ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 12/02 ਸਫ਼ੇ 3-4
  • ਸਮਾਜ ਦੀਆਂ ਰੀਤਾਂ-ਰਸਮਾਂ ਅਤੇ ਸੱਚੀ ਭਗਤੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਮਾਜ ਦੀਆਂ ਰੀਤਾਂ-ਰਸਮਾਂ ਅਤੇ ਸੱਚੀ ਭਗਤੀ
  • ਸਾਡੀ ਰਾਜ ਸੇਵਕਾਈ—2002
ਸਾਡੀ ਰਾਜ ਸੇਵਕਾਈ—2002
km 12/02 ਸਫ਼ੇ 3-4

ਸਮਾਜ ਦੀਆਂ ਰੀਤਾਂ-ਰਸਮਾਂ ਅਤੇ ਸੱਚੀ ਭਗਤੀ

1 ਲੋਕਾਂ ਦੇ ਦੋਸਤਾਨਾ ਸੁਭਾਅ ਕਰਕੇ ਸਾਨੂੰ ਅਕਸਰ ਅਜਿਹੀਆਂ ਰੀਤਾਂ-ਰਸਮਾਂ ਵਿਚ ਹਿੱਸਾ ਲੈਣ ਦਾ ਸੱਦਾ ਦਿੱਤਾ ਜਾਂਦਾ ਹੈ ਜੋ ਉਨ੍ਹਾਂ ਦੀ ਪਰੰਪਰਾ ਦਾ ਹਿੱਸਾ ਹਨ। ਇਹ ਰੀਤਾਂ-ਰਸਮਾਂ ਜਨਮ, ਮਰਨ ਜਾਂ ਵਿਆਹ-ਸ਼ਾਦੀਆਂ ਨਾਲ ਜੁੜੀਆਂ ਹੋ ਸਕਦੀਆਂ ਹਨ। ਇਕ ਮਸੀਹੀ ਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਜਦੋਂ ਕੋਈ ਦੋਸਤ ਜਾਂ ਰਿਸ਼ਤੇਦਾਰ ਜੋ ਯਹੋਵਾਹ ਦਾ ਗਵਾਹ ਨਹੀਂ ਹੈ, ਉਨ੍ਹਾਂ ਨੂੰ ਇਨ੍ਹਾਂ ਰੀਤਾਂ-ਰਸਮਾਂ ਵਿਚ ਹਿੱਸਾ ਲੈਣ ਦਾ ਸੱਦਾ ਦਿੰਦਾ ਹੈ?

2 ਆਪਣੇ ਸਮਾਜ ਵਿਚ ਪ੍ਰਚਲਿਤ ਕਿਸੇ ਰੀਤੀ-ਰਿਵਾਜ ਨੂੰ ਮੰਨਣ ਜਾਂ ਨਾ ਮੰਨਣ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਸਾਨੂੰ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਸਾਨੂੰ ਇਨ੍ਹਾਂ ਗੱਲਾਂ ਉੱਤੇ ਵਿਚਾਰ ਕਰਨ ਦੀ ਲੋੜ ਹੈ: ਇਸ ਰਿਵਾਜ ਦੀ ਸ਼ੁਰੂਆਤ ਕਿਵੇਂ ਹੋਈ ਜਾਂ ਅੱਜ ਇਹ ਕੀ ਅਰਥ ਰੱਖਦਾ ਹੈ? ਕੀ ਇਹ ਪਰਮੇਸ਼ੁਰ ਦੇ ਬਚਨ ਦੀਆਂ ਸਿੱਖਿਆਵਾਂ ਦੇ ਉਲਟ ਹੈ? ਜੇ ਅਸੀਂ ਰਸਮਾਂ-ਰਿਵਾਜਾਂ ਵਿਚ ਹਿੱਸਾ ਲਏ ਬਗੈਰ ਸਿਰਫ਼ ਉੱਥੇ ਮੌਜੂਦ ਹੋਣ ਦਾ ਫ਼ੈਸਲਾ ਕਰਦੇ ਹਾਂ, ਤਾਂ ਕੀ ਇਸ ਨਾਲ ਮਸੀਹੀ ਵਿਸ਼ਵਾਸਾਂ ਦਾ ਸਮਝੌਤਾ ਕਰਨ ਦਾ ਖ਼ਤਰਾ ਪੈਦਾ ਹੋ ਸਕਦਾ ਹੈ? ਕੀ ਕੁਝ ਰੀਤਾਂ ਵਿਚ ਹਿੱਸਾ ਲੈਣ ਨਾਲ ਬੇਵਜਾ ਕਿਸੇ ਨੂੰ ਠੋਕਰ ਤਾਂ ਨਹੀਂ ਲੱਗੇਗੀ ਜਾਂ ਉਨ੍ਹਾਂ ਵਿਚ ਹਿੱਸਾ ਨਾ ਲੈਣ ਕਰਕੇ ਕਿਸੇ ਦੇ ਜਜ਼ਬਾਤਾਂ ਨੂੰ ਠੇਸ ਪਹੁੰਚੇਗੀ?

