ਲੋੜ ਹੈ—ਹੋਰ ਜ਼ਿਆਦਾ ਬਾਈਬਲ ਅਧਿਐਨਾਂ ਦੀ
1 ਯਹੋਵਾਹ ਪਰਮੇਸ਼ੁਰ ਦੀ ਬਰਕਤ ਨਾਲ ਉਸ ਦਾ ਪਾਰਥਿਵ ਸੰਗਠਨ ਲਗਾਤਾਰ ਤਰੱਕੀ ਕਰ ਰਿਹਾ ਹੈ। ਪਿਛਲੇ ਸੇਵਾ ਸਾਲ ਦੌਰਾਨ, ਸੰਸਾਰ ਭਰ ਵਿਚ 3,75,923 ਵਿਅਕਤੀਆਂ ਨੇ ਬਪਤਿਸਮਾ ਲਿਆ—ਔਸਤਨ 1,000 ਤੋਂ ਵੱਧ ਨਵੇਂ ਚੇਲੇ ਪ੍ਰਤਿ ਦਿਨ, ਜਾਂ ਲਗਭਗ 43 ਚੇਲੇ ਪ੍ਰਤਿ ਘੰਟਾ! ਸੰਸਾਰ ਦੇ ਕਈ ਭਾਗਾਂ ਵਿਚ ਸਾਡੇ ਭਰਾਵਾਂ ਵੱਲੋਂ ਸ਼ਾਇਦ ਦਹਾਕਿਆਂ ਤੋਂ ਸਹਾਰੀਆਂ ਜਾਂਦੀਆਂ ਤਕਲੀਫ਼ਾਂ ਦੇ ਬਾਵਜੂਦ, ਰਾਜ ਦਾ ਕੰਮ ਤਰੱਕੀ ਕਰ ਰਿਹਾ ਹੈ ਅਤੇ ਮਾਅਰਕੇ ਦੇ ਵਾਧੇ ਦੇਖੇ ਜਾ ਰਹੇ ਹਨ। ਖ਼ੁਸ਼ ਖ਼ਬਰੀ ਦੇ ਫੈਲਾਅ ਵਿਚ ਕੀਤੀ ਜਾ ਰਹੀ ਤਰੱਕੀ ਬਾਰੇ ਪੜ੍ਹ ਕੇ ਅਸੀਂ ਕਿੰਨੇ ਰੁਮਾਂਚਿਤ ਹੁੰਦੇ ਹਾਂ!
2 ਪਿਛਲੇ ਸੇਵਾ ਸਾਲ ਦੌਰਾਨ ਭਾਰਤ ਸ਼ਾਖਾ ਵਿਚ ਅਸੀਂ ਵੀ ਪ੍ਰਕਾਸ਼ਕਾਂ ਅਤੇ ਸਹਿਯੋਗੀ ਪਾਇਨੀਅਰਾਂ ਦੀ ਔਸਤਨ ਕੁੱਲ ਗਿਣਤੀ, ਪ੍ਰਚਾਰ-ਕੰਮ ਵਿਚ ਲਗਾਏ ਗਏ ਘੰਟਿਆਂ, ਅਤੇ ਵੰਡੀਆਂ ਗਈਆਂ ਪੁਸਤਕਾਂ, ਪੁਸਤਿਕਾਵਾਂ, ਵੱਡੀਆਂ ਪੁਸਤਿਕਾਵਾਂ, ਅਤੇ ਰਸਾਲਿਆਂ ਦੀ ਗਿਣਤੀ ਵਿਚ ਵਾਧਾ ਦੇਖਿਆ ਹੈ। ਬਪਤਿਸਮਾ ਲੈਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਅਤੇ ਸਮਾਰਕ ਵਿਚ ਹਾਜ਼ਰ ਹੋਣ ਵਾਲਿਆਂ ਦੀ ਗਿਣਤੀ ਨੇ ਨਵਾਂ ਸਿਖਰ ਪ੍ਰਾਪਤ ਕੀਤਾ ਹੈ। ਪੁਨਰ-ਮੁਲਾਕਾਤ ਅਤੇ ਬਾਈਬਲ ਅਧਿਐਨ ਦੇ ਕਾਰਜ ਬਾਰੇ ਕੀ? ਹਾਲਾਂਕਿ ਪ੍ਰਕਾਸ਼ਕਾਂ ਦੀ ਗਿਣਤੀ ਵਿਚ ਅੱਠ ਪ੍ਰਤਿਸ਼ਤ ਵਾਧਾ ਹੋਇਆ, ਫਿਰ ਵੀ ਪੁਨਰ-ਮੁਲਾਕਾਤਾਂ ਵਿਚ ਬਹੁਤ ਘੱਟ ਵਾਧਾ ਹੋਇਆ—ਕੇਵਲ 0.5 ਪ੍ਰਤਿਸ਼ਤ—ਅਤੇ ਸਾਡੇ ਬਾਈਬਲ ਅਧਿਐਨਾਂ ਦੀ ਗਿਣਤੀ ਚਾਰ ਪ੍ਰਤਿਸ਼ਤ ਘੱਟ ਗਈ ਹੈ। ਪਰੰਤੂ ਸੇਵਕਾਈ ਦੇ ਇਹੋ ਪਹਿਲੂ ਚੇਲੇ ਬਣਾਉਣ ਦੇ ਕੰਮ ਵਿਚ ਮਹੱਤਵਪੂਰਣ ਹਨ। ਪੁਨਰ-ਮੁਲਾਕਾਤਾਂ ਅਤੇ ਬਾਈਬਲ ਅਧਿਐਨ ਸੰਬੰਧੀ ਇਸ ਕਮਜ਼ੋਰੀ ਨੂੰ ਦੂਰ ਕਰਨ ਲਈ ਸਾਡੇ ਵਿੱਚੋਂ ਹਰੇਕ ਵਿਅਕਤੀ ਕੀ ਕਰ ਸਕਦਾ ਹੈ?
