ਅਧਿਐਨ ਲੇਖ 11
ਗੀਤ 57 ਹਰ ਤਰ੍ਹਾਂ ਦੇ ਲੋਕਾਂ ਨੂੰ ਪ੍ਰਚਾਰ ਕਰੋ
ਯਿਸੂ ਵਾਂਗ ਜੋਸ਼ ਨਾਲ ਪ੍ਰਚਾਰ ਕਰੋ
‘ਪ੍ਰਭੂ ਨੇ ਉਨ੍ਹਾਂ ਨੂੰ ਦੋ-ਦੋ ਕਰ ਕੇ ਆਪਣੇ ਅੱਗੇ-ਅੱਗੇ ਹਰ ਉਸ ਸ਼ਹਿਰ ਤੇ ਜਗ੍ਹਾ ਘੱਲਿਆ ਜਿੱਥੇ ਉਹ ਆਪ ਜਾਣ ਵਾਲਾ ਸੀ।’—ਲੂਕਾ 10:1.
ਕੀ ਸਿੱਖਾਂਗੇ?
ਅਸੀਂ ਚਾਰ ਤਰੀਕਿਆਂ ʼਤੇ ਗੌਰ ਕਰਾਂਗੇ ਜਿਨ੍ਹਾਂ ਰਾਹੀਂ ਅਸੀਂ ਪ੍ਰਚਾਰ ਲਈ ਯਿਸੂ ਵਾਂਗ ਜੋਸ਼ ਦਿਖਾ ਸਕਦੇ ਹਾਂ।
1. ਕਿਹੜੀ ਗੱਲ ਕਰਕੇ ਯਹੋਵਾਹ ਦੇ ਗਵਾਹ ਉਨ੍ਹਾਂ ਲੋਕਾਂ ਤੋਂ ਅਲੱਗ ਨਜ਼ਰ ਆਉਂਦੇ ਹਨ ਜੋ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ?
ਯਹੋਵਾਹ ਦੇ ਗਵਾਹ ਜੋਸ਼ ਨਾਲ ਪ੍ਰਚਾਰ ਕਰਦੇ ਹਨ। ਇਸ ਗੱਲ ਕਰਕੇ ਉਹ ਉਨ੍ਹਾਂ ਲੋਕਾਂ ਤੋਂ ਅਲੱਗ ਨਜ਼ਰ ਆਉਂਦੇ ਹਨ ਜੋ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ। (ਤੀਤੁ. 2:14) ਪਰ ਹੋ ਸਕਦਾ ਹੈ ਕਿ ਕਦੇ-ਕਦੇ ਤੁਹਾਡੇ ਵਿਚ ਪ੍ਰਚਾਰ ਲਈ ਜੋਸ਼ ਨਾ ਹੋਵੇ। ਸ਼ਾਇਦ ਤੁਸੀਂ ਉਸ ਮਿਹਨਤੀ ਬਜ਼ੁਰਗ ਵਾਂਗ ਮਹਿਸੂਸ ਕਰੋ ਜੋ ਕਹਿੰਦਾ ਹੈ: “ਕਦੇ-ਕਦੇ ਮੇਰਾ ਪ੍ਰਚਾਰ ਕਰਨ ਦਾ ਦਿਲ ਹੀ ਨਹੀਂ ਕਰਦਾ।”
2. ਕਦੇ-ਕਦੇ ਪ੍ਰਚਾਰ ਲਈ ਜੋਸ਼ ਬਣਾਈ ਰੱਖਣਾ ਔਖਾ ਕਿਉਂ ਹੋ ਸਕਦਾ ਹੈ?
2 ਹੋ ਸਕਦਾ ਹੈ ਕਿ ਪ੍ਰਚਾਰ ਨਾਲੋਂ ਜ਼ਿਆਦਾ ਸਾਨੂੰ ਯਹੋਵਾਹ ਦੀ ਸੇਵਾ ਨਾਲ ਜੁੜੇ ਹੋਰ ਕੰਮਾਂ ਵਿਚ ਮਜ਼ਾ ਆਉਂਦਾ ਹੋਵੇ। ਕਿਉਂ? ਕਿਉਂਕਿ ਜਦੋਂ ਅਸੀਂ ਕਿੰਗਡਮ ਹਾਲਾਂ ਦੀ ਉਸਾਰੀ ਕਰਦੇ ਹਾਂ, ਰਾਹਤ ਦਾ ਕੰਮ ਕਰਦੇ ਹਾਂ, ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦਿੰਦੇ ਹਾਂ ਜਾਂ ਕਿਸੇ ਹੋਰ ਤਰੀਕੇ ਨਾਲ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਾਂ, ਤਾਂ ਸਾਨੂੰ ਆਪਣੀ ਮਿਹਨਤ ਦੇ ਤੁਰੰਤ ਵਧੀਆ ਨਤੀਜੇ ਦੇਖਣ ਨੂੰ ਮਿਲਦੇ ਹਨ ਅਤੇ ਸਾਨੂੰ ਖ਼ੁਸ਼ੀ ਵੀ ਮਿਲਦੀ ਹੈ। ਇੰਨਾ ਹੀ ਨਹੀਂ, ਭੈਣਾਂ-ਭਰਾਵਾਂ ਨਾਲ ਹੁੰਦਿਆਂ ਸਾਨੂੰ ਕੋਈ ਚਿੰਤਾ ਨਹੀਂ ਹੁੰਦੀ ਤੇ ਅਸੀਂ ਉਨ੍ਹਾਂ ਨਾਲ ਮਿਲ ਕੇ ਬਹੁਤ ਪਿਆਰ ਨਾਲ ਕੰਮ ਕਰਦੇ ਹਾਂ। ਨਾਲੇ ਭੈਣ-ਭਰਾ ਸਾਡੇ ਕੀਤੇ ਕੰਮਾਂ ਦੀ ਬਹੁਤ ਕਦਰ ਵੀ ਕਰਦੇ ਹਨ। ਦੂਜੇ ਪਾਸੇ, ਹੋ ਸਕਦਾ ਹੈ ਕਿ ਸ਼ਾਇਦ ਅਸੀਂ ਕਈ ਸਾਲਾਂ ਤੋਂ ਇੱਕੋ ਇਲਾਕੇ ਵਿਚ ਪ੍ਰਚਾਰ ਕਰਦੇ ਹੋਈਏ। ਪਰ ਸ਼ਾਇਦ ਬਹੁਤ ਘੱਟ ਲੋਕ ਇੱਦਾਂ ਦੇ ਹੋਣ ਜੋ ਬਾਈਬਲ ਦਾ ਸੰਦੇਸ਼ ਸੁਣਨਾ ਚਾਹੁਣ। ਸ਼ਾਇਦ ਕਈ ਲੋਕ ਤਾਂ ਸਾਡੀ ਗੱਲ ਬਿਲਕੁਲ ਵੀ ਨਾ ਸੁਣਨ। ਅਸੀਂ ਇਹ ਜਾਣਦੇ ਹਾਂ ਕਿ ਜਿੱਦਾਂ-ਜਿੱਦਾਂ ਅੰਤ ਨੇੜੇ ਆ ਰਿਹਾ ਹੈ, ਲੋਕ ਸਾਡੇ ਕੰਮ ਦਾ ਹੋਰ ਵੀ ਵਿਰੋਧ ਕਰਨਗੇ। (ਮੱਤੀ 10:22) ਤਾਂ ਫਿਰ ਪ੍ਰਚਾਰ ਲਈ ਆਪਣਾ ਜੋਸ਼ ਬਣਾਈ ਰੱਖਣ ਤੇ ਇਸ ਨੂੰ ਵਧਾਉਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?
3. ਲੂਕਾ 13:6-9 ਤੋਂ ਪ੍ਰਚਾਰ ਲਈ ਯਿਸੂ ਦੇ ਜੋਸ਼ ਬਾਰੇ ਕੀ ਪਤਾ ਲੱਗਦਾ ਹੈ?
