ਪੁਨਰ-ਮੁਲਾਕਾਤਾਂ ਕਰਨ ਨਾਲ ਹੀ ਬਾਈਬਲ ਸਟੱਡੀਆਂ ਸ਼ੁਰੂ ਹੁੰਦੀਆਂ ਹਨ
1. ਪੁਨਰ-ਮੁਲਾਕਾਤਾਂ ਕਰਨੀਆਂ ਕਿਉਂ ਜ਼ਰੂਰੀ ਹਨ?
1 ਯਿਸੂ ਨੇ ਆਪਣੇ ਚੇਲਿਆਂ ਨੂੰ ਸਿਰਫ਼ ਪ੍ਰਚਾਰ ਕਰਨ ਦਾ ਹੀ ਹੁਕਮ ਨਹੀਂ ਦਿੱਤਾ ਸੀ, ਸਗੋਂ ਉਨ੍ਹਾਂ ਨੂੰ ਇਹ ਵੀ ਹੁਕਮ ਦਿੱਤਾ ਸੀ ਕਿ ਉਹ ‘ਚੇਲੇ ਬਣਾਉਣ ਅਤੇ ਉਨ੍ਹਾਂ ਨੂੰ ਸਿਖਾਉਣ।’ (ਮੱਤੀ 28:19, 20) ਇਕ ਪ੍ਰਚਾਰਕ ਪ੍ਰਚਾਰ ਕਰਦਾ ਹੈ, ਪਰ ਅਧਿਆਪਕ ਇਸ ਤੋਂ ਜ਼ਿਆਦਾ ਕਰਦਾ ਹੈ। ਉਹ ਸਿਖਾਉਂਦਾ ਹੈ, ਸਮਝਾਉਂਦਾ ਹੈ ਅਤੇ ਸਬੂਤ ਦਿੰਦਾ ਹੈ। ਦੂਸਰਿਆਂ ਨੂੰ ਸਿਖਾਉਣ ਦਾ ਇਕ ਤਰੀਕਾ ਹੈ ਦਿਲਚਸਪੀ ਰੱਖਣ ਵਾਲੇ ਲੋਕਾਂ ਨਾਲ ਬਾਈਬਲ ਸਟੱਡੀ ਸ਼ੁਰੂ ਕਰਨ ਦੇ ਮਕਸਦ ਨਾਲ ਪੁਨਰ-ਮੁਲਾਕਾਤਾਂ ਕਰਨੀਆਂ।
2. ਸਾਨੂੰ ਕਿਨ੍ਹਾਂ ਲੋਕਾਂ ਨੂੰ ਦੁਬਾਰਾ ਮਿਲਣਾ ਚਾਹੀਦਾ ਹੈ?
2 ਤੁਹਾਨੂੰ ਕਿਨ੍ਹਾਂ ਲੋਕਾਂ ਨੂੰ ਦੁਬਾਰਾ ਮਿਲਣਾ ਚਾਹੀਦਾ ਹੈ? ਉਨ੍ਹਾਂ ਸਾਰੇ ਲੋਕਾਂ ਨੂੰ ਦੁਬਾਰਾ ਮਿਲੋ ਜਿਨ੍ਹਾਂ ਨੇ ਸਾਹਿੱਤ ਲਿਆ ਸੀ ਜਾਂ ਫਿਰ ਖ਼ੁਸ਼ ਖ਼ਬਰੀ ਵਿਚ ਥੋੜ੍ਹੀ ਜਿੰਨੀ ਵੀ ਦਿਲਚਸਪੀ ਦਿਖਾਈ ਸੀ। ਜਦੋਂ ਤੁਸੀਂ ਕਿਸੇ ਪਬਲਿਕ ਥਾਂ ਤੇ ਪ੍ਰਚਾਰ ਕਰਦੇ ਵੇਲੇ ਕਿਸੇ ਦਿਲਚਸਪੀ ਦਿਖਾਉਣ ਵਾਲੇ ਵਿਅਕਤੀ ਨੂੰ ਮਿਲਦੇ ਹੋ, ਤਾਂ ਉਸ ਦਾ ਪਤਾ ਜਾਂ ਟੈਲੀਫ਼ੋਨ ਨੰਬਰ ਲਓ ਤਾਂਕਿ ਉਸ ਦੀ ਦਿਲਚਸਪੀ ਨੂੰ ਹੋਰ ਵਧਾਇਆ ਜਾ ਸਕੇ। ਬਾਈਬਲ ਸਟੱਡੀਆਂ ਸ਼ੁਰੂ ਕਰਨ ਦੀ ਪੂਰੀ ਆਸ ਰੱਖੋ। ਉਨ੍ਹਾਂ ਲੋਕਾਂ ਨੂੰ ਭਾਲਦੇ ਰਹੋ ਜਿਹੜੇ ਬਾਈਬਲ ਸਟੱਡੀ ਕਰਨੀ ਚਾਹੁਣਗੇ। ਤੁਹਾਨੂੰ ਇਕ-ਨਾ-ਇਕ ਦਿਨ ਜ਼ਰੂਰ ਅਜਿਹੇ ਵਿਅਕਤੀ ਮਿਲਣਗੇ।—ਮੱਤੀ 10:11.