3 ਅਧਿਐਨ ਕਰਾਉਣ ਦੀ ਇੱਛਾ ਨੂੰ ਮਜ਼ਬੂਤ ਕਰੋ: ਸਾਨੂੰ ਅਧਿਆਤਮਿਕ ਤੌਰ ਤੇ ਤਕੜੇ ਅਤੇ ਕਾਰਜਸ਼ੀਲ ਬਣਨ ਉੱਤੇ ਧਿਆਨ ਦੇਣਾ ਚਾਹੀਦਾ ਹੈ। ਮਸੀਹ ਦੇ ਸੱਚੇ ਪੈਰੋਕਾਰ “ਸ਼ੁਭ ਕਰਮਾਂ ਵਿੱਚ ਸਰਗਰਮ” ਰਹਿੰਦੇ ਹਨ। (ਤੀਤੁ. 2:14) ਜਦੋਂ ਅਸੀਂ ਆਪਣੀ ਸੇਵਕਾਈ ਉੱਤੇ ਗੌਰ ਕਰਦੇ ਹਾਂ, ਤਾਂ ਕੀ ਅਸੀਂ ਕਹਿ ਸਕਦੇ ਹਾਂ ਕਿ ਖੇਤਰ ਵਿਚ ਜਿਨ੍ਹਾਂ ਲੋਕਾਂ ਨੂੰ ਅਸੀਂ ਸਾਹਿੱਤ ਦਿੰਦੇ ਹਾਂ, ਉਨ੍ਹਾਂ ਸਾਰਿਆਂ ਕੋਲ ਦੁਬਾਰਾ ਜਾਣ ਲਈ ਅਸੀਂ ਬਹੁਤ ਉਤਸੁਕ ਹਾਂ? ਕੀ ਅਸੀਂ ਰੁਚੀ ਦਿਖਾਉਣ ਵਾਲੇ ਸਾਰੇ ਲੋਕਾਂ ਨੂੰ ਗ੍ਰਹਿ ਬਾਈਬਲ ਅਧਿਐਨ ਪੇਸ਼ ਕਰਨ ਲਈ ਉਤਸੁਕ ਹਾਂ? (ਰੋਮੀ. 12:11) ਜਾਂ ਕੀ ਸਾਨੂੰ ਪੁਨਰ-ਮੁਲਾਕਾਤਾਂ ਕਰਨ ਅਤੇ ਗ੍ਰਹਿ ਬਾਈਬਲ ਅਧਿਐਨ ਆਰੰਭ ਕਰਨ ਦੀ ਇੱਛਾ ਨੂੰ ਆਪਣੇ ਵਿਚ ਹੋਰ ਜ਼ਿਆਦਾ ਵਧਾਉਣ ਦੀ ਲੋੜ ਹੈ?
4 ਵਿਅਕਤੀਗਤ ਬਾਈਬਲ ਪਠਨ, ਸਭਾਵਾਂ ਵਿਚ ਨਿਯਮਿਤ ਹਾਜ਼ਰੀ, ਅਤੇ ਪ੍ਰਕਾਸ਼ਨਾਂ ਦਾ ਅਧਿਐਨ ਸਾਨੂੰ ਅਧਿਆਤਮਿਕ ਤੌਰ ਤੇ ਤਰੋਤਾਜ਼ਾ ਅਤੇ ਪਰਮੇਸ਼ੁਰ ਦੀ ਆਤਮਾ ਰਾਹੀਂ ਬਲਵੰਤ ਬਣਾਈ ਰੱਖਣਗੇ। (ਅਫ਼. 3:16-19) ਇਹ ਯਹੋਵਾਹ ਵਿਚ ਸਾਡੀ ਨਿਹਚਾ ਅਤੇ ਵਿਸ਼ਵਾਸ ਨੂੰ ਅਤੇ ਸੰਗੀ ਮਾਨਵ ਪ੍ਰਤੀ ਸਾਡੇ ਪ੍ਰੇਮ ਨੂੰ ਮਜ਼ਬੂਤ ਕਰਨਗੇ। ਅਸੀਂ ਕਿਸੇ ਦੂਸਰੇ ਨੂੰ ਸੱਚਾਈ ਸਿਖਾਉਣ ਲਈ ਪ੍ਰੇਰਿਤ ਹੋਵਾਂਗੇ, ਅਤੇ ਇਸ ਤਰ੍ਹਾਂ ਆਪਣੀ ਸੇਵਕਾਈ ਨੂੰ ਦਿਲਚਸਪ, ਸਫ਼ਲ, ਅਤੇ ਉਤਸ਼ਾਹਜਨਕ ਬਣਾਵਾਂਗੇ। ਜੀ ਹਾਂ, ਸਾਨੂੰ ਹੋਰ ਜ਼ਿਆਦਾ ਬਾਈਬਲ ਅਧਿਐਨ ਪ੍ਰਾਪਤ ਕਰਨ ਦੇ ਇੱਛੁਕ ਹੋਣਾ ਚਾਹੀਦਾ ਹੈ!
