ਚੇਲੇ ਬਣਾਉਣ ਦੇ ਅਤਿ-ਜ਼ਰੂਰੀ ਕੰਮ ਉੱਤੇ ਇਕ ਪ੍ਰਗਤੀਸ਼ੀਲ ਨਜ਼ਰ
1 ਧਰਤੀ ਨੂੰ ਛੱਡਣ ਤੋਂ ਪਹਿਲਾਂ, ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ‘ਸਾਰੀਆਂ ਕੌਮਾਂ ਨੂੰ ਚੇਲੇ ਬਣਾਉਣ’ ਦਾ ਹੁਕਮ ਦਿੱਤਾ ਸੀ। ਇਸ ਲਈ ਜ਼ਰੂਰੀ ਸੀ ਕਿ ਉਹ ਪ੍ਰਚਾਰ ਤੇ ਸਿੱਖਿਆ ਦੀ ਇਕ ਜ਼ਬਰਦਸਤ ਮੁਹਿੰਮ ਚਲਾਉਣ ਅਤੇ ਆਪਣੇ ਕੰਮ ਨੂੰ ਪੂਰੀ ਆਬਾਦ ਧਰਤੀ ਉੱਤੇ ਫੈਲਾਉਣ। (ਮੱਤੀ 28:19, 20; ਰਸੂ. 1:8) ਕੀ ਉਨ੍ਹਾਂ ਨੇ ਇਸ ਹੁਕਮ ਨੂੰ ਇਕ ਬੋਝ ਸਮਝਿਆ, ਜਿਸ ਨੂੰ ਚੁੱਕਣਾ ਮੁਸ਼ਕਲ ਸੀ? ਯੂਹੰਨਾ ਰਸੂਲ ਨੇ ਇਸ ਨੂੰ ਬੋਝ ਨਹੀਂ ਸਮਝਿਆ। ਚੇਲੇ ਬਣਾਉਣ ਦੇ ਕੰਮ ਵਿਚ 65 ਸਾਲ ਬਿਤਾਉਣ ਮਗਰੋਂ, ਉਸ ਨੇ ਲਿਖਿਆ: “ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ, ਅਤੇ ਉਹ ਦੇ ਹੁਕਮ ਔਖੇ ਨਹੀਂ ਹਨ।”—1 ਯੂਹੰ. 5:3.
2 ਮੁਢਲੇ ਮਸੀਹੀਆਂ ਦੀਆਂ ਸਰਗਰਮੀਆਂ ਦਾ ਸ਼ਾਸਤਰ ਵਿਚ ਦਰਜ ਰਿਕਾਰਡ ਸਿੱਧ ਕਰਦਾ ਹੈ ਕਿ ਉਨ੍ਹਾਂ ਨੇ ਯਿਸੂ ਮਸੀਹ ਦੇ ਚੇਲੇ ਬਣਾਉਣ ਦੀ ਆਪਣੀ ਕਾਰਜ-ਨਿਯੁਕਤੀ ਨੂੰ ਤਨਦੇਹੀ ਨਾਲ ਪੂਰਾ ਕੀਤਾ। (2 ਤਿਮੋ. 4:1, 2) ਉਨ੍ਹਾਂ ਨੇ ਨਾ ਕੇਵਲ ਫ਼ਰਜ਼ ਦੀ ਖ਼ਾਤਰ ਇਸ ਤਰ੍ਹਾਂ ਕੀਤਾ, ਪਰੰਤੂ ਇਸ ਲਈ ਕੀਤਾ ਕਿਉਂਕਿ ਉਹ ਪਰਮੇਸ਼ੁਰ ਦੀ ਉਸਤਤ ਕਰਨ ਅਤੇ ਦੂਜਿਆਂ ਨੂੰ ਮੁਕਤੀ ਦੀ ਉਮੀਦ ਦੇਣ ਦੀ ਪ੍ਰੇਮਮਈ ਇੱਛਾ ਰੱਖਦੇ ਸਨ। (ਰਸੂ. 13:47-49) ਕਿਉਂ ਜੋ ਚੇਲੇ ਬਣਨ ਵਾਲੇ ਸਾਰੇ ਵਿਅਕਤੀ ਖ਼ੁਦ ਵੀ ਚੇਲੇ ਬਣਾਉਣ ਵਾਲੇ ਬਣੇ, ਪਹਿਲੀ ਸਦੀ ਵਿਚ ਮਸੀਹੀ ਕਲੀਸਿਯਾ ਗਿਣਤੀ ਵਿਚ ਤੇਜ਼ੀ ਨਾਲ ਵਧਦੀ ਗਈ।—ਰਸੂ. 5:14; 6:7; 16:5.
