ਅਧਿਆਤਮਿਕ ਤੌਰ ਤੇ ਮਜ਼ਬੂਤ ਪਰਿਵਾਰ—ਕਿਵੇਂ?
1 “ਆਪਣੇ ਘਰਾਣੇ ਨਾਲ ਧਰਮ ਕਮਾਉਣ” ਲਈ ਮਸੀਹੀ ਪਰਿਵਾਰਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ। (1 ਤਿਮੋ. 5:4) ਪਰ ਸਾਡੇ ਆਲੇ-ਦੁਆਲੇ ਦੇ ਬਹੁਤ ਸਾਰੇ ਬੁਰੇ ਪ੍ਰਭਾਵ ਸਾਡੀ ਨਿਹਚਾ ਨੂੰ ਕਮਜ਼ੋਰ ਕਰ ਸਕਦੇ ਹਨ, ਇਸ ਲਈ ਅਧਿਆਤਮਿਕ ਤੌਰ ਤੇ ਮਜ਼ਬੂਤ ਰਹਿਣ ਲਈ ਪਰਿਵਾਰਾਂ ਨੂੰ ਸਖ਼ਤ ਮਿਹਨਤ ਕਰਨ ਦੀ ਬਹੁਤ ਜ਼ਰੂਰਤ ਹੈ। ਇਸ ਤਰ੍ਹਾਂ ਕਿਵੇਂ ਕੀਤਾ ਜਾ ਸਕਦਾ ਹੈ?
2 ਮਸੀਹ ਵਾਂਗ ਅਗਵਾਈ ਕਰੋ: ਪਰਿਵਾਰਾਂ ਦੇ ਸਿਰਾਂ ਨੂੰ ਆਪਣੇ ਪਰਿਵਾਰਾਂ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਲਈ ਯਿਸੂ ਮਸੀਹ ਦੀ ਨਕਲ ਕਰਨ ਦੀ ਲੋੜ ਹੈ। ਯਿਸੂ ਨੇ ਆਪਣਾ ਬਲੀਦਾਨ ਦੇ ਕੇ ਸਿਰਫ਼ ਇੱਕੋ ਵਾਰ ਹੀ ਸਾਡੇ ਲਈ ਪਿਆਰ ਨਹੀਂ ਦਿਖਾਇਆ, ਸਗੋਂ ਉਹ ਬਾਕਾਇਦਾ ਕਲੀਸਿਯਾ ਨੂੰ “ਪਾਲਦਾ ਪਲੋਸਦਾ” ਹੈ। (ਅਫ਼. 5:25-29) ਪਿਆਰ ਕਰਨ ਵਾਲੇ ਮਾਪੇ ਹਰ ਰੋਜ਼ ਆਪਣੇ ਪਰਿਵਾਰਾਂ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਕਰਨ ਦੁਆਰਾ ਇਸ ਪਿਆਰ ਭਰੀ ਦੇਖ-ਭਾਲ ਦੀ ਮਿਸਾਲ ਉੱਤੇ ਚੱਲਦੇ ਹਨ। ਇਸ ਕਰਕੇ ਉਹ ਹਰ ਹਫ਼ਤੇ ਪਰਿਵਾਰਕ ਬਾਈਬਲ ਅਧਿਐਨ ਕਰਦੇ ਹਨ, ਮੌਕਾ ਮਿਲਣ ਤੇ ਡੂੰਘੀਆਂ ਅਤੇ ਫ਼ਾਇਦੇਮੰਦ ਅਧਿਆਤਮਿਕ ਗੱਲਾਂ ਉੱਤੇ ਚਰਚਾ ਕਰਦੇ ਹਨ ਅਤੇ ਸਮੱਸਿਆਵਾਂ ਬਾਰੇ ਵੀ ਗੱਲਬਾਤ ਕਰਦੇ ਹਨ।—ਬਿਵ. 6:6, 7.
