ਟੋਲੀਆਂ ਦੀਆਂ ਟੋਲੀਆਂ ਜੋੜੀਆਂ ਜਾ ਰਹੀਆਂ ਹਨ
1 ਜਿਵੇਂ ਪਹਿਲੀ ਸਦੀ ਵਿਚ ਸੀ, ਉਸੇ ਤਰ੍ਹਾਂ ਅੱਜ ਜੋ ਵਾਧਾ ਮਸੀਹੀ ਕਲੀਸਿਯਾ ਅਨੁਭਵ ਕਰ ਰਹੀ ਹੈ ਉਹ ਅਸਾਧਾਰਣ ਹੈ। (ਰਸੂ. 2:41; 4:4) ਪਿਛਲੇ ਸਾਲ, ਸੰਸਾਰ ਭਰ ਵਿਚ 3,66,579 ਨਵੇਂ ਚੇਲਿਆਂ ਨੇ ਬਪਤਿਸਮਾ ਲਿਆ, ਜੋ ਔਸਤਨ ਪ੍ਰਤੀ ਦਿਨ 1,000 ਤੋਂ ਵੱਧ ਸੀ! ਪਿਛਲੇ ਤਿੰਨ ਸਾਲਾਂ ਵਿਚ ਦਸ ਲੱਖ ਤੋਂ ਵੱਧ ਲੋਕਾਂ ਨੇ ਬਪਤਿਸਮਾ ਲਿਆ ਹੈ। ਸੱਚ-ਮੁੱਚ, ਯਹੋਵਾਹ ਨਿਹਚਾਵਾਨਾਂ ਦੀਆਂ ਟੋਲੀਆਂ ਦੀਆਂ ਟੋਲੀਆਂ ਜੋੜਦਾ ਆਇਆ ਹੈ।—ਰਸੂ. 5:14.
2 ਮਸੀਹੀ ਰਹਿਣ-ਸਹਿਣ ਵਿਚ ਅੱਲ੍ਹੜ ਅਨੇਕ ਨਵੇਂ ਪ੍ਰਕਾਸ਼ਕਾਂ ਨੂੰ ਵਿਸ਼ਵਾਸ ਵਿਚ ਮਜ਼ਬੂਤ ਵਿਅਕਤੀਆਂ ਤੋਂ ਸਹਾਇਤਾ ਅਤੇ ਸਿਖਲਾਈ ਦੀ ਲੋੜ ਹੈ। (ਰੋਮੀ. 15:1) ਮੁਢਲੇ ਮਸੀਹੀਆਂ ਵਿਚ ਕੁਝ ਅਜਿਹੇ ਵੀ ਸਨ ਜੋ, ਆਪਣੇ ਬਪਤਿਸਮੇ ਤੋਂ ਸਾਲਾਂ ਬਾਅਦ ਵੀ, ‘ਸਿਆਣਪੁਣੇ ਦੀ ਵੱਲ ਅਗਾਹਾਂ ਵਧਣ’ ਵਿਚ ਅਸਫ਼ਲ ਹੋ ਗਏ ਸਨ। (ਇਬ. 5:12; 6:1) ਇਸ ਲਈ, ਇਬਰਾਨੀਆਂ ਦੇ ਨਾਂ ਆਪਣੀ ਪੱਤਰੀ ਵਿਚ, ਪੌਲੁਸ ਨੇ ਉਨ੍ਹਾਂ ਗੱਲਾਂ ਨੂੰ ਉਜਾਗਰ ਕੀਤਾ ਜਿਨ੍ਹਾਂ ਵਿਚ ਮਸੀਹੀਆਂ ਨੂੰ ਅਧਿਆਤਮਿਕ ਤੌਰ ਤੇ ਤਰੱਕੀ ਕਰਨ ਦੀ ਜ਼ਰੂਰਤ ਹੈ। ਇਹ ਕੀ ਹਨ, ਅਤੇ ਲੋੜੀਂਦੀ ਮਦਦ ਕਿਵੇਂ ਦਿੱਤੀ ਜਾ ਸਕਦੀ ਹੈ?
3 ਅਧਿਐਨ ਕਰਨ ਦੀ ਚੰਗੀ ਆਦਤ ਬਣਾਉਣੀ: ਪੌਲੁਸ ਦੀ ਹਿਦਾਇਤ ਅਨੁਸਾਰ, ਇਕ ਚੰਗਾ ਸਿੱਖਿਆਰਥੀ ਬਣਨ ਵਿਚ ਸ਼ਾਮਲ ਹੈ ਯਹੋਵਾਹ ਦੇ ਸੰਗਠਨ ਵੱਲੋਂ ਪ੍ਰਦਾਨ ਕੀਤੇ ਗਏ “ਅੰਨ” ਨੂੰ ਕ੍ਰਿਆਸ਼ੀਲ ਢੰਗ ਨਾਲ ਸਿੱਖਣਾ, ਦੁਹਰਾਉਣਾ, ਅਤੇ ਇਸਤੇਮਾਲ ਕਰਨਾ। (ਇਬ. 5:13, 14; ਦੇਖੋ ਅਗਸਤ 15, 1993, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 12-17.) ਨਵੇਂ ਨਿਹਚਾਵਾਨਾਂ ਨੂੰ ਅਧਿਆਤਮਿਕ ਗੱਲਾਂ-ਬਾਤਾਂ ਵਿਚ ਸ਼ਾਮਲ ਕਰਨ ਦੁਆਰਾ ਅਤੇ ਉਨ੍ਹਾਂ ਨਾਲ ਸੱਚਾਈ ਦੇ ਉਹ ਅਨਮੋਲ ਰਤਨ ਸਾਂਝੇ ਕਰਨ ਦੁਆਰਾ ਜੋ ਤੁਹਾਨੂੰ ਨਿੱਜੀ ਖੋਜ ਦੁਆਰਾ ਹਾਸਲ ਹੋਏ ਹਨ, ਤੁਸੀਂ ਸ਼ਾਇਦ ਉਨ੍ਹਾਂ ਨੂੰ ਅਧਿਐਨ ਕਰਨ ਦੀ ਚੰਗੀ ਆਦਤ ਬਣਾਉਣ ਲਈ ਉਤੇਜਿਤ ਕਰ ਸਕੋ। ਸ਼ਾਇਦ ਕਦੀ-ਕਦਾਈਂ ਤੁਸੀਂ ਇਕ ਨਵੇਂ ਨਿਹਚਾਵਾਨ ਨੂੰ ਆਪਣੇ ਨਿੱਜੀ ਜਾਂ ਪਰਿਵਾਰਕ ਅਧਿਐਨ ਵਿਚ ਸ਼ਾਮਲ ਹੋਣ ਦਾ ਸੱਦਾ ਦੇ ਸਕਦੇ ਹੋ।
4 ਸਭਾਵਾਂ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੋਣਾ: ਤੁਹਾਡੀ ਵਫ਼ਾਦਾਰ ਮਿਸਾਲ ਅਤੇ ਉਤਸ਼ਾਹ ਦੇ ਪ੍ਰੇਮਮਈ ਸ਼ਬਦ ਕਲੀਸਿਯਾ ਦੇ ਨਵੇਂ ਮੈਂਬਰਾਂ ਨੂੰ ਇਕ ਹੋਰ ਚਿੰਤਾਜਨਕ ਗੱਲ ਤੋਂ ਬਚਣ ਵਿਚ ਮਦਦ ਦੇਣਗੇ, ਜਿਸ ਦਾ ਜ਼ਿਕਰ ਪੌਲੁਸ ਨੇ ਕੀਤਾ ਸੀ—ਮਸੀਹੀ ਸਭਾਵਾਂ ਨੂੰ ਖੁੰਝਣ ਦਾ ਕਈਆਂ ਦਾ “ਦਸਤੂਰ।” (ਇਬ. 10:24, 25) ਉਨ੍ਹਾਂ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਸਭਾਵਾਂ ਅਧਿਆਤਮਿਕ ਬਚਾਉ-ਰੱਸੀ ਹਨ ਜੋ ਉਨ੍ਹਾਂ ਨੂੰ ਕਲੀਸਿਯਾ ਨਾਲ ਜੋੜੀ ਰੱਖਦੀ ਹੈ। ਸਾਡੇ ਭਾਈਚਾਰੇ ਦੇ ਭਾਗ ਵਜੋਂ ਉਨ੍ਹਾਂ ਦਾ ਨਿੱਘਾ ਸੁਆਗਤ ਕਰਨ ਵਿਚ ਪਹਿਲ ਕਰੋ।
