ਸਾਲ 2002 ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ
1 ਜ਼ਿਆਦਾਤਰ ਲੋਕ ਬੋਲਣ ਦੀ ਕਾਬਲੀਅਤ ਬਾਰੇ ਜ਼ਿਆਦਾ ਨਹੀਂ ਸੋਚਦੇ। ਪਰ ਬੋਲਣ ਦੀ ਕਾਬਲੀਅਤ ਯਹੋਵਾਹ ਵੱਲੋਂ ਇਕ ਤੋਹਫ਼ਾ ਹੈ। ਇਸ ਨਾਲ ਅਸੀਂ ਦੂਜਿਆਂ ਨਾਲ ਗੱਲਬਾਤ ਕਰ ਸਕਦੇ ਹਾਂ ਅਤੇ ਆਪਣੇ ਵਿਚਾਰ ਤੇ ਭਾਵਨਾਵਾਂ ਦੱਸ ਸਕਦੇ ਹਾਂ। ਪਰ ਮੁੱਖ ਤੌਰ ਤੇ ਅਸੀਂ ਇਸ ਦੀ ਮਦਦ ਨਾਲ ਆਪਣੇ ਪਰਮੇਸ਼ੁਰ ਦੀ ਉਸਤਤ ਕਰ ਸਕਦੇ ਹਾਂ।—ਜ਼ਬੂ. 22:22; 1 ਕੁਰਿੰ. 1:4-7.
2 ਯਹੋਵਾਹ ਦੇ ਨਾਂ ਦੀ ਘੋਸ਼ਣਾ ਕਰਨ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਆਦਮੀਆਂ, ਤੀਵੀਆਂ ਅਤੇ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। (ਜ਼ਬੂ. 148:12, 13) ਸਾਲ 2002 ਦੇ ਸਕੂਲ ਪ੍ਰੋਗ੍ਰਾਮ ਵਿਚ ਬਹੁਤ ਸਾਰੇ ਬਾਈਬਲ ਵਿਸ਼ੇ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਤੋਂ ਅਸੀਂ ਖ਼ੁਦ ਫ਼ਾਇਦਾ ਉਠਾ ਸਕਦੇ ਹਾਂ ਤੇ ਸੇਵਕਾਈ ਵਿਚ ਵੀ ਵਰਤ ਸਕਦੇ ਹਾਂ। ਸਕੂਲ ਦੀ ਤਿਆਰੀ ਕਰਨ ਅਤੇ ਇਸ ਵਿਚ ਹਿੱਸਾ ਲੈਣ ਦੁਆਰਾ ਅਸੀਂ ਆਪਣਾ ਗਿਆਨ ਵਧਾ ਸਕਦੇ ਹਾਂ ਅਤੇ ਪਰਮੇਸ਼ੁਰ ਦੇ ਬਚਨ ਦੇ ਵਧੀਆ ਸਿੱਖਿਅਕ ਬਣ ਸਕਦੇ ਹਾਂ।—ਜ਼ਬੂ. 45:1.
3 ਰੋਜ਼ ਬਾਈਬਲ ਪੜ੍ਹੋ: ਜੇ ਵਿਹਲੇ ਸਮੇਂ ਦੌਰਾਨ ਸਾਡੇ ਕੋਲ ਬਾਈਬਲ ਹੈ, ਤਾਂ ਅਸੀਂ ਇਸ ਸਮੇਂ ਦੌਰਾਨ ਬਾਈਬਲ ਪੜ੍ਹ ਸਕਦੇ ਹਾਂ। ਸਾਡੇ ਸਾਰਿਆਂ ਕੋਲ ਦਿਨ ਵਿਚ ਕੁਝ ਮਿੰਟ ਜ਼ਰੂਰ ਖਾਲੀ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਬਾਈਬਲ ਪੜ੍ਹਨ ਲਈ ਵਰਤ ਸਕਦੇ ਹਾਂ। ਹਰ ਰੋਜ਼ ਬਾਈਬਲ ਦਾ ਘੱਟੋ-ਘੱਟ ਇਕ ਸਫ਼ਾ ਪੜ੍ਹਨ ਨਾਲ ਸਾਨੂੰ ਕਿੰਨਾ ਫ਼ਾਇਦਾ ਹੋਵੇਗਾ! ਇਸ ਤਰ੍ਹਾਂ ਅਸੀਂ ਸਕੂਲ ਅਨੁਸੂਚੀ ਵਿਚ ਦਿੱਤੇ ਬਾਈਬਲ ਪਠਨ ਨੂੰ ਪੂਰਾ ਕਰ ਸਕਾਂਗੇ।—ਜ਼ਬੂ. 1:1-3.
