ਕੌਣ ਬਾਈਬਲ ਅਧਿਐਨ ਦੀ ਪੇਸ਼ਕਸ਼ ਸਵੀਕਾਰ ਕਰ ਸਕਦੇ ਹਨ?
1 ਨਬੀ ਆਮੋਸ ਨੇ ਐਲਾਨ ਕੀਤਾ ਕਿ ਇਸਰਾਏਲ ਵਿਚ “ਰੋਟੀ ਦਾ ਕਾਲ ਨਹੀਂ, ਨਾ ਪਾਣੀ ਲਈ ਤਿਹਾ, ਸਗੋਂ ਯਹੋਵਾਹ ਦੀ ਬਾਣੀ ਦੇ ਸੁਣਨ ਦਾ” ਕਾਲ ਪਵੇਗਾ। (ਆਮੋ. 8:11) ਜਿਹੜੇ ਅਧਿਆਤਮਿਕ ਤੌਰ ਤੇ ਭੁੱਖੇ ਅਤੇ ਪਿਆਸੇ ਹਨ ਉਨ੍ਹਾਂ ਲੋਕਾਂ ਦੇ ਫ਼ਾਇਦੇ ਲਈ ਯਹੋਵਾਹ ਦਾ ਸੰਗਠਨ, ਸੰਸਾਰ ਭਰ ਵਿਚ ਬਹੁਤ ਸਾਰਾ ਬਾਈਬਲ ਸਾਹਿੱਤ ਵੰਡ ਰਿਹਾ ਹੈ।
2 ਹੁਣ ਤਕ, ਅਸੀਂ ਗਿਆਨ ਕਿਤਾਬ ਦੀਆਂ 7 ਕਰੋੜ ਕਾਪੀਆਂ ਅਤੇ ਮੰਗ ਬਰੋਸ਼ਰ ਦੀਆਂ 9 ਕਰੋੜ 10 ਲੱਖ ਕਾਪੀਆਂ ਛਾਪ ਚੁੱਕੇ ਹਾਂ। ਅਸੀਂ ਇਸ ਗੱਲ ਦੀ ਕਦਰ ਕਰਦੇ ਹਾਂ ਕਿ ਇਹ ਪ੍ਰਕਾਸ਼ਨ ਸੱਚਾਈ ਸਿਖਾਉਣ ਵਿਚ ਬਹੁਤ ਸਰਲ ਅਤੇ ਪ੍ਰਭਾਵਕਾਰੀ ਹਨ। ਬਹੁਤ ਸਾਰੇ ਲੋਕਾਂ ਨੇ ਸਾਡਾ ਸਾਹਿੱਤ ਲਿਆ ਹੈ, ਪਰ ਉਨ੍ਹਾਂ ਨੇ ਅਜੇ ਤਕ ਸਾਡੇ ਨਾਲ ਬਾਈਬਲ ਦਾ ਅਧਿਐਨ ਨਹੀਂ ਕੀਤਾ ਹੈ। ਇਸ ਲਈ ਅਸੀਂ ਕੀ ਕਰ ਸਕਦੇ ਹਾਂ?
3 ਜਿਸ ਵਿਅਕਤੀ ਨੂੰ ਸਾਹਿੱਤ ਦਿੱਤਾ ਜਾਂਦਾ ਹੈ, ਹੋ ਸਕਦਾ ਹੈ ਕਿ ਉਹ ਅਧਿਐਨ ਕਰੇ! ਇਕ ਪ੍ਰਕਾਸ਼ਕ ਦੇ ਅਨੁਭਵ ਉੱਤੇ ਗੌਰ ਕਰੋ ਜਿਸ ਨੇ ਘਰ-ਘਰ ਪ੍ਰਚਾਰ ਕਰਦੇ ਸਮੇਂ ਮਿਲੀ ਇਕ ਤੀਵੀਂ ਨੂੰ ਪਹਿਲੀ ਵਾਰ ਵਿਚ ਹੀ ਅਧਿਐਨ ਦੀ ਪੇਸ਼ਕਸ਼ ਕੀਤੀ। ਉਸ ਤੀਵੀਂ ਨੇ ਝੱਟ ਹੀ ਅਧਿਐਨ ਕਰਨਾ ਸਵੀਕਾਰ ਕਰ ਲਿਆ। ਬਾਅਦ ਵਿਚ ਉਸ ਤੀਵੀਂ ਨੇ ਉਸ ਪ੍ਰਕਾਸ਼ਕ ਨੂੰ ਦੱਸਿਆ, “ਤੁਸੀਂ ਪਹਿਲੇ ਵਿਅਕਤੀ ਹੋ ਜਿਸ ਨੇ ਮੈਨੂੰ ਬਾਈਬਲ ਅਧਿਐਨ ਦੀ ਪੇਸ਼ਕਸ਼ ਕੀਤੀ ਹੈ।” ਇਸੇ ਤਰ੍ਹਾਂ ਤੁਹਾਡੇ ਇਲਾਕੇ ਵਿਚ ਕਿੰਨੇ ਲੋਕ ਹੋਣਗੇ ਜਿਨ੍ਹਾਂ ਨੇ ਪਹਿਲਾਂ ਹੀ ਸਾਡਾ ਸਾਹਿੱਤ ਲਿਆ ਹੈ ਅਤੇ ਜਿਹੜੇ ਇਸੇ ਤਰ੍ਹਾਂ ਕਹਿਣਗੇ? ਜਦੋਂ ਵੀ ਕਿਸੇ ਵਿਅਕਤੀ ਨੂੰ ਕੋਈ ਸਾਹਿੱਤ ਦਿੱਤਾ ਜਾਂਦਾ ਹੈ, ਤਾਂ ਇਸ ਨਾਲ ਤੁਹਾਨੂੰ ਪੁਨਰ-ਮੁਲਾਕਾਤ ਕਰਨ ਅਤੇ ਇਕ ਗ੍ਰਹਿ ਬਾਈਬਲ ਅਧਿਐਨ ਕਰਾਉਣ ਦਾ ਮੌਕਾ ਮਿਲਦਾ ਹੈ।