5 ਪਹਿਲਾਂ ਪਰਿਵਾਰ ਨਾਲ ਅਧਿਐਨ ਕਰੋ: ਜਿਨ੍ਹਾਂ ਮਸੀਹੀ ਮਾਪਿਆਂ ਦੇ ਬੱਚੇ ਅਜੇ ਘਰੇ ਰਹਿੰਦੇ ਹਨ, ਉਨ੍ਹਾਂ ਨੂੰ ਆਪਣੇ ਨਿਯਮਿਤ ਪਰਿਵਾਰਕ ਬਾਈਬਲ ਅਧਿਐਨ ਦੇ ਪ੍ਰੋਗ੍ਰਾਮ ਵਿਚ ਦਿਲਚਸਪੀ ਰੱਖਣੀ ਚਾਹੀਦੀ ਹੈ। (ਬਿਵ. 31:12; ਜ਼ਬੂ. 148:12, 13; ਕਹਾ. 22:6) ਮਾਪਿਆਂ ਲਈ ਆਪਣੇ ਬੱਚਿਆਂ ਨਾਲ ਮੰਗ ਵੱਡੀ ਪੁਸਤਿਕਾ ਅਤੇ ਫਿਰ ਗਿਆਨ ਪੁਸਤਕ ਦਾ ਅਧਿਐਨ ਕਰਨਾ ਬਹੁਤ ਲਾਹੇਵੰਦ ਹੋਵੇਗਾ ਜਿਸ ਨਾਲ ਉਹ ਉਨ੍ਹਾਂ ਨੂੰ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਨ ਅਤੇ ਸਮਰਪਣ ਤੇ ਬਪਤਿਸਮੇ ਦੇ ਯੋਗ ਬਣਨ ਲਈ ਤਿਆਰ ਕਰ ਸਕਣਗੇ। ਬੇਸ਼ੱਕ, ਬੱਚੇ ਦੀ ਲੋੜ ਅਤੇ ਉਮਰ ਦਾ ਲਿਹਾਜ਼ ਕਰਦੇ ਹੋਏ, ਕੋਈ ਦੂਸਰੀ ਪੁਸਤਕ ਵੀ ਵਰਤੀ ਜਾ ਸਕਦੀ ਹੈ। ਬਪਤਿਸਮਾ-ਰਹਿਤ ਬੱਚੇ ਨਾਲ ਅਧਿਐਨ ਕਰਨ ਵਾਲੀ ਮਾਤਾ ਜਾਂ ਪਿਤਾ ਇਸ ਬਾਈਬਲ ਅਧਿਐਨ ਨੂੰ, ਸਮੇਂ ਨੂੰ, ਅਤੇ ਪੁਨਰ-ਮੁਲਾਕਾਤਾਂ ਨੂੰ ਆਪਣੀ ਰਿਪੋਰਟ ਵਿਚ ਸ਼ਾਮਲ ਕਰ ਸਕਦਾ ਹੈ, ਜਿਵੇਂ ਕਿ ਮਈ 1987 ਦੀ ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਵਿਚ ਦਿੱਤੀ ਪ੍ਰਸ਼ਨ ਡੱਬੀ ਵਿਚ ਦੱਸਿਆ ਗਿਆ ਹੈ।
6 ਨਿੱਜੀ ਵਿਵਸਥਾ ਨੂੰ ਸੁਧਾਰੋ: ਵੰਡੇ ਗਏ ਰਸਾਲਿਆਂ, ਵੱਡੀਆਂ ਪੁਸਤਿਕਾਵਾਂ, ਅਤੇ ਪੁਸਤਕਾਂ ਦੀ ਗਿਣਤੀ ਨੂੰ ਦੇਖਦੇ ਹੋਏ, ਇਸ ਵਿਚ ਕੋਈ ਸ਼ੱਕ ਨਹੀਂ ਕਿ ਵੱਡੀ ਮਾਤਰਾ ਵਿਚ ਬੀ ਬੀਜੇ ਜਾ ਰਹੇ ਹਨ। ਸੱਚਾਈ ਦੇ ਬੀਜੇ ਗਏ ਇਨ੍ਹਾਂ ਬੀਆਂ ਵਿਚ ਨਵੇਂ ਚੇਲੇ ਉਤਪੰਨ ਕਰਨ ਦੀ ਵੱਡੀ ਸੰਭਾਵਨਾ ਹੈ। ਪਰ ਕੀ ਇਕ ਕਿਸਾਨ ਜਾਂ ਮਾਲੀ ਸੱਚ-ਮੁੱਚ ਸੰਤੁਸ਼ਟ ਹੋਵੇਗਾ ਜੇਕਰ ਉਹ ਲਗਾਤਾਰ ਬੀਜਦਾ ਰਹੇ ਅਤੇ, ਆਪਣੀ ਸਖ਼ਤ ਮਿਹਨਤ ਮਗਰੋਂ, ਫ਼ਸਲ ਕੱਟਣ ਲਈ ਕਦੀ ਸਮਾਂ ਨਾ ਕੱਢੇ? ਬਿਲਕੁਲ ਨਹੀਂ। ਇਸੇ ਤਰ੍ਹਾਂ, ਸੇਵਕਾਈ ਵਿਚ ਪੁਨਰ-ਮੁਲਾਕਾਤਾਂ ਕਰਨਾ ਜ਼ਰੂਰੀ ਹੈ।