3 ਨਵਜੰਮੇ ਬੱਚੇ: ਘਰ ਵਿਚ ਨਵਾਂ ਮਹਿਮਾਨ ਆਉਣ ਨਾਲ ਪੂਰਾ ਪਰਿਵਾਰ ਖ਼ੁਸ਼ੀਆਂ ਮਨਾਉਂਦਾ ਹੈ, ਪਰ ਬੱਚੇ ਦੇ ਜਨਮ ਤੋਂ ਜਲਦੀ ਹੀ ਬਾਅਦ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਨਾਮ-ਸੰਸਕਾਰ ਦੀ ਰਸਮ ਲਈ ਸੱਦੇ ਘੱਲੇ ਜਾਂਦੇ ਹਨ। ਇਹ ਇਕ ਧਾਰਮਿਕ ਰਸਮ ਹੈ ਜਿਸ ਵਿਚ ਪੁਜਾਰੀ ਨੂੰ ਸੱਦਿਆ ਜਾਂਦਾ ਹੈ। ਪੁਜਾਰੀ ਹਿੰਦੂ ਸ਼ਾਸਤਰ ਅਨੁਸਾਰ ਰਸਮਾਂ ਪੂਰੀਆਂ ਕਰਦਾ ਹੈ ਅਤੇ ਫਿਰ ਬੱਚੇ ਦੀ ਜਨਮ-ਕੁੰਡਲੀ ਦੇਖ ਕੇ ਉਸ ਦਾ ਨਾਂ ਰੱਖਿਆ ਜਾਂਦਾ ਹੈ।

4 ਜਦੋਂ ਬੱਚਾ ਸੱਤ ਮਹੀਨਿਆਂ ਦਾ ਹੋਣ ਵਾਲਾ ਹੁੰਦਾ ਹੈ, ਤਾਂ ਅੰਨਪ੍ਰਾਸਨ ਨਾਮਕ ਇਕ ਹੋਰ ਰਸਮ ਲਈ ਲੋਕਾਂ ਨੂੰ ਸੱਦਿਆ ਜਾਂਦਾ ਹੈ। ਵੱਖ-ਵੱਖ ਰਾਜਾਂ ਵਿਚ ਅੰਨਪ੍ਰਾਸਨ ਦੀਆਂ ਰੀਤਾਂ-ਰਸਮਾਂ ਵੱਖੋ-ਵੱਖਰੀਆਂ ਹੁੰਦੀਆਂ ਹਨ, ਪਰ ਇਸ ਨੂੰ ਸਮਾਜਕ ਸਮਾਰੋਹ ਦੀ ਬਜਾਇ ਹਮੇਸ਼ਾ ਇਕ ਧਾਰਮਿਕ ਰਸਮ ਹੀ ਸਮਝਿਆ ਜਾਂਦਾ ਹੈ। ਕਈ ਵਾਰ ਰਸਮਾਂ ਪੂਰੀਆਂ ਕਰਨ ਜਾਂ ਮੰਤਰ ਪੜ੍ਹਨ ਲਈ ਪੁਜਾਰੀਆਂ ਨੂੰ ਬੁਲਾਇਆ ਜਾਂਦਾ ਹੈ। ਕੁਝ ਈਸਾਈ ਧਰਮ ਦੇ ਲੋਕ ਪਾਦਰੀ ਨੂੰ ਬੁਲਾ ਕੇ ਪੂਜਾ-ਪਾਠ ਕਰਾਉਂਦੇ ਹਨ।

5 ਬਾਈਬਲ ਮੁਤਾਬਕ, ਪੁਰਾਣੇ ਸਮਿਆਂ ਵਿਚ ਜਦੋਂ ਬੱਚੇ ਦਾ ਨਾਂ ਰੱਖਿਆ ਜਾਂਦਾ ਸੀ ਜਾਂ ਉਸ ਦਾ ਦੁੱਧ ਛੁਡਾਇਆ ਜਾਂਦਾ ਸੀ, ਤਾਂ ਇਹ ਅਕਸਰ ਜਸ਼ਨ ਅਤੇ ਖ਼ੁਸ਼ੀਆਂ ਮਨਾਉਣ ਦਾ ਮੌਕਾ ਹੁੰਦਾ ਸੀ। (ਲੂਕਾ 1:59; 2:21; ਉਤ. 21:8) ਪਰ ਉੱਪਰ ਦੱਸੀਆਂ ਗੱਲਾਂ ਤੋਂ ਸਪੱਸ਼ਟ ਹੈ ਕਿ ਨਾਮ-ਸੰਸਕਾਰ ਅਤੇ ਅੰਨਪ੍ਰਾਸਨ ਅਸਲ ਵਿਚ ਧਾਰਮਿਕ ਰਸਮਾਂ ਜਾਂ ਪੂਜਾ-ਪਾਠ ਹਨ ਜਿਨ੍ਹਾਂ ਵਿਚ ਕਦੇ-ਕਦੇ ਮਹਿਮਾਨ ਵੀ ਹਿੱਸਾ ਲੈਂਦੇ ਹਨ। ਇਨ੍ਹਾਂ ਰਸਮਾਂ ਵਿਚ ਕੁਝ ਅਜਿਹੀਆਂ ਧਾਰਣਾਵਾਂ ਅਤੇ ਰੀਤਾਂ ਸ਼ਾਮਲ ਹਨ ਜੋ ਬਾਈਬਲ ਦੇ ਖ਼ਿਲਾਫ਼ ਹਨ ਅਤੇ ਹੋ ਸਕਦਾ ਹੈ ਕਿ ਮਹਿਮਾਨਾਂ ਨੂੰ ਪ੍ਰਸਾਦ ਲੈਣ ਜਾਂ ਦੂਸਰੇ ਧਰਮ ਦੇ ਪਾਦਰੀ ਜਾਂ ਪੁਜਾਰੀ ਦੁਆਰਾ ਕੀਤੀ ਗਈ ਪ੍ਰਾਰਥਨਾ ਵਿਚ ਸ਼ਾਮਲ ਹੋਣ ਲਈ ਵੀ ਕਿਹਾ ਜਾਵੇ। ਪਰਕਾਸ਼ ਦੀ ਪੋਥੀ 18:4 ਵਿਚ ਦਿੱਤੇ ਹੁਕਮ ਮੁਤਾਬਕ ਇਕ ਮਸੀਹੀ ਅਜਿਹੀਆਂ ਰੀਤਾਂ-ਰਸਮਾਂ ਵਿਚ ਹਿੱਸਾ ਨਹੀਂ ਲੈ ਸਕਦਾ।

6 ਵਿਆਹ-ਸ਼ਾਦੀਆਂ: ਸਾਨੂੰ ਜ਼ਿਆਦਾਤਰ ਵਿਆਹ-ਸ਼ਾਦੀਆਂ ਵਿਚ ਸੱਦਿਆ ਜਾਂਦਾ ਹੈ। ਆਮ ਕਰਕੇ ਦੋਸਤਾਂ-ਮਿੱਤਰਾਂ ਅਤੇ ਦੂਰ ਦੇ ਰਿਸ਼ਤੇਦਾਰਾਂ ਤੋਂ ਸਿਰਫ਼ ਇਹੋ ਆਸ ਰੱਖੀ ਜਾਂਦੀ ਹੈ ਕਿ ਉਹ ਰਿਸੈਪਸ਼ਨ ਵਿਚ ਆ ਕੇ ਨਵੇਂ ਵਿਆਹੇ ਜੋੜੇ ਨੂੰ ਸ਼ੁਭ ਕਾਮਨਾਵਾਂ ਦੇਣ ਅਤੇ ਵਿਆਹ ਦੀ ਦਾਅਵਤ ਵਿਚ ਹਿੱਸਾ ਲੈਣ। ਅਕਸਰ ਅਜਿਹੇ ਮੌਕਿਆਂ ਤੇ ਪੁਜਾਰੀ ਪੂਜਾ-ਪਾਠ ਵੀ ਕਰਦਾ ਹੈ। ਪਰ ਆਮ ਤੌਰ ਤੇ ਇਹ ਪੂਜਾ-ਪਾਠ ਮਹੂਰਤ ਦੇਖ ਕੇ ਕੀਤਾ ਜਾਂਦਾ ਹੈ ਅਤੇ ਹੋ ਸਕਦਾ ਹੈ ਕਿ ਮਹੂਰਤ ਦਾ ਦਿਨ ਅਤੇ ਰਿਸੈਪਸ਼ਨ ਦਾ ਦਿਨ ਮੇਲ ਨਾ ਖਾਵੇ। ਇਸ ਲਈ ਇਨ੍ਹਾਂ ਰਸਮਾਂ ਵਿਚ ਮਹਿਮਾਨਾਂ ਦਾ ਹਾਜ਼ਰ ਹੋਣਾ ਇੰਨਾ ਜ਼ਰੂਰੀ ਨਹੀਂ ਸਮਝਿਆ ਜਾਂਦਾ। ਪਰ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਅਕਸਰ ਵਿਆਹ ਦੇ ਕਈ ਦੂਸਰੇ ਰਸਮਾਂ-ਰਿਵਾਜਾਂ ਵਿਚ ਹਿੱਸਾ ਲੈਂਦੇ ਹਨ। ਇਹ ਧਾਰਮਿਕ ਰਸਮਾਂ ਹੋ ਸਕਦੀਆਂ ਹਨ ਜਾਂ ਅਜਿਹੀਆਂ ਰੀਤਾਂ ਜੋ ਹੁਣ ਧਾਰਮਿਕ ਅਰਥ ਨਹੀਂ ਰੱਖਦੀਆਂ, ਸਗੋਂ ਸਿਰਫ਼ ਵਿਆਹ ਦੀਆਂ ਰਸਮਾਂ ਹੀ ਸਮਝੀਆਂ ਜਾਂਦੀਆਂ ਹਨ। ਪਰ ਇਸ ਮਾਮਲੇ ਵਿਚ ਵੀ ਅਸੀਂ ਝੂਠੇ ਦੇਵਤਿਆਂ, ਝੂਠੇ ਧਾਰਮਿਕ ਵਿਸ਼ਵਾਸਾਂ ਜਾਂ ਬਦਰੂਹਾਂ ਦੇ ਡਰ ਤੇ ਉਨ੍ਹਾਂ ਨੂੰ ਖ਼ੁਸ਼ ਕਰਨ ਸੰਬੰਧੀ ਕਿਸੇ ਵੀ ਰਸਮ ਵਿਚ ਹਿੱਸਾ ਨਹੀਂ ਲੈਣਾ ਚਾਹਾਂਗੇ।