3 ਖੇਤਰ ਸੇਵਕਾਈ ਵਿਚ: ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਦੂਜਿਆਂ ਨੂੰ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਗਵਾਹੀ ਦੇਣੀ ਉਨ੍ਹਾਂ ਦੀ ਭਗਤੀ ਦਾ ਇਕ ਮਹੱਤਵਪੂਰਣ ਹਿੱਸਾ ਹੈ। (ਯਸਾ. 43:10-12) ਮਾਪਿਓ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਯਹੋਵਾਹ ਦੇ ਵਫ਼ਾਦਾਰ ਗਵਾਹ ਬਣਨ, ਤਾਂ ਤੁਸੀਂ ਛੋਟੀ ਉਮਰ ਤੋਂ ਹੀ ਉਨ੍ਹਾਂ ਦੇ ਦਿਲਾਂ ਨੂੰ ਸੇਵਕਾਈ ਲਈ ਤਿਆਰ ਕਰੋ। ਉਨ੍ਹਾਂ ਨੂੰ ਦੱਸੋ ਕਿ ਸੇਵਕਾਈ ਵਿਚ ਆਤਮ-ਬਲੀਦਾਨੀ ਹੋਣ ਦੀ ਕਿਉਂ ਲੋੜ ਹੈ ਅਤੇ ਹਰ ਹਫ਼ਤੇ ਇਸ ਵਿਚ ਕਿਉਂ ਹਿੱਸਾ ਲੈਣਾ ਚਾਹੀਦਾ ਹੈ। (ਮੱਤੀ 22:37-39) ਫਿਰ ਉਨ੍ਹਾਂ ਨਾਲ ਨਿਯਮਿਤ ਤੌਰ ਤੇ ਖੇਤਰ ਸੇਵਕਾਈ ਕਰਨ ਦੇ ਪ੍ਰਬੰਧ ਕਰੋ।
4 ਪ੍ਰਚਾਰ ਕੰਮ ਪ੍ਰਤੀ ਕਦਰ ਵਧਾਉਣ ਲਈ ਹਫ਼ਤਾਵਾਰ ਪਰਿਵਾਰਕ ਅਧਿਐਨ ਦੌਰਾਨ ਕੁਝ ਸਮਾਂ ਕੱਢ ਕੇ ਅਸਰਦਾਰ ਪੇਸ਼ਕਾਰੀ ਤਿਆਰ ਕਰੋ ਅਤੇ ਇਸ ਦੀ ਰੀਹਰਸਲ ਕਰੋ। ਇਕ-ਇਕ ਕਰ ਕੇ ਸਾਰੇ ਬੱਚਿਆਂ ਨੂੰ ਸੇਵਕਾਈ ਵਿਚ ਸਿਖਲਾਈ ਦਿਓ ਅਤੇ ਉਨ੍ਹਾਂ ਦੀ ਉਮਰ ਤੇ ਯੋਗਤਾ ਅਨੁਸਾਰ ਤਰੱਕੀ ਕਰਨ ਵਿਚ ਉਨ੍ਹਾਂ ਦੀ ਮਦਦ ਕਰੋ। ਇਕੱਠੇ ਸੇਵਕਾਈ ਕਰਨ ਤੋਂ ਬਾਅਦ ਸਾਰੇ ਦੱਸ ਸਕਦੇ ਹਨ ਕਿ ਉਨ੍ਹਾਂ ਨੇ ਕਿਨ੍ਹਾਂ ਤਰੀਕਿਆਂ ਨਾਲ ਯਹੋਵਾਹ ਦੀ ਭਲਾਈ ਨੂੰ ਅਨੁਭਵ ਕੀਤਾ ਹੈ। ਨਿਹਚਾ ਵਧਾਉਣ ਵਾਲੇ ਤਜਰਬੇ ਦੱਸੋ। ਪਰਿਵਾਰ ਜਿੰਨਾ ਜ਼ਿਆਦਾ ‘ਸੁਆਦ ਚੱਖ ਕੇ ਵੇਖਣਗੇ ਭਈ ਪ੍ਰਭੁ ਕਿਰਪਾਲੂ ਹੈ,’ ਉਹ ਉੱਨਾ ਹੀ ਯਹੋਵਾਹ ਦੇ ਨੇੜੇ ਆਉਣਗੇ ਤੇ “ਸਾਰੀ ਬਦੀ” ਤੋਂ ਦੂਰ ਰਹਿਣ ਲਈ ਦ੍ਰਿੜ੍ਹ ਹੋਣਗੇ।—1 ਪਤ. 2:1-3.