7 ਕੀ ਤੁਸੀਂ ਪੁਨਰ-ਮੁਲਾਕਾਤਾਂ ਕਰਨ ਲਈ ਨਿਯਮਿਤ ਤੌਰ ਤੇ ਸਮਾਂ ਅਲੱਗ ਰੱਖਦੇ ਹੋ? ਰੁਚੀ ਦਿਖਾਉਣ ਵਾਲੇ ਸਾਰੇ ਵਿਅਕਤੀਆਂ ਕੋਲ ਤੁਰੰਤ ਵਾਪਸ ਜਾਓ। ਬਾਈਬਲ ਅਧਿਐਨ ਸ਼ੁਰੂ ਕਰਨ ਦੇ ਮਨੋਰਥ ਨਾਲ ਪੁਨਰ-ਮੁਲਾਕਾਤਾਂ ਕਰੋ। ਕੀ ਤੁਸੀਂ ਆਪਣੀਆਂ ਪੁਨਰ-ਮੁਲਾਕਾਤਾਂ ਦਾ ਇਕ ਸਾਫ਼-ਸੁਥਰਾ, ਚਾਲੂ, ਅਤੇ ਸੁਵਿਵਸਥਿਤ ਰਿਕਾਰਡ ਰੱਖਦੇ ਹੋ? ਘਰ-ਸੁਆਮੀ ਦੇ ਨਾਂ ਅਤੇ ਪਤੇ ਤੋਂ ਇਲਾਵਾ, ਇਹ ਵੀ ਜ਼ਰੂਰ ਲਿਖੋ ਕਿ ਪਹਿਲੀ ਮੁਲਾਕਾਤ ਕਦੋਂ ਕੀਤੀ ਗਈ ਸੀ, ਕਿਹੜਾ ਪ੍ਰਕਾਸ਼ਨ ਦਿੱਤਾ ਗਿਆ ਸੀ, ਕਿਸ ਗੱਲ ਉੱਤੇ ਚਰਚਾ ਹੋਈ ਸੀ, ਅਤੇ ਅਗਲੀ ਮੁਲਾਕਾਤ ਤੇ ਕਿਹੜੇ ਮੁੱਦੇ ਉੱਤੇ ਚਰਚਾ ਕੀਤੀ ਜਾ ਸਕਦੀ ਹੈ। ਰਿਕਾਰਡ ਪਰਚੀ ਉੱਤੇ ਕੁਝ ਜਗ੍ਹਾ ਛੱਡੋ ਤਾਂਕਿ ਹਰ ਪੁਨਰ-ਮੁਲਾਕਾਤ ਮਗਰੋਂ ਹੋਰ ਜਾਣਕਾਰੀ ਸ਼ਾਮਲ ਕੀਤੀ ਜਾ ਸਕੇ।
8 ਵਿਚਾਰ ਕਰੋ ਕਿ ਤੁਸੀਂ ਪੁਨਰ-ਮੁਲਾਕਾਤ ਕਿਵੇਂ ਕਰੋਗੇ: ਰੁਚੀ ਦਿਖਾਉਣ ਵਾਲੇ ਵਿਅਕਤੀ ਨਾਲ ਪੁਨਰ-ਮੁਲਾਕਾਤ ਕਰਦੇ ਸਮੇਂ ਕਿਹੜੀਆਂ ਕੁਝ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ? (1) ਸਨੇਹੀ, ਦੋਸਤਾਨਾ, ਜੋਸ਼ੀਲੇ, ਅਤੇ ਤਣਾਉ-ਰਹਿਤ ਹੋਵੋ। (2) ਅਜਿਹੇ ਵਿਸ਼ਿਆਂ ਜਾਂ ਸਵਾਲਾਂ ਦੀ ਚਰਚਾ ਕਰੋ ਜੋ ਉਸ ਨੂੰ ਦਿਲਚਸਪ ਲੱਗਣ। (3) ਚਰਚਾ ਸਰਲ ਅਤੇ ਸ਼ਾਸਤਰ-ਆਧਾਰਿਤ ਰੱਖੋ। (4) ਹਰ ਮੁਲਾਕਾਤ ਤੇ, ਘਰ-ਸੁਆਮੀ ਨੂੰ ਕੁਝ ਅਜਿਹੀ ਗੱਲ ਸਿਖਾਉਣ ਦਾ ਜਤਨ ਕਰੋ ਜਿਸ ਨੂੰ ਉਹ ਆਪਣੇ ਲਈ ਲਾਹੇਵੰਦ ਸਮਝੇ। (5) ਅਗਲੀ ਮੁਲਾਕਾਤ ਤੇ ਚਰਚਾ ਕੀਤੇ ਜਾਣ ਵਾਲੇ ਵਿਸ਼ੇ ਲਈ ਉਤਸੁਕਤਾ ਵਧਾਓ। (6) ਬਹੁਤ ਸਮਾਂ ਨਾ ਲਓ। (7) ਅਜਿਹੇ ਸਵਾਲ ਨਾ ਪੁੱਛੋ ਜੋ ਘਰ-ਸੁਆਮੀ ਨੂੰ ਹੈਰਾਨ-ਪਰੇਸ਼ਾਨ ਕਰ ਦੇਣ। (8) ਸਮਝਦਾਰੀ ਵਰਤੋਂ, ਅਤੇ ਅਧਿਆਤਮਿਕ ਕਦਰਦਾਨੀ ਵਿਕਸਿਤ ਕਰਨ ਤੋਂ ਪਹਿਲਾਂ ਘਰ-ਸੁਆਮੀ ਦੇ ਗ਼ਲਤ ਵਿਚਾਰਾਂ ਜਾਂ ਭੈੜੀਆਂ ਆਦਤਾਂ ਦੀ ਨਿਖੇਧੀ ਨਾ ਕਰੋ।—ਪੁਨਰ-ਮੁਲਾਕਾਤਾਂ ਕਰਨ ਅਤੇ ਬਾਈਬਲ ਅਧਿਐਨ ਆਰੰਭ ਕਰਨ ਵਿਚ ਸਫ਼ਲ ਹੋਣ ਲਈ ਹੋਰ ਜ਼ਿਆਦਾ ਜਾਣਕਾਰੀ ਲਈ, ਮਾਰਚ 1997 ਦੀ ਸਾਡੀ ਰਾਜ ਸੇਵਕਾਈ ਦਾ ਅੰਤਰ-ਪੱਤਰ ਦੇਖੋ।
9 ਹਰ ਸੰਭਾਵਨਾ ਦੀ ਜਾਂਚ ਕਰੋ: ਇਕ ਕਲੀਸਿਯਾ ਇਕ ਭਾਰੀ ਸੁਰੱਖਿਆ ਵਾਲੀ ਹਾਉਜ਼ਿੰਗ ਸੁਸਾਇਟੀ ਦੇ ਸਾਰੇ ਨਿਵਾਸੀਆਂ ਦੇ ਨਾਂ ਅਤੇ ਅਪਾਰਟਮੈਂਟ ਨੰਬਰ ਪ੍ਰਾਪਤ ਕਰਨ ਵਿਚ ਸਫ਼ਲ ਹੋਈ। ਹਰੇਕ ਨਿਵਾਸੀ ਨੂੰ ਇਕ ਨਿੱਜੀ ਚਿੱਠੀ ਦੇ ਨਾਲ ਦੋ ਟ੍ਰੈਕਟ ਭੇਜੇ ਗਏ। ਚਿੱਠੀ ਦੇ ਅਖ਼ੀਰ ਵਿਚ ਗ੍ਰਹਿ ਬਾਈਬਲ ਅਧਿਐਨ ਦੀ ਪੇਸ਼ਕਸ਼ ਕੀਤੀ ਗਈ ਅਤੇ ਇਕ ਸਥਾਨਕ ਫ਼ੋਨ ਨੰਬਰ ਵੀ ਦਿੱਤਾ ਗਿਆ ਤਾਂਕਿ ਉਹ ਸੰਪਰਕ ਕਾਇਮ ਕਰ ਸਕੇ। ਕੁਝ ਹੀ ਦਿਨਾਂ ਮਗਰੋਂ, ਇਕ ਜਵਾਨ ਆਦਮੀ ਨੇ ਫ਼ੋਨ ਕਰ ਕੇ ਅਧਿਐਨ ਦੀ ਦਰਖ਼ਾਸਤ ਕੀਤੀ। ਅਗਲੇ ਦਿਨ ਉਸ ਨਾਲ ਪੁਨਰ-ਮੁਲਾਕਾਤ ਕੀਤੀ ਗਈ ਅਤੇ ਗਿਆਨ ਪੁਸਤਕ ਵਿੱਚੋਂ ਅਧਿਐਨ ਸ਼ੁਰੂ ਕੀਤਾ ਗਿਆ। ਉਸੇ ਸ਼ਾਮ ਉਹ ਕਲੀਸਿਯਾ ਪੁਸਤਕ ਅਧਿਐਨ ਵਿਚ ਹਾਜ਼ਰ ਹੋਇਆ, ਅਤੇ ਉਸ ਸਮੇਂ ਤੋਂ ਉਹ ਸਾਰੀਆਂ ਸਭਾਵਾਂ ਵਿਚ ਹਾਜ਼ਰ ਹੁੰਦਾ ਰਿਹਾ। ਲਗਭਗ ਤੁਰੰਤ ਹੀ ਉਸ ਨੇ ਰੋਜ਼ਾਨਾ ਬਾਈਬਲ ਪੜ੍ਹਨੀ ਸ਼ੁਰੂ ਕਰ ਦਿੱਤੀ ਅਤੇ ਬਪਤਿਸਮੇ ਵੱਲ ਲਗਾਤਾਰ ਤਰੱਕੀ ਕੀਤੀ।
