ਅਧਿਐਨ ਸ਼ੁਰੂ ਕਰਨ ਲਈ ਹੁਣ ਸਾਡੇ ਕੋਲ ਇਕ ਨਵਾਂ ਔਜ਼ਾਰ!
1 ਰਾਜਿੰਦਰਨ ਇਕ ਛੋਟੇ ਜਿਹੇ ਮੰਦਰ ਵਿਚ ਪੁਜਾਰੀ ਹੈ। ਉਹ ਨਿਯਮਿਤ ਤੌਰ ਤੇ ਹਿੰਦੂ ਰੀਤ ਅਨੁਸਾਰ ਪੂਜਾ-ਪਾਠ ਕਰਿਆ ਕਰਦਾ ਸੀ। ਉਹ ਹਰ ਹਫ਼ਤੇ ਆਪਣੇ ਗੁਆਂਢੀ ਘਰਾਂ ਵਿਚ ਇਕ ਨੌਜਵਾਨ ਭਰਾ ਨੂੰ ਬਾਈਬਲ ਅਧਿਐਨ ਕਰਾਉਣ ਆਉਂਦੇ ਦੇਖਦਾ ਸੀ। ਭਰਾ ਦੇ ਬਾਕਾਇਦਾ ਆਉਣ ਨਾਲ ਰਾਜਿੰਦਰਨ ਦੀ ਦਿਲਚਸਪੀ ਜਾਗ ਉੱਠੀ। ਬਾਅਦ ਵਿਚ ਭਰਾ ਇਕ ਸਮਾਰੋਹ ਵਿਚ ਰਾਜਿੰਦਰਨ ਨੂੰ ਮਿਲੇ। ਉਨ੍ਹਾਂ ਨੇ ਉਸ ਨੂੰ ਬਾਈਬਲ ਅਧਿਐਨ ਦੀ ਪੇਸ਼ਕਸ਼ ਕੀਤੀ। ਉਹ ਬਾਈਬਲ ਬਾਰੇ ਸਿੱਖਣ ਦਾ ਬੜਾ ਚਾਹਵਾਨ ਸੀ ਤੇ ਉਹ ਬਾਈਬਲ ਅਧਿਐਨ ਲਈ ਮੰਨ ਗਿਆ। ਇਹ ਤਜਰਬਾ ਸਾਨੂੰ ਕੀ ਸਿਖਾਉਂਦਾ ਹੈ? ਇਹੀ ਕਿ ਅਸੀਂ ਨਹੀਂ ਜਾਣਦੇ ਕਦੋਂ ਕੋਈ ਮੁਫ਼ਤ ਬਾਈਬਲ ਅਧਿਐਨ ਕਰਨ ਲਈ ਮੰਨ ਜਾਵੇ।—ਉਪ. 11:6.
2 ਕੀ ਤੁਸੀਂ ਕਦੇ ਲੋਕਾਂ ਨੂੰ ਇਹ ਦੱਸਣ ਤੋਂ ਹਿਚਕਿਚਾਏ ਹੋ ਕਿ ਅਸੀਂ ਕਿਸੇ ਵੀ ਦਿਲਚਸਪੀ ਰੱਖਣ ਵਾਲੇ ਵਿਅਕਤੀ ਨਾਲ ਬਾਈਬਲ ਅਧਿਐਨ ਕਰਨ ਲਈ ਤਿਆਰ ਹਾਂ? ਕੀ ਤੁਹਾਡੇ ਇਲਾਕੇ ਵਿਚ ਸਾਰੇ ਜਾਣਦੇ ਹਨ ਕਿ ਅਸੀਂ ਇਹ ਮੁਫ਼ਤ ਸੇਵਾ ਪੇਸ਼ ਕਰਦੇ ਹਾਂ? ਅਸੀਂ ਕੀ ਕਰ ਸਕਦੇ ਹਾਂ ਤਾਂਕਿ ਉਹ ਇਸ ਬਾਰੇ ਜਾਣ ਸਕਣ? ਨਵੇਂ ਔਜ਼ਾਰ ਨੂੰ ਵਰਤ ਕੇ! ਇਹ ਇਕ ਛੇ ਸਫ਼ਿਆਂ ਵਾਲਾ ਆਕਰਸ਼ਕ ਟ੍ਰੈਕਟ ਹੈ ਜਿਸ ਦਾ ਸਿਰਲੇਖ ਹੈ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? (ਅੰਗ੍ਰੇਜ਼ੀ)। ਆਓ ਆਪਾਂ ਇਸ ਦੇ ਹਰ ਸਿਰਲੇਖ ਉੱਤੇ ਗੌਰ ਕਰ ਕੇ ਇਸ ਬਾਰੇ ਜਾਣੀਏ।
