ਨੇ ਬਪਤਿਸਮਾ ਲਿਆ! ਜੇਕਰ ਅਸੀਂ ਪ੍ਰਚਾਰ ਕਰਨਾ ਜਾਰੀ ਰੱਖਦੇ ਹਾਂ, ਤਾਂ ਸਾਨੂੰ ਨਿਸ਼ਚੇ ਹੀ ਹੋਰ ਅਨੇਕ ਲੋਕ ਮਿਲਣਗੇ ਜੋ ਸਾਡੇ ਸੰਦੇਸ਼ ਨੂੰ ਸੁਣਨਗੇ।—ਤੁਲਨਾ ਕਰੋ ਗਲਾਤੀਆਂ 6:9.