7 ਮੌਤ ਸੰਬੰਧੀ ਰਸਮਾਂ: ਜਦੋਂ ਸਾਡੇ ਦੋਸਤਾਂ ਜਾਂ ਰਿਸ਼ਤੇਦਾਰਾਂ ਦਾ ਕੋਈ ਮਰ ਜਾਂਦਾ ਹੈ, ਤਾਂ ਹਮਦਰਦੀ ਅਤੇ ਪਿਆਰ ਸਾਨੂੰ ਉਨ੍ਹਾਂ ਦੇ ਕੋਲ ਜਾ ਕੇ ਉਨ੍ਹਾਂ ਨੂੰ ਦਿਲਾਸਾ ਦੇਣ ਲਈ ਪ੍ਰੇਰਿਤ ਕਰਦਾ ਹੈ। ਪਰ ਸਾਡੇ ਪਰਿਵਾਰ ਦੇ ਮੈਂਬਰ ਜੋ ਸੱਚਾਈ ਵਿਚ ਨਹੀਂ ਹਨ, ਸ਼ਾਇਦ ਸਾਡੇ ਤੋਂ ਉਮੀਦ ਰੱਖਣਗੇ ਕਿ ਅਸੀਂ ਦਾਹ-ਸੰਸਕਾਰ ਦੀਆਂ ਰਸਮਾਂ ਵਿਚ ਹਿੱਸਾ ਲਈਏ। ਆਮ ਤੌਰ ਤੇ ਜਿਸ ਦਿਨ ਤੇ ਵਿਅਕਤੀ ਦੀ ਮੌਤ ਹੁੰਦੀ ਹੈ, ਉਸ ਦੀ ਅਰਥੀ ਨੂੰ ਉਸੇ ਦਿਨ ਸ਼ਮਸ਼ਾਨ ਘਾਟ ਲਿਜਾਇਆ ਜਾਂਦਾ ਹੈ। ਉਸ ਮੌਕੇ ਤੇ ਹਾਜ਼ਰ ਰਿਸ਼ਤੇਦਾਰਾਂ ਵਿੱਚੋਂ ਆਦਮੀਆਂ ਤੋਂ ਉਮੀਦ ਰੱਖੀ ਜਾਂਦੀ ਹੈ ਕਿ ਉਹ ਅਰਥੀ ਨੂੰ ਮੋਢਾ ਦੇਣ ਅਤੇ ਕੁਝ ਦਿਨਾਂ ਬਾਅਦ ਚੌਥੇ ਦੀ ਰਸਮ ਪੂਰੀ ਕਰਨ ਜਿਸ ਵਿਚ ਮ੍ਰਿਤਕ ਦੇ ਫੁੱਲ ਚੁਗੇ ਜਾਂਦੇ ਹਨ ਤੇ ਇਨ੍ਹਾਂ ਨੂੰ ਗੰਗਾ ਵਿਚ ਜਾਂ ਕਿਸੇ ਹੋਰ ਨਦੀ ਵਿਚ ਵਹਾਇਆ ਜਾਂਦਾ ਹੈ। ਇਸ ਮਗਰੋਂ ਕੁਝ ਦਿਨਾਂ ਤਕ ਸੋਗ ਕੀਤਾ ਜਾਂਦਾ ਹੈ ਜਿਸ ਦੌਰਾਨ ਨਜ਼ਦੀਕੀ ਰਿਸ਼ਤੇਦਾਰ ਖ਼ਾਸ ਤਰ੍ਹਾਂ ਦੇ ਕੱਪੜੇ ਪਾਉਂਦੇ, ਖ਼ਾਸ ਭੋਜਨ ਖਾਂਦੇ ਅਤੇ ਖ਼ਾਸ ਰਸਮਾਂ ਪੂਰੀਆਂ ਕਰਦੇ ਹਨ। ਆਮ ਤੌਰ ਤੇ 13ਵੇਂ ਦਿਨ ਤੇ ਸ਼ਰਾਧ ਕਰ ਕੇ ਰਸਮ-ਕਿਰਿਆ ਪੂਰੀ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਪਰਿਵਾਰ ਆਮ ਭੋਜਨ ਲੈਣਾ ਸ਼ੁਰੂ ਕਰ ਦਿੰਦਾ ਹੈ ਅਤੇ ਰਿਸ਼ਤੇਦਾਰਾਂ ਤੇ ਸ਼ੁਭ-ਚਿੰਤਕਾਂ ਨੂੰ ਆ ਕੇ ਮ੍ਰਿਤਕ ਨੂੰ ਸ਼ਰਧਾਂਜਲੀ ਚੜ੍ਹਾਉਣ ਦਾ ਸੱਦਾ ਦਿੱਤਾ ਜਾਂਦਾ ਹੈ। ਆਮ ਤੌਰ ਤੇ ਲੋਕਾਂ ਨੂੰ ਸ਼ਰਾਧ ਲਈ ਜਾਂ ਪੂਜਾ-ਪਾਠ ਮਗਰੋਂ ਭੋਜਨ ਲਈ ਸੱਦਿਆ ਜਾਂਦਾ ਹੈ।

