“ਜਦ ਤਾਈਂ ਕੋਈ ਮੈਨੂੰ ਰਾਹ ਨਾ ਦੱਸੇ ਇਹ ਮੈਥੋਂ ਕਿਕੂੰ ਹੋ ਸੱਕੇ?”
1 ਜਦੋਂ ਹਬਸ਼ੀ ਖੋਜਾ ਪਰਮੇਸ਼ੁਰ ਦਾ ਬਚਨ ਪੜ੍ਹ ਰਿਹਾ ਸੀ, ਤਾਂ ਫ਼ਿਲਿੱਪੁਸ ਨੇ ਉਸ ਨੂੰ ਪੁੱਛਿਆ ਕਿ ਜੋ ਕੁਝ ਉਹ ਪੜ੍ਹ ਰਿਹਾ ਹੈ ਕੀ ਉਸ ਨੂੰ ਸਮਝ ਵਿਚ ਆਉਂਦਾ ਹੈ ਜਾਂ ਨਹੀਂ। ਹਬਸ਼ੀ ਖੋਜੇ ਨੇ ਜਵਾਬ ਦਿੱਤਾ: “ਜਦ ਤਾਈਂ ਕੋਈ ਮੈਨੂੰ ਰਾਹ ਨਾ ਦੱਸੇ ਇਹ ਮੈਥੋਂ ਕਿਕੂੰ ਹੋ ਸੱਕੇ?” ਫ਼ਿਲਿੱਪੁਸ ਨੇ ਯਿਸੂ ਬਾਰੇ ਖ਼ੁਸ਼ ਖ਼ਬਰੀ ਸਮਝਣ ਵਿਚ ਖੋਜੇ ਦੀ ਮਦਦ ਕੀਤੀ ਜਿਸ ਦੇ ਸਿੱਟੇ ਵਜੋਂ ਉਸ ਨੇ ਫ਼ੌਰਨ ਬਪਤਿਸਮਾ ਲੈ ਲਿਆ। (ਰਸੂ. 8:26-38) ਫ਼ਿਲਿੱਪੁਸ ਉਸ ਵੇਲੇ ਮਸੀਹ ਦੇ ਇਸ ਹੁਕਮ ਨੂੰ ਮੰਨ ਰਿਹਾ ਸੀ ਕਿ ‘ਸਾਰੀਆਂ ਕੌਮਾਂ ਨੂੰ ਚੇਲੇ ਬਣਾਓ, ਬਪਤਿਸਮਾ ਦਿਓ, ਉਨ੍ਹਾਂ ਨੂੰ ਸਿਖਾਓ।’—ਮੱਤੀ 28:19, 20.
2 ਫ਼ਿਲਿੱਪੁਸ ਵਾਂਗ ਸਾਨੂੰ ਵੀ ਚੇਲੇ ਬਣਾਉਣ ਦੇ ਹੁਕਮ ਨੂੰ ਜ਼ਰੂਰ ਮੰਨਣਾ ਚਾਹੀਦਾ ਹੈ। ਹਬਸ਼ੀ ਖੋਜੇ ਨੇ ਯਹੂਦੀ ਧਰਮ ਅਪਣਾਇਆ ਸੀ ਜਿਸ ਕਾਰਨ ਉਸ ਨੂੰ ਪਰਮੇਸ਼ੁਰ ਦੇ ਬਚਨ ਦਾ ਚੰਗਾ ਗਿਆਨ ਸੀ। ਪਰ ਉਹ ਹੋਰ ਜ਼ਿਆਦਾ ਸਿੱਖਣਾ ਚਾਹੁੰਦਾ ਸੀ ਅਤੇ ਉਸ ਨੂੰ ਸਿਰਫ਼ ਇਹੀ ਮੰਨਣ ਦੀ ਲੋੜ ਸੀ ਕਿ ਯਿਸੂ ਹੀ ਵਾਅਦਾ ਕੀਤਾ ਹੋਇਆ ਮਸੀਹਾ ਸੀ। ਪਰ ਜਿਨ੍ਹਾਂ ਲੋਕਾਂ ਨਾਲ ਅਸੀਂ ਬਾਈਬਲ ਸਟੱਡੀ ਕਰਦੇ ਹਾਂ, ਉਹ ਹਬਸ਼ੀ ਖੋਜੇ ਵਾਂਗ ਅਕਸਰ ਤੇਜ਼ੀ ਨਾਲ ਅਧਿਆਤਮਿਕ ਤਰੱਕੀ ਨਹੀਂ ਕਰਦੇ। ਕਿਉਂਕਿ ਉਹ ਬਾਈਬਲ ਬਾਰੇ ਕੁਝ ਨਹੀਂ ਜਾਣਦੇ। ਉਨ੍ਹਾਂ ਨੂੰ ਝੂਠੀਆਂ ਧਾਰਮਿਕ ਸਿੱਖਿਆਵਾਂ ਦੁਆਰਾ ਬਹਿਕਾਇਆ ਗਿਆ ਹੁੰਦਾ ਹੈ ਜਾਂ ਉਨ੍ਹਾਂ ਦੀ ਜ਼ਿੰਦਗੀ ਮੁਸ਼ਕਲਾਂ ਨਾਲ ਭਰੀ ਹੁੰਦੀ ਹੈ ਜਿਸ ਕਰਕੇ ਉਨ੍ਹਾਂ ਨੂੰ ਬਾਈਬਲ ਸਟੱਡੀ ਕਰਾਉਣੀ ਬਹੁਤ ਔਖੀ ਹੈ। ਪਰ ਅਜਿਹੇ ਬਾਈਬਲ ਸਿੱਖਿਆਰਥੀਆਂ ਨੂੰ ਸਮਰਪਣ ਤੇ ਬਪਤਿਸਮੇ ਤਕ ਲਿਜਾ ਸਕਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?
3 ਬਾਈਬਲ ਸਿੱਖਿਆਰਥੀ ਦੀਆਂ ਅਧਿਆਤਮਿਕ ਲੋੜਾਂ ਨੂੰ ਸਮਝੋ: ਅਗਸਤ 1998 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਦੱਸਿਆ ਗਿਆ ਸੀ ਕਿ ਸਾਨੂੰ ਮੰਗ ਬਰੋਸ਼ਰ ਅਤੇ ਗਿਆਨ ਕਿਤਾਬ ਵਿੱਚੋਂ ਲੋਕਾਂ ਨੂੰ ਕਿੰਨੀ ਦੇਰ ਤਕ ਸਟੱਡੀ ਕਰਾਉਣੀ ਚਾਹੀਦੀ ਹੈ। ਇਸ ਵਿਚ ਦੱਸਿਆ ਗਿਆ ਸੀ: “ਸਿੱਖਿਆਰਥੀ ਦੇ ਹਾਲਾਤ ਅਤੇ ਯੋਗਤਾ ਨੂੰ ਦੇਖਦੇ ਹੋਏ, ਅਧਿਐਨ ਦੀ ਰਫ਼ਤਾਰ ਨੂੰ ਨਿਰਧਾਰਿਤ ਕਰਨਾ ਜ਼ਰੂਰੀ ਹੈ। . . . ਅਸੀਂ ਅਧਿਐਨ ਖ਼ਤਮ ਕਰਨ ਵਿਚ ਇੰਨੀ ਕਾਹਲੀ ਨਹੀਂ ਕਰਨੀ ਚਾਹੁੰਦੇ ਹਾਂ ਕਿ ਸਿੱਖਿਆਰਥੀ ਗੱਲਾਂ ਨੂੰ ਸਹੀ ਤਰੀਕੇ ਨਾਲ ਸਮਝ ਹੀ ਨਾ ਸਕੇ। ਹਰੇਕ ਸਿੱਖਿਆਰਥੀ ਦੀ ਨਿਹਚਾ ਪਰਮੇਸ਼ੁਰ ਦੇ ਬਚਨ ਉੱਤੇ ਪੱਕੀ ਤਰ੍ਹਾਂ ਆਧਾਰਿਤ ਹੋਣੀ ਚਾਹੀਦੀ ਹੈ।” ਸਾਨੂੰ ਇਹ ਸੋਚ ਕੇ ਛੇਤੀ ਨਾਲ ਸਟੱਡੀ ਖ਼ਤਮ ਨਹੀਂ ਕਰਨੀ ਚਾਹੀਦੀ ਕਿ ਗਿਆਨ ਕਿਤਾਬ ਛੇ ਮਹੀਨਿਆਂ ਵਿਚ ਹੀ ਪੂਰੀ ਕਰਨੀ ਹੈ। ਕੁਝ ਵਿਅਕਤੀਆਂ ਨੂੰ ਬਪਤਿਸਮੇ ਤਕ ਤਰੱਕੀ ਕਰਨ ਲਈ ਛੇ ਮਹੀਨਿਆਂ ਤੋਂ ਜ਼ਿਆਦਾ ਸਮਾਂ ਲੱਗ ਸਕਦਾ ਹੈ। ਇਸ ਲਈ, ਜਦੋਂ ਤੁਸੀਂ ਹਰ ਹਫ਼ਤੇ ਸਟੱਡੀ ਕਰਾਉਂਦੇ ਹੋ ਤਾਂ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਨੂੰ ਸਮਝਣ ਅਤੇ ਮੰਨਣ ਵਿਚ ਸਿੱਖਿਆਰਥੀ ਨੂੰ ਮਦਦ ਦਿਓ। ਕਈ ਵਾਰ ਗਿਆਨ ਕਿਤਾਬ ਦੇ ਇਕ ਅਧਿਆਇ ਨੂੰ ਖ਼ਤਮ ਕਰਨ ਲਈ ਦੋ ਜਾਂ ਤਿੰਨ ਹਫ਼ਤੇ ਲੱਗ ਸਕਦੇ ਹਨ। ਇੰਜ ਕਰਨ ਨਾਲ ਦਿੱਤੀਆਂ ਗਈਆਂ ਆਇਤਾਂ ਨੂੰ ਪੜ੍ਹਨ ਦੇ ਨਾਲ-ਨਾਲ ਸਮਝਾਉਣ ਲਈ ਵੀ ਸਮਾਂ ਮਿਲੇਗਾ।—ਰੋਮੀ. 12:2.
4 ਪਰ ਫਿਰ ਕੀ ਜੇ ਗਿਆਨ ਕਿਤਾਬ ਖ਼ਤਮ ਕਰਨ ਤੋਂ ਬਾਅਦ ਤੁਹਾਨੂੰ ਲੱਗੇ ਕਿ ਸਿੱਖਿਆਰਥੀ ਸੱਚਾਈ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਪਾਇਆ ਜਾਂ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਲਈ ਉਹ ਅੱਗੇ ਨਹੀਂ ਵੱਧ ਰਿਹਾ? (1 ਕੁਰਿੰ. 14:20) ਤੁਸੀਂ ਉਸ ਦੀ ਕਿਵੇਂ ਮਦਦ ਕਰ ਸਕਦੇ ਹੋ ਤਾਂਕਿ ਉਹ ਜੀਵਨ ਦੇ ਰਾਹ ਤੇ ਚੱਲ ਸਕੇ?—ਮੱਤੀ 7:14.
