ਦੂਜਿਆਂ ਨੂੰ ਕਿਵੇਂ ਕਾਇਲ ਕਰੀਏ
1 ਪੌਲੁਸ ਰਸੂਲ ਕਾਇਲ ਕਰਨ ਵਾਲੇ ਸੇਵਕ ਵਜੋਂ ਲੋਕਾਂ ਵਿਚ ਕਾਫ਼ੀ ਮਸ਼ਹੂਰ ਸੀ। (ਰਸੂ. 19:26) ਰਾਜਾ ਅਗ੍ਰਿੱਪਾ ਨੇ ਵੀ ਉਸ ਨੂੰ ਕਿਹਾ: “ਤੂੰ ਮੈਨੂੰ ਥੋੜ੍ਹੇ ਹੀ ਸਮੇਂ ਵਿਚ ਮਸੀਹੀ ਬਣਨ ਲਈ ਕਾਇਲ ਕਰ ਲਵੇਂਗਾ।” (ਰਸੂ. 26:28, ਨਿ ਵ) ਉਹ ਆਪਣੀ ਸੇਵਕਾਈ ਵਿਚ ਲੋਕਾਂ ਨੂੰ ਕਾਇਲ ਕਰਨ ਵਾਲਾ ਕਿਵੇਂ ਬਣ ਸਕਿਆ? ਕਿਉਂਕਿ ਉਹ ਲਿਖਤਾਂ ਵਿੱਚੋਂ ਸਬੂਤ ਲੈ ਕੇ ਦਲੀਲਾਂ ਦਿੰਦਾ ਹੁੰਦਾ ਸੀ ਨਾਲੇ ਆਪਣੀਆਂ ਦਲੀਲਾਂ ਨੂੰ ਸਰੋਤਿਆਂ ਮੁਤਾਬਕ ਢਾਲ਼ ਲੈਂਦਾ ਸੀ।—ਰਸੂ. 28:23.
2 ਪੌਲੁਸ ਦੀ ਰੀਸ ਕਰਦੇ ਹੋਏ ਸਾਨੂੰ ਵੀ ਆਪਣੀ ਸੇਵਕਾਈ ਵਿਚ ਦੂਜਿਆਂ ਨੂੰ ਕਾਇਲ ਕਰਨ ਵਾਲੇ ਬਣਨਾ ਚਾਹੀਦਾ ਹੈ। ਕਿਵੇਂ? ਦੂਜਿਆਂ ਦੀ ਗੱਲ ਨੂੰ ਧਿਆਨ ਨਾਲ ਸੁਣ ਕੇ ਤੇ ਸਮਝ ਕੇ। (ਕਹਾ. 16:23) ਇਸ ਦੇ ਲਈ ਤਿੰਨ ਅਹਿਮ ਗੱਲਾਂ ਸਾਡੀ ਮਦਦ ਕਰਨਗੀਆਂ।
3 ਧਿਆਨ ਨਾਲ ਸੁਣੋ: ਵਿਅਕਤੀ ਦੀ ਗੱਲ ਨੂੰ ਧਿਆਨ ਨਾਲ ਸੁਣੋ ਤਾਂਕਿ ਗੱਲਬਾਤ ਵਿੱਚੋਂ ਹੀ ਕੋਈ ਅਜਿਹਾ ਵਿਸ਼ਾ ਚੁਣਿਆ ਜਾ ਸਕੇ ਜਿਸ ਤੇ ਤੁਸੀਂ ਦੋਵੇਂ ਹੀ ਸਹਿਮਤ ਹੋਵੋ ਤੇ ਜਿਸ ਬਾਰੇ ਅੱਗੇ ਹੋਰ ਚਰਚਾ ਕੀਤੀ ਜਾ ਸਕੇ। ਜੇ ਉਹ ਤੁਹਾਡੀ ਗੱਲ ਤੇ ਇਤਰਾਜ਼ ਕਰਦਾ ਹੈ, ਤਾਂ ਇਸ ਦੀ ਵਜ੍ਹਾ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਸ ਨਾਲ ਤੁਹਾਨੂੰ ਸਹੀ-ਸਹੀ ਪਤਾ ਲੱਗ ਸਕੇਗਾ ਕਿ ਉਹ ਕੀ ਵਿਸ਼ਵਾਸ ਕਰਦਾ ਹੈ ਤੇ ਕਿਉਂ ਕਰਦਾ ਹੈ ਅਤੇ ਕਿਹੜੀ ਗੱਲ ਨੇ ਉਸ ਨੂੰ ਕਾਇਲ ਕੀਤਾ ਹੈ। (ਕਹਾ. 18:13) ਇਹ ਸਭ ਗੱਲਾਂ ਉਸ ਕੋਲੋਂ ਬੜੀ ਸੂਝ-ਬੂਝ ਨਾਲ ਪੁੱਛੋ।