3 ਪ੍ਰਚਾਰ ਦੇ ਕੰਮ ਲਈ ਜੋਸ਼ ਦਿਖਾਉਣ ਦੇ ਮਾਮਲੇ ਵਿਚ ਅਸੀਂ ਯਿਸੂ ਤੋਂ ਕੁਝ ਜ਼ਰੂਰੀ ਸਬਕ ਸਿੱਖ ਸਕਦੇ ਹਾਂ। ਆਪਣੀ ਸੇਵਕਾਈ ਦੌਰਾਨ ਯਿਸੂ ਨੇ ਕਦੇ ਵੀ ਆਪਣਾ ਜੋਸ਼ ਘਟਣ ਨਹੀਂ ਦਿੱਤਾ। ਇਸ ਦੀ ਬਜਾਇ, ਸਮੇਂ ਦੇ ਬੀਤਣ ਨਾਲ ਪ੍ਰਚਾਰ ਕੰਮ ਵਿਚ ਉਸ ਨੇ ਹੋਰ ਵੀ ਜ਼ਿਆਦਾ ਮਿਹਨਤ ਕੀਤੀ। (ਲੂਕਾ 13:6-9 ਪੜ੍ਹੋ।) ਇਕ ਮਿਸਾਲ ਵਿਚ ਯਿਸੂ ਨੇ ਆਪਣੀ ਤੁਲਨਾ ਉਸ ਮਾਲੀ ਨਾਲ ਕੀਤੀ ਜੋ ਤਿੰਨ ਸਾਲਾਂ ਤੋਂ ਅੰਜੀਰ ਦੇ ਦਰਖ਼ਤ ਦੀ ਦੇਖ-ਭਾਲ ਕਰ ਰਿਹਾ ਸੀ। ਪਰ ਉਸ ਦਰਖ਼ਤ ਨੂੰ ਫਲ ਨਹੀਂ ਲੱਗਾ। ਉਸ ਮਾਲੀ ਵਾਂਗ ਯਿਸੂ ਨੇ ਵੀ ਤਿੰਨ ਸਾਲਾਂ ਤਕ ਯਹੂਦੀਆਂ ਨੂੰ ਪ੍ਰਚਾਰ ਕੀਤਾ, ਪਰ ਬਹੁਤ ਘੱਟ ਲੋਕ ਉਸ ਦੇ ਚੇਲੇ ਬਣੇ। ਫਿਰ ਵੀ ਯਿਸੂ ਨੇ ਪ੍ਰਚਾਰ ਕਰਨਾ ਬੰਦ ਨਹੀਂ ਕੀਤਾ। ਉਸ ਮਾਲੀ ਵਾਂਗ ਉਸ ਨੇ ਉਮੀਦ ਨਹੀਂ ਛੱਡੀ ਅਤੇ ਨਾ ਹੀ ਉਹ ਆਪਣੇ ਕੰਮ ਵਿਚ ਢਿੱਲਾ ਪਿਆ। ਇਸ ਦੀ ਬਜਾਇ, ਉਸ ਨੇ ਯਹੂਦੀਆਂ ਦੇ ਦਿਲ ਤਕ ਪਹੁੰਚਣ ਲਈ ਹੋਰ ਵੀ ਮਿਹਨਤ ਕੀਤੀ।
4. ਅਸੀਂ ਯਿਸੂ ਬਾਰੇ ਕਿਹੜੀਆਂ ਚਾਰ ਗੱਲਾਂ ʼਤੇ ਗੌਰ ਕਰਾਂਗੇ?
4 ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਿਸੂ ਨੇ ਪ੍ਰਚਾਰ ਲਈ ਜੋਸ਼ ਕਿਵੇਂ ਦਿਖਾਇਆ, ਖ਼ਾਸ ਕਰਕੇ ਆਪਣੀ ਸੇਵਕਾਈ ਦੇ ਆਖ਼ਰੀ ਛੇ ਮਹੀਨਿਆਂ ਦੌਰਾਨ। (ਲੂਕਾ 10:1; ਹਿੰਦੀ ਦੀ ਅਧਿਐਨ ਬਾਈਬਲ ਵਿਚ “ਇਨ੍ਹਾਂ ਗੱਲਾਂ ਤੋਂ ਬਾਅਦ” ਨਾਲ ਦਿੱਤਾ ਸਟੱਡੀ ਨੋਟ ਦੇਖੋ।) ਇਸ ਦੌਰਾਨ ਯਿਸੂ ਨੇ ਬਹੁਤ ਕੁਝ ਕੀਤਾ ਅਤੇ ਬਹੁਤ ਸਾਰੀਆਂ ਗੱਲਾਂ ਸਿਖਾਈਆਂ। ਜੇ ਅਸੀਂ ਇਨ੍ਹਾਂ ਗੱਲਾਂ ʼਤੇ ਧਿਆਨ ਦੇਈਏ, ਤਾਂ ਅਸੀਂ ਵੀ ਆਪਣਾ ਜੋਸ਼ ਬਣਾਈ ਰੱਖ ਸਕਾਂਗੇ। ਇਸ ਲੇਖ ਵਿਚ ਅਸੀਂ ਅਜਿਹੀਆਂ ਚਾਰ ਗੱਲਾਂ ʼਤੇ ਧਿਆਨ ਦੇਵਾਂਗੇ ਜਿਸ ਨਾਲ ਯਿਸੂ ਆਪਣਾ ਜੋਸ਼ ਬਣਾਈ ਰੱਖ ਸਕਿਆ: (1) ਉਸ ਨੇ ਆਪਣਾ ਧਿਆਨ ਯਹੋਵਾਹ ਦੀ ਇੱਛਾ ਪੂਰੀ ਕਰਨ ʼਤੇ ਲਾਈ ਰੱਖਿਆ, (2) ਉਸ ਨੇ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਚੰਗੀ ਤਰ੍ਹਾਂ ਸਮਝਿਆ ਅਤੇ ਉਨ੍ਹਾਂ ਮੁਤਾਬਕ ਕੰਮ ਕੀਤਾ, (3) ਉਸ ਨੇ ਮਦਦ ਲਈ ਯਹੋਵਾਹ ʼਤੇ ਭਰੋਸਾ ਰੱਖਿਆ ਅਤੇ (4) ਉਸ ਨੂੰ ਯਕੀਨ ਸੀ ਕਿ ਕੁਝ ਲੋਕ ਸੰਦੇਸ਼ ਜ਼ਰੂਰ ਸੁਣਨਗੇ।
ਉਸ ਨੇ ਆਪਣਾ ਧਿਆਨ ਯਹੋਵਾਹ ਦੀ ਇੱਛਾ ਪੂਰੀ ਕਰਨ ʼਤੇ ਲਾਈ ਰੱਖਿਆ
5. ਯਿਸੂ ਨੇ ਕਿੱਦਾਂ ਦਿਖਾਇਆ ਕਿ ਉਸ ਦਾ ਧਿਆਨ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਤੇ ਸੀ?
5 ਯਿਸੂ ਨੇ ਜੋਸ਼ ਨਾਲ “ਰਾਜ ਦੀ ਖ਼ੁਸ਼ ਖ਼ਬਰੀ” ਦਾ ਪ੍ਰਚਾਰ ਕੀਤਾ ਕਿਉਂਕਿ ਉਹ ਜਾਣਦਾ ਸੀ ਕਿ ਪਰਮੇਸ਼ੁਰ ਦੀ ਇਹੀ ਇੱਛਾ ਹੈ। (ਲੂਕਾ 4:43) ਯਿਸੂ ਲਈ ਪ੍ਰਚਾਰ ਦਾ ਕੰਮ ਕਰਨਾ ਉਸ ਦੀ ਜ਼ਿੰਦਗੀ ਵਿਚ ਸਭ ਤੋਂ ਜ਼ਿਆਦਾ ਜ਼ਰੂਰੀ ਸੀ। ਇੱਥੋਂ ਤਕ ਕਿ ਆਪਣੀ ਜ਼ਿੰਦਗੀ ਦੇ ਆਖ਼ਰੀ ਮਹੀਨਿਆਂ ਦੌਰਾਨ ਵੀ ਉਹ ਲੋਕਾਂ ਨੂੰ ਸਿਖਾਉਣ ਲਈ “ਸ਼ਹਿਰੋ-ਸ਼ਹਿਰ ਤੇ ਪਿੰਡੋ-ਪਿੰਡ” ਗਿਆ। (ਲੂਕਾ 13:22) ਇਸ ਤੋਂ ਇਲਾਵਾ, ਉਸ ਨੇ ਹੋਰ ਚੇਲਿਆਂ ਨੂੰ ਵੀ ਪ੍ਰਚਾਰ ਕਰਨ ਦੀ ਸਿਖਲਾਈ ਦਿੱਤੀ।—ਲੂਕਾ 10:1.
6. ਯਹੋਵਾਹ ਦੀ ਸੇਵਾ ਨਾਲ ਜੁੜੇ ਬਾਕੀ ਕੰਮ ਪ੍ਰਚਾਰ ਦੇ ਕੰਮ ਨਾਲ ਕਿਵੇਂ ਜੁੜੇ ਹੋਏ ਹਨ? (ਤਸਵੀਰ ਵੀ ਦੇਖੋ।)
6 ਅੱਜ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਬਹੁਤ ਜ਼ਰੂਰੀ ਹੈ। ਨਾਲੇ ਯਹੋਵਾਹ ਅਤੇ ਯਿਸੂ ਵੀ ਸਾਡੇ ਤੋਂ ਇਹੀ ਚਾਹੁੰਦੇ ਹਨ ਕਿ ਅਸੀਂ ਇਸ ਕੰਮ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇਈਏ। (ਮੱਤੀ 24:14; 28:19, 20) ਯਹੋਵਾਹ ਦੀ ਸੇਵਾ ਨਾਲ ਜੁੜੇ ਸਾਰੇ ਕੰਮ ਸਿੱਧੇ ਤੌਰ ਤੇ ਪ੍ਰਚਾਰ ਨਾਲ ਜੁੜੇ ਹੋਏ ਹਨ। ਮਿਸਾਲ ਲਈ, ਅਸੀਂ ਕਿੰਗਡਮ ਹਾਲ ਬਣਾਉਂਦੇ ਹਾਂ ਤਾਂਕਿ ਜਿਨ੍ਹਾਂ ਲੋਕਾਂ ਨੂੰ ਪ੍ਰਚਾਰ ਕੀਤਾ ਜਾਂਦਾ ਹੈ, ਉਹ ਉੱਥੇ ਇਕੱਠੇ ਹੋ ਕੇ ਯਹੋਵਾਹ ਦੀ ਭਗਤੀ ਕਰ ਸਕਣ। ਨਾਲੇ ਬੈਥਲ ਅਤੇ ਇਸ ਨਾਲ ਜੁੜੀਆਂ ਹੋਰ ਥਾਵਾਂ ʼਤੇ ਜੋ ਵੀ ਕੰਮ ਕੀਤੇ ਜਾਂਦੇ ਹਨ, ਉਹ ਵੀ ਪ੍ਰਚਾਰ ਕੰਮ ਨੂੰ ਸਹਿਯੋਗ ਦੇਣ ਲਈ ਹੀ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ, ਜਦੋਂ ਕੋਈ ਕੁਦਰਤੀ ਆਫ਼ਤ ਆਉਂਦੀ ਹੈ, ਤਾਂ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਉਨ੍ਹਾਂ ਤਕ ਲੋੜੀਂਦੀਆਂ ਚੀਜ਼ਾਂ ਪਹੁੰਚਾਈਆਂ ਜਾਂਦੀਆਂ ਹਨ ਤਾਂਕਿ ਉਹ ਜਲਦ ਤੋਂ ਜਲਦ ਦੁਬਾਰਾ ਤੋਂ ਸਭਾਵਾਂ ਵਿਚ ਜਾ ਸਕਣ ਅਤੇ ਪ੍ਰਚਾਰ ਦਾ ਕੰਮ ਕਰ ਸਕਣ। ਜਦੋਂ ਅਸੀਂ ਯਾਦ ਰੱਖਦੇ ਹਾਂ ਕਿ ਪ੍ਰਚਾਰ ਦਾ ਕੰਮ ਕਰਨਾ ਕਿੰਨਾ ਜ਼ਰੂਰੀ ਹੈ ਤੇ ਯਹੋਵਾਹ ਦੀ ਵੀ ਇਹੀ ਇੱਛਾ ਹੈ ਕਿ ਅਸੀਂ ਇਹ ਕੰਮ ਕਰੀਏ, ਤਾਂ ਲਗਾਤਾਰ ਪ੍ਰਚਾਰ ਕਰਨ ਦੀ ਸਾਡੀ ਇੱਛਾ ਹੋਰ ਵੀ ਵੱਧ ਜਾਂਦੀ ਹੈ। ਹੰਗਰੀ ਵਿਚ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਭਰਾ ਯਾਨੋਸ਼ ਦੱਸਦਾ ਹੈ: “ਮੈਂ ਆਪਣੇ ਆਪ ਨੂੰ ਯਾਦ ਕਰਾਉਂਦਾ ਰਹਿੰਦਾ ਹਾਂ ਕਿ ਯਹੋਵਾਹ ਦੀ ਸੇਵਾ ਨਾਲ ਜੁੜਿਆ ਕੋਈ ਵੀ ਕੰਮ ਪ੍ਰਚਾਰ ਦੇ ਕੰਮ ਦੀ ਜਗ੍ਹਾ ਨਹੀਂ ਲੈ ਸਕਦਾ। ਪ੍ਰਚਾਰ ਕਰਨਾ ਹੀ ਸਾਡੀ ਮੁੱਖ ਜ਼ਿੰਮੇਵਾਰੀ ਹੈ।”
ਅੱਜ ਪ੍ਰਚਾਰ ਕਰਨਾ ਸਭ ਤੋਂ ਜ਼ਰੂਰੀ ਹੈ ਅਤੇ ਯਹੋਵਾਹ ਤੇ ਯਿਸੂ ਚਾਹੁੰਦੇ ਹਨ ਕਿ ਅਸੀਂ ਇਸ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦੇਈਏ (ਪੈਰਾ 6 ਦੇਖੋ)
7. ਯਹੋਵਾਹ ਕਿਉਂ ਚਾਹੁੰਦਾ ਹੈ ਕਿ ਅਸੀਂ ਪ੍ਰਚਾਰ ਕਰਦੇ ਰਹੀਏ? (1 ਤਿਮੋਥਿਉਸ 2:3, 4)
7 ਜਦੋਂ ਅਸੀਂ ਲੋਕਾਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖਦੇ ਹਾਂ, ਤਾਂ ਪ੍ਰਚਾਰ ਲਈ ਸਾਡਾ ਜੋਸ਼ ਹੋਰ ਵੀ ਵਧ ਜਾਂਦਾ ਹੈ। ਯਹੋਵਾਹ ਚਾਹੁੰਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਰਾਜ ਦੀ ਖ਼ੁਸ਼ ਖ਼ਬਰੀ ਸੁਣਨ ਤੇ ਉਸ ਬਾਰੇ ਸਿੱਖਣ। (1 ਤਿਮੋਥਿਉਸ 2:3, 4 ਪੜ੍ਹੋ।) ਇਹ ਸੰਦੇਸ਼ ਲੋਕਾਂ ਦੀਆਂ ਜਾਨਾਂ ਬਚਾ ਸਕਦਾ ਹੈ। ਇਸ ਲਈ ਯਹੋਵਾਹ ਸਾਨੂੰ ਹੋਰ ਵੀ ਵਧੀਆ ਤਰੀਕੇ ਨਾਲ ਇਹ ਸੰਦੇਸ਼ ਸੁਣਾਉਣ ਦੀ ਸਿਖਲਾਈ ਦੇ ਰਿਹਾ ਹੈ। ਮਿਸਾਲ ਲਈ, ਪਿਆਰ ਦਿਖਾਓ—ਚੇਲੇ ਬਣਾਓ ਬਰੋਸ਼ਰ ਤੋਂ ਅਸੀਂ ਸਿੱਖਦੇ ਹਾਂ ਕਿ ਅਸੀਂ ਲੋਕਾਂ ਨਾਲ ਕਿੱਦਾਂ ਗੱਲ ਸ਼ੁਰੂ ਕਰ ਸਕਦੇ ਹਾਂ ਤਾਂਕਿ ਉਹ ਬਾਈਬਲ ਸਟੱਡੀ ਸ਼ੁਰੂ ਕਰਨ ਅਤੇ ਚੇਲੇ ਬਣਨ। ਪਰ ਜੇ ਲੋਕ ਅੱਜ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਨਹੀਂ ਵੀ ਕਰਦੇ, ਤਾਂ ਵੀ ਉਨ੍ਹਾਂ ਕੋਲ ਮਹਾਂਕਸ਼ਟ ਦੇ ਖ਼ਤਮ ਹੋਣ ਤੋਂ ਪਹਿਲਾਂ-ਪਹਿਲਾਂ ਇਹ ਕਦਮ ਚੁੱਕਣ ਦਾ ਮੌਕਾ ਹੋਵੇਗਾ। ਭਵਿੱਖ ਵਿਚ ਸ਼ਾਇਦ ਉਨ੍ਹਾਂ ਨੂੰ ਸਾਡੀਆਂ ਸਿਖਾਈਆਂ ਗੱਲਾਂ ਯਾਦ ਆਉਣ ਅਤੇ ਉਹ ਯਹੋਵਾਹ ਦੀ ਸੇਵਾ ਕਰਨੀ ਚਾਹੁਣ। ਪਰ ਇਹ ਤਾਂ ਹੀ ਹੋਵੇਗਾ ਜੇ ਅਸੀਂ ਅੱਜ ਪ੍ਰਚਾਰ ਕਰਦੇ ਰਹਿੰਦੇ ਹਾਂ।
ਉਸ ਨੇ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਚੰਗੀ ਤਰ੍ਹਾਂ ਸਮਝਿਆ ਅਤੇ ਉਨ੍ਹਾਂ ਮੁਤਾਬਕ ਕੰਮ ਕੀਤਾ
8. ਬਾਈਬਲ ਦੀਆਂ ਭਵਿੱਖਬਾਣੀਆਂ ਪਤਾ ਹੋਣ ਕਰਕੇ ਯਿਸੂ ਕਿੱਦਾਂ ਆਪਣੇ ਸਮੇਂ ਦਾ ਸਹੀ ਇਸਤੇਮਾਲ ਕਰ ਸਕਿਆ?
8 ਯਿਸੂ ਜਾਣਦਾ ਸੀ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਕਿੱਦਾਂ ਪੂਰੀਆਂ ਹੋਣਗੀਆਂ। ਮਿਸਾਲ ਲਈ, ਉਹ ਜਾਣਦਾ ਸੀ ਕਿ ਉਸ ਦੀ ਸੇਵਕਾਈ ਸਿਰਫ਼ ਸਾਢੇ ਤਿੰਨ ਸਾਲਾਂ ਦੀ ਹੋਵੇਗੀ। (ਦਾਨੀ. 9:26, 27) ਉਹ ਇਹ ਵੀ ਜਾਣਦਾ ਸੀ ਕਿ ਉਸ ਦੀ ਮੌਤ ਕਦੋਂ ਅਤੇ ਕਿਵੇਂ ਹੋਵੇਗੀ। (ਲੂਕਾ 18:31-34) ਯਿਸੂ ਨੂੰ ਪਤਾ ਸੀ ਕਿ ਭਵਿੱਖਬਾਣੀਆਂ ਵਿਚ ਕੀ ਦੱਸਿਆ ਹੈ। ਇਸ ਲਈ ਉਸ ਨੇ ਆਪਣੇ ਸਮੇਂ ਦਾ ਸਹੀ ਇਸਤੇਮਾਲ ਕੀਤਾ। ਨਤੀਜੇ ਵਜੋਂ, ਉਸ ਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਸੀ, ਉਹ ਪੂਰੀ ਕਰਨ ਲਈ ਉਸ ਨੇ ਜੋਸ਼ ਨਾਲ ਪ੍ਰਚਾਰ ਕੀਤਾ।
9. ਬਾਈਬਲ ਭਵਿੱਖਬਾਣੀਆਂ ਦੀ ਸਮਝ ਸਾਨੂੰ ਜੋਸ਼ ਨਾਲ ਪ੍ਰਚਾਰ ਕਰਨ ਲਈ ਕਿਵੇਂ ਪ੍ਰੇਰਦੀ ਹੈ?
9 ਬਾਈਬਲ ਦੀਆਂ ਭਵਿੱਖਬਾਣੀਆਂ ਦੀ ਸਮਝ ਅੱਜ ਸਾਨੂੰ ਜੋਸ਼ ਨਾਲ ਪ੍ਰਚਾਰ ਕਰਨ ਲਈ ਪ੍ਰੇਰਿਤ ਕਰਦੀ ਹੈ। ਅਸੀਂ ਜਾਣਦੇ ਹਾਂ ਕਿ ਇਸ ਦੁਸ਼ਟ ਦੁਨੀਆਂ ਦਾ ਅੰਤ ਬਹੁਤ ਜਲਦੀ ਹੋਣ ਵਾਲਾ ਹੈ। ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਆਖ਼ਰੀ ਦਿਨਾਂ ਵਿਚ ਲੋਕ ਕਿਹੋ ਜਿਹੇ ਹੋਣਗੇ ਅਤੇ ਇਸ ਸਮੇਂ ਦੌਰਾਨ ਹੋਰ ਕੀ-ਕੀ ਵਾਪਰੇਗਾ। ਅੱਜ ਅਸੀਂ ਇਹ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਹੁੰਦੀਆਂ ਦੇਖ ਰਹੇ ਹਾਂ। ਇਸ ਤੋਂ ਇਲਾਵਾ, ਬਾਈਬਲ ਦੀ ਇਕ ਭਵਿੱਖਬਾਣੀ ਵਿਚ ਦੱਸਿਆ ਗਿਆ ਸੀ ਕਿ “ਅੰਤ ਦੇ ਸਮੇਂ ਵਿਚ” ਉੱਤਰ ਦਾ ਰਾਜਾ ਅਤੇ ਦੱਖਣ ਦਾ ਰਾਜਾ ਆਪਸ ਵਿਚ ਭਿੜਨਗੇ। ਅੱਜ ਅਸੀਂ ਇਹ ਭਵਿੱਖਬਾਣੀ ਵੀ ਪੂਰੀ ਹੁੰਦੀ ਦੇਖ ਰਹੇ ਹਾਂ। ਦੱਖਣ ਦਾ ਰਾਜਾ ਯਾਨੀ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਅਤੇ ਉੱਤਰ ਦਾ ਰਾਜਾ ਯਾਨੀ ਰੂਸ ਤੇ ਇਸ ਦੇ ਮਿੱਤਰ ਦੇਸ਼ ਅੱਜ ਆਪਸ ਵਿਚ ਭਿੜ ਰਹੇ ਹਨ। (ਦਾਨੀ. 11:40) ਅਸੀਂ ਇਹ ਵੀ ਜਾਣਦੇ ਹਾਂ ਕਿ ਦਾਨੀਏਲ 2:43-45 ਵਿਚ ਦੱਸੀ ਮੂਰਤ ਦੇ ਪੈਰ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੂੰ ਦਰਸਾਉਂਦੇ ਹਨ। ਸਾਨੂੰ ਪੂਰਾ ਭਰੋਸਾ ਹੈ ਕਿ ਇਸ ਭਵਿੱਖਬਾਣੀ ਮੁਤਾਬਕ ਪਰਮੇਸ਼ੁਰ ਦਾ ਰਾਜ ਬਹੁਤ ਜਲਦ ਇਨਸਾਨੀ ਸਰਕਾਰਾਂ ਦਾ ਖ਼ਾਤਮਾ ਕਰੇਗਾ। ਇਨ੍ਹਾਂ ਸਾਰੀਆਂ ਭਵਿੱਖਬਾਣੀਆਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਅੱਜ ਅੰਤ ਦੇ ਬਹੁਤ ਨਜ਼ਦੀਕ ਹਾਂ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਸਮੇਂ ਦਾ ਸਹੀ ਇਸਤੇਮਾਲ ਕਰਦਿਆਂ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੀਏ।
10. ਬਾਈਬਲ ਦੀਆਂ ਭਵਿੱਖਬਾਣੀਆਂ ਹੋਰ ਕਿਹੜੇ ਤਰੀਕਿਆਂ ਰਾਹੀਂ ਸਾਨੂੰ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਦੇ ਸਕਦੀਆਂ ਹਨ?
10 ਬਾਈਬਲ ਦੀਆਂ ਭਵਿੱਖਬਾਣੀਆਂ ਵਿਚ ਉਸ ਸੰਦੇਸ਼ ਬਾਰੇ ਦੱਸਿਆ ਗਿਆ ਹੈ ਜੋ ਅਸੀਂ ਖ਼ੁਸ਼ੀ-ਖ਼ੁਸ਼ੀ ਲੋਕਾਂ ਨਾਲ ਸਾਂਝਾ ਕਰਦੇ ਹਾਂ। ਡਮਿਨੀਕਨ ਗਣਰਾਜ ਵਿਚ ਸੇਵਾ ਕਰ ਰਹੀ ਇਕ ਭੈਣ ਕੈਰੀ ਦੱਸਦੀ ਹੈ: “ਜਦੋਂ ਮੈਂ ਯਹੋਵਾਹ ਦੇ ਉਨ੍ਹਾਂ ਸਾਰੇ ਵਾਅਦਿਆਂ ਬਾਰੇ ਸੋਚਦੀ ਹਾਂ ਜੋ ਭਵਿੱਖ ਵਿਚ ਪੂਰੇ ਹੋਣਗੇ, ਤਾਂ ਮੇਰਾ ਦਿਲ ਕਰਦਾ ਹੈ ਕਿ ਮੈਂ ਇਨ੍ਹਾਂ ਬਾਰੇ ਦੂਜਿਆਂ ਨੂੰ ਵੀ ਦੱਸਾਂ।” ਉਹ ਅੱਗੇ ਕਹਿੰਦੀ ਹੈ: “ਜਦੋਂ ਮੈਂ ਦੇਖਦੀ ਹਾਂ ਕਿ ਲੋਕ ਅੱਜ ਕਿੰਨੀਆਂ ਮੁਸ਼ਕਲਾਂ ਝੱਲ ਰਹੇ ਹਨ, ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਇਨ੍ਹਾਂ ਵਾਅਦਿਆਂ ਦੀ ਲੋੜ ਸਿਰਫ਼ ਮੈਨੂੰ ਹੀ ਨਹੀਂ, ਸਗੋਂ ਉਨ੍ਹਾਂ ਨੂੰ ਵੀ ਹੈ।” ਬਾਈਬਲ ਦੀਆਂ ਭਵਿੱਖਬਾਣੀਆਂ ਤੋਂ ਪਤਾ ਲੱਗਦਾ ਹੈ ਕਿ ਪ੍ਰਚਾਰ ਦਾ ਕੰਮ ਕਰਨ ਵਿਚ ਯਹੋਵਾਹ ਸਾਡੀ ਮਦਦ ਕਰ ਰਿਹਾ ਹੈ। ਇਸ ਤੋਂ ਸਾਨੂੰ ਹੱਲਾਸ਼ੇਰੀ ਮਿਲਦੀ ਹੈ ਕਿ ਅਸੀਂ ਪ੍ਰਚਾਰ ਕਰਦੇ ਰਹੀਏ। ਹੰਗਰੀ ਵਿਚ ਰਹਿਣ ਵਾਲੀ ਭੈਣ ਲੀਲਾ ਕਹਿੰਦੀ ਹੈ: “ਯਸਾਯਾਹ 11:6-9 ਤੋਂ ਮੈਂ ਸਮਝ ਸਕੀ ਕਿ ਯਹੋਵਾਹ ਦੀ ਮਦਦ ਨਾਲ ਕੋਈ ਵੀ ਬਦਲ ਸਕਦਾ ਹੈ। ਇਸ ਤੋਂ ਮੈਨੂੰ ਉਨ੍ਹਾਂ ਲੋਕਾਂ ਨੂੰ ਵੀ ਖ਼ੁਸ਼ ਖ਼ਬਰੀ ਸੁਣਾਉਣ ਦੀ ਹੱਲਾਸ਼ੇਰੀ ਮਿਲੀ ਜਿਨ੍ਹਾਂ ਨੂੰ ਦੇਖ ਕੇ ਮੈਨੂੰ ਲੱਗਦਾ ਹੈ ਕਿ ਉਹ ਸੱਚਾਈ ਕਬੂਲ ਨਹੀਂ ਕਰਨਗੇ।” ਨਾਲੇ ਜ਼ੈਂਬੀਆ ਵਿਚ ਰਹਿਣ ਵਾਲਾ ਭਰਾ ਕ੍ਰਿਸਟਫਰ ਦੱਸਦਾ ਹੈ: “ਮਰਕੁਸ 13:10 ਦੀ ਭਵਿੱਖਬਾਣੀ ਮੁਤਾਬਕ ਅੱਜ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾ ਰਿਹਾ ਹੈ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਇਸ ਭਵਿੱਖਬਾਣੀ ਨੂੰ ਪੂਰਾ ਕਰਨ ਵਿਚ ਮੇਰਾ ਵੀ ਯੋਗਦਾਨ ਹੈ।” ਪ੍ਰਚਾਰ ਕੰਮ ਵਿਚ ਲੱਗੇ ਰਹਿਣ ਲਈ ਤੁਹਾਨੂੰ ਕਿਹੜੀਆਂ ਬਾਈਬਲ ਭਵਿੱਖਬਾਣੀਆਂ ਤੋਂ ਹੱਲਾਸ਼ੇਰੀ ਮਿਲਦੀ ਹੈ?
ਉਸ ਨੇ ਮਦਦ ਲਈ ਯਹੋਵਾਹ ʼਤੇ ਭਰੋਸਾ ਰੱਖਿਆ
11. ਜੋਸ਼ ਨਾਲ ਪ੍ਰਚਾਰ ਕਰਦੇ ਰਹਿਣ ਲਈ ਯਿਸੂ ਨੂੰ ਯਹੋਵਾਹ ʼਤੇ ਭਰੋਸਾ ਰੱਖਣ ਦੀ ਕਿਉਂ ਲੋੜ ਸੀ? (ਲੂਕਾ 12:49, 53)
11 ਯਿਸੂ ਨੂੰ ਭਰੋਸਾ ਸੀ ਕਿ ਜੋਸ਼ ਨਾਲ ਪ੍ਰਚਾਰ ਕਰਦੇ ਰਹਿਣ ਵਿਚ ਯਹੋਵਾਹ ਉਸ ਦੀ ਮਦਦ ਕਰੇਗਾ। ਭਾਵੇਂ ਕਿ ਯਿਸੂ ਲੋਕਾਂ ਨਾਲ ਬਹੁਤ ਪਿਆਰ ਤੇ ਆਦਰ ਨਾਲ ਗੱਲ ਕਰਦਾ ਸੀ, ਪਰ ਉਹ ਜਾਣਦਾ ਸੀ ਕਿ ਉਸ ਦੇ ਸੰਦੇਸ਼ ਕਰਕੇ ਕਈ ਲੋਕ ਗੁੱਸੇ ਵਿਚ ਭੜਕਣਗੇ ਅਤੇ ਉਸ ਦਾ ਸਖ਼ਤ ਵਿਰੋਧ ਕਰਨਗੇ। (ਲੂਕਾ 12:49, 53 ਪੜ੍ਹੋ।) ਧਾਰਮਿਕ ਆਗੂ ਯਿਸੂ ਦੇ ਸੰਦੇਸ਼ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਸਨ। ਇਸ ਲਈ ਉਨ੍ਹਾਂ ਨੇ ਕਈ ਵਾਰ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। (ਯੂਹੰ. 8:59; 10:31, 39) ਪਰ ਯਿਸੂ ਪ੍ਰਚਾਰ ਕਰਦਾ ਰਿਹਾ ਕਿਉਂਕਿ ਉਹ ਜਾਣਦਾ ਸੀ ਕਿ ਯਹੋਵਾਹ ਉਸ ਦੇ ਨਾਲ ਹੈ। ਉਸ ਨੇ ਕਿਹਾ: “ਮੈਂ ਇਕੱਲਾ ਨਹੀਂ ਹਾਂ, ਸਗੋਂ ਮੇਰਾ ਪਿਤਾ ਜਿਸ ਨੇ ਮੈਨੂੰ ਘੱਲਿਆ ਹੈ ਮੇਰੇ ਨਾਲ ਹੈ। . . . ਉਸ ਨੇ ਮੈਨੂੰ ਇਕੱਲਾ ਨਹੀਂ ਛੱਡਿਆ ਕਿਉਂਕਿ ਮੈਂ ਹਮੇਸ਼ਾ ਉਹੀ ਕੰਮ ਕਰਦਾ ਹਾਂ ਜਿਸ ਤੋਂ ਉਹ ਖ਼ੁਸ਼ ਹੁੰਦਾ ਹੈ।”—ਯੂਹੰ. 8:16, 29.
12. ਯਿਸੂ ਨੇ ਆਪਣੇ ਚੇਲਿਆਂ ਨੂੰ ਕਿੱਦਾਂ ਤਿਆਰ ਕੀਤਾ ਤਾਂਕਿ ਉਹ ਵਿਰੋਧ ਦੇ ਬਾਵਜੂਦ ਪ੍ਰਚਾਰ ਕਰਦੇ ਰਹਿਣ?
12 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਮਦਦ ਲਈ ਯਹੋਵਾਹ ʼਤੇ ਭਰੋਸਾ ਰੱਖਣ। ਉਸ ਨੇ ਉਨ੍ਹਾਂ ਨੂੰ ਵਾਰ-ਵਾਰ ਯਕੀਨ ਦਿਵਾਇਆ ਕਿ ਜਦੋਂ ਉਨ੍ਹਾਂ ʼਤੇ ਅਤਿਆਚਾਰ ਹੋਣਗੇ, ਯਹੋਵਾਹ ਉਦੋਂ ਵੀ ਉਨ੍ਹਾਂ ਦੀ ਮਦਦ ਕਰੇਗਾ। (ਮੱਤੀ 10:18-20; ਲੂਕਾ 12:11, 12) ਪਰ ਯਿਸੂ ਨੇ ਆਪਣੇ ਚੇਲਿਆਂ ਨੂੰ ਖ਼ਬਰਦਾਰ ਰਹਿਣ ਲਈ ਵੀ ਕਿਹਾ। (ਮੱਤੀ 10:16; ਲੂਕਾ 10:3) ਉਸ ਨੇ ਉਨ੍ਹਾਂ ਨੂੰ ਇਹ ਵੀ ਹਿਦਾਇਤ ਦਿੱਤੀ ਕਿ ਜੇ ਲੋਕ ਉਨ੍ਹਾਂ ਦੀ ਗੱਲ ਨਹੀਂ ਸੁਣਨੀ ਚਾਹੁੰਦੇ, ਤਾਂ ਉਹ ਉਨ੍ਹਾਂ ਨੂੰ ਸੁਣਨ ਲਈ ਮਜਬੂਰ ਨਾ ਕਰਨ। (ਲੂਕਾ 10:10, 11) ਨਾਲੇ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਜੇ ਉਨ੍ਹਾਂ ʼਤੇ ਅਤਿਆਚਾਰ ਕੀਤੇ ਜਾਣ, ਤਾਂ ਉਹ ਉੱਥੋਂ ਭੱਜ ਜਾਣ। (ਮੱਤੀ 10:23) ਭਾਵੇਂ ਕਿ ਯਿਸੂ ਜੋਸ਼ੀਲਾ ਸੀ ਅਤੇ ਯਹੋਵਾਹ ʼਤੇ ਭਰੋਸਾ ਰੱਖਦਾ ਸੀ, ਫਿਰ ਵੀ ਉਸ ਨੇ ਬੇਵਜ੍ਹਾ ਖ਼ਤਰਾ ਮੁੱਲ ਨਹੀਂ ਲਿਆ।—ਯੂਹੰ. 11:53, 54.
13. ਤੁਸੀਂ ਕਿਉਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੀ ਮਦਦ ਕਰੇਗਾ?
13 ਅੱਜ ਸਾਨੂੰ ਵੀ ਵਿਰੋਧ ਦੇ ਬਾਵਜੂਦ ਜੋਸ਼ ਨਾਲ ਪ੍ਰਚਾਰ ਕਰਦੇ ਰਹਿਣ ਲਈ ਯਹੋਵਾਹ ਦੀ ਮਦਦ ਦੀ ਲੋੜ ਹੈ। (ਪ੍ਰਕਾ. 12:17) ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀ ਮਦਦ ਜ਼ਰੂਰ ਕਰੇਗਾ? ਯੂਹੰਨਾ ਅਧਿਆਇ 17 ਵਿਚ ਦਰਜ ਯਿਸੂ ਦੀ ਪ੍ਰਾਰਥਨਾ ਵੱਲ ਧਿਆਨ ਦਿਓ। ਯਿਸੂ ਨੇ ਯਹੋਵਾਹ ਨੂੰ ਬੇਨਤੀ ਕੀਤੀ ਕਿ ਉਹ ਰਸੂਲਾਂ ਦੀ ਰੱਖਿਆ ਕਰੇ ਅਤੇ ਯਹੋਵਾਹ ਨੇ ਉਸ ਦੀ ਇਸ ਪ੍ਰਾਰਥਨਾ ਦਾ ਜਵਾਬ ਦਿੱਤਾ। ਰਸੂਲਾਂ ਦੀ ਕਿਤਾਬ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਤਿਆਚਾਰਾਂ ਦੇ ਬਾਵਜੂਦ ਜੋਸ਼ ਨਾਲ ਪ੍ਰਚਾਰ ਕਰਦੇ ਰਹਿਣ ਵਿਚ ਯਹੋਵਾਹ ਨੇ ਕਿੱਦਾਂ ਰਸੂਲਾਂ ਦੀ ਮਦਦ ਕੀਤੀ। ਯਿਸੂ ਨੇ ਯਹੋਵਾਹ ਨੂੰ ਇਹ ਬੇਨਤੀ ਵੀ ਕੀਤੀ ਸੀ ਕਿ ਉਹ ਉਨ੍ਹਾਂ ਲੋਕਾਂ ਦੀ ਵੀ ਰੱਖਿਆ ਕਰੇ ਜਿਹੜੇ ਰਸੂਲਾਂ ਦੀ ਗੱਲ ਸੁਣ ਕੇ ਯਿਸੂ ʼਤੇ ਨਿਹਚਾ ਕਰਨਗੇ। ਇਨ੍ਹਾਂ ਵਿਚ ਤੁਸੀਂ ਵੀ ਸ਼ਾਮਲ ਹੋ। ਯਹੋਵਾਹ ਅੱਜ ਵੀ ਯਿਸੂ ਦੀ ਪ੍ਰਾਰਥਨਾ ਦਾ ਜਵਾਬ ਦੇ ਰਿਹਾ ਹੈ। ਉਸ ਨੇ ਜਿੱਦਾਂ ਰਸੂਲਾਂ ਦੀ ਮਦਦ ਕੀਤੀ, ਉੱਦਾਂ ਹੀ ਉਹ ਤੁਹਾਡੀ ਵੀ ਮਦਦ ਕਰੇਗਾ।—ਯੂਹੰ. 17:11, 15, 20.
14. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਔਖੇ ਸਮੇਂ ਵਿਚ ਵੀ ਅਸੀਂ ਜੋਸ਼ ਨਾਲ ਪ੍ਰਚਾਰ ਕਰਦੇ ਰਹਿ ਸਕਾਂਗੇ? (ਤਸਵੀਰ ਵੀ ਦੇਖੋ।)
14 ਜਿੱਦਾਂ-ਜਿੱਦਾਂ ਅੰਤ ਨੇੜੇ ਆ ਰਿਹਾ ਹੈ, ਸ਼ਾਇਦ ਸਾਡੇ ਲਈ ਖ਼ੁਸ਼ ਖ਼ਬਰੀ ਪ੍ਰਚਾਰ ਕਰਨਾ ਹੋਰ ਵੀ ਔਖਾ ਹੋ ਜਾਵੇ। ਪਰ ਯਿਸੂ ਨੇ ਸਾਨੂੰ ਭਰੋਸਾ ਦਿਵਾਇਆ ਕਿ ਜੋਸ਼ ਨਾਲ ਪ੍ਰਚਾਰ ਕਰਨ ਵਿਚ ਉਹ ਸਾਡੀ ਮਦਦ ਕਰੇਗਾ। (ਲੂਕਾ 21:12-15) ਯਿਸੂ ਅਤੇ ਉਸ ਦੇ ਚੇਲਿਆਂ ਵਾਂਗ ਅਸੀਂ ਵੀ ਲੋਕਾਂ ਨੂੰ ਸੰਦੇਸ਼ ਸੁਣਨ ਲਈ ਮਜਬੂਰ ਨਹੀਂ ਕਰਦੇ ਤੇ ਨਾ ਹੀ ਉਨ੍ਹਾਂ ਨਾਲ ਬਹਿਸ ਕਰਦੇ ਹਾਂ। ਜਿਨ੍ਹਾਂ ਦੇਸ਼ਾਂ ਵਿਚ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੈ, ਉੱਥੇ ਵੀ ਸਾਡੇ ਭੈਣ-ਭਰਾ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਪਾ ਰਹੇ ਹਨ ਕਿਉਂਕਿ ਉਹ ਆਪਣੀ ਤਾਕਤ ʼਤੇ ਨਹੀਂ, ਸਗੋਂ ਯਹੋਵਾਹ ʼਤੇ ਭਰੋਸਾ ਰੱਖਦੇ ਹਨ। ਜਿੱਦਾਂ ਯਹੋਵਾਹ ਨੇ ਪਹਿਲੀ ਸਦੀ ਵਿਚ ਆਪਣੇ ਸੇਵਕਾਂ ਨੂੰ ਤਾਕਤ ਦਿੱਤੀ ਸੀ, ਉੱਦਾਂ ਹੀ ਉਹ ਅੱਜ ਸਾਨੂੰ ਵੀ ਤਾਕਤ ਦੇ ਰਿਹਾ ਹੈ ਤਾਂਕਿ ਅਸੀਂ ਉਦੋਂ ਤਕ “ਚੰਗੀ ਤਰ੍ਹਾਂ ਖ਼ੁਸ਼ ਖ਼ਬਰੀ ਦਾ ਪ੍ਰਚਾਰ” ਕਰ ਸਕੀਏ ਜਦ ਤਕ ਉਹ ਇਸ ਨੂੰ ਬੰਦ ਕਰਨ ਲਈ ਨਹੀਂ ਕਹਿ ਦਿੰਦਾ। (2 ਤਿਮੋ. 4:17) ਇਸ ਲਈ ਤੁਸੀਂ ਯਕੀਨ ਰੱਖ ਸਕਦੇ ਹੋ ਕਿ ਯਹੋਵਾਹ ʼਤੇ ਭਰੋਸਾ ਰੱਖ ਕੇ ਤੁਸੀਂ ਜੋਸ਼ ਨਾਲ ਪ੍ਰਚਾਰ ਕਰਦੇ ਰਹਿ ਸਕੋਗੇ।
ਜਿੱਥੇ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੈ, ਉੱਥੇ ਵੀ ਸਾਡੇ ਭੈਣ-ਭਰਾ ਸੂਝ-ਬੂਝ ਤੋਂ ਕੰਮ ਲੈ ਕੇ ਖ਼ੁਸ਼ ਖ਼ਬਰੀ ਸੁਣਾਉਂਦੇ ਹਨ (ਪੈਰਾ 14 ਦੇਖੋ)a
ਉਸ ਨੂੰ ਯਕੀਨ ਸੀ ਕਿ ਕੁਝ ਲੋਕ ਸੰਦੇਸ਼ ਜ਼ਰੂਰ ਸੁਣਨਗੇ
15. ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਨੂੰ ਯਕੀਨ ਸੀ ਕਿ ਕੁਝ ਲੋਕ ਖ਼ੁਸ਼ ਖ਼ਬਰੀ ਜ਼ਰੂਰ ਸੁਣਨਗੇ?
15 ਯਿਸੂ ਨੂੰ ਯਕੀਨ ਸੀ ਕਿ ਕੁਝ ਲੋਕ ਖ਼ੁਸ਼ ਖ਼ਬਰੀ ਦਾ ਸੰਦੇਸ਼ ਜ਼ਰੂਰ ਸੁਣਨਗੇ। ਇਸ ਕਰਕੇ ਉਹ ਜੋਸ਼ ਨਾਲ ਪ੍ਰਚਾਰ ਕਰਦਾ ਰਹਿ ਸਕਿਆ ਅਤੇ ਉਸ ਦੀ ਖ਼ੁਸ਼ੀ ਵੀ ਬਣੀ ਰਹੀ। ਮਿਸਾਲ ਲਈ, 30 ਈਸਵੀ ਦੇ ਅਖ਼ੀਰ ਵਿਚ ਯਿਸੂ ਨੇ ਦੇਖਿਆ ਕਿ ਬਹੁਤ ਸਾਰੇ ਲੋਕ ਖ਼ੁਸ਼ ਖ਼ਬਰੀ ਸੁਣਨ ਲਈ ਤਿਆਰ ਸਨ। ਇਸ ਲਈ ਉਸ ਨੇ ਉਨ੍ਹਾਂ ਦੀ ਤੁਲਨਾ ਉਸ ਫ਼ਸਲ ਨਾਲ ਕੀਤੀ ਜੋ ਵਾਢੀ ਲਈ ਪੱਕ ਚੁੱਕੀ ਸੀ। (ਯੂਹੰ. 4:35) ਫਿਰ ਤਕਰੀਬਨ ਇਕ ਸਾਲ ਬਾਅਦ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: ‘ਫ਼ਸਲ ਬਹੁਤ ਹੈ।’ (ਮੱਤੀ 9:37, 38) ਇਸ ਤੋਂ ਬਾਅਦ ਉਸ ਨੇ ਫਿਰ ਇਸ ਗੱਲ ʼਤੇ ਜ਼ੋਰ ਦਿੰਦਿਆਂ ਕਿਹਾ: “ਫ਼ਸਲ ਤਾਂ ਬਹੁਤ ਹੈ, . . . ਖੇਤ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਫ਼ਸਲ ਵੱਢਣ ਲਈ ਹੋਰ ਵਾਢੇ ਘੱਲੇ।” (ਲੂਕਾ 10:2) ਯਿਸੂ ਨੂੰ ਪੱਕਾ ਯਕੀਨ ਸੀ ਕਿ ਕੁਝ ਲੋਕ ਖ਼ੁਸ਼ ਖ਼ਬਰੀ ਜ਼ਰੂਰ ਕਬੂਲ ਕਰਨਗੇ ਤੇ ਜਦੋਂ ਲੋਕਾਂ ਨੇ ਇੱਦਾਂ ਕੀਤਾ, ਤਾਂ ਇਸ ਤੋਂ ਉਸ ਨੂੰ ਖ਼ੁਸ਼ੀ ਮਿਲੀ।—ਲੂਕਾ 10:21.