8 ਆਪਣੀ ਜ਼ਮੀਰ ਨੂੰ ਸਾਫ਼ ਰੱਖੋ: ਉੱਪਰ ਦੱਸੇ ਗਏ ਸਾਰੇ ਮੌਕਿਆਂ ਤੇ ਵੇਦ ਸ਼ਾਸਤਰ ਵਿੱਚੋਂ ਮੰਤਰ ਪੜ੍ਹੇ ਜਾਂਦੇ ਹਨ ਅਤੇ ਪੁਜਾਰੀ, ਬ੍ਰਾਹਮਣ ਜਾਂ ਰਿਸ਼ਤੇਦਾਰਾਂ ਵਿੱਚੋਂ ਕੋਈ ਆਦਮੀ ਪੂਜਾ-ਪਾਠ ਕਰਦਾ ਹੈ। ਇਹ ਰਸਮਾਂ ਆਤਮਾ ਦੀ ਅਮਰਤਾ ਦੀ ਸਿੱਖਿਆ ਨਾਲ ਜੁੜੀਆਂ ਹੋਈਆਂ ਹਨ। ਈਸਾਈਆਂ ਵਿਚ ਵੀ ਇਹੋ ਗੱਲ ਸੱਚ ਹੈ ਅਤੇ ਨਾਮ-ਸੰਸਕਾਰ, ਵਿਆਹ ਤੇ ਦਾਹ-ਸੰਸਕਾਰ ਦੀਆਂ ਰਸਮਾਂ ਨੂੰ ਪਾਦਰੀ ਪੂਰਾ ਕਰਦਾ ਹੈ।

9 ਉਦੋਂ ਕੀ ਜਦੋਂ ਇਕ ਸੱਚੇ ਮਸੀਹੀ ਉੱਤੇ ਦਬਾਅ ਪਾਇਆ ਜਾਂਦਾ ਹੈ ਕਿ ਉਹ ਅਜਿਹੀਆਂ ਰਸਮਾਂ ਲਈ ਹਾਜ਼ਰ ਰਹੇ ਜੋ ਸ਼ਾਇਦ ਝੂਠੇ ਦੇਵਤਿਆਂ ਦੀ ਪੂਜਾ ਕਰਨ, ਬਦਰੂਹਾਂ ਨੂੰ ਖ਼ੁਸ਼ ਕਰਨ ਅਤੇ ਮਰੇ ਵਿਅਕਤੀ ਦੀ ਆਤਮਾ ਦੀ ਸ਼ਾਂਤੀ ਲਈ ਕੀਤੀਆਂ ਜਾਂਦੀਆਂ ਹਨ? ਹੋ ਸਕਦਾ ਕਿ ਅਜਿਹੇ ਮੌਕਿਆਂ ਤੇ ਹਾਜ਼ਰ ਹੋਣ ਲਈ ਘਰ ਵਿਚ ਪਤਨੀ, ਨੂੰਹ ਜਾਂ ਪੁੱਤਰ ਉੱਤੇ ਬਹੁਤ ਦਬਾਅ ਪਾਇਆ ਜਾਵੇ।

10 ਇਕ ਮਸੀਹੀ ਸ਼ਾਇਦ ਨਅਮਾਨ ਦੀ ਉਦਾਹਰਣ ਦੇਵੇ। ਨਅਮਾਨ ਦਾ ਕੋੜ੍ਹ ਠੀਕ ਹੋ ਜਾਣ ਤੋਂ ਬਾਅਦ ਉਸ ਨੇ ਫ਼ੈਸਲਾ ਕੀਤਾ ਸੀ ਕਿ ਉਹ ਯਹੋਵਾਹ ਤੋਂ ਇਲਾਵਾ ਕਿਸੇ ਹੋਰ ਦੇਵਤੇ ਦੀ ਭਗਤੀ ਨਹੀਂ ਕਰੇਗਾ। ਪਰ ਉਸ ਦਾ ਕੰਮ ਹੀ ਅਜਿਹਾ ਸੀ ਕਿ ਉਸ ਨੂੰ ਹਰ ਜਗ੍ਹਾ ਰਾਜੇ ਦੇ ਨਾਲ-ਨਾਲ ਜਾਣਾ ਪੈਂਦਾ ਸੀ। ਇਸ ਲਈ ਜਦੋਂ ਰਾਜਾ ਝੂਠੇ ਦੇਵਤੇ ਰਿੰਮੋਨ ਦੇ ਮੰਦਰ ਵਿਚ ਜਾਂਦਾ ਸੀ, ਤਾਂ ਨਅਮਾਨ ਨੂੰ ਵੀ ਉਸ ਨਾਲ ਜਾਣਾ ਪੈਂਦਾ ਸੀ। ਸ਼ਾਇਦ ਉਸ ਨੂੰ ਰਾਜੇ ਦੀ ਮੱਥਾ ਟੇਕਣ ਵਿਚ ਵੀ ਮਦਦ ਕਰਨੀ ਪੈਂਦੀ ਸੀ। ਇਸ ਲਈ ਉਸ ਨੇ ਬੇਨਤੀ ਕੀਤੀ ਕਿ ਯਹੋਵਾਹ ਇਸ ਗੱਲ ਲਈ ਉਸ ਨੂੰ ਮਾਫ਼ ਕਰੇ। ਨਅਮਾਨ ਯਹੋਵਾਹ ਦਾ ਸੱਚਾ ਭਗਤ ਬਣ ਗਿਆ ਸੀ। ਉਹ ਸਿਰਫ਼ ਰਾਜੇ ਦੇ ਹੁਕਮ ਕਰਕੇ ਮੰਦਰ ਵਿਚ ਜਾਂਦਾ ਸੀ, ਪਰ ਉਹ ਖ਼ੁਦ ਝੂਠੇ ਦੇਵਤੇ ਦੀ ਭਗਤੀ ਨਹੀਂ ਕਰਦਾ ਸੀ।—2 ਰਾਜਿ. 5:1-19.

