‘ਮੈਂ ਕੀ ਕਰ ਸਕਦਾ ਹਾਂ?’
1 ‘ਮੈਂ ਕੀ ਕਰ ਸਕਦਾ ਹਾਂ?’ ਯਕੀਨਨ, ਇਹ ਸਵਾਲ 1870 ਦੇ ਦਹਾਕੇ ਵਿਚ ਚਾਰਲਸ ਟੇਜ਼ ਰਸਲ ਦੁਆਰਾ ਗਠਿਤ ਕੀਤੇ ਗਏ ਛੋਟੇ ਜਿਹੇ ਗਰੁੱਪ ਦੇ ਮੈਂਬਰਾਂ ਦੇ ਮਨਾਂ ਵਿਚ ਆਇਆ ਸੀ। ਜਿਉਂ-ਜਿਉਂ ਉਨ੍ਹਾਂ ਨੂੰ ਪਰਮੇਸ਼ੁਰ ਦੀ ਇੱਛਾ ਸਮਝ ਆਉਂਦੀ ਗਈ, ਤਿਉਂ-ਤਿਉਂ ਇਹ ਬਾਈਬਲ ਵਿਦਿਆਰਥੀ ਹੈਰਾਨ ਹੋਏ ਹੋਣੇ ਕਿ ਉਹ ਦੂਜਿਆਂ ਨੂੰ ਪਰਮੇਸ਼ੁਰ ਦੇ ਮਕਸਦ ਬਾਰੇ ਸਿਖਾਉਣ ਵਿਚ ਕਿਵੇਂ ਮਦਦ ਦੇ ਸਕਦੇ ਹਨ। ਜੋ ਬਾਈਬਲ ਗਿਆਨ ਉਹ ਲੈ ਰਹੇ ਸਨ, ਉਸ ਨੂੰ ਪੂਰੀ ਦੁਨੀਆਂ ਦੇ ਲੋਕਾਂ ਤਕ ਪਹੁੰਚਾਉਣਾ ਸੱਚ-ਮੁੱਚ ਇਕ ਬਹੁਤ ਹੀ ਵੱਡਾ ਕੰਮ ਸੀ।
2 ਪਰ ਸਾਡੇ ਲਈ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਨੇ ਇਸ ਚੁਣੌਤੀ ਦਾ ਹੌਸਲੇ ਨਾਲ ਸਾਮ੍ਹਣਾ ਕੀਤਾ। ਉਹ ਕਿਵੇਂ? ਹਰ ਇਕ ਭੈਣ-ਭਰਾ ਨੇ ਜਿੰਨਾ ਹੋ ਸਕਿਆ ਉੱਨਾ ਕੀਤਾ, ਇਸੇ ਕਰਕੇ ਅੱਜ ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਜਾਣੇ ਜਾਂਦੇ ਹਨ। ਉਨ੍ਹਾਂ ਦੇ ਸੰਗਠਨ ਵਿਚ ਤਕਰੀਬਨ 60 ਲੱਖ ਰਾਜ ਘੋਸ਼ਕ ਹਨ ਜੋ 234 ਦੇਸ਼ਾਂ ਅਤੇ ਸਮੁੰਦਰ ਦੇ ਟਾਪੂਆਂ ਦੀਆਂ ਕੁਝ 90,000 ਕਲੀਸਿਯਾਵਾਂ ਵਿਚ ਸੇਵਾ ਕਰ ਰਹੇ ਹਨ!—ਯਸਾ. 60:22.
3 ਆਪਣਾ ਪੂਰਾ-ਪੂਰਾ ਯੋਗਦਾਨ ਦਿਓ: ਸਾਡੇ ਵਿੱਚੋਂ ਹਰੇਕ ਲਈ ਇਹ ਜ਼ਰੂਰੀ ਹੈ ਕਿ ਅਸੀਂ ਉਸ ਬਹੁਤ ਵੱਡੇ ਕੰਮ ਵਿਚ ਆਪਣਾ ਯੋਗਦਾਨ ਦੇਈਏ, ਜਿਸ ਬਾਰੇ ਯਿਸੂ ਨੇ ਪਹਿਲਾਂ ਹੀ ਦੱਸਿਆ ਸੀ ਕਿ ਇਹ ਕੰਮ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਕੀਤਾ ਜਾਵੇਗਾ। (ਮਰ. 13:10) ਯਕੀਨਨ ਇਹ ਕੰਮ ਸਿਰਫ਼ ਕਲੀਸਿਯਾ ਦੇ ਮੁੱਠੀ ਭਰ ਬਜ਼ੁਰਗਾਂ ਤੇ ਹੀ ਨਹੀਂ ਛੱਡਿਆ ਜਾ ਸਕਦਾ; ਨਾ ਹੀ ਪ੍ਰਚਾਰ ਕਰਨਾ ਸਿਰਫ਼ ਪਾਇਨੀਅਰਾਂ ਦੀ ਹੀ ਜ਼ਿੰਮੇਵਾਰੀ ਹੈ। ਅਸਲ ਵਿਚ, ਹਰੇਕ ਸਮਰਪਿਤ ਮਸੀਹੀ ਇਸ ਵਿਚ ਆਪਣੀ ਇਕ ਅਹਿਮ ਭੂਮਿਕਾ ਨਿਭਾਉਂਦਾ ਹੈ। ਅਸੀਂ ਸਾਰੇ ਹੀ ਕਿਸੇ ਨਾ ਕਿਸੇ ਤਰ੍ਹਾਂ ਪ੍ਰਚਾਰ ਕੰਮ ਵਿਚ ਹਿੱਸਾ ਲੈ ਸਕਦੇ ਹਾਂ। (1 ਤਿਮੋ. 1:12) ਜਿੰਨਾ ਵੀ ਅਸੀਂ ਕਰਦੇ ਹਾਂ, ਉੱਨਾ ਹੀ ਅਸੀਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਫ਼ਾਇਦਾ ਪਹੁੰਚਾਉਂਦੇ ਹਾਂ।—1 ਤਿਮੋ. 4:16.
