ਜ਼ਿੰਦਗੀ ਦੇ ਸਭ ਤੋਂ ਜ਼ਰੂਰੀ ਕੰਮ ਲਈ ਸਾਨੂੰ ਤਿਆਰ ਕਰਨ ਵਾਲਾ ਸਕੂਲ
1 ਲੋਕ ਜ਼ਿੰਦਗੀ ਦੇ ਟੀਚਿਆਂ ਨੂੰ ਹਾਸਲ ਕਰਨ ਦੀ ਸਿਖਲਾਈ ਲੈਣ ਲਈ ਸਕੂਲ ਜਾਂਦੇ ਹਨ। ਪਰ ਕੀ ਆਪਣੇ ਜੀਵਨਦਾਤਾ ਦੀ ਮਹਿਮਾ ਕਰਨ ਅਤੇ ਉਸ ਦੇ ਮਕਸਦਾਂ ਅਤੇ ਰਾਹਾਂ ਬਾਰੇ ਦੂਸਰਿਆਂ ਨੂੰ ਸਿਖਾਉਣ ਨਾਲੋਂ ਹੋਰ ਕੋਈ ਜ਼ਰੂਰੀ ਟੀਚਾ ਹੋ ਸਕਦਾ ਹੈ? ਨਹੀਂ। ਦੈਵ-ਸ਼ਾਸਕੀ ਸੇਵਕਾਈ ਸਕੂਲ ਦਾ ਉਦੇਸ਼ ਸਾਨੂੰ ਆਪਣੀ ਨਿਹਚਾ ਬਾਰੇ ਦੂਸਰਿਆਂ ਨੂੰ ਸਿਖਾਉਣ ਲਈ ਤਿਆਰ ਕਰਨਾ ਹੈ। ਇਸ ਤਰ੍ਹਾਂ, ਹਰ ਹਫ਼ਤੇ ਸਕੂਲ ਵਿਚ ਹਾਜ਼ਰ ਰਹਿਣ ਦੁਆਰਾ ਅਸੀਂ ਜ਼ਿੰਦਗੀ ਦੇ ਸਭ ਤੋਂ ਜ਼ਰੂਰੀ ਕੰਮ ਕਰਨ ਵਿਚ ਮਹਾਰਤ ਹਾਸਲ ਕਰਦੇ ਹਾਂ।
2 ਪਿਛਲੇ ਮਹੀਨੇ ਦੀ ਸਾਡੀ ਰਾਜ ਸੇਵਕਾਈ ਵਿਚ “ਸਾਲ 2003 ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਅਨੁਸੂਚੀ” ਦਿੱਤੀ ਗਈ ਸੀ। ਇਸ ਅਨੁਸੂਚੀ ਵਿਚ ਦੱਸਿਆ ਗਿਆ ਸੀ ਕਿ ਇਹ ਸਕੂਲ ਕਿੱਦਾਂ ਕਰਾਇਆ ਜਾਵੇਗਾ। ਇਸ ਅਨੁਸੂਚੀ ਨੂੰ ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ (ਅੰਗ੍ਰੇਜ਼ੀ) ਕਿਤਾਬ ਦੀ ਆਪਣੀ ਕਾਪੀ ਵਿਚ ਰੱਖੋ ਅਤੇ ਇਸ ਕਿਤਾਬ ਨੂੰ ਹਰ ਹਫ਼ਤੇ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਲਿਆਓ। ਸਾਲ 2003 ਦੇ ਦੈਵ-ਸ਼ਾਸਕੀ ਸੇਵਕਾਈ ਸਕੂਲ ਦੀਆਂ ਕੁਝ ਖ਼ਾਸੀਅਤਾਂ ਉੱਤੇ ਗੌਰ ਕਰੋ।