11 ਅਸੀਂ ਸ਼ਾਇਦ ਸੋਚੀਏ ਕਿ ਅਸੀਂ ਵੀ ਨਅਮਾਨ ਵਾਂਗ ਕਰ ਸਕਦੇ ਹਾਂ—ਅਸੀਂ ਇਨ੍ਹਾਂ ਮੌਕਿਆਂ ਤੇ ਹਾਜ਼ਰ ਤਾਂ ਹੋਵਾਂਗੇ, ਪਰ ਝੂਠੇ ਧਰਮ ਦੀਆਂ ਰਸਮਾਂ ਵਿਚ ਹਿੱਸਾ ਨਹੀਂ ਲਵਾਂਗੇ। ਇਨ੍ਹਾਂ ਸਮਾਰੋਹਾਂ ਵਿਚ ਹਾਜ਼ਰ ਹੋਣ ਜਾਂ ਨਾ ਹੋਣ ਦਾ ਫ਼ੈਸਲਾ ਹਰ ਵਿਅਕਤੀ ਨੂੰ ਆਪ ਕਰਨਾ ਪਵੇਗਾ। ਉਨ੍ਹਾਂ ਨੂੰ ਆਪ ਇਸ ਜੱਦੋ-ਜਹਿਦ ਨੂੰ ਸੁਲਝਾਉਣਾ ਪਵੇਗਾ ਕਿ ਉਹ ਆਪਣੇ ਪਤੀ ਜਾਂ ਮਾਤਾ-ਪਿਤਾ ਦੀਆਂ ਖ਼ਾਹਸ਼ਾਂ ਪੂਰੀਆਂ ਕਰਨਗੇ ਜਾਂ ਯਹੋਵਾਹ ਪ੍ਰਤੀ ਆਗਿਆਕਾਰ ਰਹਿ ਕੇ ਆਪਣੀ ਬਾਈਬਲ-ਸਿੱਖਿਅਤ ਜ਼ਮੀਰ ਦੀ ਆਵਾਜ਼ ਨੂੰ ਸੁਣਨਗੇ।—1 ਪਤ. 3:16; ਅਫ਼. 6:1.

12 ਯਾਦ ਰੱਖੋ ਕਿ ਜਿਹੜੇ ਲੋਕ ਤੁਹਾਨੂੰ ਉੱਥੇ ਦੇਖਣਗੇ, ਉਨ੍ਹਾਂ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਤੁਸੀਂ ਰਸਮਾਂ ਵਿਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਉਹ ਸ਼ਾਇਦ ਇਹੋ ਸੋਚਣਗੇ ਕਿ ਤੁਸੀਂ ਪੂਰੀ ਰਸਮ ਵਿਚ ਹਿੱਸਾ ਲੈ ਰਹੇ ਹੋ ਜਾਂ ਤੁਸੀਂ ਇਨ੍ਹਾਂ ਰਸਮਾਂ ਨਾਲ ਸਹਿਮਤ ਹੋ। ਪੌਲੁਸ ਰਸੂਲ ਦੀ ਇਸ ਸਲਾਹ ਨੂੰ ਮੰਨਣਾ ਕਿੰਨੀ ਅਕਲਮੰਦੀ ਦੀ ਗੱਲ ਹੋਵੇਗੀ: “ਤੁਸੀਂ ਚੰਗ ਚੰਗੇਰੀਆਂ ਗੱਲਾਂ ਨੂੰ ਪਸੰਦ ਕਰੋ ਤਾਂ ਜੋ ਮਸੀਹ ਦੇ ਦਿਨ ਤੋੜੀ ਨਿਸ਼ਕਪਟ ਅਤੇ ਬੇਦੋਸ਼ ਰਹੋ।”—ਫ਼ਿਲਿ. 1:10.

