ਜਾਣਕਾਰੀ ਤੇ ਅਮਲ ਕਰਨ ਵਿਚ ਮਦਦ ਕਰਨ ਵਾਲਾ ਸਕੂਲ
1 ਜਦੋਂ ਅਸੀਂ 2006 ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਅਨੁਸੂਚੀ ਵਿਚ ਦੱਸੀ ਜਾਣਕਾਰੀ ਉੱਤੇ ਚਰਚਾ ਕਰਾਂਗੇ, ਤਾਂ ਅਸੀਂ ਆਪਣੀ ਪਵਿੱਤਰ ਸੇਵਾ ਅਤੇ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਬਾਈਬਲ ਦੀਆਂ ਸਿੱਖਿਆਵਾਂ ਲਾਗੂ ਕਰ ਕੇ ਇਨ੍ਹਾਂ ਤੋਂ ਫ਼ਾਇਦਾ ਲੈਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਸਿੱਖੀਆਂ ਗੱਲਾਂ ਨੂੰ ਅਮਲ ਵਿਚ ਲਿਆਉਣ ਦਾ ਇਰਾਦਾ ਰੱਖਦੇ ਹਾਂ।—ਯੂਹੰ. 13:17; ਫ਼ਿਲਿ. 4:9.
2 ਟਿੱਪਣੀਆਂ ਕਰਨੀਆਂ: ਇਸ ਸਾਲ ਦੀ ਅਨੁਸੂਚੀ ਵਿਚ ਬਾਈਬਲ ਪਠਨ ਦੀਆਂ ਖ਼ਾਸ-ਖ਼ਾਸ ਗੱਲਾਂ ਦੇ ਭਾਗ ਦੌਰਾਨ ਹਾਜ਼ਰੀਨ ਨੂੰ ਟਿੱਪਣੀਆਂ ਕਰਨ ਲਈ ਇਕ ਮਿੰਟ ਹੋਰ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਇਹ ਭਾਗ ਪੇਸ਼ ਕਰਨ ਵਾਲੇ ਭਰਾ ਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਉਹ ਆਪਣਾ ਭਾਗ ਛੇ ਮਿੰਟਾਂ ਦੀ ਬਜਾਇ ਪੰਜ ਮਿੰਟਾਂ ਵਿਚ ਖ਼ਤਮ ਕਰੇ। ਟਿੱਪਣੀਆਂ ਕਰਨ ਵੇਲੇ ਭੈਣਾਂ-ਭਰਾਵਾਂ ਨੂੰ ਵੀ ਸਮੇਂ ਦਾ ਧਿਆਨ ਰੱਖਣਾ ਚਾਹੀਦਾ ਹੈ। ਪਹਿਲਾਂ ਤੋਂ ਚੰਗੀ ਤਰ੍ਹਾਂ ਸੋਚ-ਵਿਚਾਰ ਕਰ ਕੇ ਟਿੱਪਣੀ ਕਰਨ ਨਾਲ ਭੈਣ-ਭਰਾ 30 ਸਕਿੰਟ ਜਾਂ ਇਸ ਤੋਂ ਵੀ ਘੱਟ ਸਮੇਂ ਵਿਚ ਮਦਦਗਾਰ ਜਾਣਕਾਰੀ ਦੇ ਸਕਦੇ ਹਨ। ਇਸ ਤਰ੍ਹਾਂ ਇਨ੍ਹਾਂ ਪੰਜ ਮਿੰਟਾਂ ਵਿਚ ਤਕਰੀਬਨ ਦਸ ਜਣਿਆਂ ਨੂੰ ਚੰਗੀਆਂ ਟਿੱਪਣੀਆਂ ਕਰਨ ਦਾ ਮੌਕਾ ਮਿਲੇਗਾ।
3 ਸਿੱਖਿਆ ਦੇਣ ਵਾਲੇ ਭਾਸ਼ਣ: ਬਾਈਬਲ ਪਠਨ ਦੀਆਂ ਖ਼ਾਸ-ਖ਼ਾਸ ਗੱਲਾਂ ਅਤੇ ਹਿਦਾਇਤੀ ਭਾਸ਼ਣ ਵਿਚ ਜਾਣਕਾਰੀ ਦੇ ਫ਼ਾਇਦਿਆਂ ਬਾਰੇ ਦੱਸਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਜਾਣਕਾਰੀ ਸਾਡੀ ਸੇਵਕਾਈ ਅਤੇ ਰੋਜ਼ਮੱਰਾ ਦੀ ਜ਼ਿੰਦਗੀ ਦੇ ਹੋਰਨਾਂ ਪਹਿਲੂਆਂ ਤੇ ਲਾਗੂ ਹੁੰਦੀ ਹੈ। ਭਾਸ਼ਣਕਾਰ ਲਈ ਹਾਜ਼ਰੀਨਾਂ ਵਿਚ ਕੋਈ ਕਦਮ ਚੁੱਕਣ ਦੀ ਇੱਛਾ ਪੈਦਾ ਕਰਨੀ ਹੀ ਕਾਫ਼ੀ ਨਹੀਂ ਹੈ। ਉਸ ਨੂੰ ਸਪੱਸ਼ਟ ਦੱਸਣਾ ਚਾਹੀਦਾ ਹੈ ਕਿ ਕੀ ਕਰਨ ਦੀ ਲੋੜ ਹੈ, ਇਹ ਕਿਵੇਂ ਕੀਤਾ ਸਕਦਾ ਹੈ ਅਤੇ ਇਸ ਤਰ੍ਹਾਂ ਕਰਨ ਦੇ ਕੀ ਫ਼ਾਇਦੇ ਹਨ। ਉਹ ਕਹਿ ਸਕਦਾ ਹੈ, “ਇਸ ਤਰ੍ਹਾਂ ਇਹ ਜਾਣਕਾਰੀ ਸਾਨੂੰ ਸੇਧ ਦਿੰਦੀ ਹੈ” ਜਾਂ “ਇਸ ਤਰ੍ਹਾਂ ਇਨ੍ਹਾਂ ਆਇਤਾਂ ਨੂੰ ਅਸੀਂ ਸੇਵਕਾਈ ਵਿਚ ਵਰਤ ਸਕਦੇ ਹਾਂ।” ਸਥਾਨਕ ਹਾਲਾਤਾਂ ਤੋਂ ਵਾਕਫ਼ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨੂੰ ਸਪੱਸ਼ਟ ਤਰੀਕੇ ਨਾਲ ਦੱਸਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸ ਜਾਣਕਾਰੀ ਨੂੰ ਕਿਵੇਂ ਅਮਲ ਵਿਚ ਲਿਆਂਦਾ ਜਾ ਸਕਦਾ ਹੈ।
4 ਜਾਣਕਾਰੀ ਨੂੰ ਅਮਲ ਵਿਚ ਲਿਆਉਣ ਸੰਬੰਧੀ ਬਾਈਬਲ ਵਿੱਚੋਂ ਮਿਸਾਲਾਂ ਦੇਣੀਆਂ ਖ਼ਾਸ ਤੌਰ ਤੇ ਅਸਰਕਾਰੀ ਹੋ ਸਕਦੀਆਂ ਹਨ। ਬਾਈਬਲ ਵਿੱਚੋਂ ਮਿਸਾਲ ਦੇਣ ਤੋਂ ਬਾਅਦ ਭਾਸ਼ਣਕਾਰ ਕਹਿ ਸਕਦਾ ਹੈ, “ਤੁਹਾਨੂੰ ਵੀ ਇਸ ਤਰ੍ਹਾਂ ਦੀ ਸਥਿਤੀ ਵਿੱਚੋਂ ਗੁਜ਼ਰਨਾ ਪੈ ਸਕਦਾ ਹੈ।” ਉਸ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਉਹ ਬਾਈਬਲ ਵਿੱਚੋਂ ਕੋਈ ਮਿਸਾਲ ਦੇ ਕੇ ਜੋ ਵੀ ਸਬਕ ਸਿਖਾਉਂਦਾ ਹੈ, ਉਹ ਪ੍ਰਸੰਗ, ਪੂਰੀ ਬਾਈਬਲ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਦਿੱਤੀ ਜਾਣਕਾਰੀ ਦੇ ਅਨੁਸਾਰ ਹੋਵੇ।—ਮੱਤੀ 24:45.
5 ਗਿਆਨ ਅਤੇ ਸਮਝ ਨੂੰ ਚੰਗੀ ਤਰ੍ਹਾਂ ਇਸਤੇਮਾਲ ਕਰਨ ਦੀ ਯੋਗਤਾ ਨੂੰ ਬੁੱਧ ਕਹਿੰਦੇ ਹਨ। ‘ਬੁੱਧੀ ਸਭ ਤੋਂ ਸਰੇਸ਼ਟ ਹੈ।’ (ਕਹਾ. 4:7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਦੈਵ-ਸ਼ਾਸਕੀ ਸੇਵਕਾਈ ਸਕੂਲ ਦੇ ਜ਼ਰੀਏ ਬੁੱਧ ਹਾਸਲ ਕਰਨ ਦੇ ਨਾਲ-ਨਾਲ ਆਓ ਆਪਾਂ ਦੂਜਿਆਂ ਨੂੰ ਇਸ ਬੁੱਧ ਬਾਰੇ ਸਿਖਾਉਣ ਦੇ ਆਪਣੇ ਹੁਨਰ ਨੂੰ ਵੀ ਸੁਧਾਰੀਏ।