ਇਸ ਤਰ੍ਹਾਂ ਗੱਲ ਕਰੋ ਕਿ ਦੂਸਰੇ ਤੁਹਾਡੀ ਗੱਲ ਸੁਣਨ!
1 ਪ੍ਰਚਾਰ ਕਰਨ ਅਤੇ ਲੋਕਾਂ ਨੂੰ ਚੇਲੇ ਬਣਾਉਣ ਦੀ ਜ਼ਿੰਮੇਵਾਰੀ ਨਿਭਾਉਣ ਲਈ ਸਾਡਾ ਦੂਸਰਿਆਂ ਨੂੰ ਗਿਆਨ ਦੇਣਾ ਜ਼ਰੂਰੀ ਹੈ। (ਮੱਤੀ 24:14; 28:19, 20) ਕਦੇ-ਕਦੇ ਤਾਂ ਦੋਸਤ ਵੀ ਆਪਸ ਵਿਚ ਵਿਚਾਰ-ਵਟਾਂਦਰਾ ਕਰਨਾ ਔਖਾ ਪਾਉਂਦੇ ਹਨ। ਤਾਂ ਫਿਰ, ਅਜਨਬੀਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ?
2 ਅਜਨਬੀ ਨਹੀਂ, ਸਗੋਂ ਦੋਸਤ ਬਣੋ: ਜ਼ਰਾ ਆਪਣੇ ਆਪ ਨੂੰ ਘਰ-ਸੁਆਮੀ ਦੀ ਜਗ੍ਹਾ ਤੇ ਰੱਖ ਕੇ ਦੇਖੋ। ਅੱਜ ਦੇ ਜ਼ਮਾਨੇ ਵਿਚ ਲੋਕ ਆਮ ਤੌਰ ਤੇ ਅਜਨਬੀਆਂ ਨੂੰ ਸ਼ੱਕੀ ਨਜ਼ਰ ਨਾਲ ਦੇਖਦੇ ਹਨ ਜਾਂ ਉਨ੍ਹਾਂ ਤੋਂ ਡਰਦੇ ਹਨ। ਇਸ ਕਰਕੇ ਲੋਕ ਅਣਜਾਣੇ ਵਿਅਕਤੀਆਂ ਨਾਲ ਗੱਲ ਕਰਨ ਤੋਂ ਹਿਚਕਿਚਾਉਂਦੇ ਹਨ। ਘਰ-ਸੁਆਮੀ ਦੇ ਇਸ ਡਰ ਨੂੰ ਤੁਸੀਂ ਕਿੱਦਾਂ ਦੂਰ ਕਰ ਸਕਦੇ ਹੋ? ਬਿਨਾਂ ਕੁਝ ਬੋਲੇ, ਅਸੀਂ ਆਪਣੀ ਸੁਚੱਜੀ ਦਿੱਖ ਰਾਹੀਂ ਉਨ੍ਹਾਂ ਨੂੰ ਕਾਫ਼ੀ ਕੁਝ ਦੱਸ ਸਕਦੇ ਹਾਂ। ਸਾਡੇ ਢੰਗ ਦੇ ਕੱਪੜੇ ਅਤੇ ਆਦਰਪੂਰਣ ਰਵੱਈਆ ਉਨ੍ਹਾਂ ਦਾ ਡਰ ਦੂਰ ਕਰ ਸਕਦਾ ਹੈ।—1 ਤਿਮੋ. 2:9, 10.
