‘ਹਰੇਕ ਸ਼ੁਭ ਕਰਮ ਉੱਤੇ ਲੱਕ ਬੰਨ੍ਹੀ ਰੱਖੋ’
1 ਚੇਲਿਆਂ ਨੂੰ ਪ੍ਰਚਾਰ ʼਤੇ ਭੇਜਣ ਤੋਂ ਪਹਿਲਾਂ ਯਿਸੂ ਨੇ ਉਨ੍ਹਾਂ ਦੀ ਤਿਆਰੀ ਕਰਵਾਈ। (ਮੱਤੀ 10:5-14) ਭਾਵੇਂ ਅਸੀਂ ਸਾਰੇ ਬਹੁਤ ਬਿਜ਼ੀ ਹਾਂ, ਫਿਰ ਵੀ ਘਰ-ਘਰ ਪ੍ਰਚਾਰ ਕਰਨ ਤੋਂ ਪਹਿਲਾਂ ਕੁਝ ਮਿੰਟਾਂ ਲਈ ਤਿਆਰੀ ਕਰਨੀ ਫ਼ਾਇਦੇਮੰਦ ਹੈ।—2 ਕੁਰਿੰ. 9:6.
2 ਕਿਵੇਂ ਤਿਆਰੀ ਕਰੀਏ: ਸਭ ਤੋਂ ਪਹਿਲਾਂ ਤਾਂ ਦੇਖੋ ਕਿ ਅਸੀਂ ਜੋ ਵੀ ਸਾਹਿੱਤ ਪੇਸ਼ ਕਰਾਂਗੇ, ਉਸ ਵਿਚ ਕੀ ਦੱਸਿਆ ਗਿਆ ਹੈ। ਸਾਨੂੰ ਲੋਕਾਂ ਬਾਰੇ ਵੀ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਕਿਸ ਗੱਲ ਦੀ ਚਿੰਤਾ ਹੈ? ਉਹ ਕਿਹੜੇ ਧਰਮਾਂ ਨੂੰ ਮੰਨਦੇ ਹਨ? ਫਿਰ ਅਸੀਂ ਸਾਡੀ ਰਾਜ ਸੇਵਕਾਈ ਅਤੇ ਰੀਜ਼ਨਿੰਗ ਫਰਾਮ ਦ ਸਕ੍ਰਿਪਚਰਜ਼ ਕਿਤਾਬ ਵਿਚ ਦਿੱਤੇ ਸੁਝਾਅ ਪੜ੍ਹ ਕੇ ਫ਼ੈਸਲਾ ਕਰ ਸਕਦੇ ਹਾਂ ਕਿ ਲੋਕਾਂ ਨਾਲ ਗੱਲ ਕਿਵੇਂ ਕਰਨੀ ਹੈ।
3 ਸੇਵਾ ਸਭਾ ਵਿਚ ਦਿਖਾਏ ਜਾਂਦੇ ਪ੍ਰਦਰਸ਼ਨਾਂ ਨੂੰ ਧਿਆਨ ਨਾਲ ਦੇਖੋ। ਅਸੀਂ ਜਿੰਨਾ ਜ਼ਿਆਦਾ ਵੱਖ-ਵੱਖ ਲੋਕਾਂ ਨਾਲ ਗੱਲ ਕਰਾਂਗੇ, ਤਿਆਰੀ ਕਰਨ ਵਿਚ ਉੱਨਾ ਹੀ ਘੱਟ ਸਮਾਂ ਲੱਗੇਗਾ। ਪਰ ਹਰ ਵਾਰ ਪ੍ਰਚਾਰ ਵਿਚ ਜਾਣ ਤੋਂ ਪਹਿਲਾਂ ਜੇ ਅਸੀਂ ਸੋਚੀਏ ਕਿ ਅਸੀਂ ਕੀ ਕਹਾਂਗੇ ਅਤੇ ਕਿਵੇਂ ਹੋਰ ਚੰਗੀ ਤਰ੍ਹਾਂ ਪ੍ਰਚਾਰ ਕਰਾਂਗੇ, ਤਾਂ ਸਾਨੂੰ ਵਧੀਆ ਨਤੀਜੇ ਦੇਖਣ ਨੂੰ ਮਿਲਣਗੇ। ਸਾਨੂੰ ਆਪਣੇ ਪ੍ਰੀਚਿੰਗ ਬੈਗ ਵਿਚ ਵੀ ਦੇਖਣਾ ਚਾਹੀਦਾ ਹੈ ਕਿ ਅਸੀਂ ਕਿਹੜਾ ਸਾਹਿੱਤ ਲੈ ਕੇ ਜਾ ਰਹੇ ਹਾਂ।
