ਜ਼ਿਆਦਾ ਜ਼ਰੂਰੀ ਚੀਜ਼ਾਂ ਨੂੰ ਪਹਿਲੀ ਥਾਂ ਦਿਓ
1 ਕਿਹੜੀਆਂ ਕੁਝ ਜ਼ਰੂਰੀ ਚੀਜ਼ਾਂ ਹਨ ਜੋ ਸਾਡੇ ਅਧਿਆਤਮਿਕ ਕਲਿਆਣ ਲਈ ਅਤਿ-ਆਵੱਸ਼ਕ ਹਨ? ਯਕੀਨਨ ਇਨ੍ਹਾਂ ਵਿਚ ਨਿੱਜੀ ਅਧਿਐਨ, ਸਭਾਵਾਂ ਵਿਚ ਹਾਜ਼ਰੀ, ਬਾਕਾਇਦਾ ਪ੍ਰਾਰਥਨਾ, ਚੰਗੀ ਸੰਗਤ, ਅਤੇ ਮਸੀਹੀ ਸੇਵਕਾਈ ਸ਼ਾਮਲ ਹੋਣਗੇ। ਜ਼ਰੂਰੀ ਚੀਜ਼ਾਂ ਨੂੰ ਆਪਣੇ ਜੀਵਨ ਵਿਚ ਪਹਿਲੀ ਥਾਂ ਦਿੱਤੇ ਬਿਨਾਂ ਅਸੀਂ ਚੰਗੀ ਅਧਿਆਤਮਿਕ ਸਿਹਤ ਬਰਕਰਾਰ ਨਹੀਂ ਰੱਖ ਸਕਦੇ ਹਾਂ।
2 ਪਰੰਤੂ, ਸਾਨੂੰ ਸਾਰਿਆਂ ਨੂੰ ਸਰੀਰਕ ਕਾਮਨਾਵਾਂ ਵਿਰੁੱਧ ਲੜਨਾ ਪੈਂਦਾ ਹੈ ਅਤੇ ਸਾਨੂੰ ਅਨੁਸ਼ਾਸਨ ਦੀ ਲੋੜ ਹੈ। (ਗਲਾ. 5:17) ਸਾਨੂੰ ਕਦੇ ਵੀ ਇਹ ਮਹਿਸੂਸ ਨਹੀਂ ਕਰਨਾ ਚਾਹੀਦਾ ਕਿ ਸੁਆਰਥੀ ਹਿਤਾਂ ਦਾ ਪਿੱਛਾ ਕਰਨ ਨਾਲ ਸਾਨੂੰ ਜ਼ਿਆਦਾ ਲਾਭ ਹੋਵੇਗਾ। (ਯਿਰ. 17:9) ਇਸ ਲਈ, ਜੇਕਰ ਸਾਨੂੰ ਆਪਣੇ ਦਿਲ ਦੀ ਚੌਕਸੀ ਕਰਨੀ ਹੈ ਅਤੇ ਕੁਰਾਹੇ ਪੈਣ ਤੋਂ ਬਚੇ ਰਹਿਣਾ ਹੈ, ਤਾਂ ਨਿਯਮਿਤ ਆਤਮ-ਜਾਂਚ ਬਹੁਤ ਹੀ ਜ਼ਰੂਰੀ ਹੈ।—ਕਹਾ. 4:23; 2 ਕੁਰਿੰ. 13:5.