3 ਸ਼ਾਂਤ ਅਤੇ ਦੋਸਤਾਨਾ ਰਵੱਈਆ ਵੀ ਉਨ੍ਹਾਂ ਨਾਲ ਗੱਲ ਕਰਨ ਵਿਚ ਸਹਾਈ ਹੋ ਸਕਦਾ ਹੈ। ਅਜਿਹਾ ਰਵੱਈਆ ਦੂਸਰਿਆਂ ਦਾ ਡਰ ਦੂਰ ਕਰਦਾ ਹੈ ਅਤੇ ਉਹ ਸਾਡੀ ਗੱਲ ਸੁਣਨ ਨੂੰ ਤਿਆਰ ਹੋ ਜਾਂਦੇ ਹਨ। ਇਸ ਮਾਮਲੇ ਵਿਚ ਚੰਗੀ ਤਿਆਰੀ ਕਰਨ ਦੀ ਲੋੜ ਹੈ। ਜੇ ਅਸੀਂ ਚੰਗੀ ਤਿਆਰੀ ਕੀਤੀ ਹੈ ਕਿ ਅਸੀਂ ਕੀ ਕਹਿਣਾ ਹੈ, ਤਾਂ ਅਸੀਂ ਬਿਨਾਂ ਡਰੇ ਬੋਲ ਸਕਾਂਗੇ। ਸਾਡਾ ਸ਼ਾਂਤ ਸੁਭਾਅ ਦੂਸਰਿਆਂ ਨੂੰ ਸਾਡਾ ਸੰਦੇਸ਼ ਸੁਣਨ ਲਈ ਉਕਸਾ ਸਕਦਾ ਹੈ। ਇਕ ਤੀਵੀਂ ਨੇ ਇਕ ਗਵਾਹ ਦੀ ਪਹਿਲੀ ਮੁਲਾਕਾਤ ਬਾਰੇ ਕਿਹਾ: “ਮੈਨੂੰ ਬਸ ਇੰਨਾ ਯਾਦ ਹੈ ਕਿ ਉਸ ਦੇ ਮੁਸਕੁਰਾਉਂਦੇ ਚਿਹਰੇ ਉੱਤੇ ਬੜੀ ਸ਼ਾਂਤੀ ਸੀ। ਮੇਰੇ ਵਿਚ ਹੋਰ ਜਾਣਨ ਦੀ ਇੱਛਾ ਪੈਦਾ ਹੋਈ।” ਗਵਾਹ ਦੇ ਸ਼ਾਂਤ ਸੁਭਾਅ ਕਾਰਨ ਇਸ ਤੀਵੀਂ ਨੇ ਖ਼ੁਸ਼ ਖ਼ਬਰੀ ਨੂੰ ਸੁਣਨ ਦਾ ਫ਼ੈਸਲਾ ਕੀਤਾ।
4 ਦੂਸਰਿਆਂ ਦੇ ਮਨਾਂ ਨੂੰ ਭਾਉਣ ਵਾਲੇ ਗੁਣ: ਸਾਨੂੰ ਲੋਕਾਂ ਵਿਚ ਸੱਚੀ ਅਤੇ ਗਹਿਰੀ ਦਿਲਚਸਪੀ ਲੈਣੀ ਚਾਹੀਦੀ ਹੈ। (ਫ਼ਿਲਿ. 2:4) ਦੂਸਰਿਆਂ ਵਿਚ ਦਿਲਚਸਪੀ ਲੈਣ ਦਾ ਇਕ ਤਰੀਕਾ ਹੈ ਕਿ ਅਸੀਂ ਆਪ ਹੀ ਨਹੀਂ ਬੋਲਦੇ ਰਹਾਂਗੇ। ਗੱਲਬਾਤ ਕਰਨ ਵਿਚ ਦੂਸਰਿਆਂ ਦੀ ਗੱਲ ਸੁਣਨੀ ਵੀ ਸ਼ਾਮਲ ਹੈ। ਜਦੋਂ ਅਸੀਂ ਘਰ-ਸੁਆਮੀ ਨੂੰ ਆਪਣੇ ਵਿਚਾਰ ਦੱਸਣ ਲਈ ਕਹਿੰਦੇ ਹਾਂ ਅਤੇ ਫਿਰ ਅਸੀਂ ਉਨ੍ਹਾਂ ਦੀ ਗੱਲ ਨੂੰ ਧਿਆਨ ਨਾਲ ਸੁਣਦੇ ਹਾਂ, ਤਾਂ ਉਹ ਜਾਣ ਜਾਂਦੇ ਹਨ ਕਿ ਸਾਨੂੰ ਉਨ੍ਹਾਂ ਵਿਚ ਦਿਲਚਸਪੀ ਹੈ। ਇਸ ਲਈ, ਜਦੋਂ ਘਰ-ਸੁਆਮੀ ਬੋਲ ਰਿਹਾ ਹੁੰਦਾ ਹੈ, ਤਾਂ ਧਿਆਨ ਨਾਲ ਸੁਣੋ। ਆਪਣੀ ਤਿਆਰ ਕੀਤੀ ਹੋਈ ਪੇਸ਼ਕਾਰੀ ਪੂਰੀ ਕਰਨ ਦੀ ਕਾਹਲੀ ਨਾ ਕਰੋ। ਜੇ ਉਨ੍ਹਾਂ ਦੇ ਵਿਚਾਰ ਚੰਗੇ ਹਨ, ਤਾਂ ਉਨ੍ਹਾਂ ਦੀ ਸ਼ਲਾਘਾ ਕਰੋ ਅਤੇ ਉਨ੍ਹਾਂ ਦੀ ਹੀ ਗੱਲ ਮੁਤਾਬਕ ਆਪਣੀ ਚਰਚਾ ਜਾਰੀ ਰੱਖੋ। ਜੇ ਉਨ੍ਹਾਂ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਕਿਸ ਵਿਸ਼ੇ ਵਿਚ ਡੂੰਘੀ ਦਿਲਚਸਪੀ ਹੈ, ਤਾਂ ਆਪਣੀ ਪੇਸ਼ਕਾਰੀ ਨੂੰ ਇਸੇ ਵਿਸ਼ੇ ਅਨੁਸਾਰ ਢਾਲ਼ੋ।
5 ਹਲੀਮੀ ਅਤੇ ਨਿਮਰਤਾ ਦਿਖਾਉਣ ਨਾਲ ਦੂਸਰੇ ਲੋਕ ਸਾਡੇ ਨਾਲ ਗੱਲ ਕਰਨ ਲਈ ਤਿਆਰ ਹੋ ਜਾਣਗੇ। (ਕਹਾ. 11:2; ਰਸੂ. 20:19) ਲੋਕ ਯਿਸੂ ਵੱਲ ਖਿੱਚੇ ਗਏ ਸਨ ਕਿਉਂਕਿ ਉਹ “ਕੋਮਲ ਅਤੇ ਮਨ ਦਾ ਗ਼ਰੀਬ” ਸੀ। (ਮੱਤੀ 11:29) ਦੂਸਰੇ ਪਾਸੇ, ਘਮੰਡੀ ਵਿਅਕਤੀ ਨਾਲ ਕੋਈ ਵੀ ਗੱਲ ਕਰਨੀ ਪਸੰਦ ਨਹੀਂ ਕਰਦਾ ਹੈ। ਇਸ ਲਈ, ਭਾਵੇਂ ਸਾਨੂੰ ਪੱਕਾ ਵਿਸ਼ਵਾਸ ਹੈ ਕਿ ਅਸੀਂ ਸੱਚਾਈ ਸਿਖਾ ਰਹੇ ਹਾਂ, ਪਰ ਅਸੀਂ ਦੂਸਰਿਆਂ ਨਾਲ ਗੱਲ ਕਰਦੇ ਸਮੇਂ ਹਠਧਰਮੀ ਨਹੀਂ ਬਣਾਂਗੇ।
6 ਪਰ ਉਦੋਂ ਕੀ ਜਦੋਂ ਘਰ-ਸੁਆਮੀ ਕੋਈ ਅਜਿਹੀ ਗੱਲ ਕਰਦਾ ਹੈ ਜੋ ਬਾਈਬਲ ਦੀ ਸਿੱਖਿਆ ਦੇ ਉਲਟ ਹੈ? ਕੀ ਸਾਨੂੰ ਉਸ ਨੂੰ ਠੀਕ ਕਰਨਾ ਚਾਹੀਦਾ ਹੈ? ਹਾਂ, ਪਰ ਬਾਅਦ ਵਿਚ। ਪਹਿਲੀ ਹੀ ਮੁਲਾਕਾਤ ਤੇ ਇਸ ਤਰ੍ਹਾਂ ਕਰਨਾ ਜ਼ਰੂਰੀ ਨਹੀਂ ਹੈ। ਉਸ ਲਈ ਬਾਈਬਲ ਦੀਆਂ ਕੁਝ ਸਿੱਖਿਆਵਾਂ ਨੂੰ ਸਵੀਕਾਰ ਕਰਨਾ ਮੁਸ਼ਕਲ ਹੋ ਸਕਦਾ ਹੈ, ਇਸ ਲਈ ਬਿਹਤਰ ਹੋਵੇਗਾ ਕਿ ਅਸੀਂ ਪਹਿਲਾਂ ਉਨ੍ਹਾਂ ਵਿਸ਼ਿਆਂ ਉੱਤੇ ਗੱਲ ਕਰੀਏ ਜਿਨ੍ਹਾਂ ਉੱਤੇ ਅਸੀਂ ਅਤੇ ਘਰ-ਸੁਆਮੀ ਦੋਨੋਂ ਸਹਿਮਤ ਹੋਣ। ਇਵੇਂ ਕਰਨ ਲਈ ਸਾਨੂੰ ਘਰ-ਸੁਆਮੀ ਨਾਲ ਧੀਰਜ ਅਤੇ ਸਮਝਦਾਰੀ ਨਾਲ ਪੇਸ਼ ਆਉਣ ਦੀ ਲੋੜ ਹੈ। ਪੌਲੁਸ ਨੇ ਅਰਿਯੁਪਗੁਸ ਦੇ ਨਿਆਈਆਂ ਨੂੰ ਗਵਾਹੀ ਦਿੰਦੇ ਸਮੇਂ ਇਸ ਮਾਮਲੇ ਵਿਚ ਵਧੀਆ ਮਿਸਾਲ ਕਾਇਮ ਕੀਤੀ ਸੀ।—ਰਸੂ. 17:18, 22-31.
7 ਅਸਰਦਾਰ ਤਰੀਕੇ ਨਾਲ ਗੱਲ ਕਰਨ ਲਈ ਨਿਰਸੁਆਰਥ ਪਿਆਰ ਸਭ ਤੋਂ ਜ਼ਰੂਰੀ ਹੈ। ਯਿਸੂ ਵਾਂਗ, ਸਾਡੇ ਦਿਲਾਂ ਵਿਚ ਵੀ ਉਨ੍ਹਾਂ ਲੋਕਾਂ ਲਈ ਤਰਸ ਹੋਣਾ ਚਾਹੀਦਾ ਹੈ ਜਿਹੜੇ ‘ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਹਨ।’ (ਮੱਤੀ 9:36) ਤਰਸ ਸਾਨੂੰ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਅਤੇ ਜ਼ਿੰਦਗੀ ਦੇ ਰਾਹ ਉੱਤੇ ਚੱਲਣ ਵਿਚ ਉਨ੍ਹਾਂ ਦੀ ਮਦਦ ਕਰਨ ਦੀ ਪ੍ਰੇਰਣਾ ਦੇਵੇਗਾ। ਅਸੀਂ ਪਿਆਰ ਦਾ ਸੰਦੇਸ਼ ਦੇ ਰਹੇ ਹਾਂ, ਇਸ ਲਈ ਆਓ ਆਪਾਂ ਦੂਸਰਿਆਂ ਨੂੰ ਪਿਆਰ ਭਰੇ ਤਰੀਕੇ ਨਾਲ ਇਹ ਸੰਦੇਸ਼ ਦਿੰਦੇ ਰਹੀਏ। ਇਸ ਤਰ੍ਹਾਂ ਕਰਨ ਨਾਲ ਅਸੀਂ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਦੀ ਰੀਸ ਕਰ ਰਹੇ ਹੋਵਾਂਗੇ ਜੋ ਗੱਲਬਾਤ ਕਰਨ ਦੀ ਕਲਾ ਵਿਚ ਮਾਹਰ ਹਨ।