ਲੋਕਾਂ ਵਿਚ ਦਿਲਚਸਪੀ ਲਓ—ਤਿਆਰੀ ਕਰ ਕੇ
1 ਪ੍ਰਚਾਰ ਵਿਚ ਚੰਗੀ ਤਿਆਰੀ ਕਰ ਕੇ ਜਾਣ ਨਾਲ ਸਾਨੂੰ ਲੋਕਾਂ ਵਿਚ ਦਿਲਚਸਪੀ ਲੈਣ ਵਿਚ ਮਦਦ ਮਿਲਦੀ ਹੈ। ਕਿਵੇਂ? ਜਦ ਅਸੀਂ ਚੰਗੀ ਤਰ੍ਹਾਂ ਤਿਆਰੀ ਕੀਤੀ ਹੁੰਦੀ ਹੈ, ਤਾਂ ਅਸੀਂ ਇਹ ਸੋਚਣ ਦੀ ਬਜਾਇ ਕਿ ਅਸੀਂ ਕੀ ਕਹਾਂਗੇ, ਜ਼ਿਆਦਾ ਧਿਆਨ ਘਰ-ਸੁਆਮੀ ਵੱਲ ਦੇ ਸਕਦੇ ਹਾਂ। ਇਸ ਤੋਂ ਇਲਾਵਾ, ਸਾਡੀ ਘਬਰਾਹਟ ਦੂਰ ਹੁੰਦੀ ਹੈ ਤੇ ਅਸੀਂ ਦਿਲੋਂ ਬੋਲਦੇ ਹਾਂ। ਪਰ ਅਸੀਂ ਪ੍ਰਭਾਵਕਾਰੀ ਪੇਸ਼ਕਾਰੀ ਕਿਵੇਂ ਤਿਆਰ ਕਰ ਸਕਦੇ ਹਾਂ?
2 ਢੁਕਵੀਂ ਪੇਸ਼ਕਾਰੀ ਵਰਤੋ: ਜਨਵਰੀ 2006 ਦੀ ਸਾਡੀ ਰਾਜ ਸੇਵਕਾਈ ਵਿਚ ਦਿੱਤੇ ਸੁਝਾਵਾਂ ਵਿੱਚੋਂ ਕੋਈ ਇਕ ਸੁਝਾਅ ਚੁਣੋ ਜੋ ਤੁਹਾਡੇ ਇਲਾਕੇ ਤੇ ਢੁਕਦਾ ਹੈ ਅਤੇ ਸੋਚੋ ਕਿ ਤੁਸੀਂ ਇਸ ਨੂੰ ਆਪਣੇ ਸ਼ਬਦਾਂ ਵਿਚ ਕਿਵੇਂ ਬੋਲੋਗੇ। ਇਸ ਨੂੰ ਆਪਣੇ ਇਲਾਕੇ ਅਨੁਸਾਰ ਢਾਲ਼ੋ। ਮਿਸਾਲ ਲਈ, ਜੇ ਤੁਸੀਂ ਅਕਸਰ ਕਿਸੇ ਖ਼ਾਸ ਧਰਮ ਜਾਂ ਨਸਲ ਦੇ ਲੋਕਾਂ ਨੂੰ ਮਿਲਦੇ ਹੋ, ਤਾਂ ਤੁਸੀਂ ਸੋਚ ਸਕਦੇ ਹੋ ਕਿ ਉਨ੍ਹਾਂ ਨੂੰ ਕਿਹੜੀ ਗੱਲ ਵਿਚ ਰੁਚੀ ਹੋਵੇਗੀ। ਲੋਕਾਂ ਦੀਆਂ ਲੋੜਾਂ ਅਨੁਸਾਰ ਗੱਲਬਾਤ ਕਰ ਕੇ ਤੁਸੀਂ ਦਿਖਾਉਂਦੇ ਹੋ ਕਿ ਤੁਹਾਨੂੰ ਉਨ੍ਹਾਂ ਵਿਚ ਦਿਲਚਸਪੀ ਹੈ।—1 ਕੁਰਿੰ. 9:22.
