ਦੈਵ-ਸ਼ਾਸਕੀ ਸੇਵਕਾਈ ਸਕੂਲ ਦੇ ਲਾਭ
1 ਯਹੋਵਾਹ ਦੇ ਸੇਵਕਾਂ ਲਈ ਇਹ ਮਾਣ ਦੀ ਗੱਲ ਹੈ ਕਿ ਯਹੋਵਾਹ ਆਪ ਉਨ੍ਹਾਂ ਨੂੰ ਸਿੱਖਿਆ ਦਿੰਦਾ ਹੈ। (ਯਸਾ. 54:13; ਯੂਹੰ. 6:45) ਪਰ ਇਸ ਸਿੱਖਿਆ ਤੋਂ ਸਾਨੂੰ ਨਿੱਜੀ ਤੌਰ ਤੇ ਕਿੰਨਾ ਕੁ ਫ਼ਾਇਦਾ ਹੁੰਦਾ ਹੈ, ਇਹ ਸਾਡੀ ਮਿਹਨਤ ਤੇ ਲਗਨ ਉੱਤੇ ਨਿਰਭਰ ਕਰਦਾ ਹੈ। ਕੀ ਤੁਸੀਂ ਦੇਖ ਸਕਦੇ ਹੋ ਕਿ ਦੈਵ-ਸ਼ਾਸਕੀ ਸੇਵਕਾਈ ਸਕੂਲ ਨੇ ਅਧਿਆਤਮਿਕ ਤੌਰ ਤੇ ਤੁਹਾਨੂੰ ਕਿਵੇਂ ਮਜ਼ਬੂਤ ਕੀਤਾ ਹੈ?
2 ਧੰਨਵਾਦ ਦੇ ਸ਼ਬਦ: ਕਈ ਸਕੂਲ ਨਿਗਾਹਬਾਨਾਂ ਨੇ ਦੇਖਿਆ ਹੈ ਕਿ ਵੱਖ-ਵੱਖ ਸਪੀਚ ਕੁਆਲਿਟੀਆਂ ਦੀ ਚੰਗੀ ਸਮਝ ਹਾਸਲ ਕਰਨ ਕਰਕੇ ਕਲੀਸਿਯਾ ਦੇ ਭੈਣ-ਭਰਾ ਹੁਣ ਜ਼ਿਆਦਾ ਅਸਰਦਾਰ ਤਰੀਕੇ ਨਾਲ ਪ੍ਰਚਾਰ ਕਰ ਰਹੇ ਹਨ। ਇਸ ਤੋਂ ਇਲਾਵਾ, ਇਕ ਸਕੂਲ ਨਿਗਾਹਬਾਨ ਕਹਿੰਦਾ ਹੈ ਕਿ ਬਾਈਬਲ ਹਾਈਲਾਈਟਾਂ ਵਿਚ ਟਿੱਪਣੀਆਂ ਦੇਣ ਲਈ ਹੁਣ ਜ਼ਿਆਦਾ ਭੈਣ-ਭਰਾ ਹਫ਼ਤੇ ਲਈ ਮਿੱਥੇ ਗਏ ਬਾਈਬਲ ਦੇ ਅਧਿਆਇ ਪੜ੍ਹਦੇ ਹਨ। ਪੇਸ਼ਕਾਰੀ ਨੰ. 2 ਬਾਰੇ ਕਈ ਭਰਾਵਾਂ ਨੇ ਕਿਹਾ ਹੈ ਕਿ ਆਰੰਭਕ ਅਤੇ ਸਮਾਪਤੀ ਸ਼ਬਦ ਤਿਆਰ ਕੀਤੇ ਬਗ਼ੈਰ ਕੇਵਲ ਪੜ੍ਹਾਈ ਉੱਤੇ ਧਿਆਨ ਦੇਣ ਨਾਲ ਉਨ੍ਹਾਂ ਨੂੰ ਬਹੁਤ ਫ਼ਾਇਦਾ ਹੋਇਆ ਹੈ। ਇਹ ਭਰਾ ਹੁਣ ਆਪਣੀ ਪੜ੍ਹਨ ਦੀ ਕੁਸ਼ਲਤਾ ਵਧਾਉਣ ਉੱਤੇ ਪੂਰਾ ਧਿਆਨ ਦੇ ਰਹੇ ਹਨ।—1 ਤਿਮੋ. 4:13.