3 ਚੇਲੇ ਬਣਾਉਣ ਦਾ ਕੰਮ ਤੇਜ਼ ਹੁੰਦਾ ਹੈ: ਇਸ 20ਵੀਂ ਸਦੀ ਵਿਚ ਚੇਲੇ ਬਣਾਉਣ ਦਾ ਕੰਮ ਸਭ ਤੋਂ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ! ਹੁਣ ਤਕ, ਲੱਖਾਂ ਲੋਕਾਂ ਨੇ ਖ਼ੁਸ਼ ਖ਼ਬਰੀ ਨੂੰ ਸਵੀਕਾਰਿਆ ਹੈ ਅਤੇ ਇਸ ਅਨੁਸਾਰ ਕੰਮ ਕੀਤਾ ਹੈ। (ਲੂਕਾ 8:15) ਕਿਉਂ ਜੋ ਇਸ ਮੌਜੂਦਾ ਰੀਤੀ-ਵਿਵਸਥਾ ਲਈ ਸਮਾਂ ਤੇਜ਼ੀ ਨਾਲ ਮੁੱਕਦਾ ਜਾ ਰਿਹਾ ਹੈ, “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਸਾਨੂੰ ਅਜਿਹੇ ਔਜ਼ਾਰ ਦਿੱਤੇ ਹਨ ਜਿਨ੍ਹਾਂ ਨਾਲ ਸੁਹਿਰਦ ਲੋਕ ਛੇਤੀ ਨਾਲ ਸੱਚਾਈ ਸਿੱਖ ਸਕਦੇ ਹਨ।—ਮੱਤੀ 24:45.
4 ਸਾਲ 1995 ਵਿਚ ਅਸੀਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਨਾਮਕ ਪੁਸਤਕ ਪ੍ਰਾਪਤ ਕੀਤੀ, ਅਤੇ 1996 ਵਿਚ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਨਾਮਕ ਬਰੋਸ਼ਰ ਪ੍ਰਾਪਤ ਕੀਤਾ। ਗਿਆਨ ਪੁਸਤਕ ਦੇ ਸੰਬੰਧ ਵਿਚ, ਪਹਿਰਾਬੁਰਜ ਦੇ ਜਨਵਰੀ 1, 1996, ਦੇ ਅੰਕ ਨੇ ਸਫ਼ਾ 23 ਉੱਤੇ ਕਿਹਾ: “ਇਹ 192-ਸਫ਼ਾ ਪੁਸਤਕ ਦਾ ਅਧਿਐਨ ਤੁਲਨਾਤਮਕ ਤੌਰ ਤੇ ਘੱਟ ਸਮੇਂ ਵਿਚ ਪੂਰਾ ਕੀਤਾ ਜਾ ਸਕਦਾ ਹੈ, ਅਤੇ ਜੋ ‘ਸਦੀਪਕ ਜੀਵਨ ਲਈ ਸਹੀ ਮਨੋਬਿਰਤੀ ਰੱਖਦੇ’ ਹਨ, ਉਨ੍ਹਾਂ ਨੂੰ ਇਸ ਦੇ ਅਧਿਐਨ ਦੁਆਰਾ ਇੰਨਾ ਗਿਆਨ ਹਾਸਲ ਹੋ ਜਾਣਾ ਚਾਹੀਦਾ ਹੈ ਕਿ ਉਹ ਯਹੋਵਾਹ ਨੂੰ ਸਮਰਪਿਤ ਹੋਣ ਅਤੇ ਬਪਤਿਸਮਾ ਲੈਣ।”—ਰਸੂ. 13:48, ਨਿ ਵ.
