ਪ੍ਰਸ਼ਨ ਡੱਬੀ
◼ ਜਦੋਂ ਅਸੀਂ ਲੋਨਾਵਲਾ ਵਿਚ ਸੰਸਥਾ ਦੇ ਸ਼ਾਖਾ ਦਫ਼ਤਰ ਜਾਂ ਬੰਗਲੌਰ ਵਿਚ ਉਸਾਰੀ ਸਥਾਨ ਨੂੰ ਦੇਖਣ ਜਾਂਦੇ ਹਾਂ, ਤਾਂ ਸਾਨੂੰ ਆਪਣੇ ਪਹਿਰਾਵੇ ਅਤੇ ਸ਼ਿੰਗਾਰ ਵੱਲ ਖ਼ਾਸ ਧਿਆਨ ਕਿਉਂ ਦੇਣਾ ਚਾਹੀਦਾ ਹੈ?
ਮਸੀਹੀਆਂ ਤੋਂ ਉਚਿਤ ਸ਼ਿਸ਼ਟਾਚਾਰ ਦੀ ਆਸ ਰੱਖੀ ਜਾਂਦੀ ਹੈ। ਹਰ ਸਮੇਂ ਸਾਡੇ ਪਹਿਰਾਵੇ ਅਤੇ ਸ਼ਿੰਗਾਰ ਨੂੰ ਉਹ ਸਾਊਪੁਣਾ ਅਤੇ ਮਾਣ ਪ੍ਰਤਿਬਿੰਬਤ ਕਰਨਾ ਚਾਹੀਦਾ ਹੈ ਜੋ ਯਹੋਵਾਹ ਪਰਮੇਸ਼ੁਰ ਦੇ ਸੇਵਕਾਂ ਦੇ ਲਈ ਉਪਯੁਕਤ ਹੈ। ਇਹ ਗੱਲ ਖ਼ਾਸ ਤੌਰ ਤੇ ਉਦੋਂ ਸੱਚ ਹੈ ਜਦੋਂ ਅਸੀਂ ਸੰਸਾਰ ਭਰ ਵਿਚ ਕਿਤੇ ਵੀ ਸੰਸਥਾ ਦੇ ਸ਼ਾਖਾ ਦਫ਼ਤਰਾਂ ਨੂੰ ਦੇਖਣ ਜਾਂਦੇ ਹਾਂ।
ਸੰਨ 1998 ਦੌਰਾਨ, ਸੰਸਾਰ ਦੇ ਬਹੁਤ ਸਾਰੇ ਭਾਗਾਂ ਵਿਚ ਜ਼ਿਲ੍ਹਾ ਅਤੇ ਅੰਤਰ-ਰਾਸ਼ਟਰੀ ਮਹਾਂ-ਸੰਮੇਲਨ ਹੋਣਗੇ। ਬਹੁਤ ਸਾਰੇ ਦੇਸ਼ਾਂ ਤੋਂ ਸਾਡੇ ਹਜ਼ਾਰਾਂ ਭਰਾ ਨਿਊਯਾਰਕ ਵਿਚ ਸੰਸਥਾ ਦੇ ਮੁੱਖ ਦਫ਼ਤਰ ਨੂੰ ਅਤੇ ਦੂਜੇ ਦੇਸ਼ਾਂ, ਜਿਸ ਵਿਚ ਭਾਰਤ ਵੀ ਸ਼ਾਮਲ ਹੈ, ਦੀਆਂ ਸ਼ਾਖਾਵਾਂ ਨੂੰ ਦੇਖਣ ਜਾਣਗੇ। ਨਾ ਕੇਵਲ ਇਨ੍ਹਾਂ ਸ਼ਾਖਾ ਦਫ਼ਤਰਾਂ ਨੂੰ ਦੇਖਣ ਜਾਂਦੇ ਸਮੇਂ, ਬਲਕਿ ਦੂਜੇ ਸਮੇਂ ਤੇ ਵੀ, ਸਾਨੂੰ ‘ਜਿਵੇਂ ਪਰਮੇਸ਼ੁਰ ਦੇ ਸੇਵਕਾਂ ਦੇ ਜੋਗ ਹੈ ਤਿਵੇਂ ਹਰ ਇੱਕ ਗੱਲ ਤੋਂ ਆਪਣੇ ਲਈ ਪਰਮਾਣ ਦੇਣ’ ਦੀ ਲੋੜ ਹੈ, ਜਿਸ ਵਿਚ ਸਾਡਾ ਉਚਿਤ ਪਹਿਰਾਵਾ ਅਤੇ ਸ਼ਿੰਗਾਰ ਵੀ ਸ਼ਾਮਲ ਹੈ।—2 ਕੁਰਿੰ. 6:3, 4.
ਉਚਿਤ ਪਹਿਰਾਵੇ ਅਤੇ ਸ਼ਿੰਗਾਰ ਦੀ ਮਹੱਤਤਾ ਉੱਤੇ ਚਰਚਾ ਕਰਦੇ ਹੋਏ, ਆਪਣੀ ਸੇਵਕਾਈ ਨੂੰ ਸੰਪੰਨ ਕਰਨ ਲਈ ਸੰਗਠਿਤ (ਅੰਗ੍ਰੇਜ਼ੀ) ਪੁਸਤਕ ਟਿੱਪਣੀ ਕਰਦੀ ਹੈ ਕਿ ਖੇਤਰ ਸੇਵਕਾਈ ਵਿਚ ਭਾਗ ਲੈਂਦੇ ਸਮੇਂ ਅਤੇ ਮਸੀਹੀ ਸਭਾਵਾਂ ਵਿਚ ਹਾਜ਼ਰ ਹੁੰਦੇ ਸਮੇਂ ਸਾਨੂੰ ਸਰੀਰਕ ਸਫ਼ਾਈ, ਉਚਿਤ ਪਹਿਰਾਵੇ, ਅਤੇ ਚੰਗੇ ਸ਼ਿੰਗਾਰ ਦੀ ਲੋੜ ਹੈ। ਫਿਰ, ਸਫ਼ਾ 131, ਪੈਰਾ 2, ਵਿਚ ਇਹ ਕਹਿੰਦੀ ਹੈ: “ਇਹੋ ਗੱਲ ਉਦੋਂ ਵੀ ਲਾਗੂ ਹੁੰਦੀ ਹੈ ਜਦੋਂ ਅਸੀਂ ਬਰੁਕਲਿਨ ਵਿਚ ਬੈਥਲ ਘਰ ਜਾਂ ਸੰਸਥਾ ਦੇ ਕਿਸੇ ਵੀ ਸ਼ਾਖਾ ਦਫ਼ਤਰ ਨੂੰ ਦੇਖਣ ਜਾਂਦੇ ਹਾਂ। ਯਾਦ ਰੱਖੋ ਕਿ ਬੈਥਲ ਨਾਂ ਦਾ ਅਰਥ ਹੈ ‘ਪਰਮੇਸ਼ੁਰ ਦਾ ਭਵਨ,’ ਇਸ ਲਈ ਸਾਡਾ ਪਹਿਰਾਵਾ, ਸ਼ਿੰਗਾਰ ਅਤੇ ਚਾਲ-ਚਲਨ ਉਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਿਸ ਦੀ ਰਾਜ ਗ੍ਰਹਿ ਵਿਚ ਉਪਾਸਨਾ ਕਰਨ ਲਈ ਸਭਾਵਾਂ ਵਿਚ ਹਾਜ਼ਰ ਹੋਣ ਸਮੇਂ ਸਾਡੇ ਤੋਂ ਆਸ ਕੀਤੀ ਜਾਂਦੀ ਹੈ।” ਬੈਥਲ ਪਰਿਵਾਰ ਦੇ ਮੈਂਬਰਾਂ ਨੂੰ ਮਿਲਣ ਅਤੇ ਉਨ੍ਹਾਂ ਨਾਲ ਸੰਗਤ ਕਰਨ ਲਈ ਅਤੇ ਸ਼ਾਖਾ ਦਫ਼ਤਰਾਂ ਨੂੰ ਦੇਖਣ ਲਈ ਸਥਾਨਕ ਇਲਾਕੇ ਤੋਂ ਆਏ ਰਾਜ ਪ੍ਰਕਾਸ਼ਕਾਂ ਅਤੇ ਦੂਰੋਂ ਆਏ ਰਾਜ ਪ੍ਰਕਾਸ਼ਕਾਂ ਨੂੰ ਇਹੋ ਉੱਚ ਮਿਆਰ ਕਾਇਮ ਰੱਖਣਾ ਚਾਹੀਦਾ ਹੈ।
ਯਹੋਵਾਹ ਦੀ ਸੱਚੀ ਉਪਾਸਨਾ ਬਾਰੇ ਦੂਜਿਆਂ ਦੇ ਵਿਚਾਰਾਂ ਉੱਤੇ ਸਾਡੇ ਪਹਿਰਾਵੇ ਦਾ ਚੰਗਾ ਪ੍ਰਭਾਵ ਪੈਣਾ ਚਾਹੀਦਾ ਹੈ। ਪਰੰਤੂ, ਇਹ ਦੇਖਿਆ ਗਿਆ ਹੈ ਕਿ ਸੰਸਥਾ ਦੇ ਸ਼ਾਖਾ ਦਫ਼ਤਰਾਂ ਨੂੰ ਦੇਖਣ ਜਾਂਦੇ ਸਮੇਂ, ਕੁਝ ਭਰਾਵਾਂ ਅਤੇ ਭੈਣਾਂ ਦਾ ਪਹਿਰਾਵਾ ਅਤਿ ਬੇਢੰਗਾ ਹੁੰਦਾ ਹੈ। ਕਿਸੇ ਵੀ ਬੈਥਲ ਘਰ ਨੂੰ ਦੇਖਣ ਲਈ ਜਾਣ ਵੇਲੇ ਅਜਿਹਾ ਪਹਿਰਾਵਾ ਉਪਯੁਕਤ ਨਹੀਂ ਹੈ। ਸਾਡੇ ਮਸੀਹੀ ਜੀਵਨ ਦੇ ਦੂਜੇ ਸਾਰੇ ਪਹਿਲੂਆਂ ਦੇ ਸਮਾਨ, ਇਸ ਮਾਮਲੇ ਵਿਚ ਵੀ ਅਸੀਂ ਚਾਹੁੰਦੇ ਹਾਂ ਕਿ ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰਨ ਦੁਆਰਾ ਅਸੀਂ ਅਜਿਹਾ ਉੱਚਾ ਮਿਆਰ ਕਾਇਮ ਰੱਖੀਏ ਜੋ ਪਰਮੇਸ਼ੁਰ ਦੇ ਲੋਕਾਂ ਨੂੰ ਸੰਸਾਰ ਤੋਂ ਭਿੰਨ ਦਿਖਾਉਂਦਾ ਹੈ। (ਰੋਮੀ. 12:2; 1 ਕੁਰਿੰ. 10:31) ਆਪਣੇ ਬਾਈਬਲ ਸਿੱਖਿਆਰਥੀਆਂ ਨਾਲ ਅਤੇ ਦੂਜਿਆਂ ਨਾਲ ਜੋ ਪਹਿਲੀ ਵਾਰ ਬੈਥਲ ਜਾ ਰਹੇ ਹਨ, ਗੱਲ ਕਰ ਕੇ ਉਨ੍ਹਾਂ ਨੂੰ ਇਹ ਯਾਦ ਦਿਲਾਉਣਾ ਵੀ ਚੰਗੀ ਗੱਲ ਹੈ ਕਿ ਉਚਿਤ ਪਹਿਰਾਵੇ ਅਤੇ ਸ਼ਿੰਗਾਰ ਵੱਲ ਧਿਆਨ ਦੇਣਾ ਮਹੱਤਵਪੂਰਣ ਹੈ।
ਇਸ ਲਈ ਸੰਸਥਾ ਦੇ ਸ਼ਾਖਾ ਦਫ਼ਤਰਾਂ ਨੂੰ ਦੇਖਣ ਜਾਂਦੇ ਸਮੇਂ, ਆਪਣੇ ਆਪ ਤੋਂ ਪੁੱਛੋ: ‘ਕੀ ਮੇਰਾ ਪਹਿਰਾਵਾ ਅਤੇ ਸ਼ਿੰਗਾਰ ਸੰਜਮੀ ਹੈ?’ (ਤੁਲਨਾ ਕਰੋ ਮੀਕਾਹ 6:8.) ‘ਕੀ ਇਹ ਉਸ ਪਰਮੇਸ਼ੁਰ ਨੂੰ ਮਹਿਮਾ ਲਿਆਉਂਦਾ ਹੈ ਜਿਸ ਦੀ ਮੈਂ ਉਪਾਸਨਾ ਕਰਦਾ ਹਾਂ? ਕੀ ਦੂਸਰੇ ਮੇਰੀ ਦਿੱਖ ਤੋਂ ਪਰੇਸ਼ਾਨ ਜਾਂ ਨਾਰਾਜ਼ ਹੋਣਗੇ? ਕੀ ਮੈਂ ਦੂਜਿਆਂ ਲਈ ਇਕ ਚੰਗੀ ਮਿਸਾਲ ਕਾਇਮ ਕਰ ਰਿਹਾ ਹਾਂ ਜੋ ਸ਼ਾਇਦ ਪਹਿਲੀ ਵਾਰ ਦੇਖਣ ਜਾ ਰਹੇ ਹਨ?’ ਆਓ ਅਸੀਂ ਹਮੇਸ਼ਾ, ਆਪਣੇ ਪਹਿਰਾਵੇ ਅਤੇ ਸ਼ਿੰਗਾਰ ਦੁਆਰਾ, ‘ਸਾਰੀਆਂ ਗੱਲਾਂ ਵਿੱਚ ਆਪਣੇ ਮੁਕਤੀ ਦਾਤਾ ਪਰਮੇਸ਼ੁਰ ਦੀ ਸਿੱਖਿਆ ਨੂੰ ਸਿੰਗਾਰੀਏ।’—ਤੀਤੁ. 2:10.