3 “ਬਾਈਬਲ ਕਿਉਂ ਪੜ੍ਹੀਏ?” ਇਸ ਟ੍ਰੈਕਟ ਵਿਚ ਬੜੇ ਵਧੀਆ ਕਾਰਨ ਦੱਸੇ ਗਏ ਹਨ। ਇਹ ਦੱਸਦਾ ਹੈ ਕਿ ਬਾਈਬਲ ਵਿਚ “ਪਰਮੇਸ਼ੁਰ ਦੀ ਪ੍ਰੇਮਮਈ ਸਿੱਖਿਆ” ਪਾਈ ਜਾਂਦੀ ਹੈ ਜੋ ਦਿਖਾਉਂਦੀ ਹੈ ਕਿ ਪ੍ਰਾਰਥਨਾ ਦੁਆਰਾ ਮਦਦ ਲਈ ਪਰਮੇਸ਼ੁਰ ਤਕ ਕਿਵੇਂ ਪਹੁੰਚੀਏ ਅਤੇ ਉਸ ਤੋਂ ਸਦੀਪਕ ਜੀਵਨ ਦੇ ਤੋਹਫ਼ੇ ਨੂੰ ਕਿੱਦਾਂ ਹਾਸਲ ਕਰੀਏ। (1 ਥੱਸ. 2:13) ਇਹ ਟ੍ਰੈਕਟ ਵੱਖੋ-ਵੱਖਰੀਆਂ ਬਾਈਬਲ “ਸੱਚਾਈਆਂ” ਬਾਰੇ ਦੱਸਦਾ ਹੈ ਜੋ ਬਹੁਤ ਸਾਰੀਆਂ ਗੱਲਾਂ ਉੱਤੇ ਚਾਨਣਾ ਪਾਉਂਦੀਆਂ ਹਨ ਜਿਵੇਂ ਕਿ ਮਰਨ ਤੋਂ ਬਾਅਦ ਕੀ ਹੁੰਦਾ ਹੈ ਅਤੇ ਧਰਤੀ ਉੱਤੇ ਇੰਨੀ ਜ਼ਿਆਦਾ ਗੜਬੜੀ ਕਿਉਂ ਹੈ। ਇਹ “ਬਾਈਬਲ ਵਿਚ ਦਿੱਤੇ ਪਰਮੇਸ਼ੁਰੀ ਸਿਧਾਂਤਾਂ” ਬਾਰੇ ਦੱਸਦਾ ਹੈ ਜਿਨ੍ਹਾਂ ਨੂੰ ਲਾਗੂ ਕਰਨ ਨਾਲ ਸਰੀਰਕ ਤੌਰ ਤੇ ਫ਼ਾਇਦੇ ਹੁੰਦੇ, ਖ਼ੁਸ਼ੀ ਤੇ ਉਮੀਦ ਮਿਲਦੀ ਹੈ ਤੇ ਸਾਡੇ ਵਿਚ ਹੋਰ ਚੰਗੇ ਗੁਣ ਪੈਦਾ ਹੁੰਦੇ ਹਨ। ਇਹ ਟ੍ਰੈਕਟ ਬਾਈਬਲ ਪੜ੍ਹਨ ਦਾ ਇਕ ਹੋਰ ਕਾਰਨ ਦੱਸਦਾ ਹੈ—ਆਉਣ ਵਾਲੇ ਸਮੇਂ ਬਾਰੇ ਭਵਿੱਖਬਾਣੀਆਂ ਜੋ ਦਿਖਾਉਂਦੀਆਂ ਹਨ ਕਿ ਜਲਦੀ ਹੀ ਕੀ ਹੋਣ ਵਾਲਾ ਹੈ।—ਪਰ. 21:3, 4.