13 ਕੀ ਇਹ ਬਿਹਤਰ ਨਹੀਂ ਹੋਵੇਗਾ ਕਿ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਬਾਈਬਲ ਆਧਾਰਿਤ ਨਜ਼ਰੀਏ ਬਾਰੇ ਦੱਸੀਏ? ਅਜਿਹੇ ਸਮਾਰੋਹਾਂ ਦੇ ਸੱਦੇ ਮਿਲਣ ਤੋਂ ਪਹਿਲਾਂ ਹੀ ਅਸੀਂ ਸਹੀ ਮੌਕਾ ਦੇਖ ਕੇ ਉਨ੍ਹਾਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਸਮਝਾ ਸਕਦੇ ਹਾਂ। ਰਾਣੀ ਅਸਤਰ ਤੋਂ ਸਬਕ ਸਿੱਖਦੇ ਹੋਏ, ਸਾਨੂੰ ਉਨ੍ਹਾਂ ਨਾਲ ਉਦੋਂ ਗੱਲ ਕਰਨੀ ਚਾਹੀਦੀ ਹੈ ਜਦੋਂ ਉਹ ਖ਼ੁਸ਼ ਜਾਂ ਚੰਗੇ ਮੂਡ ਵਿਚ ਹੁੰਦੇ ਹਨ। ਫਿਰ ਅਸੀਂ ਬੜੀ ਸਮਝਦਾਰੀ ਨਾਲ ਉਨ੍ਹਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿ ਸਾਡੀ ਜ਼ਮੀਰ ਸਾਨੂੰ ਅਜਿਹੇ ਮੌਕਿਆਂ ਤੇ ਹਾਜ਼ਰ ਹੋਣ ਦੀ ਕਿਉਂ ਇਜਾਜ਼ਤ ਨਹੀਂ ਦਿੰਦੀ। ਅਸੀਂ ਆਪਣੇ ਵਿਸ਼ਵਾਸਾਂ ਬਾਰੇ ਉਨ੍ਹਾਂ ਨੂੰ ਗਵਾਹੀ ਦੇ ਸਕਦੇ ਹਾਂ। ਅਸੀਂ ਉਨ੍ਹਾਂ ਨੂੰ ਇਹ ਵੀ ਦੱਸ ਸਕਦੇ ਹਾਂ ਕਿ ਜੇ ਅਸੀਂ ਉਸ ਮੌਕੇ ਤੇ ਹਾਜ਼ਰ ਹੁੰਦੇ ਹਾਂ, ਪਰ ਰਸਮਾਂ ਵਿਚ ਹਿੱਸਾ ਨਹੀਂ ਲੈਂਦੇ, ਤਾਂ ਇਸ ਨਾਲ ਸ਼ਾਇਦ ਘਰ ਦੇ ਦੂਸਰੇ ਮੈਂਬਰਾਂ ਨੂੰ ਕਾਫ਼ੀ ਸ਼ਰਮਿੰਦਗੀ ਸਹਿਣੀ ਪਵੇ।—ਅਸ. 5:1-8.

14 ਇਕ ਸੱਚਾ ਮਸੀਹੀ ਜਾਣ-ਬੁੱਝ ਕੇ ਅਜਿਹੇ ਕਿਸੇ ਵੀ ਪੂਜਾ-ਪਾਠ ਜਾਂ ਧਾਰਮਿਕ ਰਸਮ ਵਿਚ ਹਿੱਸਾ ਨਹੀਂ ਲਵੇਗਾ ਜਿਸ ਬਾਰੇ ਉਹ ਜਾਣਦਾ ਹੈ ਕਿ ਇਹ ਬਾਈਬਲ ਦੀ ਸਿੱਖਿਆ ਦੇ ਉਲਟ ਹੈ। ਨਾ ਹੀ ਉਹ ਇਹ ਦੇਖਣਾ ਚਾਹੇਗਾ ਕਿ ਉਹ ਸਿੱਧੇ ਤੌਰ ਤੇ ਪਰਮੇਸ਼ੁਰ ਦੇ ਹੁਕਮਾਂ ਦੀ ਉਲੰਘਣਾ ਕੀਤੇ ਬਗੈਰ ਕਿਸ ਹੱਦ ਤਕ ਪਰਮੇਸ਼ੁਰੀ ਸਿਧਾਂਤਾਂ ਦਾ ਸਮਝੌਤਾ ਕਰ ਸਕਦਾ ਹੈ। ਬਾਈਬਲ ਦਾ ਇਹ ਹੁਕਮ ਮੰਨਣਾ ਜ਼ਰੂਰੀ ਹੈ: “ਤੁਸੀਂ ਬੇਪਰਤੀਤਿਆਂ ਨਾਲ ਅਣਸਾਵੇਂ ਨਾ ਜੁੱਤੋ ਕਿਉਂ ਜੋ ਧਰਮ ਅਤੇ ਕੁਧਰਮ ਵਿੱਚ ਕੀ ਸਾਂਝ ਹੈ? . . . ਅਥਵਾ ਪਰਤੀਤਵਾਨ ਦਾ ਬੇਪਰਤੀਤੇ ਨਾਲ ਕੀ ਹਿੱਸਾ ਹੈ? . . . ਇਸ ਲਈ ਉਨ੍ਹਾਂ ਵਿੱਚੋਂ ਨਿੱਕਲ ਆਓ ਅਤੇ ਅੱਡ ਹੋਵੋ, ਪ੍ਰਭੁ ਆਖਦਾ ਹੈ, ਅਤੇ ਕਿਸੇ ਭ੍ਰਿਸ਼ਟ ਵਸਤ ਨੂੰ ਹੱਥ ਨਾ ਲਾਓ।”—2 ਕੁਰਿੰ. 6:14-17.