16. ਯਿਸੂ ਦੀਆਂ ਦਿੱਤੀਆਂ ਮਿਸਾਲਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਲੋਕ ਜ਼ਰੂਰ ਸੰਦੇਸ਼ ਕਬੂਲ ਕਰਨਗੇ? (ਲੂਕਾ 13:18-21) (ਤਸਵੀਰ ਵੀ ਦੇਖੋ।)
16 ਯਿਸੂ ਨੇ ਆਪਣੇ ਚੇਲਿਆਂ ਨੂੰ ਯਾਦ ਕਰਾਇਆ ਕਿ ਪ੍ਰਚਾਰ ਕਰਨ ਦੇ ਬਹੁਤ ਵਧੀਆ ਨਤੀਜੇ ਨਿਕਲਣਗੇ। ਇੱਦਾਂ ਕਰਨ ਕਰਕੇ ਉਹ ਜੋਸ਼ ਨਾਲ ਪ੍ਰਚਾਰ ਕਰ ਸਕਦੇ ਸਨ। ਇਹ ਗੱਲ ਸਮਝਾਉਣ ਲਈ ਯਿਸੂ ਨੇ ਉਨ੍ਹਾਂ ਨੂੰ ਦੋ ਮਿਸਾਲਾਂ ਦਿੱਤੀਆਂ। (ਲੂਕਾ 13:18-21 ਪੜ੍ਹੋ।) ਇਕ ਮਿਸਾਲ ਵਿਚ ਯਿਸੂ ਨੇ ਰਾਜ ਦੇ ਸੰਦੇਸ਼ ਦੀ ਤੁਲਨਾ ਰਾਈ ਦੇ ਇਕ ਛੋਟੇ ਜਿਹੇ ਦਾਣੇ ਨਾਲ ਕੀਤੀ ਜੋ ਇਕ ਵੱਡਾ ਰੁੱਖ ਬਣ ਗਿਆ। ਇਸ ਦਾ ਮਤਲਬ ਸੀ ਕਿ ਬਹੁਤ ਸਾਰੇ ਲੋਕ ਰਾਜ ਦੀ ਖ਼ੁਸ਼ ਖ਼ਬਰੀ ਕਬੂਲ ਕਰਨਗੇ ਅਤੇ ਇਸ ਕੰਮ ਨੂੰ ਹੋਣ ਤੋਂ ਕੋਈ ਵੀ ਨਹੀਂ ਰੋਕ ਸਕੇਗਾ। ਇਕ ਹੋਰ ਮਿਸਾਲ ਵਿਚ ਉਸ ਨੇ ਰਾਜ ਦੇ ਸੰਦੇਸ਼ ਦੀ ਤੁਲਨਾ ਖਮੀਰ ਨਾਲ ਕੀਤੀ। ਉਹ ਇਸ ਕਰਕੇ ਕਿਉਂਕਿ ਰਾਜ ਦਾ ਸੰਦੇਸ਼ ਪੂਰੀ ਦੁਨੀਆਂ ਵਿਚ ਸੁਣਾਇਆ ਜਾਵੇਗਾ ਅਤੇ ਇਸ ਸੰਦੇਸ਼ ਕਰਕੇ ਬਹੁਤ ਸਾਰੇ ਲੋਕ ਖ਼ੁਦ ਨੂੰ ਬਦਲਣਗੇ, ਫਿਰ ਚਾਹੇ ਇਹ ਬਦਲਾਅ ਸਾਨੂੰ ਤੁਰੰਤ ਨਜ਼ਰ ਨਾ ਆਉਣ। ਇੱਦਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਯਕੀਨ ਦਿਵਾਇਆ ਕਿ ਬਹੁਤ ਸਾਰੇ ਲੋਕ ਸੰਦੇਸ਼ ਨੂੰ ਕਬੂਲ ਕਰਨਗੇ।
ਯਿਸੂ ਵਾਂਗ ਸਾਨੂੰ ਵੀ ਯਕੀਨ ਹੈ ਕਿ ਕੁਝ ਲੋਕ ਖ਼ੁਸ਼ ਖ਼ਬਰੀ ਜ਼ਰੂਰ ਕਬੂਲ ਕਰਨਗੇ (ਪੈਰਾ 16 ਦੇਖੋ)
17. ਜੋਸ਼ ਨਾਲ ਪ੍ਰਚਾਰ ਕਰਦੇ ਰਹਿਣ ਦੇ ਸਾਡੇ ਕੋਲ ਕਿਹੜੇ ਕਾਰਨ ਹਨ?
17 ਜਦੋਂ ਅਸੀਂ ਇਸ ਗੱਲ ਬਾਰੇ ਸੋਚਦੇ ਹਾਂ ਕਿ ਅੱਜ ਦੁਨੀਆਂ ਭਰ ਵਿਚ ਬਹੁਤ ਸਾਰੇ ਲੋਕ ਖ਼ੁਸ਼ ਖ਼ਬਰੀ ਕਬੂਲ ਕਰ ਰਹੇ ਹਨ, ਤਾਂ ਸਾਨੂੰ ਪ੍ਰਚਾਰ ਕਰਦੇ ਰਹਿਣ ਦੀ ਹੱਲਾਸ਼ੇਰੀ ਮਿਲਦੀ ਹੈ। ਹਰ ਸਾਲ ਕਰੋੜਾਂ ਹੀ ਦਿਲਚਸਪੀ ਦਿਖਾਉਣ ਵਾਲੇ ਲੋਕ ਮੈਮੋਰੀਅਲ ਵਿਚ ਹਾਜ਼ਰ ਹੁੰਦੇ ਹਨ ਅਤੇ ਸਾਡੇ ਨਾਲ ਬਾਈਬਲ ਅਧਿਐਨ ਕਰਦੇ ਹਨ। ਲੱਖਾਂ ਹੀ ਲੋਕ ਬਪਤਿਸਮਾ ਲੈਂਦੇ ਹਨ ਅਤੇ ਸਾਡੇ ਨਾਲ ਪ੍ਰਚਾਰ ਦਾ ਕੰਮ ਕਰਦੇ ਹਨ। ਅਸੀਂ ਨਹੀਂ ਜਾਣਦੇ ਕਿ ਹੋਰ ਕਿੰਨੇ ਲੋਕ ਸਾਡਾ ਸੰਦੇਸ਼ ਕਬੂਲ ਕਰਨਗੇ। ਪਰ ਅਸੀਂ ਇੰਨਾ ਜ਼ਰੂਰ ਜਾਣਦੇ ਹਾਂ ਕਿ ਯਹੋਵਾਹ ਇਕ ਵੱਡੀ ਭੀੜ ਇਕੱਠੀ ਕਰ ਰਿਹਾ ਹੈ ਜੋ ਮਹਾਂਕਸ਼ਟ ਵਿੱਚੋਂ ਬਚ ਕੇ ਨਿਕਲੇਗੀ। (ਪ੍ਰਕਾ. 7:9, 14) ਫ਼ਸਲ ਦੇ ਮਾਲਕ ਯਹੋਵਾਹ ਨੂੰ ਯਕੀਨ ਹੈ ਕਿ ਹਾਲੇ ਬਹੁਤ ਸਾਰੇ ਲੋਕ ਖ਼ੁਸ਼ ਖ਼ਬਰੀ ਕਬੂਲ ਕਰਨਗੇ। ਇਸ ਲਈ ਅਸੀਂ ਜੋਸ਼ ਨਾਲ ਪ੍ਰਚਾਰ ਕਰਦੇ ਰਹਾਂਗੇ।
18. ਅਸੀਂ ਕੀ ਚਾਹੁੰਦੇ ਹਾਂ ਕਿ ਲੋਕ ਸਾਡੇ ਬਾਰੇ ਕੀ ਕਹਿਣ?
18 ਯਿਸੂ ਦੇ ਚੇਲੇ ਸ਼ੁਰੂ ਤੋਂ ਹੀ ਜੋਸ਼ ਨਾਲ ਪ੍ਰਚਾਰ ਕਰਦੇ ਆਏ ਹਨ। ਮਿਸਾਲ ਲਈ, ਜਦੋਂ ਲੋਕਾਂ ਨੇ ਦੇਖਿਆ ਕਿ ਰਸੂਲ ਕਿੰਨੀ ਦਲੇਰੀ ਅਤੇ ਜੋਸ਼ ਨਾਲ ਪ੍ਰਚਾਰ ਕਰ ਰਹੇ ਹਨ, ਤਾਂ ‘ਉਨ੍ਹਾਂ ਨੇ ਪਛਾਣ ਲਿਆ ਕਿ ਉਹ ਯਿਸੂ ਨਾਲ ਹੁੰਦੇ ਸਨ।’ (ਰਸੂ. 4:13) ਅੱਜ ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਦਲੇਰੀ ਅਤੇ ਜੋਸ਼ ਨਾਲ ਪ੍ਰਚਾਰ ਕਰੀਏ ਤਾਂਕਿ ਲੋਕ ਸਾਨੂੰ ਦੇਖ ਕੇ ਇਹ ਕਹਿਣ ਕਿ ਅਸੀਂ ਯਿਸੂ ਦੇ ਚੇਲੇ ਹਾਂ।
ਗੀਤ 58 ਸ਼ਾਂਤੀ-ਪਸੰਦ ਲੋਕਾਂ ਦੀ ਤਲਾਸ਼
a ਤਸਵੀਰ ਬਾਰੇ ਜਾਣਕਾਰੀ: ਇਕ ਭਰਾ ਪੈਟਰੋਲ ਪੰਪ ʼਤੇ ਖੜ੍ਹਾ ਹੈ ਅਤੇ ਸੂਝ-ਬੂਝ ਤੋਂ ਕੰਮ ਲੈਂਦਿਆਂ ਇਕ ਆਦਮੀ ਨੂੰ ਗਵਾਹੀ ਦੇ ਰਿਹਾ ਹੈ।