4 ਹਰ ਭੈਣ-ਭਰਾ ਹੋਰ ਦੂਸਰੇ ਵਧੀਆ ਤਰੀਕਿਆਂ ਦੁਆਰਾ ਵੀ ਆਪਣੇ ਮਸੀਹੀ ਭਾਈਚਾਰੇ ਵਿਚ ਪੂਰਾ-ਪੂਰਾ ਯੋਗਦਾਨ ਦੇ ਸਕਦਾ ਹੈ। ਅਸੀਂ ਬਾਕਾਇਦਾ ਸਭਾਵਾਂ ਵਿਚ ਆ ਕੇ ਅਤੇ ਇਨ੍ਹਾਂ ਵਿਚ ਬੜੇ ਜੋਸ਼ ਨਾਲ ਹਿੱਸਾ ਲੈ ਕੇ ਕਲੀਸਿਯਾ ਸਭਾਵਾਂ ਵਿਚ ਆਪਣਾ ਪੂਰਾ-ਪੂਰਾ ਯੋਗਦਾਨ ਦੇ ਸਕਦੇ ਹਾਂ। (ਜ਼ਬੂ. 122:1, 8, 9) ਅਸੀਂ ਕਲੀਸਿਯਾ ਨੂੰ ਨੈਤਿਕ ਤੌਰ ਤੇ ਸ਼ੁੱਧ ਰੱਖ ਕੇ ਵੀ ਆਪਣਾ ਯੋਗਦਾਨ ਦੇ ਸਕਦੇ ਹਾਂ। ਅਸੀਂ ਆਪਣੀ ਹੈਸੀਅਤ ਅਨੁਸਾਰ ਜਿੰਨਾ ਹੋ ਸਕੇ ਵਿਸ਼ਵ-ਵਿਆਪੀ ਕੰਮ ਲਈ ਆਰਥਿਕ ਤੌਰ ਤੇ ਮਦਦ ਦੇ ਸਕਦੇ ਹਾਂ। ਅਸੀਂ ਕਿੰਗਡਮ ਹਾਲ ਦੀ ਸਫ਼ਾਈ ਕਰਨ ਵਿਚ ਹਿੱਸਾ ਪਾ ਸਕਦੇ ਹਾਂ। ਹਰ ਭੈਣ-ਭਰਾ ਨਵੇਂ ਵਿਅਕਤੀਆਂ, ਨੌਜਵਾਨਾਂ ਅਤੇ ਬਿਰਧ ਭੈਣ-ਭਰਾਵਾਂ ਦੀ ਮਦਦ ਕਰ ਕੇ ਕਲੀਸਿਯਾ ਵਿਚ ਪਿਆਰ ਅਤੇ ਏਕਤਾ ਦੀ ਭਾਵਨਾ ਨੂੰ ਵਧਾ ਸਕਦਾ ਹੈ।—ਕੁਲੁ. 3:12, 14.
5 ਇਸ ਕਰਕੇ ਤੁਸੀਂ ਆਪਣੇ ਆਪ ਕੋਲੋਂ ਪੁੱਛ ਸਕਦੇ ਹੋ, ‘ਮੈਂ ਕੀ ਕਰ ਸਕਦਾ ਹਾਂ?’ ਭਾਵੇਂ ਕਿ ਤੁਹਾਨੂੰ ਲੱਗੇ ਕਿ ਤੁਸੀਂ ਬਹੁਤ ਥੋੜ੍ਹਾ ਯੋਗਦਾਨ ਦੇ ਰਹੇ ਹੋ, ਪਰ ਫਿਰ ਵੀ ਤੁਸੀਂ ਇਕ ਮਜ਼ਬੂਤ, ਸਰਗਰਮ ਅਤੇ ਖ਼ੁਸ਼ਹਾਲ ਕਲੀਸਿਯਾ ਬਣਾਉਣ ਵਿਚ ਆਪਣਾ ਯੋਗਦਾਨ ਪਾਉਂਦੇ ਹੋ। ਇਸ ਤਰ੍ਹਾਂ, ਆਪਾਂ ਸਾਰੇ ਯਹੋਵਾਹ ਦੇ ਨਾਂ ਦੀ ਵਡਿਆਈ ਕਰਨ ਵਿਚ ਇਕ ਅਹਿਮ ਭੂਮਿਕਾ ਨਿਭਾਉਂਦੇ ਹਾਂ।