5 ਸਭਾਵਾਂ ਵਿਚ: ਕਿੰਨਾ ਚੰਗਾ ਲੱਗਦਾ ਹੈ ਜਦੋਂ ਪਰਿਵਾਰ ਦੇ ਮੈਂਬਰ ਸਾਰੀਆਂ ਕਲੀਸਿਯਾ ਸਭਾਵਾਂ ਵਿਚ ਹਾਜ਼ਰ ਹੋਣ ਲਈ ਇਕ-ਦੂਜੇ ਦੀ ਮਦਦ ਕਰਦੇ ਹਨ, ਖ਼ਾਸਕਰ ਉਦੋਂ ਜਦੋਂ ਕੋਈ ਮੈਂਬਰ ਥੱਕਿਆ ਹੁੰਦਾ ਹੈ, ਨਿਰਾਸ਼ ਹੁੰਦਾ ਹੈ ਜਾਂ ਪਰੇਸ਼ਾਨ ਹੁੰਦਾ ਹੈ! “ਜਦੋਂ ਮੇਰੇ ਪਿਤਾ ਜੀ ਕੰਮ ਤੋਂ ਘਰ ਆਉਂਦੇ ਹਨ, ਤਾਂ ਉਹ ਥੱਕੇ ਹੁੰਦੇ ਹਨ,” ਇਕ ਨੌਜਵਾਨ ਭੈਣ ਨੇ ਕਿਹਾ। “ਪਰ ਮੈਂ ਉਨ੍ਹਾਂ ਨਾਲ ਇਕ ਚੰਗਾ ਨੁਕਤਾ ਸਾਂਝਾ ਕਰਦੀ ਹਾਂ ਜਿਸ ਬਾਰੇ ਉਸ ਸ਼ਾਮ ਸਭਾ ਵਿਚ ਗੱਲਬਾਤ ਕੀਤੀ ਜਾਵੇਗੀ। ਇਹ ਗੱਲ ਉਨ੍ਹਾਂ ਨੂੰ ਸਭਾ ਵਿਚ ਜਾਣ ਲਈ ਉਤਸ਼ਾਹਿਤ ਕਰਦੀ ਹੈ। ਫਿਰ ਜਦੋਂ ਮੈਂ ਥੱਕੀ ਹੁੰਦੀ ਹਾਂ, ਤਾਂ ਉਹ ਮੈਨੂੰ ਸਭਾ ਵਿਚ ਜਾਣ ਲਈ ਉਤਸ਼ਾਹਿਤ ਕਰਦੇ ਹਨ।”—ਇਬ. 10:24, 25.
6 ਮਿਲ ਕੇ ਕੰਮ ਕਰਨਾ: ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਹ ਘਰ ਦੇ ਕੰਮਾਂ-ਕਾਰਾਂ ਵਿਚ ਮਦਦ ਕਰ ਸਕਦੇ ਹਨ। ਉਨ੍ਹਾਂ ਨੂੰ ਗੁਣਕਾਰੀ ਦਿਲਪਰਚਾਵੇ ਲਈ ਵੀ ਸਮਾਂ ਕੱਢਣਾ ਚਾਹੀਦਾ ਹੈ। ਪਿਕਨਿਕ ਜਾਣ, ਹਾਇਕਿੰਗ ਕਰਨ, ਖੇਡਣ ਅਤੇ ਰਿਸ਼ਤੇਦਾਰਾਂ ਜਾਂ ਦੋਸਤਾਂ ਨੂੰ ਮਿਲਣ ਨਾਲ ਖ਼ੁਸ਼ੀਆਂ ਭਰੇ ਪਲਾਂ ਦਾ ਆਨੰਦ ਮਾਣਿਆ ਜਾ ਸਕਦਾ ਹੈ ਤੇ ਉਹ ਘੜੀਆਂ ਮਿੱਠੀਆਂ ਯਾਦਾਂ ਬਣ ਸਕਦੀਆਂ ਹਨ।—ਉਪ. 3:4.
7 ਮਜ਼ਬੂਤ ਮਸੀਹੀ ਪਰਿਵਾਰ ਆਪਣੀ ਅਧਿਆਤਮਿਕਤਾ ਨੂੰ ਕਮਜ਼ੋਰ ਕਰਨ ਵਾਲੀਆਂ ਚੁਣੌਤੀਆਂ ਦਾ ਡੱਟ ਕੇ ਸਾਮ੍ਹਣਾ ਕਰਦੇ ਹਨ। ਯਹੋਵਾਹ ਦੇ ਹੋਰ ਨੇੜੇ ਆਉਣ ਨਾਲ ਉਹ ਉਸ ਤੋਂ ਸ਼ਕਤੀ ਹਾਸਲ ਕਰਦੇ ਹਨ।—ਅਫ਼. 6:10.