10 ਪ੍ਰਕਾਸ਼ਕਾਂ ਦੇ ਇਕ ਸਮੂਹ ਨੇ ਮਿਲ ਕੇ ਕੁਝ ਪੁਨਰ-ਮੁਲਾਕਾਤਾਂ ਕਰਨ ਦਾ ਪ੍ਰਬੰਧ ਕੀਤਾ। ਜਦੋਂ ਇਕ ਭੈਣ ਆਪਣੀ ਇਕ ਪੁਨਰ-ਮੁਲਾਕਾਤ ਕਰਨ ਲਈ ਗਈ, ਤਾਂ ਜਿਸ ਨੂੰ ਉਹ ਮਿਲਣਾ ਚਾਹੁੰਦੀ ਸੀ ਉਹ ਘਰ ਨਹੀਂ ਸੀ, ਪਰੰਤੂ ਇਕ ਦੂਜੀ ਜਵਾਨ ਔਰਤ ਨੇ ਦਰਵਾਜ਼ਾ ਖੋਲ੍ਹਦੇ ਹੋਏ ਕਿਹਾ: “ਮੈਂ ਤੁਹਾਨੂੰ ਹੀ ਉਡੀਕ ਰਹੀ ਸੀ।” ਇਸ ਔਰਤ ਨੇ ਪਹਿਲਾਂ ਕਿਸੇ ਵਾਕਫ਼ ਤੋਂ ਗਿਆਨ ਪੁਸਤਕ ਪ੍ਰਾਪਤ ਕੀਤੀ ਸੀ। ਜਦੋਂ ਭੈਣਾਂ ਇਸ ਔਰਤ ਨੂੰ ਮਿਲੀਆਂ, ਤਾਂ ਉਸ ਨੇ ਪਹਿਲਾਂ ਹੀ ਇਹ ਪੁਸਤਕ ਦੋ ਵਾਰ ਪੜ੍ਹ ਲਈ ਸੀ ਅਤੇ ਇਸ ਵਿਚ ਲਿਖੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਈ ਸੀ। ਉਸ ਨੇ ਕਿਹਾ ਕਿ ਉਸ ਦਿਨ ਗਵਾਹਾਂ ਦੇ ਆਉਣ ਤੇ ਉਹ ਬਿਲਕੁਲ ਹੈਰਾਨ ਨਹੀਂ ਸੀ ਕਿਉਂਕਿ ਉਸ ਨੇ ਪ੍ਰਾਰਥਨਾ ਕੀਤੀ ਸੀ ਕਿ ਉਹ ਆ ਕੇ ਉਸ ਨਾਲ ਬਾਈਬਲ ਦਾ ਅਧਿਐਨ ਕਰਨ। ਅਧਿਐਨ ਆਰੰਭ ਕੀਤਾ ਗਿਆ, ਉਹ ਕਲੀਸਿਯਾ ਸਭਾਵਾਂ ਵਿਚ ਆਉਣ ਲੱਗੀ, ਅਤੇ ਉਸ ਨੇ ਤੇਜ਼ੀ ਨਾਲ ਤਰੱਕੀ ਕੀਤੀ।
11 ਇਕ ਭੈਣ, ਜਿਸ ਨੂੰ ਬਪਤਿਸਮਾ ਲਏ ਲਗਭਗ 25 ਸਾਲ ਹੋ ਗਏ ਹਨ, ਨੇ ਹਾਲ ਹੀ ਵਿਚ ਆਪਣੀ ਮਾਂ ਨੂੰ ਗਿਆਨ ਪੁਸਤਕ ਦਿੱਤੀ। ਉਸ ਦੀ ਮਾਂ, ਜੋ ਗਿਰਜੇ ਦੀ ਮੈਂਬਰ ਸੀ, ਨੇ ਪੁਸਤਕ ਪੜ੍ਹਨੀ ਸ਼ੁਰੂ ਕੀਤੀ। ਦੋ ਅਧਿਆਇ ਪੜ੍ਹਨ ਮਗਰੋਂ, ਉਸ ਨੇ ਆਪਣੀ ਧੀ ਨੂੰ ਫ਼ੋਨ ਕੀਤਾ ਅਤੇ ਉਸ ਨੂੰ ਹੈਰਾਨ ਕਰਦੇ ਹੋਏ ਕਿਹਾ: “ਮੈਂ ਯਹੋਵਾਹ ਦੀ ਗਵਾਹ ਬਣਨਾ ਚਾਹੁੰਦੀ ਹਾਂ!” ਮਾਂ ਨੇ ਅਧਿਐਨ ਕਰਨਾ ਸ਼ੁਰੂ ਕੀਤਾ ਅਤੇ ਉਹ ਹੁਣ ਇਕ ਬਪਤਿਸਮਾ-ਪ੍ਰਾਪਤ ਭੈਣ ਹੈ।
