ਅਸੀਂ ਆਪਣੇ ਪ੍ਰਚਾਰ ਕੰਮ ਤੋਂ ਪਛਾਣੇ ਜਾਂਦੇ ਹਾਂ
1 ਕਈ ਲੋਕ ਪੁੱਛਦੇ ਹਨ ਕਿ “ਯਹੋਵਾਹ ਦੇ ਗਵਾਹਾਂ ਨੂੰ ਕਿਹੜੀ ਚੀਜ਼ ਦੂਸਰੇ ਧਰਮਾਂ ਤੋਂ ਵੱਖਰਿਆਂ ਕਰਦੀ ਹੈ।” ਜੇ ਤੁਹਾਡੇ ਕੋਲੋਂ ਇਹ ਸਵਾਲ ਪੁੱਛਿਆ ਜਾਵੇ, ਤਾਂ ਤੁਸੀਂ ਇਸ ਦਾ ਜਵਾਬ ਕਿਵੇਂ ਦਿਓਗੇ? ਸ਼ਾਇਦ ਤੁਸੀਂ ਉਨ੍ਹਾਂ ਨੂੰ ਆਪਣੇ ਕੁਝ ਬਾਈਬਲ ਆਧਾਰਿਤ ਵਿਸ਼ਵਾਸਾਂ ਬਾਰੇ ਸਮਝਾਓਗੇ। ਪਰ ਕੀ ਤੁਸੀਂ ਉਨ੍ਹਾਂ ਨੂੰ ਇਹ ਦੱਸਣ ਬਾਰੇ ਸੋਚਿਆ ਹੈ ਕਿ ਸਾਡਾ ਪ੍ਰਚਾਰ ਕੰਮ ਸਾਨੂੰ ਦੂਸਰੇ ਧਰਮਾਂ ਤੋਂ ਕਿੰਨਾ ਜ਼ਿਆਦਾ ਵੱਖਰਿਆਂ ਕਰਦਾ ਹੈ?—ਮੱਤੀ 24:14; 28:19, 20.
2 ਅੱਜ-ਕੱਲ੍ਹ, ਬਹੁਤ ਘੱਟ ਧਾਰਮਿਕ ਲੋਕ ਆਪਣੇ ਵਿਸ਼ਵਾਸਾਂ ਨੂੰ ਦੂਸਰੇ ਲੋਕਾਂ ਨਾਲ ਸਾਂਝਾ ਕਰਨ ਲਈ ਪ੍ਰੇਰਿਤ ਹੁੰਦੇ ਹਨ। ਉਹ ਸ਼ਾਇਦ ਸੋਚਣ ਕਿ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਨੀ, ਇਕ ਸਾਫ਼-ਸੁਥਰੀ ਜ਼ਿੰਦਗੀ ਜੀਉਣੀ ਜਾਂ ਦੂਜਿਆਂ ਦਾ ਭਲਾ ਕਰਨਾ ਹੀ ਕਾਫ਼ੀ ਹੈ। ਪਰ ਉਹ ਦੂਸਰਿਆਂ ਨੂੰ ਇਹ ਸਿਖਾਉਣ ਵਿਚ ਆਪਣੀ ਜ਼ਿੰਮੇਵਾਰੀ ਮਹਿਸੂਸ ਨਹੀਂ ਕਰਦੇ ਕਿ ਬਾਈਬਲ ਮੁਕਤੀ ਹਾਸਲ ਕਰਨ ਬਾਰੇ ਕੀ ਕਹਿੰਦੀ ਹੈ। ਪਰ ਅਸੀਂ ਉਨ੍ਹਾਂ ਤੋਂ ਕਿਵੇਂ ਵੱਖਰੇ ਹਾਂ?
3 ਸਾਡੀ ਜੋਸ਼ੀਲੀ ਸੇਵਕਾਈ ਦੂਜੇ ਧਰਮਾਂ ਦੇ ਕੰਮਾਂ ਤੋਂ ਬਿਲਕੁਲ ਉਲਟ ਹੈ। 100 ਤੋਂ ਵੀ ਜ਼ਿਆਦਾ ਸਾਲਾਂ ਤੋਂ ਆਧੁਨਿਕ ਦਿਨ ਦੇ ਗਵਾਹਾਂ ਨੇ ਮੁਢਲੇ ਮਸੀਹੀਆਂ ਦੀ ਰੀਸ ਕਰਦੇ ਹੋਏ ਬੜੀ ਲਗਨ ਨਾਲ ਧਰਤੀ ਦੀਆਂ ਹੱਦਾਂ ਤਕ ਪ੍ਰਚਾਰ ਕੀਤਾ ਹੈ। ਸਾਡਾ ਇਸ ਤਰ੍ਹਾਂ ਕਰਨ ਦਾ ਮਕਸਦ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮਦਦ ਕਰਨਾ ਹੈ ਤਾਂਕਿ ਉਹ ਆਪਣੀਆਂ ਜ਼ਿੰਦਗੀਆਂ ਨੂੰ ਪਰਮੇਸ਼ੁਰ ਦੀ ਇੱਛਾ ਦੇ ਮੁਤਾਬਕ ਜੀ ਸਕਣ।—1 ਤਿਮੋ. 2:4; 2 ਪਤ. 3:9.
