ਯਹੋਵਾਹ ਦੀ ਉਪਾਸਨਾ ਦੇ ਸਥਾਨ ਲਈ ਆਦਰ ਦਿਖਾਓ
1 ਜਦੋਂ ਅਸੀਂ ਕਿਸੇ ਦੇ ਘਰ ਵਿਚ ਮਹਿਮਾਨ ਹੁੰਦੇ ਹਾਂ, ਤਾਂ ਅਸੀਂ ਉਸ ਦੇ ਸਾਮਾਨ ਲਈ ਆਦਰ ਦਿਖਾਉਂਦੇ ਹੋਏ ਉਸ ਨੂੰ ਖ਼ਰਾਬ ਨਹੀਂ ਕਰਦੇ ਹਾਂ, ਅਤੇ ਅਸੀਂ ਉਸ ਪਰਿਵਾਰ ਦੇ ਨਿਯਮਿਤ ਰੁਟੀਨ ਵਿਚ ਵਿਘਨ ਨਹੀਂ ਪਾਉਂਦੇ ਹਾਂ। ਇਹੋ ਗੱਲ ਉਦੋਂ ਹੋਰ ਵੀ ਕਿੰਨੀ ਜ਼ਿਆਦਾ ਸੱਚ ਹੋਣੀ ਚਾਹੀਦੀ ਹੈ ਜਦੋਂ ਅਸੀਂ ਯਹੋਵਾਹ ਦੇ ਮਹਿਮਾਨ ਹੁੰਦੇ ਹਾਂ! ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੇ ਘਰ ਵਿਚ ਸਾਨੂੰ ਕਿਸ ਤਰ੍ਹਾਂ ਵਰਤਾਅ ਕਰਨਾ ਹੈ। (ਜ਼ਬੂ. 15:1; 1 ਤਿਮੋ. 3:15) ਭਾਵੇਂ ਸਾਡੀ ਮਸੀਹੀ ਸਭਾ ਰਾਜ ਗ੍ਰਹਿ ਵਿਚ, ਕਿਸੇ ਦੇ ਘਰ ਵਿਚ, ਜਾਂ ਕਿਸੇ ਜਨਤਕ ਭਵਨ ਵਿਚ ਹੁੰਦੀ ਹੈ, ਸਾਡੇ ਵਿੱਚੋਂ ਜ਼ਿਆਦਾਤਰ ਹਮੇਸ਼ਾ ਆਪਣੇ ਉਪਾਸਨਾ ਦੇ ਸਥਾਨ ਲਈ ਆਦਰ ਦਿਖਾਉਂਦੇ ਹਨ, ਮਾਨੋ ਇਹ ਯਹੋਵਾਹ ਦਾ ਘਰ ਹੋਵੇ, ਜਿਸ “ਦਾ ਤੇਜ ਧਰਤੀ ਤੇ ਅਕਾਸ਼ ਦੇ ਉੱਪਰ ਹੈ।”—ਜ਼ਬੂ. 148:13.
2 ਕੁਝ ਭਰਾ ਸਭਾਵਾਂ ਲਈ ਆਦਰ ਦੀ ਘਾਟ ਦਿਖਾਉਂਦੇ ਹਨ। ਉਹ ਸ਼ੋਰ ਕਰਦੇ ਹਨ ਜਾਂ ਇਸ ਤਰ੍ਹਾਂ ਵਰਤਾਅ ਕਰਦੇ ਹਨ ਜਿਵੇਂ ਕਿ ਪੇਸ਼ ਕੀਤੀ ਜਾ ਰਹੀ ਜਾਣਕਾਰੀ ਮਹੱਤਵਹੀਣ ਹੈ। ਜਦੋਂ ਕਿ ਸਭਾ ਚਲ ਰਹੀ ਹੁੰਦੀ ਹੈ, ਕੁਝ ਬਾਲਗ ਲਾਬੀ ਵਿਚ, ਸਾਹਿੱਤ ਅਤੇ ਰਸਾਲਾ ਕਾਊਂਟਰਾਂ ਦੇ ਆਲੇ-ਦੁਆਲੇ, ਪਖਾਨੇ ਵਿਚ, ਜਾਂ ਰਾਜ ਗ੍ਰਹਿ ਦੇ ਬਾਹਰ ਬੇਲੋੜੀਆਂ ਗੱਲਾਂ ਕਰਦੇ ਰਹਿੰਦੇ ਹਨ। ਜਦੋਂ ਇਕ ਵੱਡੇ ਬੱਚੇ ਨੂੰ ਛੋਟੇ ਬੱਚੇ ਦੀ ਨਿਗਰਾਨੀ ਕਰਨ ਲਈ ਛੱਡਿਆ ਜਾਂਦਾ ਹੈ, ਤਾਂ ਕਦੇ-ਕਦਾਈਂ ਉਹ ਦੋਵੇਂ ਖੇਡਣ ਲੱਗ ਪੈਂਦੇ ਹਨ ਅਤੇ ਕਾਰਜਕ੍ਰਮ ਤੋਂ ਘੱਟ ਹੀ ਲਾਭ ਉਠਾਉਂਦੇ ਹਨ। ਸਭਾਵਾਂ ਮਗਰੋਂ, ਕੁਝ ਬੱਚਿਆਂ ਨੂੰ ਰਾਜ ਗ੍ਰਹਿ ਦੇ ਬਾਹਰ ਖੇਡਦਿਆਂ, ਬਹੁਤ ਸ਼ੋਰ ਕਰਦਿਆਂ, ਇੱਥੋਂ ਤਕ ਕਿ ਇਕ ਦੂਜੇ ਨੂੰ ਕਰਾਟੇ ਦੀਆਂ ਹਰਕਤਾਂ ਕਰਦਿਆਂ ਦੇਖਿਆ ਗਿਆ ਹੈ। ਕੁਝ ਅਵਸਰਾਂ ਤੇ ਉਨ੍ਹਾਂ ਦੇ ਕਾਰਨ ਆਂਢ-ਗੁਆਂਢ ਦੇ ਲੋਕ ਪਰੇਸ਼ਾਨ ਹੋਏ ਹਨ ਜਾਂ ਸੜਕ ਤੇ ਆਵਾਜਾਈ ਵਿਚ ਵਿਘਨ ਪਿਆ ਹੈ।
3 ਨਿਰਾਦਰ ਦਿਖਾਉਣ ਤੋਂ ਕਿਵੇਂ ਪਰਹੇਜ਼ ਕਰੀਏ: ਆਪਣੀ ਉਪਾਸਨਾ ਦੀ ਮਹਾਨਤਾ ਅਤੇ ਪਵਿੱਤਰਤਾ ਨੂੰ ਸਮਝਦੇ ਹੋਏ, ਅਸੀਂ ਨਿਸ਼ਚੇ ਹੀ ਫੁਸਰ-ਫੁਸਰ ਕਰਨ, ਚੀਜ਼ਾਂ ਖਾਣ, ਚਿਊਇੰਗ ਗੰਮ ਚਬਾਉਣ, ਕਾਗਜ਼ ਸਰਸਰ ਕਰਨ, ਵਾਰ-ਵਾਰ ਪਖਾਨੇ ਜਾਣ, ਜਾਂ ਆਦਤਨ ਸਭਾਵਾਂ ਵਿਚ ਦੇਰ ਨਾਲ ਆਉਣ ਦੁਆਰਾ ਦੂਸਰਿਆਂ ਦਾ ਧਿਆਨ ਭੰਗ ਨਹੀਂ ਕਰਨਾ ਚਾਹਾਂਗੇ। ਆਦਰਮਈ ਅਤੇ ਕਦਰਦਾਨ ਮਾਪੇ ਆਪਣੇ ਬੱਚਿਆਂ ਨੂੰ ਰਾਜ ਗ੍ਰਹਿ ਵਿਚ ਜਾਂ ਜਿਸ ਘਰ ਵਿਚ ਪੁਸਤਕ ਅਧਿਐਨ ਸੰਚਾਲਿਤ ਕੀਤਾ ਜਾਂਦਾ ਹੈ, ਉੱਥੇ ਜ਼ਮੀਨ ਉੱਤੇ ਕੂੜਾ-ਕਰਕਟ ਸੁੱਟਣ ਜਾਂ ਕੁਰਸੀਆਂ ਜਾਂ ਕੰਧਾਂ ਨੂੰ ਗੰਦਾ ਨਹੀਂ ਕਰਨ ਦਿੰਦੇ ਹਨ। ਅਤੇ ਯਕੀਨਨ ਅਸੀਂ ਸਾਰੇ ਸਹਿਮਤ ਹਾਂ ਕਿ ਸਾਡੀਆਂ ਸਭਾਵਾਂ ਵਿਚ ਕਿਸੇ ਵੀ ਪ੍ਰਕਾਰ ਦੀ ਬੇਸ਼ਰਮੀ, ਮੂੜ੍ਹ ਬਚਨ, ਜਾਂ ਠੱਠੇ ਬਾਜ਼ੀ ਦੀ ਕੋਈ ਜਗ੍ਹਾ ਨਹੀਂ ਹੈ।—ਅਫ਼. 5:4.
4 ਜੇ ਅਸੀਂ ਆਪਣੀਆਂ ਮਸੀਹੀ ਸਭਾਵਾਂ ਦੇ ਮਕਸਦ ਨੂੰ ਹਮੇਸ਼ਾ ਯਾਦ ਰੱਖੀਏ, ਤਾਂ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਅਸੀਂ ਆਪਣੇ ਬੱਚਿਆਂ ਸਮੇਤ ਯਹੋਵਾਹ ਦੀ ਉਪਾਸਨਾ ਦੇ ਉਸ ਸਥਾਨ ਲਈ ਯੋਗ ਆਦਰ ਦਿਖਾਵਾਂਗੇ, ਜਿੱਥੇ ਅਸੀਂ ‘ਖੜਾ ਹੋਣਾ ਹੀ ਚੰਗਾ ਸਮਝਿਆ ਹੈ।’—ਜ਼ਬੂ. 84:10, ਪੰਜਾਬੀ ਬਾਈਬਲ ਨਵਾਂ ਅਨੁਵਾਦ।