4 “ਬਾਈਬਲ ਨੂੰ ਸਮਝਣ ਲਈ ਮਦਦ”: ਟ੍ਰੈਕਟ ਕਹਿੰਦਾ ਹੈ: “ਸਾਨੂੰ ਸਾਰਿਆਂ ਨੂੰ ਹੀ ਪਰਮੇਸ਼ੁਰ ਦੇ ਬਚਨ ਨੂੰ ਸਮਝਣ ਲਈ ਮਦਦ ਦੀ ਲੋੜ ਹੈ।” ਫਿਰ ਇਹ ਬਾਈਬਲ ਅਧਿਐਨ ਕਰਨ ਦੇ ਤਰੀਕੇ ਬਾਰੇ ਦੱਸਦਾ ਹੈ: “ਆਮ ਤੌਰ ਤੇ, ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਤੋਂ ਅਧਿਐਨ ਸ਼ੁਰੂ ਕਰਨਾ ਵਧੀਆ ਹੁੰਦਾ ਹੈ।” ਇਹ ਸਪੱਸ਼ਟ ਕਰਦੇ ਹੋਏ ਕਿ “ਬਾਈਬਲ ਹੀ ਸਾਡੀਆਂ ਸਿੱਖਿਆਵਾਂ ਦਾ ਆਧਾਰ ਹੈ,” ਇਹ ਟ੍ਰੈਕਟ ਖ਼ਾਸਕਰ ਮੰਗ ਬਰੋਸ਼ਰ ਦਾ ਜ਼ਿਕਰ ਕਰਦਾ ਹੈ ਜੋ “ਵੱਖ-ਵੱਖ ਵਿਸ਼ਿਆਂ ਉੱਤੇ ਬਾਈਬਲ ਦੀਆਂ ਆਇਤਾਂ ਨੂੰ ਸਮਝਣ ਵਿਚ” ਵਿਦਿਆਰਥੀ ਦੀ ਮਦਦ ਕਰਦਾ ਹੈ। ਅਗਲਾ ਸਿਰਲੇਖ ਇਕ ਮਹੱਤਵਪੂਰਣ ਸਵਾਲ ਖੜ੍ਹਾ ਕਰਦਾ ਹੈ।
5 “ਕੀ ਤੁਸੀਂ ਬਾਈਬਲ ਨੂੰ ਸਮਝਣ ਲਈ ਹਰ ਹਫ਼ਤੇ ਸਮਾਂ ਕੱਢ ਸਕਦੇ ਹੋ?” ਟ੍ਰੈਕਟ ਦੱਸਦਾ ਹੈ ਕਿ ਵਿਦਿਆਰਥੀ ਦੀ ਸਹੂਲਤ ਲਈ ਕਿਸੇ ਵੀ ਸਮੇਂ ਤੇ ਕਿਸੇ ਵੀ ਜਗ੍ਹਾ ਬਾਈਬਲ ਅਧਿਐਨ ਕੀਤਾ ਜਾ ਸਕਦਾ ਹੈ। ਇਸ ਉਸ ਦੇ ਆਪਣੇ ਘਰ ਵਿਚ ਜਾਂ ਟੈਲੀਫ਼ੋਨ ਤੇ ਵੀ ਕੀਤਾ ਜਾ ਸਕਦਾ ਹੈ। ਇਸ ਚਰਚਾ ਵਿਚ ਕੌਣ ਹਿੱਸਾ ਲੈ ਸਕਦਾ ਹੈ? ਟ੍ਰੈਕਟ ਜਵਾਬ ਦਿੰਦਾ ਹੈ: “ਤੁਹਾਡਾ ਪੂਰਾ ਪਰਿਵਾਰ। ਤੁਹਾਡਾ ਕੋਈ ਵੀ ਦੋਸਤ-ਮਿੱਤਰ ਜਿਸ ਨੂੰ ਤੁਸੀਂ ਬੁਲਾਉਣਾ ਚਾਹੁੰਦੇ ਹੋ, ਇਸ ਵਿਚ ਹਿੱਸਾ ਲੈ ਸਕਦਾ ਹੈ। ਜਾਂ ਜੇ ਤੁਸੀਂ ਚਾਹੋ, ਤਾਂ ਸਿਰਫ਼ ਤੁਹਾਡੇ ਨਾਲ ਹੀ ਚਰਚਾ ਕੀਤੀ ਜਾ ਸਕਦੀ ਹੈ।” ਅਧਿਐਨ ਕਿੰਨੀ ਦੇਰ ਤਕ ਕਰਨਾ ਪਵੇਗਾ? ਟ੍ਰੈਕਟ ਦੱਸਦਾ ਹੈ: “ਕਈ ਲੋਕ ਬਾਈਬਲ ਅਧਿਐਨ ਲਈ ਹਰ ਹਫ਼ਤੇ ਇਕ ਘੰਟਾ ਕੱਢਦੇ ਹਨ। ਜੇ ਤੁਸੀਂ ਹਰ ਹਫ਼ਤੇ ਜ਼ਿਆਦਾ ਜਾਂ ਘੱਟ ਸਮਾਂ ਲਾਉਣਾ ਚਾਹੁੰਦੇ ਹੋ, ਤਾਂ ਗਵਾਹ ਤੁਹਾਡੀ ਮਦਦ ਕਰਨ ਵਿਚ ਉੱਨਾ ਹੀ ਸਮਾਂ ਲਾਉਣਗੇ।” ਇਸ ਗੱਲ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ! ਅਸੀਂ ਹਰ ਵਿਦਿਆਰਥੀ ਦੇ ਹਾਲਾਤਾਂ ਮੁਤਾਬਕ ਸਮਾਂ ਦੇਣ ਲਈ ਤਿਆਰ ਹਾਂ।
6 “ਸਿੱਖਣ ਲਈ ਸੱਦਾ”: ਇਸ ਟ੍ਰੈਕਟ ਵਿਚ ਇਕ ਕੂਪਨ ਦਿੱਤਾ ਗਿਆ ਹੈ ਜਿਸ ਰਾਹੀਂ ਵਿਅਕਤੀ ਮੰਗ ਬਰੋਸ਼ਰ ਬਾਰੇ ਹੋਰ ਜਾਣਕਾਰੀ ਮੰਗਵਾ ਸਕਦਾ ਹੈ ਜਾਂ ਬੇਨਤੀ ਕਰ ਸਕਦਾ ਹੈ ਕਿ ਕੋਈ ਯਹੋਵਾਹ ਦਾ ਗਵਾਹ ਉਸ ਦੇ ਘਰ ਆ ਕੇ ਉਸ ਨੂੰ ਮੁਫ਼ਤ ਬਾਈਬਲ ਅਧਿਐਨ ਪ੍ਰੋਗ੍ਰਾਮ ਬਾਰੇ ਸਮਝਾਵੇ। ਟ੍ਰੈਕਟ ਉੱਤੇ ਮੰਗ ਬਰੋਸ਼ਰ ਦਾ ਕਵਰ ਦਿਖਾਇਆ ਗਿਆ ਹੈ। ਕੀ ਤੁਸੀਂ ਦੇਖ ਸਕਦੇ ਹੋ ਕਿ ਇਹ ਟ੍ਰੈਕਟ ਹੋਰ ਜ਼ਿਆਦਾ ਸੁਹਿਰਦ ਲੋਕਾਂ ਨੂੰ ਸਾਡੀ ਮਦਦ ਸਵੀਕਾਰ ਕਰਨ ਲਈ ਕਿਉਂ ਉਤਸ਼ਾਹਿਤ ਕਰੇਗਾ? ਤਾਂ ਫਿਰ ਅਸੀਂ ਇਸ ਨਵੇਂ ਔਜ਼ਾਰ ਦੀ ਵਧੀਆ ਵਰਤੋਂ ਕਿਵੇਂ ਕਰ ਸਕਦੇ ਹਾਂ?