5 ਜੂਨ 1996 ਦੀ ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਵਿਚ “ਗਿਆਨ ਪੁਸਤਕ ਦੇ ਨਾਲ ਕਿਵੇਂ ਚੇਲੇ ਬਣਾਉਣਾ” ਨਾਮਕ ਅੰਤਰ-ਪੱਤਰ ਨੇ ਸਾਡੇ ਸਾਮ੍ਹਣੇ ਇਹ ਟੀਚਾ ਧਰਿਆ ਸੀ: “ਵਿਦਿਆਰਥੀ ਦੇ ਹਾਲਾਤ ਅਤੇ ਯੋਗਤਾ ਉੱਤੇ ਨਿਰਭਰ ਕਰਦੇ ਹੋਏ, ਅਧਿਐਨ ਵਿਚ ਕਾਹਲੀ ਕੀਤੇ ਬਿਨਾਂ, ਸ਼ਾਇਦ ਤੁਹਾਡੇ ਲਈ ਅਧਿਕਤਰ ਅਧਿਆਵਾਂ ਨੂੰ ਇਕ-ਕੁ ਘੰਟੇ ਦੀ ਇਕ ਬੈਠਕ ਵਿਚ ਪੂਰਾ ਕਰਨਾ ਸੰਭਵ ਹੋਵੇ। ਵਿਦਿਆਰਥੀ ਬਿਹਤਰ ਉੱਨਤੀ ਕਰਨਗੇ ਜੇਕਰ ਸਿੱਖਿਅਕ ਅਤੇ ਵਿਦਿਆਰਥੀ ਦੋਵੇਂ ਹੀ ਹਰ ਹਫ਼ਤੇ ਇਕਰਾਰ ਅਨੁਸਾਰ ਅਧਿਐਨ ਦੇ ਲਈ ਹਾਜ਼ਰ ਹੋਣ।” ਇਹ ਲੇਖ ਅੱਗੇ ਕਹਿੰਦਾ ਹੈ: “ਇਹ ਆਸ ਰੱਖੀ ਜਾਣੀ ਚਾਹੀਦੀ ਹੈ ਕਿ ਜਦੋਂ ਇਕ ਵਿਅਕਤੀ ਗਿਆਨ ਪੁਸਤਕ ਦਾ ਅਧਿਐਨ ਸਮਾਪਤ ਕਰਦਾ ਹੈ, ਉਦੋਂ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਉਸ ਦੀ ਸੁਹਿਰਦਤਾ ਅਤੇ ਰੁਚੀ ਦੀ ਗਹਿਰਾਈ ਸਪੱਸ਼ਟ ਹੋ ਚੁੱਕੀ ਹੋਵੇਗੀ।” ਅਕਤੂਬਰ 1996 ਦੀ ਸਾਡੀ ਰਾਜ ਸੇਵਕਾਈ ਵਿਚ ਦਿੱਤੀ ਗਈ ਪ੍ਰਸ਼ਨ ਡੱਬੀ ਵਿਆਖਿਆ ਕਰਦੀ ਹੈ: “ਇਹ ਆਸ ਰੱਖੀ ਜਾਂਦੀ ਹੈ ਕਿ ਤੁਲਨਾਤਮਕ ਤੌਰ ਤੇ ਥੋੜ੍ਹੇ ਸਮੇਂ ਵਿਚ, ਇਕ ਪ੍ਰਭਾਵਕਾਰੀ ਸਿੱਖਿਅਕ ਇਕ ਸੁਹਿਰਦ ਆਮ ਸਿੱਖਿਆਰਥੀ ਨੂੰ ਇੰਨਾ ਗਿਆਨ ਪ੍ਰਾਪਤ ਕਰਨ ਵਿਚ ਮਦਦ ਕਰ ਸਕੇਗਾ ਕਿ ਉਹ ਯਹੋਵਾਹ ਦੀ ਸੇਵਾ ਕਰਨ ਦਾ ਬੁੱਧੀਮਾਨ ਫ਼ੈਸਲਾ ਕਰੇ।”
6 ਗਿਆਨ ਪੁਸਤਕ ਨਾਲ ਚੰਗੇ ਨਤੀਜੇ ਪ੍ਰਾਪਤ ਹੁੰਦੇ ਹਨ: ਆਪਣੇ ਬਪਤਿਸਮੇ ਦੇ ਮੌਕੇ ਤੇ, ਇਕ ਜਵਾਨ ਔਰਤ ਨੇ ਦੱਸਿਆ ਕਿ ਉਸ ਨੇ ਗਿਆਨ ਪੁਸਤਕ ਵਿੱਚੋਂ ਅਧਿਐਨ ਕਰਨ ਬਾਰੇ ਕਿਵੇਂ ਮਹਿਸੂਸ ਕੀਤਾ। ਉਹ ਕੁਝ ਸਮੇਂ ਤੋਂ ਸਦਾ ਦੇ ਲਈ ਜੀਉਂਦੇ ਰਹਿਣਾ ਪੁਸਤਕ ਵਿੱਚੋਂ ਅਧਿਐਨ ਕਰ ਰਹੀ ਸੀ। ਜਦੋਂ ਗਿਆਨ ਪੁਸਤਕ ਰਿਲੀਸ ਕੀਤੀ ਗਈ, ਤਾਂ ਉਸ ਨਾਲ ਅਧਿਐਨ ਕਰ ਰਹੀ ਭੈਣ ਨੇ ਇਸ ਨਵੀਂ ਪੁਸਤਕ ਵਿੱਚੋਂ ਅਧਿਐਨ ਸ਼ੁਰੂ ਕੀਤਾ। ਛੇਤੀ ਹੀ, ਸਿੱਖਿਆਰਥੀ ਲਈ ਇਹ ਗੱਲ ਸਪੱਸ਼ਟ ਹੋ ਗਈ ਕਿ ਹੁਣ ਉਸ ਨੂੰ ਫ਼ੈਸਲਾ ਕਰਨਾ ਪਵੇਗਾ, ਅਤੇ ਉਦੋਂ ਤੋਂ ਉਹ ਤੇਜ਼ੀ ਨਾਲ ਉੱਨਤੀ ਕਰਨ ਲਈ ਪ੍ਰੇਰਿਤ ਹੋਈ। ਇਹ ਜਵਾਨ ਔਰਤ, ਜੋ ਹੁਣ ਸਾਡੀ ਭੈਣ ਹੈ, ਕਹਿੰਦੀ ਹੈ: “ਸਦਾ ਦੇ ਲਈ ਜੀਉਂਦੇ ਰਹਿਣਾ ਪੁਸਤਕ ਨੇ ਯਹੋਵਾਹ ਨੂੰ ਪ੍ਰੇਮ ਕਰਨ ਵਿਚ ਮੇਰੀ ਮਦਦ ਕੀਤੀ, ਪਰ ਗਿਆਨ ਪੁਸਤਕ ਨੇ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰਨ ਵਿਚ ਮੇਰੀ ਮਦਦ ਕੀਤੀ।”
7 ਗੌਰ ਕਰੋ ਕਿ ਇਕ ਹੋਰ ਔਰਤ ਨੇ ਕਿੰਨੀ ਤੇਜ਼ੀ ਨਾਲ ਸੱਚਾਈ ਸਿੱਖੀ। ਆਪਣੇ ਦੂਜੇ ਅਧਿਐਨ ਮਗਰੋਂ, ਉਹ ਸਰਕਟ ਨਿਗਾਹਬਾਨ ਦੀ ਮੁਲਾਕਾਤ ਦੌਰਾਨ ਰਾਜ ਗ੍ਰਹਿ ਵਿਖੇ ਇਕ ਸਭਾ ਵਿਚ ਹਾਜ਼ਰ ਹੋਈ। ਉਸ ਹਫ਼ਤੇ, ਆਪਣੇ ਤੀਜੇ ਅਧਿਐਨ ਦੌਰਾਨ, ਉਸ ਨੇ ਸਰਕਟ ਨਿਗਾਹਬਾਨ ਨੂੰ ਦੱਸਿਆ ਕਿ ਉਸ ਨੇ ਆਪਣੇ ਆਪ ਨੂੰ ਯਹੋਵਾਹ ਨੂੰ ਸਮਰਪਿਤ ਕਰ ਲਿਆ ਸੀ ਅਤੇ ਉਹ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਨਾ ਚਾਹੁੰਦੀ ਸੀ। ਬਜ਼ੁਰਗਾਂ ਨੇ ਉਸ ਨਾਲ ਗੱਲ ਕੀਤੀ, ਉਸ ਨੂੰ ਪ੍ਰਕਾਸ਼ਕ ਵਜੋਂ ਪ੍ਰਵਾਨ ਕੀਤਾ, ਅਤੇ ਅਗਲੇ ਹਫ਼ਤੇ ਉਸ ਨੇ ਖੇਤਰ ਸੇਵਾ ਵਿਚ ਭਾਗ ਲੈਣਾ ਸ਼ੁਰੂ ਕਰ ਦਿੱਤਾ। ਉਹ ਆਪਣੇ ਬਾਈਬਲ ਅਧਿਐਨ ਵਿਚ ਇੰਨੀ ਰੁੱਝ ਗਈ ਕਿ ਉਸ ਨੇ ਆਪਣੀ ਨੌਕਰੀ ਤੋਂ ਛੁੱਟੀ ਲਈ ਤਾਂਕਿ ਉਹ ਹਫ਼ਤੇ ਵਿਚ ਦੋ ਜਾਂ ਤਿੰਨ ਵਾਰ ਅਧਿਐਨ ਕਰ ਸਕੇ ਅਤੇ ਸੇਵਕਾਈ ਵਿਚ ਜ਼ਿਆਦਾ ਸਮਾਂ ਬਿਤਾ ਸਕੇ। ਕਦੀ-ਕਦਾਈਂ ਉਹ ਇਕ ਬੈਠਕ ਵਿਚ ਦੋ ਜਾਂ ਤਿੰਨ ਅਧਿਆਇ ਖ਼ਤਮ ਕਰ ਲੈਂਦੇ ਸਨ। ਉਸ ਨੇ ਸਿੱਖੀਆਂ ਗੱਲਾਂ ਨੂੰ ਆਪਣੇ ਜੀਵਨ ਦੇ ਹਰ ਪਹਿਲੂ ਵਿਚ ਲਾਗੂ ਕਰਨਾ ਸ਼ੁਰੂ ਕਰ ਦਿੱਤਾ, ਚਾਰ ਹਫ਼ਤਿਆਂ ਵਿਚ ਗਿਆਨ ਪੁਸਤਕ ਖ਼ਤਮ ਕੀਤੀ, ਅਤੇ ਫਿਰ ਬਪਤਿਸਮਾ ਲੈ ਲਿਆ!