5 ਯਹੋਵਾਹ ਨਾਲ ਵਿਸ਼ਵਾਸਪੂਰਵਕ ਗੱਲ ਕਰਨੀ: ਸਰੀਰਕ ਕਮਜ਼ੋਰੀਆਂ ਅਤੇ ਵਿਅਕਤਿੱਤਵ ਵਿਚ ਨੁਕਸਾਂ ਉੱਤੇ ਪ੍ਰਬਲ ਹੋਣ ਲਈ, ਸਾਨੂੰ ਯਹੋਵਾਹ ਨੂੰ ਪ੍ਰਾਰਥਨਾ ਵਿਚ ਆਪਣੇ ਸਭ ਤੋਂ ਗਹਿਰੇ ਵਿਚਾਰਾਂ ਨੂੰ ਅਤੇ ਨਿੱਜੀ ਚਿੰਤਾਵਾਂ ਨੂੰ ਪ੍ਰਗਟ ਕਰਨਾ ਚਾਹੀਦਾ ਹੈ। ਨਵੇਂ ਵਿਸ਼ਵਾਸੀਆਂ ਨੂੰ ਸਿਖਣਾ ਚਾਹੀਦਾ ਹੈ ਕਿ ਯਹੋਵਾਹ ਨੂੰ ਮਦਦ ਲਈ ਬੇਨਤੀ ਕਰਨ ਦੁਆਰਾ, ਜਿਵੇਂ ਕਿ ਪੌਲੁਸ ਨੇ ਤਾਕੀਦ ਕੀਤੀ ਸੀ, ਉਨ੍ਹਾਂ ਨੂੰ ਡਗਮਗਾਉਣ ਦੀ ਲੋੜ ਨਹੀਂ। (ਇਬ. 4:15, 16; 10:22) ਇਸ ਸੰਬੰਧ ਵਿਚ ਤੁਹਾਡੇ ਆਪਣੇ ਨਿੱਜੀ ਅਨੁਭਵਾਂ ਨੂੰ ਸੁਣਾਉਣਾ ਇਕ ਨਵੇਂ ਵਿਅਕਤੀ ਦੇ ਵਿਸ਼ਵਾਸ ਨੂੰ ਮਜ਼ਬੂਤ ਕਰੇਗਾ ਕਿ ਯਹੋਵਾਹ ਦਿਲੀ ਪ੍ਰਾਰਥਨਾਵਾਂ ਸੁਣਦਾ ਹੈ।
6 ਸੇਵਕਾਈ ਲਈ ਸਮਾਂ ਨਿਸ਼ਚਿਤ ਕਰਨਾ: ਪੌਲੁਸ ਨੇ ਇਹ ਵੀ ਦਿਖਾਇਆ ਕਿ ਜਦੋਂ ਅਸੀਂ ‘ਉਸਤਤ ਦਾ ਬਲੀਦਾਨ ਪਰਮੇਸ਼ੁਰ ਦੇ ਅੱਗੇ ਸਦਾ ਚੜ੍ਹਾਉਂਦੇ’ ਹਾਂ, ਤਾਂ ਇਹ ਅਧਿਆਤਮਿਕ ਤੌਰ ਤੇ ਸ਼ਕਤੀ ਬਖ਼ਸ਼ਦਾ ਹੈ। (ਇਬ. 13:15) ਕੀ ਤੁਸੀਂ ਇਕ ਨਵੇਂ ਪ੍ਰਕਾਸ਼ਕ ਨੂੰ ਖੇਤਰ ਸੇਵਾ ਦੇ ਆਪਣੇ ਸਪਤਾਹਕ ਪ੍ਰਬੰਧਾਂ ਵਿਚ ਸ਼ਾਮਲ ਹੋਣ ਲਈ ਸੱਦਾ ਦੇ ਸਕਦੇ ਹੋ? ਸ਼ਾਇਦ ਤੁਸੀਂ ਦੋਵੇਂ ਆਪਣੀਆਂ ਪੇਸ਼ਕਾਰੀਆਂ ਤਿਆਰ ਕਰ ਸਕਦੇ ਹੋ ਜਾਂ ਸੇਵਕਾਈ ਦੇ ਅਜਿਹੇ ਪਹਿਲੂ ਉੱਤੇ ਵਿਚਾਰ ਕਰ ਸਕਦੇ ਹੋ ਜਿਸ ਨੂੰ ਨਵੇਂ ਪ੍ਰਕਾਸ਼ਕ ਨੇ ਅਜੇ ਤਕ ਅਜ਼ਮਾਇਆ ਨਹੀਂ ਹੈ।
7 ਜੋੜੀਆਂ ਜਾ ਰਹੀਆਂ ਟੋਲੀਆਂ ਦੀਆਂ ਟੋਲੀਆਂ ਵੱਡੇ ਆਨੰਦ ਦਾ ਕਾਰਨ ਹਨ। ਕਲੀਸਿਯਾ ਦੇ ਨਵੇਂ ਮੈਂਬਰਾਂ ਨੂੰ ਸਿਖਲਾਈ ਅਤੇ ਪ੍ਰੇਰਣਾ ਦੇਣ ਵਿਚ ਸਾਡਾ ਜਤਨ ਉਨ੍ਹਾਂ ਨੂੰ ਅਜਿਹੀ ਮਜ਼ਬੂਤ ਨਿਹਚਾ ਵਿਕਸਿਤ ਕਰਨ ਵਿਚ ਮਦਦ ਦੇਵੇਗਾ ਜੋ ‘ਜਾਨ ਬਚਾ ਰੱਖਣ’ ਲਈ ਲੋੜੀਂਦੀ ਹੈ।—ਇਬ. 3:12, 13; 10:39.