4 ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ?ਈ ਕੀ ਤੁਸੀਂ ਪਰਮੇਸ਼ੁਰ ਦੇ ਬਚਨ ਦੇ ਜੋਸ਼ੀਲੇ ਪ੍ਰਚਾਰਕ ਵਜੋਂ ਜਾਣੇ ਜਾਂਦੇ ਹੋ? (ਰਸੂ. 17:2, 3; 18:25) ਕੀ ਤੁਹਾਡੇ ਪ੍ਰਚਾਰ ਕੰਮ ਨੂੰ ਦੇਖ ਕੇ ਤੁਹਾਡੇ ਗੁਆਂਢੀਆਂ ਨੂੰ ਆਸਾਨੀ ਨਾਲ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਧਰਮ ਵਿਚ ਅਤੇ ਤੁਹਾਡੇ ਧਰਮ ਵਿਚ ਫ਼ਰਕ ਹੈ? ਕੀ ਤੁਸੀਂ ਆਪਣੀ ਉਮੀਦ ਦੂਸਰਿਆਂ ਨਾਲ ਸਾਂਝੀ ਕਰਨ ਲਈ ਉਤਸੁਕ ਰਹਿੰਦੇ ਹੋ? ਕੀ ਤੁਸੀਂ ਸੇਵਕਾਈ ਵਿਚ ਬਾਕਾਇਦਾ ਹਿੱਸਾ ਲੈਂਦੇ ਹੋ? ਯਾਦ ਰੱਖੋ ਕਿ ਸਿਰਫ਼ ‘ਯਹੋਵਾਹ ਦਾ ਗਵਾਹ’ ਕਹਿਲਾਉਣ ਨਾਲ ਹੀ ਸਾਡੀ ਪਛਾਣ ਨਹੀਂ ਹੁੰਦੀ ਹੈ, ਪਰ ਇਸ ਨਾਂ ਦੇ ਅਰਥ ਅਨੁਸਾਰ ਕੰਮ ਕਰਨ—ਯਹੋਵਾਹ ਬਾਰੇ ਗਵਾਹੀ ਦੇਣ—ਦੁਆਰਾ ਵੀ ਅਸੀਂ ਪਛਾਣੇ ਜਾਂਦੇ ਹਾਂ।—ਯਸਾ. 43:10.
5 ਪਰਮੇਸ਼ੁਰ ਅਤੇ ਗੁਆਂਢੀ ਪ੍ਰਤੀ ਪ੍ਰੇਮ ਸਾਨੂੰ ਪ੍ਰਚਾਰ ਕਰਨ ਲਈ ਪ੍ਰੇਰਿਤ ਕਰਦਾ ਹੈ। (ਮੱਤੀ 22:37-39) ਇਸੇ ਕਰਕੇ ਅਸੀਂ ਯਿਸੂ ਅਤੇ ਰਸੂਲਾਂ ਦੀ ਤਰ੍ਹਾਂ ਹਰ ਮੌਕੇ ਦਾ ਫ਼ਾਇਦਾ ਉਠਾ ਕੇ ਦੂਸਰਿਆਂ ਨਾਲ ਰਾਜ ਸੰਦੇਸ਼ ਸਾਂਝਾ ਕਰਨਾ ਚਾਹੁੰਦੇ ਹਾਂ। ਆਓ ਅਸੀਂ ਉਨ੍ਹਾਂ ਨੂੰ ਪੂਰੇ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੀਏ ਜੋ ਇਸ ਨੂੰ ਸੁਣਨ ਲਈ ਤਿਆਰ ਹਨ। ਇਸ ਤਰ੍ਹਾਂ ਕਰਨ ਨਾਲ ਨੇਕਦਿਲ ਵਿਅਕਤੀਆਂ ਨੂੰ “ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਵਿੱਚ ਅਤੇ ਜਿਹੜਾ ਸੇਵਾ ਨਹੀਂ ਕਰਦਾ ਉਹ ਦੇ ਵਿੱਚ ਪਰਖ” ਕਰਨ ਵਿਚ ਮਦਦ ਮਿਲੇਗੀ।—ਮਲਾ. 3:18.