4 ਅਸੀਂ ਕਿਵੇਂ ਯਾਦ ਰੱਖ ਸਕਦੇ ਹਾਂ ਕਿ ਲੋਕਾਂ ਨੂੰ ਕੀ ਕਹਿਣਾ ਹੈ? ਅਸੀਂ ਜੋ ਵੀ ਕਹਿਣਾ ਚਾਹੁੰਦੇ ਹਾਂ, ਉਸ ਦਾ ਉੱਚੀ ਅਭਿਆਸ ਕਰਨ ਨਾਲ ਸਾਨੂੰ ਇਹ ਯਾਦ ਹੋ ਜਾਵੇਗਾ। ਕਈ ਆਪਣੇ ਪਰਿਵਾਰਕ ਬਾਈਬਲ ਅਧਿਐਨ ਦੌਰਾਨ ਅਭਿਆਸ ਕਰਦੇ ਹਨ। ਕਈ ਇਕ ਪਰਚੀ ਉੱਤੇ ਸੁਝਾਅ ਲਿਖ ਲੈਂਦੇ ਹਨ ਅਤੇ ਕਿਸੇ ਦਾ ਦਰਵਾਜ਼ਾ ਖੜਕਾਉਣ ਤੋਂ ਪਹਿਲਾਂ ਉਸ ਉੱਤੇ ਨਜ਼ਰ ਮਾਰ ਲੈਂਦੇ ਹਨ।
5 ਇਸ ਦੇ ਫ਼ਾਇਦੇ: ਚੰਗੀ ਤਰ੍ਹਾਂ ਤਿਆਰੀ ਕਰਨ ਨਾਲ ਅਸੀਂ ਵਧੀਆ ਢੰਗ ਨਾਲ ਪ੍ਰਚਾਰ ਕਰ ਸਕਾਂਗੇ ਅਤੇ ਜ਼ਿਆਦਾ ਖ਼ੁਸ਼ੀ ਪਾਵਾਂਗੇ। ਤਿਆਰੀ ਕਰਨ ਨਾਲ ਸਾਨੂੰ ਕਿਸੇ ਨਾਲ ਗੱਲ ਕਰਦੇ ਹੋਏ ਘਬਰਾਹਟ ਨਹੀਂ ਹੋਵੇਗੀ। ਜੇ ਕੋਈ ਸਾਡਾ ਵਿਰੋਧ ਕਰੇ ਜਾਂ ਸਾਡੇ ʼਤੇ ਝੂਠਾ ਦੋਸ਼ ਲਗਾਵੇ, ਤਾਂ ਅਸੀਂ ਸ਼ਾਂਤੀ ਨਾਲ ਉਸ ਨੂੰ ਜਵਾਬ ਦੇ ਸਕਾਂਗੇ। ਸਾਡਾ ਪੂਰਾ ਧਿਆਨ ਇਸ ਵੱਲ ਨਹੀਂ ਹੋਵੇਗਾ ਕਿ ਅਸੀਂ ਅੱਗੇ ਕੀ ਕਹਾਂਗੇ, ਸਗੋਂ ਅਸੀਂ ਘਰ-ਸੁਆਮੀ ਦੀ ਗੱਲ ਨੂੰ ਧਿਆਨ ਨਾਲ ਸੁਣਾਂਗੇ। ਇਸ ਤੋਂ ਇਲਾਵਾ, ਸਾਹਿੱਤ ਵਿਚ ਦਿੱਤੀ ਜਾਣਕਾਰੀ ਬਾਰੇ ਪਤਾ ਹੋਣ ਤੇ ਅਸੀਂ ਖ਼ੁਸ਼ੀ-ਖ਼ੁਸ਼ੀ ਇਸ ਨੂੰ ਪੇਸ਼ ਕਰ ਪਾਵਾਂਗੇ।
6 ਬਾਈਬਲ ਸਾਨੂੰ ਪ੍ਰੇਰਦੀ ਹੈ ਕਿ ਅਸੀਂ ‘ਹਰੇਕ ਸ਼ੁਭ ਕਰਮ ਉੱਤੇ ਲੱਕ ਬੰਨ੍ਹੀ ਰੱਖੀਏ।’ (ਤੀਤੁ. 3:1) ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਨਾਲੋਂ ਵਧੀਆ ਕੰਮ ਹੋਰ ਕਿਹੜਾ ਹੋ ਸਕਦਾ ਹੈ? ਚੰਗੀ ਤਿਆਰੀ ਕਰਨ ਨਾਲ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਘਰ-ਸੁਆਮੀ ਦਾ ਆਦਰ ਕਰਦੇ ਹਾਂ ਜੋ ਸਾਡੀ ਗੱਲ ਸੁਣਦਾ ਹੈ ਅਤੇ ਯਹੋਵਾਹ ਦਾ ਵੀ ਆਦਰ ਕਰਦੇ ਹਾਂ ਜਿਸ ਦਾ ਸੰਦੇਸ਼ ਅਸੀਂ ਸੁਣਾ ਰਹੇ ਹਾਂ।—ਯਸਾ. 43:10.