3 ਕਿਸੇ ਪੇਸ਼ਕਾਰੀ ਨੂੰ ਵਾਰ-ਵਾਰ ਵਰਤਦੇ ਹੋਏ ਇਸ ਨੂੰ ਸੁਧਾਰਦੇ ਰਹੋ। ਸ਼ੁਰੂਆਤੀ ਲਫ਼ਜ਼ ਬਹੁਤ ਮਹੱਤਤਾ ਰੱਖਦੇ ਹਨ, ਇਸ ਲਈ ਧਿਆਨ ਰੱਖੋ ਕਿ ਲੋਕ ਤੁਹਾਡੀ ਪੇਸ਼ਕਾਰੀ ਸੁਣ ਕੇ ਕਿਸ ਤਰ੍ਹਾਂ ਦਾ ਰਵੱਈਆ ਦਿਖਾਉਂਦੇ ਹਨ। ਕੀ ਉਨ੍ਹਾਂ ਨੂੰ ਇਸ ਵਿਸ਼ੇ ਵਿਚ ਰੁਚੀ ਹੈ? ਕੀ ਉਹ ਤੁਹਾਡੇ ਸਵਾਲਾਂ ਦੇ ਜਵਾਬ ਵਿਚ ਕੁਝ ਕਹਿੰਦੇ ਹਨ? ਜੇ ਨਹੀਂ, ਤਾਂ ਪੇਸ਼ਕਾਰੀ ਵਿਚ ਸੁਧਾਰ ਕਰਦੇ ਰਹੋ ਜਦ ਤਕ ਤੁਸੀਂ ਲੋਕਾਂ ਦੀ ਰੁਚੀ ਜਗਾਉਣ ਵਿਚ ਸਫ਼ਲ ਨਹੀਂ ਹੋ ਜਾਂਦੇ।
4 ਯਾਦ ਰੱਖਣ ਵਿਚ ਸਹਾਇਕ ਗੱਲਾਂ: ਕਈਆਂ ਨੂੰ ਘਰ-ਸੁਆਮੀ ਨਾਲ ਗੱਲ ਕਰਨ ਲੱਗਿਆਂ ਪੇਸ਼ਕਾਰੀ ਚੇਤੇ ਨਹੀਂ ਰਹਿੰਦੀ। ਜੇ ਤੁਹਾਡੇ ਨਾਲ ਇੱਦਾਂ ਹੁੰਦਾ ਹੈ, ਤਾਂ ਤੁਸੀਂ ਦੂਸਰੇ ਪ੍ਰਕਾਸ਼ਕ ਨਾਲ ਉੱਚੀ ਆਵਾਜ਼ ਵਿਚ ਪੇਸ਼ਕਾਰੀ ਦਾ ਅਭਿਆਸ ਕਰ ਸਕਦੇ ਹੋ। ਇਸ ਨਾਲ ਤੁਹਾਡੇ ਮਨ ਵਿਚ ਵਿਚਾਰ ਸਪੱਸ਼ਟ ਹੋ ਜਾਣਗੇ ਤੇ ਤੁਸੀਂ ਉਨ੍ਹਾਂ ਨੂੰ ਸੌਖੇ ਤੇ ਵਧੀਆ ਢੰਗ ਨਾਲ ਪੇਸ਼ ਕਰ ਸਕੋਗੇ। ਇਸ ਤਰ੍ਹਾਂ ਕਰਨ ਨਾਲ ਤੁਸੀਂ ਵੱਖੋ-ਵੱਖਰੇ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਵੀ ਤਿਆਰ ਹੋਵੋਗੇ।
5 ਇਸ ਤੋਂ ਇਲਾਵਾ, ਅਸੀਂ ਇਕ ਕਾਗ਼ਜ਼ ਤੇ ਛੋਟੀ ਜਿਹੀ ਪੇਸ਼ਕਾਰੀ ਲਿਖ ਸਕਦੇ ਹਾਂ ਤੇ ਦਰਵਾਜ਼ਾ ਖੜਕਾਉਣ ਤੋਂ ਪਹਿਲਾਂ ਇਸ ਤੇ ਇਕ ਨਜ਼ਰ ਮਾਰ ਸਕਦੇ ਹਾਂ। ਕੁਝ ਪ੍ਰਕਾਸ਼ਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਕਰ ਕੇ ਆਪਣੀ ਘਬਰਾਹਟ ਨੂੰ ਦੂਰ ਕਰਨ ਅਤੇ ਲੋਕਾਂ ਨਾਲ ਵਧੀਆ ਢੰਗ ਨਾਲ ਗੱਲ ਕਰਨ ਵਿਚ ਮਦਦ ਮਿਲੀ ਹੈ। ਇਸ ਤਰ੍ਹਾਂ ਚੰਗੀ ਤਿਆਰੀ ਕਰ ਕੇ ਸਾਨੂੰ ਲੋਕਾਂ ਵਿਚ ਦਿਲਚਸਪੀ ਲੈਣ ਵਿਚ ਮਦਦ ਮਿਲ ਸਕਦੀ ਹੈ ਤੇ ਸਾਡਾ ਖ਼ੁਸ਼ ਖ਼ਬਰੀ ਸੁਣਾਉਣ ਦਾ ਢੰਗ ਸੁਧਰਦਾ ਹੈ।