3, 4. ਪੁਨਰ-ਮੁਲਾਕਾਤ ਦੌਰਾਨ ਅਸਰਦਾਰ ਤਰੀਕੇ ਨਾਲ ਗੱਲਬਾਤ ਕਰਨ ਲਈ ਕੀ ਕਰਨਾ ਜ਼ਰੂਰੀ ਹੈ?
3 ਵਿਅਕਤੀ ਵਿਚ ਦਿਲਚਸਪੀ ਲਓ: ਦੁਬਾਰਾ ਮਿਲਣ ਤੇ ਚੰਗੀ ਤਰ੍ਹਾਂ ਗੱਲਬਾਤ ਕਰਨ ਦੀ ਤਿਆਰੀ ਪਹਿਲੀ ਮੁਲਾਕਾਤ ਤੇ ਹੀ ਸ਼ੁਰੂ ਹੋ ਜਾਂਦੀ ਹੈ। ਕਾਮਯਾਬ ਪ੍ਰਚਾਰਕ ਦੇਖਦੇ ਹਨ ਕਿ ਦੂਸਰੇ ਵਿਅਕਤੀ ਨੂੰ ਕਿਸ ਚੀਜ਼ ਵਿਚ ਦਿਲਚਸਪੀ ਹੈ ਅਤੇ ਉਹ ਪੁਨਰ-ਮੁਲਾਕਾਤ ਦੌਰਾਨ ਇਸੇ ਉੱਤੇ ਗੱਲਬਾਤ ਕਰਦੇ ਹਨ। ਕੁਝ ਪ੍ਰਚਾਰਕ ਪਹਿਲੀ ਮੁਲਾਕਾਤ ਦੇ ਅਖ਼ੀਰ ਵਿਚ ਇਕ ਸਵਾਲ ਪੁੱਛਦੇ ਹਨ, ਤਾਂਕਿ ਦੂਸਰਾ ਵਿਅਕਤੀ ਅਗਲੀ ਮੁਲਾਕਾਤ ਤੇ ਇਸ ਦਾ ਜਵਾਬ ਜਾਣਨ ਲਈ ਉਤਸੁਕ ਹੋ ਜਾਵੇ। ਲੋਕਾਂ ਵਿਚ ਸੱਚੀ ਦਿਲਚਸਪੀ ਲੈਣ ਨਾਲ ਅਸੀਂ ਉਨ੍ਹਾਂ ਬਾਰੇ ਸੋਚਦੇ ਰਹਾਂਗੇ ਅਤੇ ਬਿਨਾਂ ਦੇਰ ਕੀਤੇ ਉਨ੍ਹਾਂ ਨੂੰ ਦੁਬਾਰਾ ਮਿਲਣ ਦੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਨੂੰ ਜਲਦੀ ਤੋਂ ਜਲਦੀ ਮਿਲੋ—ਹੋ ਸਕੇ ਤਾਂ ਇਕ-ਦੋ ਦਿਨਾਂ ਦੇ ਅੰਦਰ-ਅੰਦਰ।
4 ਦੁਬਾਰਾ ਮਿਲਣ ਤੇ ਤੁਸੀਂ ਪਿਛਲੀ ਗੱਲਬਾਤ ਨੂੰ ਅੱਗੇ ਤੋਰੋ। ਹਰ ਵਾਰ ਤੁਸੀਂ ਬਾਈਬਲ ਵਿੱਚੋਂ ਉਸ ਨਾਲ ਘੱਟੋ-ਘੱਟ ਇਕ ਮੁੱਦੇ ਉੱਤੇ ਗੱਲਬਾਤ ਕਰਨ ਦਾ ਟੀਚਾ ਰੱਖੋ ਤੇ ਉਸ ਦੀ ਗੱਲ ਧਿਆਨ ਨਾਲ ਸੁਣੋ। ਉਸ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰੋ। ਫਿਰ ਹਰ ਮੁਲਾਕਾਤ ਤੇ ਉਸ ਨਾਲ ਪਰਮੇਸ਼ੁਰ ਦੇ ਬਚਨ ਵਿੱਚੋਂ ਉਹ ਸੱਚਾਈਆਂ ਸਾਂਝੀਆਂ ਕਰੋ ਜੋ ਉਸ ਦੀਆਂ ਚਿੰਤਾਵਾਂ ਨਾਲ ਸੰਬੰਧ ਰੱਖਦੀਆਂ ਹਨ।
5. ਬਾਈਬਲ ਸਟੱਡੀ ਸ਼ੁਰੂ ਕਰਨ ਲਈ ਕਿਹੜਾ ਆਸਾਨ ਤਰੀਕਾ ਵਰਤਿਆ ਜਾ ਸਕਦਾ ਹੈ?