12 ਇਨ੍ਹਾਂ ਸੁਝਾਵਾਂ ਨੂੰ ਅਜ਼ਮਾ ਕੇ ਦੇਖੋ: ਕੀ ਤੁਸੀਂ ਕਦੀ ਸਿੱਧੇ ਤੌਰ ਤੇ ਅਧਿਐਨ ਪੇਸ਼ ਕੀਤਾ ਹੈ? ਤੁਸੀਂ ਸਿਰਫ਼ ਕਹਿ ਸਕਦੇ ਹੋ: “ਜੇ ਤੁਸੀਂ ਮੁਫ਼ਤ ਗ੍ਰਹਿ ਬਾਈਬਲ ਅਧਿਐਨ ਕਰਨਾ ਚਾਹੁੰਦੇ ਹੋ, ਤਾਂ ਮੈਂ ਤੁਹਾਨੂੰ ਕੇਵਲ ਕੁਝ ਮਿੰਟਾਂ ਵਿਚ ਦਿਖਾ ਸਕਦਾ ਹਾਂ ਕਿ ਇਹ ਕਿਵੇਂ ਕੀਤਾ ਜਾਂਦਾ ਹੈ। ਜੇ ਤੁਹਾਨੂੰ ਚੰਗਾ ਲੱਗੇ, ਤਾਂ ਤੁਸੀਂ ਜਾਰੀ ਰੱਖ ਸਕਦੇ ਹੋ।” ਬਹੁਤ ਸਾਰੇ ਲੋਕ ਬਿਨਾਂ ਝਿਜਕੇ ਅਜਿਹੀ ਪੇਸ਼ਕਸ਼ ਨੂੰ ਸਵੀਕਾਰ ਕਰ ਲੈਂਦੇ ਹਨ ਅਤੇ ਖ਼ੁਸ਼ੀ-ਖ਼ੁਸ਼ੀ ਬਾਈਬਲ ਅਧਿਐਨ ਦਾ ਪ੍ਰਦਰਸ਼ਨ ਦੇਖਦੇ ਹਨ।
13 ਅਧਿਐਨ ਦੇ ਸ਼ੁਰੂ ਵਿਚ ਹੀ, ਸਿੱਖਿਆਰਥੀ ਨੂੰ ਦਿਖਾਓ ਕਿ ਉਲਿਖਤ ਸ਼ਾਸਤਰਵਚਨਾਂ ਨੂੰ ਪੜ੍ਹਨ ਅਤੇ ਛਪੇ ਸਵਾਲਾਂ ਦੇ ਜਵਾਬ ਵਿਚ ਮੁੱਖ ਸ਼ਬਦਾਂ ਨੂੰ ਲਕੀਰਨ ਦੁਆਰਾ ਅਗਾਊਂ ਤਿਆਰੀ ਕਿਵੇਂ ਕੀਤੀ ਜਾਂਦੀ ਹੈ। ਕੇਵਲ ਮੁੱਖ ਗੱਲਾਂ ਉੱਤੇ ਧਿਆਨ ਦਿਓ। ਹਾਲਾਂਕਿ ਪਹਿਲੀਆਂ ਕੁਝ ਬੈਠਕਾਂ ਲਈ ਸਾਨੂੰ ਸ਼ਾਇਦ ਪਰਿਵਰਤਨਸ਼ੀਲ ਹੋਣ ਦੀ ਲੋੜ ਪਵੇ, ਪਰ ਨਿਯਮਿਤ ਤੌਰ ਤੇ ਬਾਈਬਲ ਅਧਿਐਨ ਕਰਾਉਣਾ ਜ਼ਰੂਰੀ ਹੈ। ਇਸ ਉੱਤੇ ਵਿਚਾਰ ਕਰੋ ਕਿ ਤੁਸੀਂ ਸਿੱਖਿਆਰਥੀ ਨੂੰ ਕਿਵੇਂ ਸਮਝਾਓਗੇ ਕਿ ਪ੍ਰਾਰਥਨਾ ਅਧਿਐਨ ਦਾ ਇਕ ਜ਼ਰੂਰੀ ਹਿੱਸਾ ਹੈ ਅਤੇ ਤੁਸੀਂ ਉਸ ਨੂੰ ਵਿਰੋਧ ਦਾ ਸਾਮ੍ਹਣਾ ਕਰਨ ਲਈ ਸ਼ਾਸਤਰ ਦੀ ਮਦਦ ਨਾਲ ਕਿਵੇਂ ਤਿਆਰ ਕਰੋਗੇ। ਅਧਿਐਨ ਨੂੰ ਹਰ ਸੰਭਵ ਤਰੀਕੇ ਨਾਲ ਦਿਲਚਸਪ ਬਣਾਓ।