5 ਬਾਈਬਲ ਸਿੱਖਿਆਰਥੀ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਕਰੋ: ਜੇ ਤੁਹਾਨੂੰ ਲੱਗਦਾ ਹੈ ਕਿ ਵਿਅਕਤੀ ਹੌਲੀ-ਹੌਲੀ ਤਰੱਕੀ ਕਰ ਰਿਹਾ ਹੈ ਅਤੇ ਸਿੱਖੀਆਂ ਹੋਈਆਂ ਗੱਲਾਂ ਦੀ ਕਦਰ ਦਿਖਾ ਰਿਹਾ ਹੈ, ਤਾਂ ਮੰਗ ਬਰੋਸ਼ਰ ਅਤੇ ਗਿਆਨ ਕਿਤਾਬ ਵਿੱਚੋਂ ਸਟੱਡੀ ਖ਼ਤਮ ਕਰਾਉਣ ਤੋਂ ਬਾਅਦ ਤੁਸੀਂ ਕਿਸੇ ਹੋਰ ਕਿਤਾਬ ਵਿੱਚੋਂ ਸਟੱਡੀ ਜਾਰੀ ਰੱਖ ਸਕਦੇ ਹੋ। ਹਰ ਵਿਅਕਤੀ ਲਈ ਸ਼ਾਇਦ ਇਹ ਜ਼ਰੂਰੀ ਨਾ ਹੋਵੇ, ਪਰ ਲੋੜ ਪੈਣ ਤੇ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਵਿੱਚੋਂ ਸਟੱਡੀ ਕੀਤੀ ਜਾ ਸਕਦੀ ਹੈ। ਕਲੀਸਿਯਾ ਕੋਲ ਸ਼ਾਇਦ ਇਹ ਕਿਤਾਬ ਨਾ ਹੋਵੇ, ਪਰ ਕਈ ਭੈਣ-ਭਰਾਵਾਂ ਕੋਲ ਇਹ ਕਿਤਾਬ ਹੈ ਜਿਨ੍ਹਾਂ ਨੂੰ ਸਟੱਡੀ ਕਰਾਉਣ ਵਰਤਿਆ ਜਾ ਸਕਦਾ ਹੈ। ਪਰ ਪਹਿਲਾਂ ਮੰਗ ਬਰੋਸ਼ਰ ਅਤੇ ਗਿਆਨ ਕਿਤਾਬ ਵਿੱਚੋਂ ਸਟੱਡੀ ਕੀਤੀ ਜਾਵੇਗੀ। ਪਰ ਜੇ ਕਿਸੇ ਦੂਸਰੀ ਕਿਤਾਬ ਦੀ ਸਟੱਡੀ ਪੂਰੀ ਹੋਣ ਤੋਂ ਪਹਿਲਾਂ ਹੀ ਸਿੱਖਿਆਰਥੀ ਦਾ ਬਪਤਿਸਮਾ ਹੋ ਜਾਂਦਾ ਹੈ, ਤਾਂ ਵੀ ਤੁਸੀਂ ਬਾਈਬਲ ਸਟੱਡੀ, ਪੁਨਰ-ਮੁਲਾਕਾਤ ਅਤੇ ਸਟੱਡੀ ਦੇ ਘੰਟਿਆਂ ਦੀ ਰਿਪੋਰਟ ਪਾ ਸਕਦੇ ਹੋ।
6 ਕਈਆਂ ਨੇ ਸਿਰਫ਼ ਇਕ ਕਿਤਾਬ ਦੀ ਸਟੱਡੀ ਕਰ ਕੇ ਹਾਲ ਹੀ ਵਿਚ ਬਪਤਿਸਮਾ ਲਿਆ ਹੈ। ਕੀ ਇਸ ਦਾ ਮਤਲਬ ਇਹ ਹੈ ਕਿ ਉਨ੍ਹਾਂ ਨੂੰ ਕਿਸੇ ਦੂਸਰੀ ਕਿਤਾਬ ਵਿੱਚੋਂ ਦੁਬਾਰਾ ਸਟੱਡੀ ਕਰਾਉਣੀ ਚਾਹੀਦੀ ਹੈ? ਇਹ ਜ਼ਰੂਰੀ ਨਹੀਂ। ਪਰ ਹੋ ਸਕਦਾ ਹੈ ਕਿ ਉਹ ਸੱਚਾਈ ਵਿਚ ਢਿੱਲੇ-ਮੱਠੇ ਪੈ ਗਏ ਹੋਣ ਜਾਂ ਤਰੱਕੀ ਨਾ ਕਰਦੇ ਹੋਣ। ਸ਼ਾਇਦ ਉਹ ਮਹਿਸੂਸ ਕਰਨ ਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਸੱਚਾਈ ਨੂੰ ਲਾਗੂ ਕਰਨ ਲਈ ਮਦਦ ਦੀ ਲੋੜ ਹੈ। ਇਕ ਬਪਤਿਸਮਾ ਲਏ ਹੋਏ ਭੈਣ-ਭਰਾ ਨਾਲ ਦੁਬਾਰਾ ਸਟੱਡੀ ਕਰਨ ਤੋਂ ਪਹਿਲਾਂ ਸੇਵਾ ਨਿਗਾਹਬਾਨ ਨੂੰ ਪੁੱਛਣਾ ਚਾਹੀਦਾ ਹੈ। ਕਈ ਵਿਅਕਤੀਆਂ ਨੇ ਪਹਿਲਾਂ ਗਿਆਨ ਕਿਤਾਬ ਵਿੱਚੋਂ ਸਟੱਡੀ ਕੀਤੀ ਸੀ, ਪਰ ਬਪਤਿਸਮਾ ਨਹੀਂ ਲਿਆ ਸੀ। ਜੇ ਤੁਸੀਂ ਉਨ੍ਹਾਂ ਨੂੰ ਜਾਣਦੇ ਹੋ, ਤਾਂ ਖ਼ੁਦ ਉਨ੍ਹਾਂ ਕੋਲ ਜਾ ਕੇ ਪੁੱਛ ਸਕਦੇ ਹੋ ਕਿ ਕੀ ਉਹ ਦੁਬਾਰਾ ਸਟੱਡੀ ਕਰਨੀ ਚਾਹੁੰਦੇ ਹਨ।
7 ਜਦੋਂ ਅਸੀਂ ਸਟੱਡੀ ਕਰਨ ਵਾਲੇ ਹਰ ਵਿਅਕਤੀ ਦਾ ਨਿੱਜੀ ਤੌਰ ਤੇ ਧਿਆਨ ਰੱਖਦੇ ਹਾਂ, ਤਾਂ ਅਸੀਂ ਆਪਣੇ ਮਸੀਹੀ ਪਿਆਰ ਦਾ ਸਬੂਤ ਦਿੰਦੇ ਹਾਂ। ਸਾਡਾ ਮਕਸਦ ਹੈ ਸਿੱਖਿਆਰਥੀ ਨੂੰ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਦੀ ਡੂੰਘੀ ਸਮਝ ਦੇਣਾ। ਕਿਉਂਕਿ ਇੰਜ ਕਰਨ ਨਾਲ ਹੀ ਉਹ ਚੰਗੀ ਤਰ੍ਹਾਂ ਸੋਚ-ਸਮਝ ਕੇ ਸੱਚਾਈ ਨੂੰ ਅਪਣਾ ਸਕੇਗਾ ਅਤੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈ ਸਕੇਗਾ।—ਜ਼ਬੂ. 40:8; ਅਫ਼. 3:17-19.
8 ਕੀ ਤੁਹਾਨੂੰ ਪਤਾ ਹੈ ਕਿ ਹਬਸ਼ੀ ਖੋਜੇ ਨੇ ਬਪਤਿਸਮਾ ਲੈ ਕੇ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ? ਯਿਸੂ ਮਸੀਹ ਦਾ ਚੇਲਾ ਬਣ ਕੇ “ਉਹ ਅਨੰਦ ਨਾਲ ਆਪਣੇ ਰਾਹ ਚੱਲਿਆ ਗਿਆ।” (ਰਸੂ. 8:39, 40) ਆਓ ਅਸੀਂ ਖ਼ੁਦ ਅਤੇ ਜਿਨ੍ਹਾਂ ਨੂੰ ਅਸੀਂ ਸੱਚਾਈ ਸਿਖਾਉਂਦੇ ਹਾਂ, ਪਰਮੇਸ਼ੁਰ ਯਹੋਵਾਹ ਦੀ ਹੁਣ ਤੇ ਹਮੇਸ਼ਾ ਲਈ ਖ਼ੁਸ਼ੀ-ਖ਼ੁਸ਼ੀ ਸੇਵਾ ਕਰਦੇ ਰਹੀਏ।