3 ਹਰ ਕੋਈ ਲਾਭ ਹਾਸਲ ਕਰ ਸਕਦਾ ਹੈ: ਸਭਾਵਾਂ ਵਿਚ ਟਿੱਪਣੀਆਂ ਕਰ ਕੇ ਸਾਨੂੰ ਖ਼ੁਸ਼ੀ ਮਿਲ ਸਕਦੀ ਹੈ। (ਕਹਾ. 15:23) ਜ਼ਬਾਨੀ ਪੁਨਰ-ਵਿਚਾਰ ਲਈ ਸਵਾਲ ਪਹਿਲਾਂ ਹੀ ਮਿਲ ਜਾਣ ਕਰਕੇ ਅਸੀਂ ਚੰਗੀ ਤਿਆਰੀ ਕਰ ਕੇ ਪੁਨਰ-ਵਿਚਾਰ ਵਿਚ ਹਿੱਸਾ ਲੈ ਸਕਦੇ ਹਾਂ। ਇਸ ਤੋਂ ਇਲਾਵਾ, ਪਹਿਰਾਬੁਰਜ ਦੇ 1 ਜਨਵਰੀ 2004 ਦੇ ਅੰਕ ਤੋਂ ਖ਼ਾਸ ਲੇਖ ਛਪਣੇ ਸ਼ੁਰੂ ਹੋਏ ਹਨ ਜੋ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਪੜ੍ਹੀਆਂ ਜਾ ਰਹੀਆਂ ਬਾਈਬਲ ਪੋਥੀਆਂ ਦੀਆਂ ਖ਼ਾਸ-ਖ਼ਾਸ ਗੱਲਾਂ ਨੂੰ ਉਜਾਗਰ ਕਰਦੇ ਹਨ। ਬਾਈਬਲ ਹਾਈਲਾਈਟਾਂ ਦੌਰਾਨ ਕਈ ਭੈਣ-ਭਰਾ ਇਨ੍ਹਾਂ ਲੇਖਾਂ ਦੀ ਮਦਦ ਨਾਲ ਉਤਸ਼ਾਹਜਨਕ ਟਿੱਪਣੀਆਂ ਦਿੰਦੇ ਹਨ।
4 ਸਕੂਲ ਵਿਚ ਨਾਂ ਦਰਜ ਕਰਾਉਣ ਵਾਲੇ ਹਰ ਭੈਣ ਜਾਂ ਭਰਾ ਨੂੰ ਪੇਸ਼ਕਾਰੀਆਂ ਤਿਆਰ ਕਰ ਕੇ ਪੇਸ਼ ਕਰਨ ਦਾ ਖ਼ਾਸ ਸਨਮਾਨ ਮਿਲਦਾ ਹੈ। ਸਟੇਜ ਤੋਂ ਦਿੱਤੀਆਂ ਸਕੂਲ ਨਿਗਾਹਬਾਨ ਦੀਆਂ ਉਸਾਰੂ ਟਿੱਪਣੀਆਂ ਤੋਂ ਅਸੀਂ ਸਾਰੇ ਲਾਭ ਹਾਸਲ ਕਰ ਸਕਦੇ ਹਾਂ। ਸਭਾ ਤੋਂ ਬਾਅਦ ਨਿਗਾਹਬਾਨ ਵਿਦਿਆਰਥੀ ਨੂੰ ਨਿੱਜੀ ਸਲਾਹ ਦੇ ਸਕਦਾ ਹੈ ਜੋ ਉਸ ਦੀ ਹੋਰ ਤਰੱਕੀ ਕਰਨ ਵਿਚ ਮਦਦ ਕਰੇਗੀ। ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ (ਹਿੰਦੀ) ਕਿਤਾਬ ਦੇ ਹਰ ਅਧਿਆਇ ਦੇ ਅਖ਼ੀਰ ਵਿਚ ਅਭਿਆਸ ਦਿੱਤੇ ਗਏ ਹਨ ਜੋ ਸਾਡੀ ਬੋਲਣ ਦੀ ਕੁਸ਼ਲਤਾ ਵਧਾਉਣ ਵਿਚ ਸਹਾਈ ਹੋਣਗੇ।
5 ਸਕੂਲ ਦੌਰਾਨ ਜਾਂ ਉਸ ਤੋਂ ਬਾਅਦ ਤੁਹਾਨੂੰ ਜੋ ਲਾਭਦਾਇਕ ਤੇ ਬਾਈਬਲੀ ਸਲਾਹ ਮਿਲਦੀ ਹੈ, ਉਹ ਆਪਣੀ ਸੇਵਾ ਸਕੂਲ ਕਿਤਾਬ ਵਿਚ ਲਿਖ ਲਓ। ਤੁਸੀਂ ਇਸ ਸਕੂਲ ਵਿਚ ਜੋ ਕੁਝ ਸਿੱਖਦੇ ਹੋ, ਉਸ ਉੱਤੇ ਮਨਨ ਕਰੋ ਕਿ ਇਹ ਕਿਵੇਂ ਤੁਹਾਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਬਣਾ ਰਿਹਾ ਹੈ।