3 ਆਪਣੇ ਦਿਲ ਦੀ ਜਾਂਚ ਕਰੋ: ਤੁਸੀਂ ਆਪਣੇ ਆਪ ਨੂੰ ਕੁਝ ਖਰੇ ਸਵਾਲ ਪੁੱਛ ਕੇ ਇਹ ਜਾਂਚ ਕਰ ਸਕਦੇ ਹੋ: ਕੀ ਮੈਂ ਪਰਮੇਸ਼ੁਰ ਦਾ ਬਚਨ ਪੜ੍ਹਨ ਲਈ ਲੋਚਦਾ ਹਾਂ? (1 ਪਤ. 2:2) ਕੀ ਮੈਂ ਸਾਰੀਆਂ ਕਲੀਸਿਯਾ ਸਭਾਵਾਂ ਵਿਚ ਹਾਜ਼ਰ ਹੋਣ ਦੀ ਮਹੱਤਤਾ ਸਮਝਦਾ ਹਾਂ? (ਇਬ. 10:24, 25) ਕੀ ਮੈਂ ਪ੍ਰਾਰਥਨਾ ਲਗਾਤਾਰ ਕਰਦਾ ਹਾਂ? (ਰੋਮੀ. 12:12) ਕੀ ਮੈਂ ਅਧਿਆਤਮਿਕ ਮਨ ਵਾਲੇ ਲੋਕਾਂ ਦੀ ਸੰਗਤ ਭਾਲਦਾ ਹਾਂ? (ਰੋਮੀ. 1:11, 12) ਕੀ ਮੈਂ ਖ਼ੁਸ਼ ਖ਼ਬਰੀ ਸੁਣਾਉਣ ਨੂੰ ਆਪਣਾ ਨਿੱਜੀ ਫ਼ਰਜ਼ ਸਮਝਦਾ ਹਾਂ? (1 ਕੁਰਿੰ. 9:16) ਹਾਂ ਵਿਚ ਜਵਾਬ ਦੇਣਾ ਦਿਖਾਵੇਗਾ ਕਿ ਤੁਸੀਂ ਜ਼ਿਆਦਾ ਜ਼ਰੂਰੀ ਚੀਜ਼ਾਂ ਨੂੰ ਪਹਿਲੀ ਥਾਂ ਦੇਣ ਦੇ ਇੱਛੁਕ ਹੋ।
4 ਆਪਣੇ ਨਿੱਤ-ਕਰਮ ਦੀ ਜਾਂਚ ਕਰੋ: ਆਪਣੇ ਦਿਲ ਦੀਆਂ ਕਾਮਨਾਵਾਂ ਜਾਂਚਣ ਮਗਰੋਂ ਤੁਹਾਨੂੰ ਸਮੇਂ ਦੀ ਵਰਤੋਂ ਲਈ ਪ੍ਰਾਥਮਿਕਤਾਵਾਂ ਕਾਇਮ ਕਰਨ ਦੀ ਲੋੜ ਹੈ। ਇਸ ਵਿਚ ਨਿਯਮਿਤ ਤੌਰ ਤੇ ਬਾਈਬਲ ਨੂੰ ਅਤੇ ਪਹਿਰਾਬੁਰਜ ਤੇ ਜਾਗਰੂਕ ਬਣੋ! ਦੇ ਹਰੇਕ ਅੰਕ ਨੂੰ ਪੜ੍ਹਨ, ਅਤੇ ਸਭਾਵਾਂ ਲਈ ਤਿਆਰੀ ਕਰਨ ਵਾਸਤੇ ਸਮਾਂ ਨਿਯਤ ਕਰਨਾ ਸ਼ਾਮਲ ਹੈ। ਪਰਿਵਾਰ ਨੂੰ ਇਕੱਠੇ ਅਧਿਐਨ ਕਰਨ ਅਤੇ ਪ੍ਰਾਰਥਨਾ ਕਰਨ ਲਈ ਵੀ ਸਮਾਂ ਅਲੱਗ ਰੱਖਣਾ ਚਾਹੀਦਾ ਹੈ। ਟੀ. ਵੀ. ਦੇਖਣ ਅਤੇ ਦੂਸਰੇ ਮਨੋਰੰਜਨਾਂ ਵਿਚ ਸਮਾਂ ਬਿਤਾਉਣ ਉੱਤੇ ਨਿਸ਼ਚਿਤ ਪਾਬੰਦੀਆਂ ਲਗਾਓ। ਸਾਰੀਆਂ ਕਲੀਸਿਯਾ ਸਭਾਵਾਂ ਵਿਚ ਹਾਜ਼ਰ ਹੋਣ ਲਈ ਦ੍ਰਿੜ੍ਹ ਹੋਵੋ, ਅਤੇ ਇਨ੍ਹਾਂ ਦੇ ਅਨੁਸਾਰ ਬਾਕੀ ਸਭ ਕੰਮਾਂ ਦੀ ਅਨੁਸੂਚੀ ਬਣਾਓ। ਪੂਰੇ ਪਰਿਵਾਰ ਲਈ ਹਰ ਹਫ਼ਤੇ ਖੇਤਰ ਸੇਵਾ ਵਿਚ ਭਾਗ ਲੈਣ ਦੀ ਯੋਜਨਾ ਬਣਾਓ।
5 ਨਿਰਸੰਦੇਹ, ਜ਼ਿਆਦਾ ਜ਼ਰੂਰੀ ਚੀਜ਼ਾਂ ਨੂੰ ਆਪਣੇ ਜੀਵਨ ਵਿਚ ਪਹਿਲੀ ਥਾਂ ਦੇਣਾ ਖ਼ੁਸ਼ੀ ਦਾ ਕਾਰਨ ਸਾਬਤ ਹੋਵੇਗਾ।