7 ਤੁਸੀਂ ਇਹ ਟ੍ਰੈਕਟ ਕਿਨ੍ਹਾਂ ਨੂੰ ਦੇ ਸਕਦੇ ਹੋ? ਤੁਸੀਂ ਇਹ ਟ੍ਰੈਕਟ ਸਿੱਧਾ ਲੋਕਾਂ ਨੂੰ ਦੇ ਸਕਦੇ ਹੋ ਜਾਂ ਜੇ ਲੋਕ ਘਰਾਂ ਵਿਚ ਨਹੀਂ ਮਿਲਦੇ, ਤਾਂ ਤੁਸੀਂ ਉਨ੍ਹਾਂ ਦੇ ਘਰ ਇਹ ਟ੍ਰੈਕਟ ਛੱਡ ਸਕਦੇ ਹੋ। ਇਹ ਘਰ-ਘਰ, ਸੜਕਾਂ ਤੇ ਅਤੇ ਵਪਾਰਕ ਖੇਤਰਾਂ ਵਿਚ ਵੰਡਿਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਇਹ ਟ੍ਰੈਕਟ ਦਿਓ ਜਿਨ੍ਹਾਂ ਨੇ ਸਾਡਾ ਸਾਹਿੱਤ ਲਿਆ ਹੈ ਜਾਂ ਨਹੀਂ ਵੀ ਲਿਆ। ਰਸਾਲਿਆਂ ਜਾਂ ਦੂਸਰੇ ਪ੍ਰਕਾਸ਼ਨਾਂ ਨੂੰ ਪੇਸ਼ ਕਰਦੇ ਸਮੇਂ ਉਨ੍ਹਾਂ ਵਿਚ ਇਹ ਟ੍ਰੈਕਟ ਰੱਖੋ। ਜਦੋਂ ਤੁਸੀਂ ਕਿਸੇ ਨੂੰ ਚਿੱਠੀ ਲਿਖਦੇ ਹੋ, ਤਾਂ ਉਸ ਨੂੰ ਟ੍ਰੈਕਟ ਘੱਲੋ। ਜਿਨ੍ਹਾਂ ਨੂੰ ਤੁਸੀਂ ਫ਼ੋਨ ਦੁਆਰਾ ਗਵਾਹੀ ਦਿੰਦੇ ਹੋ, ਉਨ੍ਹਾਂ ਨੂੰ ਵੀ ਇਹ ਟ੍ਰੈਕਟ ਭੇਜੋ। ਹਮੇਸ਼ਾ ਇਨ੍ਹਾਂ ਟ੍ਰੈਕਟਾਂ ਨੂੰ ਆਪਣੇ ਕੋਲ ਰੱਖੋ ਤਾਂਕਿ ਤੁਸੀਂ ਖ਼ਰੀਦਦਾਰੀ ਕਰਦੇ ਸਮੇਂ, ਬੱਸਾਂ-ਗੱਡੀਆਂ ਵਿਚ ਸਫ਼ਰ ਕਰਦੇ ਸਮੇਂ ਅਤੇ ਗ਼ੈਰ-ਰਸਮੀ ਗਵਾਹੀ ਦੇਣ ਵੇਲੇ ਇਨ੍ਹਾਂ ਨੂੰ ਵੰਡ ਸਕੋ। ਆਪਣੇ ਘਰ ਆਉਣ ਵਾਲੇ ਹਰੇਕ ਵਿਅਕਤੀ ਨੂੰ ਇਹ ਟ੍ਰੈਕਟ ਦਿਓ। ਆਪਣੇ ਰਿਸ਼ਤੇਦਾਰਾਂ, ਗੁਆਂਢੀਆਂ, ਸਹਿਕਰਮੀਆਂ, ਸਹਿਪਾਠੀਆਂ ਅਤੇ ਜਾਣ-ਪਛਾਣ ਵਾਲੇ ਲੋਕਾਂ ਨੂੰ ਵੀ ਦਿਓ। ਤੁਹਾਨੂੰ ਮਿਲਣ ਵਾਲੇ ਹਰੇਕ ਵਿਅਕਤੀ ਨੂੰ ਇਹ ਟ੍ਰੈਕਟ ਦੇਣ ਦੀ ਕੋਸ਼ਿਸ਼ ਕਰੋ! ਪਰ ਟ੍ਰੈਕਟ ਦੇਣ ਮਗਰੋਂ ਕੀ ਕਰੀਏ?
8 ਜੇ ਕੋਈ ਤੁਰੰਤ ਦਿਲਚਸਪੀ ਦਿਖਾਉਂਦਾ ਹੈ: ਕੁਝ ਲੋਕ ਬਾਈਬਲ ਅਧਿਐਨ ਕਰਨ ਵਿਚ ਤੁਰੰਤ ਆਪਣੀ ਦਿਲਚਸਪੀ ਦਿਖਾਉਣਗੇ। ਇਸ ਲਈ ਜਦੋਂ ਵੀ ਤੁਸੀਂ ਪ੍ਰਚਾਰ ਕਰਨ ਜਾਂਦੇ ਹੋ, ਤਾਂ ਆਪਣੇ ਕੋਲ ਮੰਗ ਬਰੋਸ਼ਰ ਦੀਆਂ ਦੋ ਕਾਪੀਆਂ ਰੱਖਣੀਆਂ ਨਾ ਭੁੱਲੋ—ਇਕ ਵਿਦਿਆਰਥੀ ਲਈ ਤੇ ਦੂਜੀ ਆਪਣੇ ਲਈ। ਜੇ ਵਿਅਕਤੀ ਅਧਿਐਨ ਕਰਨਾ ਚਾਹੁੰਦਾ ਹੈ, ਤਾਂ ਤੁਰੰਤ ਉਸੇ ਵੇਲੇ ਅਧਿਐਨ ਸ਼ੁਰੂ ਕਰੋ। ਦੂਜਾ ਸਫ਼ਾ ਖੋਲ੍ਹੋ ਅਤੇ “ਇਸ ਵੱਡੀ ਪੁਸਤਿਕਾ ਨੂੰ ਕਿਵੇਂ ਇਸਤੇਮਾਲ ਕਰਨਾ ਹੈ” ਪੜ੍ਹੋ। ਫਿਰ ਪਾਠ 1 ਖੋਲ੍ਹੋ ਤੇ ਦਿਖਾਓ ਕਿ ਅਧਿਐਨ ਕਿਵੇਂ ਕੀਤਾ ਜਾਵੇਗਾ। ਕੀ ਇਹ ਸੌਖਾ ਤਰੀਕਾ ਨਹੀਂ ਹੈ?