15 ਅਜਿਹੇ ਧਾਰਮਿਕ ਸਮਾਰੋਹਾਂ ਵਿਚ ਹਾਜ਼ਰ ਨਾ ਹੋ ਕੇ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਇਹ ਮਹਿਸੂਸ ਨਹੀਂ ਕਰਾਉਣਾ ਚਾਹੁੰਦੇ ਕਿ ਸਾਨੂੰ ਉਨ੍ਹਾਂ ਦੀ ਕੋਈ ਪਰਵਾਹ ਨਹੀਂ ਹੈ। ਸਾਨੂੰ ਦੂਜੇ ਤਰੀਕਿਆਂ ਨਾਲ ਉਨ੍ਹਾਂ ਪ੍ਰਤੀ ਚਿੰਤਾ ਅਤੇ ਪਿਆਰ ਦਿਖਾਉਣ ਦੇ ਮੌਕੇ ਲੱਭਣੇ ਚਾਹੀਦੇ ਹਨ। ਨਵੇਂ-ਨਵੇਂ ਬਣੇ ਮਾਪਿਆਂ ਨੂੰ ਅਸੀਂ ਤੋਹਫ਼ੇ ਦੇ ਕੇ ਦਿਖਾ ਸਕਦੇ ਹਾਂ ਕਿ ਅਸੀਂ ਪਰਿਵਾਰ ਦੇ ਨਵੇਂ ਮੈਂਬਰ ਵਿਚ ਦਿਲਚਸਪੀ ਰੱਖਦੇ ਹਾਂ। ਇਨ੍ਹਾਂ ਤੋਹਫ਼ਿਆਂ ਨੂੰ ਦੇਣ ਲਈ ਸਾਨੂੰ ਕਿਸੇ ਖ਼ਾਸ ਮੌਕੇ ਦੀ ਉਡੀਕ ਕਰਨ ਦੀ ਲੋੜ ਨਹੀਂ। ਵਿਆਹ ਦੇ ਰਿਸੈਪਸ਼ਨ ਦੀਆਂ ਤਿਆਰੀਆਂ ਕਰਨ ਵਿਚ ਹੱਥ ਵਟਾਉਣ ਜਾਂ ਮਹਿਮਾਨਾਂ ਤੇ ਰਿਸ਼ਤੇਦਾਰਾਂ ਦਾ ਸੁਆਗਤ ਕਰਨ ਦੁਆਰਾ ਅਸੀਂ ਧਾਰਮਿਕ ਰਸਮਾਂ-ਰੀਤਾਂ ਵਿਚ ਸ਼ਾਮਲ ਹੋਣ ਤੋਂ ਅਕਸਰ ਬਚੇ ਰਹਿੰਦੇ ਹਾਂ। ਨਾਲੇ ਰਿਸ਼ਤੇਦਾਰਾਂ ਨੂੰ ਵੀ ਕੋਈ ਸ਼ਿਕਾਇਤ ਨਹੀਂ ਰਹੇਗੀ ਕਿ ਸਾਨੂੰ ਵਿਆਹ ਵਿਚ ਕੋਈ ਰੁਚੀ ਨਹੀਂ ਹੈ। ਜਦੋਂ ਕਿਸੇ ਦੀ ਮੌਤ ਹੁੰਦੀ ਹੈ, ਤਾਂ ਅਸੀਂ ਕਈ ਤਰੀਕਿਆਂ ਨਾਲ ਆਪਣੇ ਪਰਿਵਾਰ ਦੀ ਮਦਦ ਕਰ ਸਕਦੇ ਹਾਂ ਜਦੋਂ ਕਿ ਦੂਸਰੇ ਲੋਕ ਧਾਰਮਿਕ ਰੀਤਾਂ-ਰਸਮਾਂ ਨਿਭਾਉਣ ਵਿਚ ਰੁੱਝੇ ਹੁੰਦੇ ਹਨ। ਅਸੀਂ ਮਹਿਮਾਨਾਂ ਤੇ ਹੋਰ ਆਏ ਲੋਕਾਂ ਦੀ ਦੇਖ-ਭਾਲ ਕਰ ਸਕਦੇ ਹਾਂ ਜਾਂ ਉਨ੍ਹਾਂ ਦੇ ਠਹਿਰਨ ਦਾ ਇੰਤਜ਼ਾਮ ਕਰ ਸਕਦੇ ਹਾਂ। ਜੇ ਸਕੂਲ ਜਾਂਦੇ ਬੱਚੇ ਜਾਂ ਪੋਤੇ-ਪੋਤੀਆਂ ਹਨ ਅਤੇ ਉਨ੍ਹਾਂ ਉੱਤੇ ਖਾਣ-ਪੀਣ ਦੀ ਕੋਈ ਰਵਾਇਤੀ ਪਾਬੰਦੀ ਨਹੀਂ ਹੈ, ਤਾਂ ਅਸੀਂ ਉਨ੍ਹਾਂ ਲਈ ਖਾਣਾ ਬਣਾ ਸਕਦੇ ਹਾਂ। ਅਸੀਂ ਕਾਨੂੰਨੀ ਕਾਰਵਾਈਆਂ ਤੇ ਰਜਿਸਟਰੇਸ਼ਨ ਸੰਬੰਧੀ ਕੰਮਾਂ ਵਿਚ ਵੀ ਮਦਦ ਕਰ ਸਕਦੇ ਹਾਂ। ਫਿਰ ਸਾਡਾ ਪਰਿਵਾਰ ਇਹ ਨਹੀਂ ਸੋਚੇਗਾ ਕਿ ਅਸੀਂ ਉਨ੍ਹਾਂ ਨੂੰ ਪਿਆਰ ਨਹੀਂ ਕਰਦੇ ਕਿਉਂਕਿ ਅਸੀਂ ਅੰਨਪ੍ਰਾਸਨ, ਸ਼ਰਾਧ ਜਾਂ ਹੋਰ ਧਾਰਮਿਕ ਰਸਮਾਂ ਵਿਚ ਹਾਜ਼ਰ ਨਹੀਂ ਹੋਏ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