ਪ੍ਰਸ਼ਨ ਡੱਬੀ
◼ ਜਦੋਂ ਅਸੀਂ ਬੈਥਲ ਘਰਾਂ ਅਤੇ ਸ਼ਾਖ਼ਾ ਦਫ਼ਤਰਾਂ ਵਿਚ ਜਾਂਦੇ ਹਾਂ, ਤਾਂ ਸਾਨੂੰ ਕਿਹੋ ਜਿਹੇ ਕੱਪੜੇ ਪਾਉਣੇ ਚਾਹੀਦੇ ਹਨ?
ਜਦੋਂ ਅਸੀਂ ਬੈਥਲ ਦੇਖਣ ਲਈ ਜਾਂ ਬੈਥਲ ਪਰਿਵਾਰ ਦੇ ਕਿਸੇ ਮੈਂਬਰ ਨੂੰ ਮਿਲਣ ਲਈ ਬੈਥਲ ਜਾਂਦੇ ਹਾਂ, ਤਾਂ “ਸਾਡਾ ਪਹਿਰਾਵਾ, ਸ਼ਿੰਗਾਰ ਅਤੇ ਚਾਲ-ਚਲਣ ਉਹੋ ਹੋਣਾ ਚਾਹੀਦਾ ਹੈ ਜਿਸ ਦੀ ਕਿੰਗਡਮ ਹਾਲ ਵਿਚ ਜਾਂਦੇ ਸਮੇਂ ਸਾਡੇ ਤੋਂ ਆਸ ਕੀਤੀ ਜਾਂਦੀ ਹੈ, ਜਿੱਥੇ ਅਸੀਂ ਉਪਾਸਨਾ ਕਰਨ ਲਈ ਇਕੱਠੇ ਹੁੰਦੇ ਹਾਂ।” (om 131) ਪਰ ਇਹ ਦੇਖਿਆ ਗਿਆ ਹੈ ਕਿ ਕੁਝ ਭੈਣ-ਭਰਾ ਬਹੁਤ ਹੀ ਖੁੱਲ੍ਹੇ-ਡੁੱਲ੍ਹੇ ਤੇ ਬੇਢੰਗੇ ਕੱਪੜੇ ਪਾ ਕੇ ਬੈਥਲ ਵਿਚ ਆਉਂਦੇ ਹਨ। ਇਸ ਤਰ੍ਹਾਂ ਦੇ ਕੱਪੜੇ ਪਾ ਕੇ ਬੈਥਲ ਘਰਾਂ ਅਤੇ ਸ਼ਾਖ਼ਾ ਦਫ਼ਤਰਾਂ ਵਿਚ ਆਉਣਾ ਠੀਕ ਨਹੀਂ ਹੈ। ਸਾਡਾ ਪਹਿਰਾਵਾ ਮਿਸਾਲੀ, ਸੁੰਦਰ ਅਤੇ ਸੁਚੱਜਾ ਹੋਣਾ ਚਾਹੀਦਾ ਹੈ ਜੋ ਯਹੋਵਾਹ ਪਰਮੇਸ਼ੁਰ ਦੇ ਸੇਵਕਾਂ ਨੂੰ ਸ਼ੋਭਾ ਦੇਵੇ।—1 ਤਿਮੋ. 2:9, 10.
ਬੈਥਲ ਘਰਾਂ ਅਤੇ ਸ਼ਾਖ਼ਾ ਦਫ਼ਤਰਾਂ ਦੀ ਸੈਰ ਕਰਨ ਵੇਲੇ ਆਪਣੇ ਪਹਿਰਾਵੇ ਦਾ ਖ਼ਾਸ ਧਿਆਨ ਰੱਖਣਾ ਜ਼ਰੂਰੀ ਹੈ ਕਿਉਂਕਿ ਦੂਸਰੇ ਲੋਕ ਜੋ ਗਵਾਹ ਨਹੀਂ ਹਨ ਸਾਨੂੰ ਦੇਖ ਰਹੇ ਹੁੰਦੇ ਹਨ। ਸਾਡੇ ਪਹਿਰਾਵੇ ਨੂੰ ਦੇਖ ਕੇ ਉਹ ਪਰਮੇਸ਼ੁਰ ਦੇ ਲੋਕਾਂ ਅਤੇ ਸੰਗਠਨ ਬਾਰੇ ਆਪਣੀ ਰਾਇ ਕਾਇਮ ਕਰ ਸਕਦੇ ਹਨ। ਜੇ ਤੁਹਾਡੇ ਬਾਈਬਲ ਵਿਦਿਆਰਥੀ ਜਾਂ ਹੋਰ ਦੂਸਰੇ ਲੋਕ ਬੈਥਲ ਆਉਣ ਬਾਰੇ ਸੋਚ ਰਹੇ ਹਨ, ਤਾਂ ਉਨ੍ਹਾਂ ਨੂੰ ਯਾਦ ਕਰਾਓ ਕਿ ਉਨ੍ਹਾਂ ਨੂੰ ਢੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਇਸ ਤਰ੍ਹਾਂ ਕਰਨ ਲਈ ਬੈਥਲ ਪਰਿਵਾਰ ਤੁਹਾਡਾ ਸ਼ੁਕਰਗੁਜ਼ਾਰ ਹੋਵੇਗਾ।
ਮਸੀਹੀ ਹੋਣ ਦੇ ਨਾਤੇ ਸਾਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡਾ ਪਹਿਰਾਵਾ ਦੂਸਰਿਆਂ ਲਈ ਠੋਕਰ ਦਾ ਕਾਰਨ ਨਾ ਬਣੇ। (2 ਕੁਰਿੰ. 6:3, 4) ਇਸ ਦੀ ਬਜਾਇ, ਆਓ ਆਪਾਂ ਢੰਗ ਦੇ ਕੱਪੜੇ ਪਾ ਕੇ ‘ਸਾਰੀਆਂ ਗੱਲਾਂ ਵਿੱਚ ਆਪਣੇ ਮੁਕਤੀ ਦਾਤਾ ਪਰਮੇਸ਼ੁਰ ਦੀ ਸਿੱਖਿਆ ਨੂੰ ਸਿੰਗਾਰੀਏ।’—ਤੀਤੁ. 2:10.