9 ਜੇ ਵਿਅਕਤੀ ਇਸ ਬਾਰੇ ਸੋਚਣ ਲਈ ਸਮਾਂ ਮੰਗਦਾ ਹੈ: ਉਸ ਨੂੰ ਦੁਬਾਰਾ ਮਿਲਣ ਲਈ ਜ਼ਿਆਦਾ ਸਮੇਂ ਤਕ ਉਡੀਕ ਨਾ ਕਰੋ। ਉਸ ਕੋਲ ਵਾਪਸ ਜਾਣ ਸਮੇਂ ਆਪਣੇ ਨਾਲ ਮੰਗ ਬਰੋਸ਼ਰ ਲੈ ਕੇ ਜਾਓ। ਉਸ ਨੂੰ ਦੂਜੇ ਸਫ਼ੇ ਉੱਤੇ ਦਿੱਤੀ ਵਿਸ਼ਾ-ਸੂਚੀ ਦਿਖਾਓ। ਜਿਹੜਾ ਵਿਸ਼ਾ ਉਸ ਨੂੰ ਸਭ ਤੋਂ ਜ਼ਿਆਦਾ ਚੰਗਾ ਲੱਗਦਾ ਹੈ, ਉਹ ਚੁਣਨ ਲਈ ਕਹੋ। ਉਸ ਦੇ ਚੁਣੇ ਪਾਠ ਤੋਂ ਚਰਚਾ ਸ਼ੁਰੂ ਕਰੋ।
10 ਰਸਾਲੇ ਲੈਣ ਵਾਲਿਆਂ ਕੋਲ ਦੁਬਾਰਾ ਜਾਣਾ: ਜੇ ਤੁਸੀਂ ਰਸਾਲਿਆਂ ਨਾਲ ਟ੍ਰੈਕਟ ਵੀ ਛੱਡ ਕੇ ਗਏ ਸੀ, ਤਾਂ ਤੁਸੀਂ ਦੁਬਾਰਾ ਜਾ ਕੇ ਇਸ ਤਰ੍ਹਾਂ ਕਹਿ ਸਕਦੇ ਹੋ: “ਪਿਛਲੀ ਵਾਰ ਤੁਹਾਨੂੰ ਪਹਿਰਾਬੁਰਜ ਰਸਾਲੇ ਦੀ ਕਾਪੀ ਦੇ ਕੇ ਮੈਨੂੰ ਬੜੀ ਖ਼ੁਸ਼ੀ ਹੋਈ ਸੀ। ਤੁਸੀਂ ਸ਼ਾਇਦ ਧਿਆਨ ਦਿੱਤਾ ਹੋਣਾ ਕਿ ਇਸ ਰਸਾਲੇ ਦਾ ਪੂਰਾ ਨਾਂ ਹੈ ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ। ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਰਾਜ ਕੀ ਹੈ ਅਤੇ ਇਹ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਕੀ ਅਰਥ ਰੱਖੇਗਾ।” ਫਿਰ ਮੰਗ ਬਰੋਸ਼ਰ ਦਾ ਪਾਠ 6 ਖੋਲ੍ਹੋ। ਉੱਨੇ ਹੀ ਪੈਰਿਆਂ ਨੂੰ ਪੜ੍ਹ ਕੇ ਚਰਚਾ ਕਰੋ ਜਿੰਨਾ ਕੁ ਘਰ-ਸੁਆਮੀ ਕੋਲ ਸਮਾਂ ਹੈ। ਫਿਰ ਪਾਠ ਪੂਰਾ ਕਰਨ ਲਈ ਕਿਸੇ ਹੋਰ ਦਿਨ ਦੁਬਾਰਾ ਆਉਣ ਦੇ ਇੰਤਜ਼ਾਮ ਕਰੋ।