8 ਇਕ ਭੈਣ ਦਾ ਪਤੀ ਕਹਿੰਦਾ ਹੈ ਕਿ ਉਹ ਪਹਿਲਾਂ ਇਕ “ਨਿਹਚਾਹੀਣ ਪਤੀ” ਸੀ। ਇਕ ਦਿਨ, ਇਕ ਭਰਾ ਨੇ ਉਸ ਨੂੰ ਗਿਆਨ ਪੁਸਤਕ ਵਿੱਚੋਂ ਬਾਈਬਲ ਅਧਿਐਨ ਦੀ ਪੇਸ਼ਕਸ਼ ਕੀਤੀ, ਇਹ ਕਹਿੰਦੇ ਹੋਏ ਕਿ ਉਹ ਪਹਿਲੀ ਅਧਿਐਨ ਬੈਠਕ ਮਗਰੋਂ ਜਾਂ ਉਸ ਮਗਰੋਂ ਕਦੀ ਵੀ ਅਧਿਐਨ ਛੱਡ ਸਕਦਾ ਸੀ। ਪਤੀ ਇਸ ਨੂੰ ਅਜ਼ਮਾਉਣ ਲਈ ਤਿਆਰ ਹੋ ਗਿਆ, ਹਾਲਾਂਕਿ ਉਹ ਸਕੂਲ ਦੇ ਦਿਨਾਂ ਵਿਚ ਪੜ੍ਹਾਈ ਵਿਚ ਕਮਜ਼ੋਰ ਹੋਇਆ ਕਰਦਾ ਸੀ ਅਤੇ ਉਸ ਨੇ 20 ਤੋਂ ਵੱਧ ਸਾਲ ਤੋਂ ਕਿਸੇ ਵੀ ਪ੍ਰਕਾਰ ਦਾ ਧਾਰਮਿਕ ਸਾਹਿੱਤ ਨਹੀਂ ਪੜ੍ਹਿਆ ਸੀ। ਗਿਆਨ ਪੁਸਤਕ ਦਾ ਅਧਿਐਨ ਕਰਨ ਪ੍ਰਤੀ ਉਸ ਦੀ ਕੀ ਪ੍ਰਤਿਕ੍ਰਿਆ ਸੀ? ਉਸ ਨੇ ਕਿਹਾ: “ਮੈਂ ਇਹ ਦੇਖ ਕੇ ਬਹੁਤ ਖ਼ੁਸ਼ ਹੋਇਆ ਕਿ ਇਹ ਪੁਸਤਕ ਇੰਨੇ ਸਰਲ ਤਰੀਕੇ ਨਾਲ ਲਿਖੀ ਗਈ ਸੀ। ਇਸ ਵਿਚ ਜਾਣਕਾਰੀ ਇੰਨੇ ਸਪੱਸ਼ਟ ਅਤੇ ਤਰਕਸੰਗਤ ਢੰਗ ਨਾਲ ਪੇਸ਼ ਕੀਤੀ ਗਈ ਸੀ ਕਿ ਮੈਂ ਛੇਤੀ ਹੀ ਆਪਣੇ ਅਗਲੇ ਅਧਿਐਨ ਦੀ ਉਤਸੁਕਤਾ ਨਾਲ ਉਡੀਕ ਕਰਨ ਲੱਗਾ। ਮੇਰੇ ਸਿੱਖਿਅਕ ਨੇ ਚੇਲੇ ਬਣਾਉਣ ਦੇ ਉਨ੍ਹਾਂ ਤਰੀਕਿਆਂ ਨੂੰ ਨਿਪੁੰਨਤਾ ਨਾਲ ਅਪਣਾਇਆ ਜੋ ਸੰਸਥਾ ਵੱਲੋਂ ਸੁਝਾਏ ਗਏ ਸਨ, ਅਤੇ ਯਹੋਵਾਹ ਦੀ ਆਤਮਾ ਦੀ ਮਦਦ ਨਾਲ, ਮੈਂ ਚਾਰ ਮਹੀਨੇ ਬਾਅਦ ਬਪਤਿਸਮਾ ਲੈ ਲਿਆ। ਮੈਂ ਸੱਚੇ ਦਿਲੋਂ ਕਹਿ ਸਕਦਾ ਹਾਂ ਕਿ ਜੇਕਰ ਅਸੀਂ ਚੇਲੇ ਬਣਾਉਣ ਦੇ ਕੰਮ ਲਈ ਪ੍ਰੇਮ ਵਿਕਸਿਤ ਕਰੀਏ, ਖੇਤਰ ਸੇਵਕਾਈ ਵਿਚ ਸੁਹਿਰਦ ਵਿਅਕਤੀਆਂ ਦੀ ਭਾਲ ਕਰਦੇ ਰਹੀਏ, ਗਿਆਨ ਪੁਸਤਕ ਦੀ ਅਤੇ ਬਾਈਬਲ ਨੂੰ ਸਮਝਣ ਲਈ ਸੰਸਥਾ ਵੱਲੋਂ ਮੁਹੱਈਆ ਕੀਤੇ ਗਏ ਦੂਜੇ ਸਹਾਇਕ ਸਾਧਨਾਂ ਦੀ ਵਰਤੋਂ ਕਰੀਏ ਅਤੇ, ਸਭ ਤੋਂ ਜ਼ਰੂਰੀ ਗੱਲ, ਯਹੋਵਾਹ ਦੇ ਨਿਰਦੇਸ਼ਨ ਲਈ ਪ੍ਰਾਰਥਨਾ ਕਰੀਏ, ਤਾਂ ਸਾਨੂੰ ਚੇਲੇ ਬਣਾਉਣ ਦੇ ਕੰਮ ਵਿਚ ਮਦਦ ਕਰਨ ਦਾ ਬਹੁਤ ਹੀ ਅਦਭੁਤ ਵਿਸ਼ੇਸ਼-ਸਨਮਾਨ ਪ੍ਰਾਪਤ ਹੋਵੇਗਾ।” ਉੱਪਰ ਦੱਸੇ ਗਏ ਅਨੁਭਵ ਸੱਚ-ਮੁੱਚ ਅਨੋਖੇ ਹਨ। ਸਾਡੇ ਜ਼ਿਆਦਾਤਰ ਸਿੱਖਿਆਰਥੀ ਇੰਨੀ ਤੇਜ਼ੀ ਨਾਲ ਸੱਚਾਈ ਵਿਚ ਨਹੀਂ ਆਉਂਦੇ ਹਨ।
9 ਸਾਰੇ ਸਿੱਖਿਆਰਥੀ ਇਕ ਸਮਾਨ ਉੱਨਤੀ ਨਹੀਂ ਕਰਦੇ ਹਨ: ਇਸ ਗੱਲ ਨੂੰ ਮੰਨਣਾ ਪਵੇਗਾ ਕਿ ਪਰਮੇਸ਼ੁਰ ਦੇ ਬਚਨ ਦੇ ਸਾਰੇ ਸਿੱਖਿਅਕਾਂ ਅਤੇ ਸਿੱਖਿਆਰਥੀਆਂ ਦੀਆਂ ਇੱਕੋ ਜਿਹੀਆਂ ਯੋਗਤਾਵਾਂ ਨਹੀਂ ਹੁੰਦੀਆਂ ਹਨ। ਅਧਿਆਤਮਿਕ ਉੱਨਤੀ ਹੌਲੀ ਜਾਂ ਤੇਜ਼ ਹੋ ਸਕਦੀ ਹੈ। ਕੁਝ ਸਿੱਖਿਆਰਥੀ ਕੁਝ ਹੀ ਮਹੀਨਿਆਂ ਵਿਚ ਉਹ ਉੱਨਤੀ ਕਰ ਲੈਂਦੇ ਹਨ ਜਿਹੜੀ ਉੱਨਤੀ ਕਰਨ ਲਈ ਦੂਜਿਆਂ ਨੂੰ ਸ਼ਾਇਦ ਕਾਫ਼ੀ ਲੰਮਾ ਸਮਾਂ ਲੱਗ ਜਾਵੇ। ਇਕ ਵਿਅਕਤੀ ਦਾ ਵਿਦਿਅਕ ਪਿਛੋਕੜ, ਅਧਿਆਤਮਿਕ ਗੱਲਾਂ ਪ੍ਰਤੀ ਉਸ ਦੀ ਕਦਰਦਾਨੀ, ਅਤੇ ਯਹੋਵਾਹ ਪ੍ਰਤੀ ਉਸ ਦੀ ਸ਼ਰਧਾ ਦੀ ਡੂੰਘਾਈ ਉਸ ਦੀ ਅਧਿਆਤਮਿਕ ਉੱਨਤੀ ਦੀ ਰਫ਼ਤਾਰ ਉੱਤੇ ਅਸਰ ਪਾਉਂਦੇ ਹਨ। ਸਾਡੇ ਨਾਲ ਅਧਿਐਨ ਕਰਨ ਵਾਲੇ ਸਾਰੇ ਸਿੱਖਿਆਰਥੀਆਂ ਵਿਚ ਰੋਜ਼ਾਨਾ ਸ਼ਾਸਤਰ ਦਾ ਅਧਿਐਨ ਕਰਨ ਦੀ “ਦਿਲ ਦੀ ਵੱਡੀ ਚਾਹ” ਨਹੀਂ ਹੁੰਦੀ ਹੈ, ਜਿਵੇਂ ਕਿ ਪ੍ਰਾਚੀਨ ਸਮੇਂ ਦੇ ਬਰਿਯਾ ਦੇ ਲੋਕਾਂ ਵਿਚ ਸੀ ਜੋ ਨਿਹਚਾਵਾਨ ਬਣੇ।—ਰਸੂ. 17:11, 12.