4 ਚੰਗੀ ਤਰ੍ਹਾਂ ਬਾਈਬਲ ਪੜ੍ਹਨ ਨਾਲ ਅਸੀਂ ਆਪਣੇ ਸੁਣਨ ਵਾਲਿਆਂ ਦੇ ਦਿਲਾਂ ਤਕ ਪਹੁੰਚ ਸਕਦੇ ਹਾਂ ਤੇ ਉਨ੍ਹਾਂ ਨੂੰ ਯਹੋਵਾਹ ਦੀ ਉਸਤਤ ਕਰਨ ਲਈ ਪ੍ਰੇਰਿਤ ਕਰ ਸਕਦੇ ਹਾਂ। ਸਕੂਲ ਵਿਚ ਪੇਸ਼ਕਾਰੀ ਨੰ. 2 ਦੇਣ ਵਾਲੇ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬਾਈਬਲ ਪਠਨ ਦਾ ਉੱਚੀ-ਉੱਚੀ ਪੜ੍ਹ ਕੇ ਵਾਰ-ਵਾਰ ਅਭਿਆਸ ਕਰਨ। ਸਕੂਲ ਨਿਗਾਹਬਾਨ ਵਿਦਿਆਰਥੀ ਦੀ ਸ਼ਲਾਘਾ ਕਰੇਗਾ ਅਤੇ ਪਠਨ ਨੂੰ ਸੁਧਾਰਨ ਵਾਸਤੇ ਸੁਝਾਅ ਦੇਵੇਗਾ।
5 ਜਾਣਕਾਰੀ ਨੂੰ ਫ਼ਾਇਦੇਮੰਦ ਬਣਾਓ: ਪੇਸ਼ਕਾਰੀ ਨੰ. 3 ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਉੱਤੇ ਅਤੇ ਪੇਸ਼ਕਾਰੀ ਨੰ. 4 ਸਰਬ ਮਹਾਨ ਮਨੁੱਖ ਕਿਤਾਬ ਉੱਤੇ ਆਧਾਰਿਤ ਹੈ। ਇਹ ਜਾਣਕਾਰੀ ਨਵੇਂ ਲੋਕਾਂ ਦੀ ਮਦਦ ਕਰਨ ਲਈ ਫ਼ਾਇਦੇਮੰਦ ਸਾਬਤ ਹੋਣੀ ਚਾਹੀਦੀ ਹੈ ਤਾਂਕਿ ਉਹ ਪੂਰੀ ਬਾਈਬਲ ਅਤੇ ਯਿਸੂ ਮਸੀਹ ਦੀ ਜ਼ਿੰਦਗੀ ਤੋਂ ਜਾਣੂ ਹੋ ਸਕਣ। ਇਸ ਤੋਂ ਇਲਾਵਾ, ਵਿਦਿਆਰਥਣਾਂ ਨੂੰ ਅਜਿਹੀਆਂ ਸੈਟਿੰਗਜ਼ ਚੁਣਨੀਆਂ ਚਾਹੀਦੀਆਂ ਹਨ ਜਿਨ੍ਹਾਂ ਦੁਆਰਾ ਉਹ ਦਿਖਾ ਸਕਣ ਕਿ ਬਾਈਬਲ ਸਿਧਾਂਤਾਂ ਨੂੰ ਪ੍ਰਚਾਰ ਕੰਮ ਵਿਚ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ। ਸਕੂਲ ਨਿਗਾਹਬਾਨ ਨੂੰ ਖ਼ਾਸਕਰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਵਿਦਿਆਰਥੀ ਜਾਣਕਾਰੀ ਨੂੰ ਕਿਵੇਂ ਪੇਸ਼ ਕਰਦੇ ਹਨ ਅਤੇ ਬਾਈਬਲ ਦੇ ਹਵਾਲਿਆਂ ਨੂੰ ਕਿਵੇਂ ਸਮਝਾਉਂਦੇ ਹਨ।
6 ਸਾਨੂੰ ਉਮੀਦ ਹੈ ਕਿ ਦੈਵ-ਸ਼ਾਸਕੀ ਸੇਵਕਾਈ ਸਕੂਲ ਸਾਡੀ ਮਦਦ ਕਰੇਗਾ ਕਿ ਅਸੀਂ ਪਰਮੇਸ਼ੁਰ ਤੋਂ ਮਿਲੇ ਬੋਲਣ ਦੇ ਤੋਹਫ਼ੇ ਨੂੰ ਚੰਗੀ ਤਰ੍ਹਾਂ ਇਸਤੇਮਾਲ ਕਰ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕੀਏ ਤੇ ਆਪਣੇ ਮਹਾਨ ਪਰਮੇਸ਼ੁਰ ਯਹੋਵਾਹ ਦੀ ਉਸਤਤ ਕਰ ਸਕੀਏ।—ਜ਼ਬੂ. 34:1; ਅਫ਼. 6:19.