4 ਸਵਾਲ ਪੁੱਛੋ: ਜੇ ਵਿਅਕਤੀ ਤ੍ਰਿਏਕ ਵਿਚ ਵਿਸ਼ਵਾਸ ਕਰਦਾ ਹੈ, ਤਾਂ ਤੁਸੀਂ ਪੁੱਛ ਸਕਦੇ ਹੋ: “ਕੀ ਤੁਸੀਂ ਸ਼ੁਰੂ ਤੋਂ ਹੀ ਤ੍ਰਿਏਕ ਵਿਚ ਵਿਸ਼ਵਾਸ ਕਰਦੇ ਆਏ ਹੋ?” ਫਿਰ ਪੁੱਛੋ: “ਬਾਈਬਲ ਇਸ ਵਿਸ਼ੇ ਬਾਰੇ ਜੋ ਕੁਝ ਕਹਿੰਦੀ ਹੈ ਕੀ ਤੁਹਾਨੂੰ ਉਸ ਬਾਰੇ ਪੂਰੀ ਜਾਣਕਾਰੀ ਹੈ?” ਤੁਸੀਂ ਸ਼ਾਇਦ ਇਹ ਵੀ ਪੁੱਛ ਸਕਦੇ ਹੋ: “ਜੇ ਪਰਮੇਸ਼ੁਰ ਤ੍ਰਿਏਕ ਦਾ ਇਕ ਹਿੱਸਾ ਹੁੰਦਾ, ਤਾਂ ਫੇਰ ਕੀ ਸਾਨੂੰ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਖ਼ੁਦ ਬਾਈਬਲ ਇਸ ਬਾਰੇ ਸਾਫ਼-ਸਾਫ਼ ਦੱਸੇ?” ਉਸ ਵਿਅਕਤੀ ਦੇ ਜਵਾਬਾਂ ਦੇ ਆਧਾਰ ਤੇ ਆਇਤਾਂ ਤੋਂ ਉਸ ਨੂੰ ਦਲੀਲ ਦੇਣ ਵਿਚ ਤੁਹਾਨੂੰ ਮਦਦ ਮਿਲੇਗੀ।
5 ਠੋਸ ਦਲੀਲਾਂ ਦਿਓ: ਇਕ ਤੀਵੀਂ ਯਿਸੂ ਨੂੰ ਪਰਮੇਸ਼ੁਰ ਮੰਨਦੀ ਸੀ। ਉਸ ਨੂੰ ਇਕ ਗਵਾਹ ਨੇ ਪੁੱਛਿਆ: ‘ਜੇ ਤੁਸੀਂ ਮੈਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਕਿ ਦੋ ਵਿਅਕਤੀ ਇੱਕੋ ਹੀ ਹਨ, ਤਾਂ ਤੁਸੀਂ ਪਰਿਵਾਰ ਦੇ ਕਿਹੜੇ ਰਿਸ਼ਤੇ ਦੀ ਮਿਸਾਲ ਦਿਓਗੇ?’ ਤੀਵੀਂ ਨੇ ਜਵਾਬ ਦਿੱਤਾ: “ਮੈਂ ਸ਼ਾਇਦ ਦੋ ਭਰਾਵਾਂ ਦੀ ਮਿਸਾਲ ਦੇਵਾਂ।” ਭਰਾ ਨੇ ਅੱਗੇ ਕਿਹਾ: “ਸ਼ਾਇਦ ਤੁਸੀਂ ਦੋ ਜੌੜੇ ਬੱਚਿਆਂ ਦੀ ਮਿਸਾਲ ਦੇ ਸਕਦੇ ਹੋ। ਪਰ ਜਦੋਂ ਯਿਸੂ ਨੇ ਸਾਨੂੰ ਸਿਖਾਇਆ ਕਿ ਅਸੀਂ ਪਰਮੇਸ਼ੁਰ ਨੂੰ ਪਿਤਾ ਦੇ ਤੌਰ ਤੇ ਅਤੇ ਉਸ ਨੂੰ ਪੁੱਤਰ ਦੇ ਤੌਰ ਤੇ ਦੇਖੀਏ, ਤਾਂ ਉਸ ਦੇ ਕਹਿਣ ਦਾ ਕੀ ਮਤਲਬ ਸੀ?” ਤੀਵੀਂ ਦੇ ਇਹ ਗੱਲ ਪੱਲੇ ਪੈ ਗਈ ਕਿ ਦੋਹਾਂ ਵਿੱਚੋਂ ਇਕ ਜਣਾ ਵੱਡਾ ਹੈ ਤੇ ਉਸ ਕੋਲ ਜ਼ਿਆਦਾ ਅਧਿਕਾਰ ਹੈ। (ਮੱਤੀ 20:23; ਯੂਹੰ. 14:28; 20:17) ਇਸ ਕਾਇਲ ਕਰਨ ਦੀ ਕਲਾ ਨਾਲ ਉਸ ਦਾ ਦਿਲ ਛੂਹ ਗਿਆ ਸੀ।
6 ਹਾਲਾਂਕਿ ਸਾਡੀ ਪੇਸ਼ਕਾਰੀ ਕਿੰਨੀ ਹੀ ਦਲੀਲ ਵਾਲੀ ਤੇ ਸਹੀ ਕਿਉਂ ਨਾ ਹੋਵੇ, ਸਾਰੇ ਲੋਕ ਸੱਚਾਈ ਨੂੰ ਨਹੀਂ ਸੁਣਦੇ। ਪਰ ਆਓ ਆਪਾਂ ਪੌਲੁਸ ਵਾਂਗ ਆਪਣੇ ਇਲਾਕੇ ਵਿੱਚੋਂ ਨੇਕਦਿਲ ਲੋਕਾਂ ਨੂੰ ਲੱਭਣ ਵਿਚ ਮਿਹਨਤ ਕਰੀਏ ਤੇ ਰਾਜ ਸੰਦੇਸ਼ ਸਵੀਕਾਰ ਕਰਨ ਲਈ ਉਨ੍ਹਾਂ ਨੂੰ ਕਾਇਲ ਕਰੀਏ।—ਰਸੂ. 19:8.