10 ਇਸ ਲਈ ਮਈ 1998 ਦੀ ਸਾਡੀ ਰਾਜ ਸੇਵਕਾਈ ਵਿਚ, “ਲੋੜ ਹੈ—ਹੋਰ ਜ਼ਿਆਦਾ ਬਾਈਬਲ ਅਧਿਐਨਾਂ ਦੀ” ਨਾਮਕ ਅੰਤਰ-ਪੱਤਰ ਨੇ ਇਹ ਵਿਵਹਾਰਕ ਨਿਰਦੇਸ਼ਨ ਦਿੱਤਾ: “ਨਿਰਸੰਦੇਹ, ਸਾਰੇ ਬਾਈਬਲ ਸਿੱਖਿਆਰਥੀ ਇਕ ਸਮਾਨ ਤਰੱਕੀ ਨਹੀਂ ਕਰਦੇ ਹਨ। ਕੁਝ ਵਿਅਕਤੀ ਧਾਰਮਿਕ ਗੱਲਾਂ ਵਿਚ ਦੂਸਰਿਆਂ ਨਾਲੋਂ ਘੱਟ ਰੁਚੀ ਰੱਖਦੇ ਹਨ ਅਤੇ ਸਿਖਾਈਆਂ ਗਈਆਂ ਗੱਲਾਂ ਨੂੰ ਸਮਝਣ ਵਿਚ ਜ਼ਿਆਦਾ ਸਮਾਂ ਲੈਂਦੇ ਹਨ। ਕੁਝ ਵਿਅਕਤੀ ਵਿਅਸਤ ਜੀਵਨ ਬਿਤਾਉਂਦੇ ਹਨ ਅਤੇ ਉਹ ਸ਼ਾਇਦ ਹਰ ਹਫ਼ਤੇ ਇਕ ਪੂਰਾ ਅਧਿਆਇ ਖ਼ਤਮ ਕਰਨ ਲਈ ਲੋੜੀਂਦਾ ਸਮਾਂ ਨਾ ਦੇ ਸਕਣ। ਇਸ ਲਈ, ਕਈਆਂ ਦੇ ਮਾਮਲੇ ਵਿਚ ਸ਼ਾਇਦ ਕੁਝ ਅਧਿਆਵਾਂ ਨੂੰ ਖ਼ਤਮ ਕਰਨ ਲਈ ਇਕ ਤੋਂ ਵੱਧ ਅਧਿਐਨ ਬੈਠਕਾਂ ਦੀ ਲੋੜ ਪਵੇ ਅਤੇ ਪੁਸਤਕ ਖ਼ਤਮ ਕਰਨ ਲਈ ਕੁਝ ਜ਼ਿਆਦਾ ਮਹੀਨੇ ਲੱਗ ਜਾਣ।”
11 ਚੇਲੇ ਬਣਾਉਣ ਵਾਲੇ ਇਕ ਸੰਤੁਲਿਤ ਦ੍ਰਿਸ਼ਟੀਕੋਣ ਰੱਖਦੇ ਹਨ: ਸਿੱਖਿਆਰਥੀ ਦੇ ਹਾਲਾਤ ਅਤੇ ਯੋਗਤਾ ਨੂੰ ਦੇਖਦੇ ਹੋਏ, ਅਧਿਐਨ ਦੀ ਰਫ਼ਤਾਰ ਨੂੰ ਨਿਰਧਾਰਿਤ ਕਰਨਾ ਜ਼ਰੂਰੀ ਹੈ। ਕਿਉਂ ਜੋ ਸਾਨੂੰ ਮੰਗ ਬਰੋਸ਼ਰ ਵਿੱਚੋਂ ਅਧਿਐਨ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਇਸ ਨੂੰ ਪੂਰਾ ਕਰਨ ਲਈ ਸ਼ਾਇਦ ਦੋ-ਤਿੰਨ ਮਹੀਨੇ ਲੱਗ ਜਾਣ। ਫਿਰ ਗਿਆਨ ਪੁਸਤਕ ਵਿੱਚੋਂ ਅਧਿਐਨ ਸ਼ੁਰੂ ਕੀਤਾ ਜਾ ਸਕਦਾ ਹੈ। ਜੇ ਅਸੀਂ ਜੂਨ 1996 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਦਿੱਤੇ ਗਏ ਸਾਰੇ ਸੁਝਾਵਾਂ ਨੂੰ ਲਾਗੂ ਕਰੀਏ, ਤਾਂ ਗਿਆਨ ਪੁਸਤਕ ਨੂੰ ਖ਼ਤਮ ਕਰਨ ਲਈ ਹੋਰ ਛੇ ਤੋਂ ਨੌਂ ਮਹੀਨੇ ਲੱਗ ਸਕਦੇ ਹਨ। ਜਿਨ੍ਹਾਂ ਪ੍ਰਕਾਸ਼ਕਾਂ ਨੇ ਗਿਆਨ ਪੁਸਤਕ ਵਿੱਚੋਂ ਅਧਿਐਨ ਅਜੇ ਸ਼ੁਰੂ ਹੀ ਕੀਤਾ ਸੀ, ਉਨ੍ਹਾਂ ਨੇ ਸਿੱਖਿਆਰਥੀ ਨੂੰ ਛੇਤੀ ਨਾਲ ਬਾਈਬਲ ਦੀਆਂ ਬੁਨਿਆਦੀ ਸੱਚਾਈਆਂ ਸਿੱਖਣ ਵਿਚ ਮਦਦ ਦੇਣ ਲਈ ਮੰਗ ਬਰੋਸ਼ਰ ਵਿੱਚੋਂ ਅਧਿਐਨ ਸ਼ੁਰੂ ਕੀਤਾ। ਉਸ ਮਗਰੋਂ ਗਿਆਨ ਪੁਸਤਕ ਵਿੱਚੋਂ ਅਧਿਐਨ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ। ਜੇਕਰ ਅਧਿਐਨ ਗਿਆਨ ਪੁਸਤਕ ਵਿੱਚੋਂ ਸ਼ੁਰੂ ਕੀਤਾ ਗਿਆ ਹੈ, ਅਤੇ ਇਹ ਚੰਗੀ ਤਰ੍ਹਾਂ ਚੱਲ ਰਿਹਾ ਹੈ, ਤਾਂ ਪੁਸਤਕ ਖ਼ਤਮ ਕਰਨ ਮਗਰੋਂ ਮੰਗ ਬਰੋਸ਼ਰ ਦਾ ਅਧਿਐਨ ਕਰਨਾ ਲਾਭਕਾਰੀ ਹੋ ਸਕਦਾ ਹੈ, ਕਿਉਂਕਿ ਇਸ ਤਰ੍ਹਾਂ ਤੁਸੀਂ ਪਰਮੇਸ਼ੁਰ ਦੇ ਬਚਨ ਦੀਆਂ ਬੁਨਿਆਦੀ ਸੱਚਾਈਆਂ ਦਾ ਛੇਤੀ ਨਾਲ ਪੁਨਰ-ਵਿਚਾਰ ਕਰ ਸਕੋਗੇ। ਦੋਵੇਂ ਮਾਮਲਿਆਂ ਵਿਚ, ਅਸੀਂ ਅਧਿਐਨ ਖ਼ਤਮ ਕਰਨ ਵਿਚ ਇੰਨੀ ਕਾਹਲੀ ਨਹੀਂ ਕਰਨੀ ਚਾਹੁੰਦੇ ਹਾਂ ਕਿ ਸਿੱਖਿਆਰਥੀ ਗੱਲਾਂ ਨੂੰ ਸਹੀ ਤਰੀਕੇ ਨਾਲ ਸਮਝ ਹੀ ਨਾ ਸਕੇ। ਹਰੇਕ ਸਿੱਖਿਆਰਥੀ ਦੀ ਨਿਹਚਾ ਪਰਮੇਸ਼ੁਰ ਦੇ ਬਚਨ ਉੱਤੇ ਪੱਕੀ ਤਰ੍ਹਾਂ ਆਧਾਰਿਤ ਹੋਣੀ ਚਾਹੀਦੀ ਹੈ।
12 ਇਹ ਦੇਖਦੇ ਹੋਏ ਕਿ ਅਸੀਂ ਸਮੇਂ ਦੀ ਧਾਰਾ ਵਿਚ ਕਿੱਥੇ ਪਹੁੰਚ ਗਏ ਹਾਂ, ਇਹ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਦੂਜਿਆਂ ਨੂੰ ਸੱਚਾਈ ਸਿੱਖਣ ਵਿਚ ਮਦਦ ਦੇਈਏ। ਨਵੇਂ ਬਾਈਬਲ ਅਧਿਐਨ ਸ਼ੁਰੂ ਕਰਨ ਲਈ ਲਗਾਤਾਰ ਪ੍ਰਾਰਥਨਾ ਕਰਨ ਤੋਂ ਇਲਾਵਾ, ਆਓ ਅਸੀਂ ਉਨ੍ਹਾਂ ਲਈ ਵੀ ਪ੍ਰਾਰਥਨਾ ਕਰੀਏ ਜੋ ਸਾਡੇ ਨਾਲ ਪਹਿਲਾਂ ਤੋਂ ਅਧਿਐਨ ਕਰ ਰਹੇ ਹਨ। ਤਦ ਅਸੀਂ “ਜੁਗ ਦੇ ਅੰਤ ਤੀਕਰ ਹਰ ਵੇਲੇ” ਹੋਰ ਜ਼ਿਆਦਾ ਚੇਲਿਆਂ ਨੂੰ ਬਪਤਿਸਮਾ ਦਿੰਦੇ ਰਹਿਣ ਦਾ ਆਨੰਦ ਪ੍ਰਾਪਤ ਕਰਾਂਗੇ।—ਮੱਤੀ 28:20.