4 ਕਿਉਂਕਿ ਅਸੀਂ ਅਕਸਰ ਉਨ੍ਹਾਂ ਲੋਕਾਂ ਨੂੰ ਮਿਲਦੇ ਹਾਂ ਜਿਨ੍ਹਾਂ ਨੇ ਪਹਿਲਾਂ ਹੀ ਸਾਡੇ ਪ੍ਰਕਾਸ਼ਨ ਲਏ ਹੁੰਦੇ ਹਨ, ਤਾਂ ਅਸੀਂ ਸਾਹਿੱਤ ਵਿਚ ਲਿਖੀਆਂ ਗੱਲਾਂ ਨੂੰ ਸਿੱਖਣ ਵਿਚ ਉਨ੍ਹਾਂ ਦੀ ਦਿਲਚਸਪੀ ਕਿਵੇਂ ਜਗਾ ਸਕਦੇ ਹਾਂ? ਇਕ ਗਵਾਹ ਨੇ ਘਰ-ਸੁਆਮੀ ਕੋਲੋਂ ਸਿੱਧਾ ਪੁੱਛਿਆ ਕਿ ਕੀ ਉਸ ਕੋਲ ਬਾਈਬਲ ਸੰਬੰਧੀ ਕੋਈ ਸਵਾਲ ਹੈ, ਪਰ ਉਸ ਨੇ ਕਿਹਾ “ਨਹੀਂ।” ਪਰ ਉਹ ਭੈਣ ਲੱਗੀ ਰਹੀ, “ਤੁਹਾਡੇ ਕੋਲ ਕੋਈ ਤਾਂ ਸਵਾਲ ਹੋਵੇਗਾ।” ਤਾਂ ਤੀਵੀਂ ਨੇ ਕੁਝ ਸਵਾਲ ਪੁੱਛੇ ਅਤੇ ਇਕ ਬਾਈਬਲ ਅਧਿਐਨ ਸ਼ੁਰੂ ਹੋ ਗਿਆ। ਘਰ-ਸੁਆਮੀ ਨੂੰ ਪੁੱਛੋ ਕਿ ਕੀ ਉਹ ਕਿਸੇ ਸਵਾਲ ਬਾਰੇ ਜਾਂ ਅਜਿਹੀ ਕਿਸੇ ਗੱਲ ਬਾਰੇ ਬਾਈਬਲ ਦਾ ਦ੍ਰਿਸ਼ਟੀਕੋਣ ਜਾਣਨਾ ਚਾਹੁੰਦਾ ਹੈ ਜਿਸ ਵਿਚ ਉਸ ਦੀ ਦਿਲਚਸਪੀ ਹੋਵੇ। ਜੇਕਰ ਘਰ-ਸੁਆਮੀ ਕੋਈ ਸਵਾਲ ਨਹੀਂ ਪੁੱਛਦਾ, ਤਾਂ ਤੁਸੀਂ ਇਕ ਦਿਲਚਸਪੀ ਜਗਾਉਣ ਵਾਲਾ ਸਵਾਲ ਪੁੱਛਣ ਲਈ ਹਮੇਸ਼ਾ ਤਿਆਰ ਰਹੋ। ਇਸ ਤਰੀਕੇ ਨਾਲ ਚਰਚਾ ਕਰਨ ਨਾਲ ਮੂਲ ਬਾਈਬਲ ਸੱਚਾਈਆਂ ਦਾ ਬਾਕਾਇਦਾ ਅਧਿਐਨ ਕਰਨ ਦਾ ਰਾਹ ਖੁੱਲ੍ਹ ਸਕਦਾ ਹੈ।
5 ਬਾਈਬਲ ਅਧਿਐਨ ਸਾਡੀ ਸੇਵਕਾਈ ਦੀ ਜਾਨ ਹੈ। ਕਿਉਂਕਿ ਅਸੀਂ ਨਹੀਂ ਜਾਣਦੇ ਕਿ ਕੌਣ ਬਾਈਬਲ ਅਧਿਐਨ ਦੀ ਪੇਸ਼ਕਸ਼ ਸਵੀਕਾਰ ਕਰੇਗਾ, ਇਸ ਲਈ ਤੁਸੀਂ ਜਿਸ ਨੂੰ ਵੀ ਮਿਲਦੇ ਹੋ, ਉਸ ਨੂੰ ਬਾਈਬਲ ਅਧਿਐਨ ਦੀ ਪੇਸ਼ਕਸ਼ ਕਰਨ ਤੋਂ ਨਾ ਝਿਜਕੋ। ਇਸ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰੋ ਅਤੇ ਆਪਣੀਆਂ ਪ੍ਰਾਰਥਨਾਵਾਂ ਮੁਤਾਬਕ ਕੰਮ ਕਰੋ। ਤੁਹਾਨੂੰ ਜਲਦੀ ਹੀ ਅਜਿਹਾ ਵਿਅਕਤੀ ਮਿਲ ਸਕਦਾ ਹੈ ਜੋ ਤੁਹਾਡੀ ਅਧਿਐਨ ਕਰਨ ਦੀ ਪੇਸ਼ਕਸ਼ ਸਵੀਕਾਰ ਕਰ ਲਵੇ!—1 ਯੂਹੰ. 5:14, 15.