11 ਟ੍ਰੈਕਟ ਥੁੜਨ ਲਾ ਦਿਓ: ਸੇਵਾ ਨਿਗਾਹਬਾਨ ਅਤੇ ਸਾਹਿੱਤ ਸੰਭਾਲਣ ਵਾਲੇ ਭਰਾ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕਲੀਸਿਯਾ ਵਿਚ ਬਾਈਬਲ ਬਾਰੇ ਜਾਣਨਾ ਟ੍ਰੈਕਟ ਹਰ ਵੇਲੇ ਕਾਫ਼ੀ ਮਾਤਰਾ ਵਿਚ ਉਪਲਬਧ ਹੋਣ। ਕੁਝ ਟ੍ਰੈਕਟ ਤੁਸੀਂ ਆਪਣੀ ਜੇਬ ਜਾਂ ਪਰਸ ਵਿਚ, ਕਾਰ ਵਿਚ, ਆਪਣੇ ਕੰਮ ਦੀ ਥਾਂ ਤੇ, ਆਪਣੇ ਬਸਤੇ ਵਿਚ, ਆਪਣੇ ਘਰ ਦੇ ਦਰਵਾਜ਼ੇ ਦੇ ਨੇੜੇ ਜਾਂ ਅਜਿਹੀ ਕਿਸੇ ਥਾਂ ਤੇ ਰੱਖ ਸਕਦੇ ਹੋ ਜਿੱਥੋਂ ਤੁਸੀਂ ਲੋੜ ਪੈਣ ਤੇ ਇਨ੍ਹਾਂ ਨੂੰ ਆਸਾਨੀ ਨਾਲ ਲੈ ਸਕੋ। ਬੇਸ਼ੱਕ, ਕੁਝ ਟ੍ਰੈਕਟ ਆਪਣੇ ਪ੍ਰੀਚਿੰਗ ਬੈਗ ਵਿਚ ਵੀ ਰੱਖੋ ਤਾਂਕਿ ਤੁਸੀਂ ਕਿਸੇ ਵਿਅਕਤੀ ਨਾਲ ਬਾਈਬਲ ਬਾਰੇ ਗੱਲ ਕਰਨ ਤੇ ਉਸ ਨੂੰ ਇਹ ਟ੍ਰੈਕਟ ਦੇ ਸਕੋ।
12 ਆਪਣੇ ਜਤਨਾਂ ਤੇ ਯਹੋਵਾਹ ਦੀ ਬਰਕਤ ਮੰਗੋ: ਸਾਡਾ ਸਾਰੇ ਮਸੀਹੀਆਂ ਦਾ ਇਕ ਮੁੱਖ ਟੀਚਾ ਦੂਜਿਆਂ ਨੂੰ ਸੱਚਾਈ ਸਿਖਾਉਣਾ ਹੈ। (ਮੱਤੀ 28:19 ,20) ਕੀ ਤੁਸੀਂ ਇਸ ਵੇਲੇ ਕਿਸੇ ਨੂੰ ਬਾਈਬਲ ਅਧਿਐਨ ਕਰਵਾ ਰਹੇ ਹੋ? ਜੇ ਕਰਵਾ ਰਹੇ ਹੋ, ਤਾਂ ਕੀ ਤੁਸੀਂ ਅਧਿਐਨ ਲਈ ਸਮਾਂ ਕੱਢ ਸਕਦੇ ਹੋ? ਜੇ ਤੁਸੀਂ ਅਜੇ ਕੋਈ ਵੀ ਬਾਈਬਲ ਅਧਿਐਨ ਨਹੀਂ ਕਰਵਾ ਰਹੇ ਹੋ, ਤਾਂ ਤੁਸੀਂ ਜ਼ਰੂਰ ਕਰਵਾਉਣ ਦੀ ਇੱਛਾ ਰੱਖਦੇ ਹੋਵੋਗੇ। ਯਹੋਵਾਹ ਨੂੰ ਆਪਣੇ ਜਤਨਾਂ ਉੱਤੇ ਬਰਕਤ ਪਾਉਣ ਲਈ ਪ੍ਰਾਰਥਨਾ ਕਰੋ ਕਿ ਤੁਹਾਨੂੰ ਕੋਈ ਅਜਿਹਾ ਵਿਅਕਤੀ ਮਿਲੇ ਜਿਸ ਨੂੰ ਤੁਸੀਂ ਅਧਿਐਨ ਕਰਵਾ ਸਕੋ। ਫਿਰ ਆਪਣੀਆਂ ਪ੍ਰਾਰਥਨਾਵਾਂ ਮੁਤਾਬਕ ਕੰਮ ਕਰੋ।—1 ਯੂਹੰ. 5:14, 15.