5 ਬਾਈਬਲ ਸਟੱਡੀ ਸ਼ੁਰੂ ਕਰਨ ਦੇ ਮੌਕੇ ਲੱਭੋ: ਦੁਬਾਰਾ ਮਿਲਣ ਤੇ ਇਹੋ ਟੀਚਾ ਰੱਖੋ ਕਿ ਤੁਸੀਂ ਬਾਈਬਲ ਸਟੱਡੀ ਸ਼ੁਰੂ ਕਰੋਗੇ। ਇਹ ਕਿੱਦਾਂ ਕੀਤਾ ਜਾ ਸਕਦਾ ਹੈ? ਉਸ ਨੂੰ ਦੱਸੋ ਕਿ ਤੁਸੀਂ ਉਸ ਨਾਲ ਇਕ ਦਿਲਚਸਪ ਗੱਲ ਸਾਂਝੀ ਕਰਨੀ ਚਾਹੁੰਦੇ ਹੋ ਅਤੇ ਫਿਰ ਗਿਆਨ ਕਿਤਾਬ ਜਾਂ ਮੰਗ ਬਰੋਸ਼ਰ ਵਿੱਚੋਂ ਇਕ ਪੈਰਾ ਚੁਣੋ ਜੋ ਤੁਹਾਨੂੰ ਲੱਗਦਾ ਹੈ ਕਿ ਉਸ ਨੂੰ ਚੰਗਾ ਲੱਗੇਗਾ। ਪੈਰਾ ਪੜ੍ਹੋ, ਸਵਾਲ ਪੁੱਛੋ ਅਤੇ ਇਕ-ਦੋ ਆਇਤਾਂ ਉੱਤੇ ਚਰਚਾ ਕਰੋ। ਇਹ ਪੰਜ-ਦਸ ਮਿੰਟਾਂ ਵਿਚ ਦਰਵਾਜ਼ੇ ਤੇ ਖੜ੍ਹੇ ਰਹਿ ਕੇ ਵੀ ਕੀਤਾ ਜਾ ਸਕਦਾ ਹੈ। ਅਖ਼ੀਰ ਵਿਚ ਇਕ ਹੋਰ ਸਵਾਲ ਪੁੱਛੋ ਅਤੇ ਅਗਲੀ ਵਾਰ ਆ ਕੇ ਇਸ ਸਵਾਲ ਉੱਤੇ ਚਰਚਾ ਕਰਨ ਦਾ ਪ੍ਰਬੰਧ ਕਰੋ।
6. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪੁਨਰ-ਮੁਲਾਕਾਤਾਂ ਕਰਨ ਦੀ ਅਹਿਮੀਅਤ ਸਮਝਦੇ ਹਾਂ?
6 ਸੱਚਾਈ ਸਿੱਖਣ ਵਿਚ ਦਿਲਚਸਪੀ ਰੱਖਣ ਵਾਲੇ ਹਰ ਵਿਅਕਤੀ ਨੂੰ ਦੁਬਾਰਾ ਮਿਲਣਾ ਸਾਡੀ ਸੇਵਕਾਈ ਦਾ ਇਕ ਮੁੱਖ ਹਿੱਸਾ ਹੈ। ਇਸ ਲਈ ਹਰ ਹਫ਼ਤੇ ਲੋਕਾਂ ਨੂੰ ਦੁਬਾਰਾ ਮਿਲਣ ਦਾ ਸਮਾਂ ਨਿਸ਼ਚਿਤ ਕਰੋ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਸੇਵਕਾਈ ਅਸਰਦਾਰ ਬਣੇਗੀ ਤੇ ਤੁਹਾਨੂੰ ਸੱਚੀ ਖ਼ੁਸ਼ੀ ਮਿਲੇਗੀ।