ਲੋਕਾਂ ਵਿਚ ਦਿਲਚਸਪੀ ਲਓ—ਲੋਕਾਂ ਦੀ ਰੁਚੀ ਅਨੁਸਾਰ ਗੱਲਬਾਤ ਨੂੰ ਢਾਲ਼ੋ
1 ਪੌਲੁਸ ਨੇ ਲੋਕਾਂ ਦੇ ਪਿਛੋਕੜ ਅਤੇ ਸੋਚਣੀ ਅਨੁਸਾਰ ਆਪਣੀ ਪੇਸ਼ਕਾਰੀ ਢਾਲ਼ ਕੇ ਖ਼ੁਸ਼ ਖ਼ਬਰੀ ਸੁਣਾਉਣ ਵਿਚ ਵਧੀਆ ਮਿਸਾਲ ਕਾਇਮ ਕੀਤੀ। (1 ਕੁਰਿੰ. 9:19-23) ਸਾਨੂੰ ਵੀ ਇਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਡੀ ਰਾਜ ਸੇਵਕਾਈ ਵਿਚ ਦਿੱਤੀਆਂ ਪੇਸ਼ਕਾਰੀਆਂ ਉੱਤੇ ਪਹਿਲਾਂ ਤੋਂ ਗੌਰ ਕਰ ਕੇ ਅਸੀਂ ਇਨ੍ਹਾਂ ਨੂੰ ਆਪਣੇ ਇਲਾਕੇ ਦੇ ਲੋਕਾਂ ਦੀਆਂ ਲੋੜਾਂ ਅਨੁਸਾਰ ਢਾਲ਼ ਸਕਦੇ ਹਾਂ। ਲੋਕਾਂ ਦੇ ਘਰ ਜਾ ਕੇ ਸਾਨੂੰ ਸ਼ਾਇਦ ਉਨ੍ਹਾਂ ਦੀਆਂ ਰੁਚੀਆਂ ਬਾਰੇ ਕੁਝ ਸੰਕੇਤ ਮਿਲ ਜਾਣ ਜਿਨ੍ਹਾਂ ਨੂੰ ਅਸੀਂ ਆਪਣੀ ਗੱਲਬਾਤ ਵਿਚ ਸ਼ਾਮਲ ਕਰ ਸਕਦੇ ਹਾਂ। ਪਰ ਇਕ ਹੋਰ ਤਰੀਕੇ ਨਾਲ ਅਸੀਂ ਸੇਵਕਾਈ ਵਿਚ ਆਪਣੀ ਗੱਲਬਾਤ ਨੂੰ ਢਾਲ਼ ਸਕਦੇ ਹਾਂ।
2 ਲੋਕਾਂ ਦੀ ਗੱਲ ਅਨੁਸਾਰ ਪੇਸ਼ਕਾਰੀ ਢਾਲ਼ੋ: ਖ਼ੁਸ਼ ਖ਼ਬਰੀ ਸੁਣਾਉਣ ਵੇਲੇ ਅਸੀਂ ਲੋਕਾਂ ਤੋਂ ਸਵਾਲ ਪੁੱਛਦੇ ਹਾਂ ਤੇ ਉਨ੍ਹਾਂ ਨੂੰ ਜਵਾਬ ਦੇਣ ਦਾ ਉਤਸ਼ਾਹ ਦਿੰਦੇ ਹਾਂ। ਜਵਾਬ ਸੁਣਨ ਤੋਂ ਬਾਅਦ ਤੁਸੀਂ ਕੀ ਕਰਦੇ ਹੋ? ਕੀ ਤੁਸੀਂ ਉਨ੍ਹਾਂ ਦੇ ਜਵਾਬ ਨੂੰ ਅਣਗੌਲਿਆਂ ਕਰ ਕੇ ਆਪਣੀ ਹੀ ਤਿਆਰ ਕੀਤੀ ਹੋਈ ਪੇਸ਼ਕਾਰੀ ਸੁਣਾਉਣ ਲੱਗ ਜਾਂਦੇ ਹੋ? ਜਾਂ ਕੀ ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਘਰ-ਸੁਆਮੀ ਦੇ ਜਵਾਬ ਨੂੰ ਧਿਆਨ ਵਿਚ ਰੱਖ ਕੇ ਗੱਲ ਕਰਦੇ ਹੋ? ਜੇ ਤੁਹਾਨੂੰ ਹੋਰਨਾਂ ਦੀ ਗੱਲ ਵਿਚ ਸੱਚੀ ਦਿਲਚਸਪੀ ਹੈ, ਤਾਂ ਉਨ੍ਹਾਂ ਦੇ ਦਿਲ ਦੀ ਗੱਲ ਜਾਣਨ ਲਈ ਤੁਸੀਂ ਕੁਸ਼ਲਤਾ ਨਾਲ ਸ਼ਾਇਦ ਹੋਰ ਸਵਾਲ ਪੁੱਛ ਸਕੋ। (ਕਹਾ. 20:5) ਇਸ ਤਰ੍ਹਾਂ ਤੁਸੀਂ ਰਾਜ ਦੇ ਸੰਦੇਸ਼ ਦੇ ਉਨ੍ਹਾਂ ਪਹਿਲੂਆਂ ਤੇ ਜ਼ੋਰ ਦੇ ਸਕਦੇ ਹੋ ਜੋ ਤੁਹਾਡੀ ਗੱਲ ਸੁਣਨ ਵਾਲੇ ਦੀਆਂ ਰੁਚੀਆਂ ਅਨੁਸਾਰ ਹਨ।
3 ਇਸ ਦਾ ਮਤਲਬ ਹੈ ਕਿ ਅਸੀਂ ਤਿਆਰ ਕੀਤੇ ਵਿਸ਼ਿਆਂ ਤੋਂ ਇਲਾਵਾ ਹੋਰਨਾਂ ਵਿਸ਼ਿਆਂ ਤੇ ਵੀ ਗੱਲ ਕਰਨ ਲਈ ਤਿਆਰ ਰਹੀਏ। ਜੇ ਅਸੀਂ ਖ਼ਬਰਾਂ ਵਿਚ ਦੱਸੀ ਕਿਸੇ ਸਮੱਸਿਆ ਬਾਰੇ ਗੱਲ ਕਰਨੀ ਸ਼ੁਰੂ ਕਰਦੇ ਹਾਂ ਅਤੇ ਘਰ-ਸੁਆਮੀ ਕਿਸੇ ਸਥਾਨਕ ਜਾਂ ਨਿੱਜੀ ਮਸਲੇ ਬਾਰੇ ਗੱਲ ਕਰਦਾ ਹੈ, ਤਾਂ ਅਸੀਂ ਘਰ-ਸੁਆਮੀ ਦੀ ਗੱਲ ਵਿਚ ਦਿਲਚਸਪੀ ਲਵਾਂਗੇ ਤੇ ਬਾਈਬਲ ਵਰਤਦੇ ਹੋਏ ਉਸ ਦੀ ਰੁਚੀ ਅਨੁਸਾਰ ਗੱਲਬਾਤ ਕਰਾਂਗੇ।—ਫ਼ਿਲਿ. 2:4.
4 ਆਪਣੀ ਪੇਸ਼ਕਾਰੀ ਨੂੰ ਢਾਲ਼ਣਾ: ਜਦੋਂ ਘਰ-ਸੁਆਮੀ ਸਵਾਲ ਉਠਾਉਂਦਾ ਹੈ, ਤਾਂ ਇਸ ਬਾਰੇ ਹੋਰ ਜਾਣਕਾਰੀ ਲੱਭ ਕੇ ਕਿਸੇ ਹੋਰ ਸਮੇਂ ਤੇ ਗੱਲਬਾਤ ਕਰਨੀ ਫ਼ਾਇਦੇਮੰਦ ਹੋ ਸਕਦੀ ਹੈ। ਅਸੀਂ ਉਸ ਨੂੰ ਅਜਿਹੇ ਪ੍ਰਕਾਸ਼ਨ ਵੀ ਦੇ ਸਕਦੇ ਹਾਂ ਜਿਨ੍ਹਾਂ ਵਿਚ ਉਸ ਵਿਸ਼ੇ ਬਾਰੇ ਚੰਗੀ ਤਰ੍ਹਾਂ ਦੱਸਿਆ ਗਿਆ ਹੈ। ਇਸ ਸਭ ਤੋਂ ਪਤਾ ਲੱਗੇਗਾ ਕਿ ਅਸੀਂ ਯਹੋਵਾਹ ਬਾਰੇ ਜਾਣਨ ਵਿਚ ਦੂਜਿਆਂ ਦੀ ਮਦਦ ਕਰਨ ਵਿਚ ਸੱਚੀ ਦਿਲਚਸਪੀ ਲੈਂਦੇ ਹਾਂ।—2 ਕੁਰਿੰ. 2:17.