14 ਨਿਰਸੰਦੇਹ, ਸਾਰੇ ਬਾਈਬਲ ਸਿੱਖਿਆਰਥੀ ਇਕ ਸਮਾਨ ਤਰੱਕੀ ਨਹੀਂ ਕਰਦੇ ਹਨ। ਕੁਝ ਵਿਅਕਤੀ ਧਾਰਮਿਕ ਗੱਲਾਂ ਵਿਚ ਦੂਸਰਿਆਂ ਨਾਲੋਂ ਘੱਟ ਰੁਚੀ ਰੱਖਦੇ ਹਨ ਅਤੇ ਸਿਖਾਈਆਂ ਗਈਆਂ ਗੱਲਾਂ ਨੂੰ ਸਮਝਣ ਵਿਚ ਜ਼ਿਆਦਾ ਸਮਾਂ ਲੈਂਦੇ ਹਨ। ਕੁਝ ਵਿਅਕਤੀ ਵਿਅਸਤ ਜੀਵਨ ਬਿਤਾਉਂਦੇ ਹਨ ਅਤੇ ਉਹ ਸ਼ਾਇਦ ਹਰ ਹਫ਼ਤੇ ਇਕ ਪੂਰਾ ਅਧਿਆਇ ਖ਼ਤਮ ਕਰਨ ਲਈ ਲੋੜੀਂਦਾ ਸਮਾਂ ਨਾ ਦੇ ਸਕਣ। ਇਸ ਲਈ, ਕਈਆਂ ਦੇ ਮਾਮਲੇ ਵਿਚ ਸ਼ਾਇਦ ਕੁਝ ਅਧਿਆਵਾਂ ਨੂੰ ਖ਼ਤਮ ਕਰਨ ਲਈ ਇਕ ਤੋਂ ਵੱਧ ਅਧਿਐਨ ਬੈਠਕਾਂ ਦੀ ਲੋੜ ਪਵੇ ਅਤੇ ਪੁਸਤਕ ਖ਼ਤਮ ਕਰਨ ਲਈ ਕੁਝ ਜ਼ਿਆਦਾ ਮਹੀਨੇ ਲੱਗ ਜਾਣ। ਕੁਝ ਲੋਕਾਂ ਨਾਲ ਅਸੀਂ ਸ਼ਾਇਦ ਪਹਿਲਾਂ ਮੰਗ ਵੱਡੀ ਪੁਸਤਿਕਾ ਅਤੇ ਫਿਰ ਗਿਆਨ ਪੁਸਤਕ ਦਾ ਅਧਿਐਨ ਕਰੀਏ। ਇਸ ਤਰ੍ਹਾਂ ਕਰਨ ਨਾਲ, ਅਤੇ ਕਲੀਸਿਯਾ ਸਭਾਵਾਂ ਵਿਚ ਹਾਜ਼ਰ ਹੋਣ ਨਾਲ, ਹਰੇਕ ਸਿੱਖਿਆਰਥੀ ਨੂੰ ਸੱਚਾਈ ਵਿਚ ਪੱਕੀ ਨੀਂਹ ਰੱਖਣ ਲਈ ਮਦਦ ਮਿਲੇਗੀ।
15 ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਬਾਈਬਲ ਅਧਿਐਨ ਪ੍ਰਾਪਤ ਕਰਨ ਲਈ ਪ੍ਰਾਰਥਨਾ ਕਰੋ! (1 ਯੂਹੰ. 3:22) ਇਕ ਮਸੀਹੀ ਲਈ ਸਭ ਤੋਂ ਸੰਤੋਖਜਨਕ ਅਨੁਭਵ ਇਹ ਹੈ ਕਿ ਕਿਸੇ ਵਿਅਕਤੀ ਨੂੰ ਯਿਸੂ ਮਸੀਹ ਦਾ ਚੇਲਾ ਬਣਨ ਵਿਚ ਮਦਦ ਦੇਣ ਲਈ ਯਹੋਵਾਹ ਉਸ ਨੂੰ ਇਸਤੇਮਾਲ ਕਰ ਰਿਹਾ ਹੈ। (ਰਸੂ. 20:35; 1 ਕੁਰਿੰ. 3:6-9; 1 ਥੱਸ. 2:8) ਬਾਈਬਲ ਅਧਿਐਨ ਦੇ ਕਾਰਜ ਵਿਚ ਵੱਡਾ ਜੋਸ਼ ਦਿਖਾਉਣ ਦਾ ਹੁਣ ਸਮਾਂ ਹੈ! ਜਿਉਂ-ਜਿਉਂ ਅਸੀਂ ਹੋਰ ਜ਼ਿਆਦਾ ਅਧਿਐਨ ਸ਼ੁਰੂ ਕਰਨ ਦਾ ਜਤਨ ਕਰਦੇ ਹਾਂ, ਯਕੀਨੀ ਹੋਵੋ ਕਿ ਯਹੋਵਾਹ ਦੀ ਇਸ ਉੱਤੇ ਵੱਡੀ ਬਰਕਤ ਹੋਵੇਗੀ।
[ਸਫ਼ੇ 3 ਉੱਤੇ ਸੁਰਖੀ]
ਕੀ ਤੁਸੀਂ ਨਵਾਂ ਬਾਈਬਲ ਅਧਿਐਨ ਸ਼ੁਰੂ ਕਰਨ ਲਈ ਪ੍ਰਾਰਥਨਾ ਕਰ ਰਹੇ ਹੋ?