ਕਿਰਪਾਲੂ ਬਣੋ ਤੇ ਦੂਸਰਿਆਂ ਵਿਚ ਦਿਲਚਸਪੀ ਲਓ
1 ਇਕ ਤੀਵੀਂ ਯਹੋਵਾਹ ਦੇ ਗਵਾਹਾਂ ਬਾਰੇ ਚੰਗੀ ਰਾਇ ਨਹੀਂ ਰੱਖਦੀ ਸੀ। ਪਰ ਪਹਿਲੀ ਵਾਰ ਇਕ ਗਵਾਹ ਨੂੰ ਮਿਲਣ ਤੇ ਹੋਈ ਗੱਲਬਾਤ ਨੂੰ ਯਾਦ ਕਰਦੇ ਹੋਏ ਉਸ ਨੇ ਕਿਹਾ: “ਮੈਨੂੰ ਬਿਲਕੁਲ ਯਾਦ ਨਹੀਂ ਕਿ ਅਸੀਂ ਕੀ ਗੱਲ ਕੀਤੀ ਸੀ, ਪਰ ਮੈਨੂੰ ਇਹ ਜ਼ਰੂਰ ਯਾਦ ਹੈ ਕਿ ਉਹ ਤੀਵੀਂ ਮੇਰੇ ਨਾਲ ਬਹੁਤ ਹੀ ਪਿਆਰ ਨਾਲ ਪੇਸ਼ ਆਈ। ਉਸ ਨੇ ਮੇਰੀ ਆਓ-ਭਗਤ ਕੀਤੀ ਤੇ ਉਹ ਬਹੁਤ ਹਲੀਮ ਸੀ। ਮੈਨੂੰ ਉਹ ਬਹੁਤ ਹੀ ਚੰਗੀ ਲੱਗੀ।” ਇਨ੍ਹਾਂ ਟਿੱਪਣੀਆਂ ਤੋਂ ਪਤਾ ਲੱਗਦਾ ਹੈ ਕਿ ਜਿਨ੍ਹਾਂ ਨੂੰ ਅਸੀਂ ਪ੍ਰਚਾਰ ਕਰਦੇ ਹਾਂ, ਉਨ੍ਹਾਂ ਵਿਚ ਦਿਲਚਸਪੀ ਲੈਣੀ ਬਹੁਤ ਜ਼ਰੂਰੀ ਹੈ।—ਫ਼ਿਲਿ. 2:4.
2 ਪ੍ਰੇਮ ਕਿਰਪਾਲੂ ਹੈ: ਦੂਸਰਿਆਂ ਲਈ ਆਪਣੇ ਪਿਆਰ ਦਾ ਸਬੂਤ ਦੇਣ ਦਾ ਇਕ ਤਰੀਕਾ ਹੈ ਉਨ੍ਹਾਂ ਤੇ ਕਿਰਪਾਲਤਾ ਕਰਨੀ। (1 ਕੁਰਿੰ. 13:4) ਕਿਰਪਾਲੂ ਇਨਸਾਨ ਦੂਸਰਿਆਂ ਦੀ ਪਰਵਾਹ ਕਰਦਾ ਹੈ ਅਤੇ ਉਨ੍ਹਾਂ ਦੀ ਮਦਦ ਕਰਦਾ ਹੈ। ਇਹ ਸੱਚ ਹੈ ਕਿ ਪ੍ਰਚਾਰ ਕਰ ਕੇ ਅਸੀਂ ਦੂਸਰਿਆਂ ਤੇ ਕਿਰਪਾਲਤਾ ਕਰਦੇ ਹਾਂ। ਪਰ ਪ੍ਰਚਾਰ ਦੌਰਾਨ ਅਸੀਂ ਕਈ ਹੋਰ ਤਰੀਕਿਆਂ ਨਾਲ ਲੋਕਾਂ ਵਿਚ ਸੱਚੀ ਦਿਲਚਸਪੀ ਲੈ ਸਕਦੇ ਹਾਂ। ਅਸੀਂ ਜਦੋਂ ਲੋਕਾਂ ਨਾਲ ਪਿਆਰ ਤੇ ਸਲੀਕੇ ਨਾਲ ਪੇਸ਼ ਆਉਂਦੇ ਹਾਂ, ਉਨ੍ਹਾਂ ਨਾਲ ਸੋਚ-ਸਮਝ ਕੇ ਗੱਲ ਕਰਦੇ ਹਾਂ, ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਦੇ ਹਾਂ ਅਤੇ ਗੱਲ ਕਰਦੇ ਵੇਲੇ ਆਪਣੇ ਚਿਹਰੇ ਦੇ ਹਾਵਾਂ-ਭਾਵਾਂ ਨੂੰ ਸਹੀ ਰੱਖਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਨ੍ਹਾਂ ਦੀ ਦਿਲੋਂ ਪਰਵਾਹ ਕਰਦੇ ਹਾਂ।—ਮੱਤੀ 8:2, 3.