13 ਬਾਈਬਲ ਅਧਿਐਨ ਸ਼ੁਰੂ ਕਰਨ ਲਈ ਹੁਣ ਸਾਡੇ ਕੋਲ ਇਕ ਨਵਾਂ ਔਜ਼ਾਰ ਹੈ! ਇਸ ਤੋਂ ਵਾਕਫ਼ ਹੋਵੋ। ਖੁੱਲ੍ਹੇ-ਆਮ ਇਸ ਨੂੰ ਵੰਡੋ। “ਪਰਉਪਕਾਰੀ ਅਤੇ ਸ਼ੁਭ ਕਰਮਾਂ ਵਿੱਚ ਧਨੀ ਅਤੇ ਦਾਨ ਕਰਨ ਵਿੱਚ ਸਖ਼ੀ” ਹੋਣ ਅਤੇ ਜੋ ਕੁਝ ਤੁਸੀਂ ਪਰਮੇਸ਼ੁਰ ਦੇ ਬਚਨ ਬਾਰੇ ਸਿੱਖਿਆ ਹੈ ਉਸ ਨੂੰ “ਵੰਡਣ ਨੂੰ ਤਿਆਰ ਹੋਣ” ਲਈ ਆਪਣੀ ਪੂਰੀ ਵਾਹ ਲਾਓ।–1 ਤਿਮੋ. 6:18.
[ਸਫ਼ਾ 4 ਉੱਤੇ ਡੱਬੀ]
ਟ੍ਰੈਕਟ ਵੰਡਣ ਦੇ ਮੌਕੇ
◼ ਹਰ ਰੋਜ਼ ਦੂਜਿਆਂ ਨਾਲ ਗੱਲਬਾਤ ਕਰਦੇ ਸਮੇਂ
◼ ਜਦੋਂ ਕੋਈ ਸਾਹਿੱਤ ਲੈਂਦਾ ਹੈ
◼ ਜਦੋਂ ਘਰ ਵਿਚ ਕੋਈ ਨਹੀਂ ਹੁੰਦਾ
◼ ਜਦੋਂ ਅਸੀਂ ਪੁਨਰ-ਮੁਲਾਕਾਤਾਂ ਕਰਦੇ ਹਾਂ
◼ ਜਦੋਂ ਅਸੀਂ ਸੜਕ ਤੇ ਗਵਾਹੀ ਦਿੰਦੇ ਸਮੇਂ ਕਿਸੇ ਨੂੰ ਮਿਲਦੇ ਹਾਂ
◼ ਜਦੋਂ ਅਸੀਂ ਵਪਾਰਕ ਖੇਤਰਾਂ ਵਿਚ ਗਵਾਹੀ ਦਿੰਦੇ ਹਾਂ
◼ ਗ਼ੈਰ-ਰਸਮੀ ਗਵਾਹੀ ਦਿੰਦੇ ਸਮੇਂ
◼ ਚਿੱਠੀਆਂ ਲਿਖਦੇ ਸਮੇਂ
◼ ਬੱਸਾਂ-ਗੱਡੀਆਂ ਵਿਚ ਸਫ਼ਰ ਕਰਦੇ ਸਮੇਂ
◼ ਜਦੋਂ ਸਾਡੇ ਘਰ ਕੋਈ ਆਉਂਦਾ ਹੈ
◼ ਰਿਸ਼ਤੇਦਾਰਾਂ, ਗੁਆਂਢੀਆਂ, ਸਹਿਕਰਮੀਆਂ, ਸਹਿਪਾਠੀਆਂ ਅਤੇ ਹੋਰ ਜਾਣ-ਪਛਾਣ ਦੇ ਲੋਕਾਂ ਨਾਲ ਗੱਲਬਾਤ ਕਰਦੇ ਸਮੇਂ