3 ਜੇ ਅਸੀਂ ਲੋਕਾਂ ਵਿਚ ਦਿਲਚਸਪੀ ਲੈਂਦੇ ਹਾਂ, ਤਾਂ ਅਸੀਂ ਕਈ ਤਰੀਕਿਆਂ ਨਾਲ ਉਨ੍ਹਾਂ ਦੀ ਮਦਦ ਕਰਾਂਗੇ। ਘਰ-ਘਰ ਪ੍ਰਚਾਰ ਕਰਦੇ ਹੋਏ ਇਕ ਪਾਇਨੀਅਰ ਭਰਾ ਇਕ ਬਿਰਧ ਵਿਧਵਾ ਦੇ ਘਰ ਗਿਆ। ਜਦੋਂ ਉਸ ਤੀਵੀਂ ਨੂੰ ਪਤਾ ਲੱਗਿਆ ਕਿ ਉਹ ਯਹੋਵਾਹ ਦਾ ਗਵਾਹ ਸੀ, ਤਾਂ ਉਸ ਨੇ ਤੁਰੰਤ ਭਰਾ ਨੂੰ ਜਾਣ ਲਈ ਕਹਿ ਦਿੱਤਾ। ਉਸ ਨੇ ਕਿਹਾ ਕਿ ਉਹ ਰਸੋਈ ਵਿਚ ਬਲਬ ਬਦਲਣ ਲਈ ਪੌੜੀ ਤੇ ਚੜ੍ਹੀ ਹੀ ਸੀ ਕਿ ਘੰਟੀ ਦੀ ਆਵਾਜ਼ ਸੁਣ ਕੇ ਉਸ ਨੂੰ ਬਾਹਰ ਆਉਣਾ ਪਿਆ। ਇਹ ਸੁਣ ਕੇ ਭਰਾ ਨੇ ਕਿਹਾ: “ਘਰ ਵਿਚ ਇਕੱਲਿਆਂ ਹੁੰਦਿਆਂ ਤੁਹਾਡੇ ਲਈ ਇੱਦਾਂ ਕਰਨਾ ਖ਼ਤਰਨਾਕ ਹੈ।” ਇਹ ਸੁਣ ਕੇ ਤੀਵੀਂ ਨੇ ਭਰਾ ਨੂੰ ਅੰਦਰ ਬੁਲਾਇਆ। ਭਰਾ ਨੇ ਬਲਬ ਬਦਲਿਆ ਤੇ ਚਲਾ ਗਿਆ। ਕੁਝ ਦੇਰ ਬਾਅਦ ਉਸ ਤੀਵੀਂ ਦਾ ਮੁੰਡਾ ਉਸ ਦਾ ਹਾਲ-ਚਾਲ ਪੁੱਛਣ ਆਇਆ। ਤੀਵੀਂ ਨੇ ਆਪਣੇ ਮੁੰਡੇ ਨੂੰ ਸਾਰੀ ਗੱਲ ਦੱਸੀ। ਇਹ ਸੁਣ ਕੇ ਮੁੰਡਾ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਭਰਾ ਦਾ ਧੰਨਵਾਦ ਕਰਨ ਲਈ ਉਸ ਨੂੰ ਲੱਭਿਆ। ਮਿਲਣ ਤੇ ਉਨ੍ਹਾਂ ਦੋਵਾਂ ਨੇ ਬਾਈਬਲ ਬਾਰੇ ਚੰਗੀ ਗੱਲਬਾਤ ਕੀਤੀ ਤੇ ਮੁੰਡਾ ਬਾਈਬਲ ਸਟੱਡੀ ਕਰਨ ਲਈ ਮੰਨ ਗਿਆ।
4 ਕਿਰਪਾਲੂ ਬਣ ਕੇ ਅਸੀਂ ਦਿਖਾਉਂਦੇ ਹਾਂ ਕਿ ਯਹੋਵਾਹ ਇਨਸਾਨਾਂ ਨਾਲ ਪਿਆਰ ਕਰਦਾ ਹੈ। ਅਸੀਂ ਦੂਸਰਿਆਂ ਦੀ ਮਦਦ ਕਰ ਕੇ ਰਾਜ ਦੇ ਸੰਦੇਸ਼ ਨੂੰ ਮਨਭਾਉਂਦਾ ਬਣਾਉਂਦੇ ਹਾਂ। ਇਸ ਲਈ, ਆਓ ਆਪਾਂ ਆਪਣੀ ‘ਦਿਆਲਗੀ ਤੋਂ ਪਰਮਾਣ ਦੇਈਏ’ ਕਿ ਅਸੀਂ ‘ਪਰਮੇਸ਼ੁਰ ਦੇ ਸੇਵਕ’ ਹਾਂ।—2 ਕੁਰਿੰ. 6:4, 6.