3 ਸਪੀਚ ਕੁਆਲਿਟੀ (ਭਾਸ਼ਣ ਦਾ ਗੁਣ): ਜਨਵਰੀ ਤੋਂ ਇਹ ਸਕੂਲ ਪੰਜ ਮਿੰਟਾਂ ਦੇ ਇਕ ਭਾਸ਼ਣ ਨਾਲ ਸ਼ੁਰੂ ਹੋਵੇਗਾ। ਇਸ ਵਿਚ ਇਕ ਸਪੀਚ ਕੁਆਲਿਟੀ ਜਾਂ ਪੜ੍ਹਨ, ਅਧਿਐਨ ਕਰਨ ਜਾਂ ਸਿਖਾਉਣ ਦੇ ਇਕ ਗੁਣ ਉੱਤੇ ਚਰਚਾ ਕੀਤੀ ਜਾਵੇਗੀ। ਇਹ ਆਰੰਭਕ ਭਾਸ਼ਣ ਸਕੂਲ ਨਿਗਾਹਬਾਨ ਦੇਵੇਗਾ ਜਾਂ ਉਹ ਕਿਸੇ ਹੋਰ ਯੋਗ ਬਜ਼ੁਰਗ ਨੂੰ ਇਹ ਭਾਸ਼ਣ ਨਿਯੁਕਤ ਕਰੇਗਾ। ਭਾਸ਼ਣਕਾਰ ਸਪੀਚ ਕੁਆਲਿਟੀ ਦੀ ਪਰਿਭਾਸ਼ਾ ਦੱਸ ਸਕਦਾ ਹੈ ਅਤੇ ਉਸ ਦੀ ਮਹੱਤਤਾ ਉੱਤੇ ਚਰਚਾ ਕਰ ਸਕਦਾ ਹੈ। ਫਿਰ ਉਸ ਨੂੰ ਬਾਈਬਲ ਵਿੱਚੋਂ ਕੁਝ ਮਿਸਾਲਾਂ ਦੇਣੀਆਂ ਚਾਹੀਦੀਆਂ ਹਨ ਅਤੇ ਦਿਖਾਉਣਾ ਚਾਹੀਦਾ ਹੈ ਕਿ ਇਸ ਗੁਣ ਨੂੰ ਕਿਵੇਂ ਪੈਦਾ ਕੀਤਾ ਜਾ ਸਕਦਾ ਹੈ। ਉਹ ਇਸ ਗੱਲ ਉੱਤੇ ਖ਼ਾਸ ਜ਼ੋਰ ਦੇਵੇਗਾ ਕਿ ਇਹ ਗੁਣ ਪੈਦਾ ਕਰਨ ਨਾਲ ਅਸੀਂ ਕਿੱਦਾਂ ਹੋਰ ਚੰਗੀ ਤਰ੍ਹਾਂ ਪ੍ਰਚਾਰ ਕਰ ਸਕਾਂਗੇ।
4 ਪੇਸ਼ਕਾਰੀ ਨੰ. 1: ਹਿਦਾਇਤੀ ਭਾਸ਼ਣ ਦੇਣ ਵਾਲੇ ਭਰਾਵਾਂ ਨੂੰ ਫਿਰ ਤੋਂ ਚੇਤੇ ਕਰਾਇਆ ਜਾਂਦਾ ਹੈ ਕਿ ਉਨ੍ਹਾਂ ਨੂੰ “ਜਾਣਕਾਰੀ ਦੇ ਵਿਵਹਾਰਕ ਲਾਭ ਉੱਤੇ ਧਿਆਨ ਕੇਂਦ੍ਰਿਤ” ਕਰਨਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਉਹ ਕਲੀਸਿਯਾ ਨੂੰ ਸਮਝਾਉਣਗੇ ਕਿ ਉਹ ਇਸ ਜਾਣਕਾਰੀ ਨੂੰ ਕਿੱਦਾਂ ਲਾਗੂ ਕਰ ਸਕਦੇ ਹਨ। ਜੇ ਤੁਹਾਨੂੰ ਇਹ ਭਾਸ਼ਣ ਨਿਯੁਕਤ ਕੀਤਾ ਜਾਂਦਾ ਹੈ, ਤਾਂ ਤੁਸੀਂ ਸੇਵਾ ਸਕੂਲ ਕਿਤਾਬ ਦੇ ਸਫ਼ੇ 48-9 ਪੜ੍ਹ ਸਕਦੇ ਹੋ। ਉਸ ਵਿਚ ਇਹ ਭਾਸ਼ਣ ਤਿਆਰ ਕਰਨ ਬਾਰੇ ਸੁਝਾਅ ਦਿੱਤੇ ਗਏ ਹਨ। ਕਿਤਾਬ ਦੇ ਇੰਡੈਕਸ ਵਿਚ “ਜੀਵਨ ਵਿਚ ਲਾਗੂ ਕਰਨਾ” ਹੇਠ ਦਿੱਤੇ ਸਫ਼ਿਆਂ ਦਾ ਵੀ ਅਧਿਐਨ ਕਰੋ।
5 ਬਾਈਬਲ ਪਠਨ ਅਨੁਸੂਚੀ: ਜੇ ਬੀਤੇ ਸਾਲਾਂ ਦੌਰਾਨ ਤੁਸੀਂ ਹਫ਼ਤਾਵਾਰ ਬਾਈਬਲ ਪਠਨ ਅਨੁਸੂਚੀ ਮੁਤਾਬਕ ਬਾਈਬਲ ਪੜ੍ਹਨ ਵਿਚ ਕਾਮਯਾਬ ਨਹੀਂ ਹੋਏ ਹੋ, ਤਾਂ ਤੁਸੀਂ ਇਸ ਸਾਲ ਇਸ ਤਰ੍ਹਾਂ ਕਰਨ ਦਾ ਪੱਕਾ ਇਰਾਦਾ ਕਿਉਂ ਨਹੀਂ ਕਰਦੇ? ਇਸ ਅਨੁਸੂਚੀ ਮੁਤਾਬਕ ਚੱਲਣ ਨਾਲ ਤੁਸੀਂ ਸਾਲ ਦੇ ਅੰਤ ਤਕ ਮਸੀਹੀ ਯੂਨਾਨੀ ਸ਼ਾਸਤਰ ਨੂੰ ਪੂਰਾ ਪੜ੍ਹ ਲਵੋਗੇ। ਮਸੀਹੀ ਯੂਨਾਨੀ ਸ਼ਾਸਤਰ ਵਿੱਚੋਂ ਬਾਈਬਲ ਪਠਨ ਸ਼ੁਰੂ ਕਰਨ ਦੇ ਕਈ ਲਾਭ ਹਨ ਜੋ ਕਿ ਸੇਵਾ ਸਕੂਲ ਕਿਤਾਬ ਦੇ ਸਫ਼ਾ 10, ਪੈਰਾ 4 ਵਿਚ ਦੱਸੇ ਗਏ ਹਨ।
6 ਬਾਈਬਲ ਪਠਨ ਵਿੱਚੋਂ ਖ਼ਾਸ-ਖ਼ਾਸ ਗੱਲਾਂ: ਇਸ ਭਾਗ ਦੇ ਸਮੇਂ ਨੂੰ ਵਧਾ ਕੇ ਦਸ ਮਿੰਟ ਕਰ ਦਿੱਤਾ ਗਿਆ ਹੈ ਤਾਂਕਿ ਹਫ਼ਤੇ ਦੇ ਪਠਨ ਉੱਤੇ ਹਾਜ਼ਰੀਨ ਵੀ ਟਿੱਪਣੀਆਂ ਦੇ ਸਕਣ। ਭਰਾ ਨੂੰ ਸਮੇਂ ਸਿਰ ਆਪਣਾ ਭਾਗ ਖ਼ਤਮ ਕਰਨਾ ਚਾਹੀਦਾ ਹੈ। ਇਹ ਭਾਗ ਹਰ ਹਫ਼ਤੇ, ਯਾਨੀ ਜ਼ਬਾਨੀ ਪੁਨਰ-ਵਿਚਾਰ ਦੇ ਹਫ਼ਤੇ ਦੌਰਾਨ ਵੀ ਪੇਸ਼ ਕੀਤਾ ਜਾਵੇਗਾ। ਮਿਥੇ ਗਏ ਬਾਈਬਲ ਅਧਿਆਵਾਂ ਨੂੰ ਪੜ੍ਹਦੇ ਸਮੇਂ ਅਜਿਹੀਆਂ ਗੱਲਾਂ ਲੱਭੋ ਜੋ ਤੁਹਾਡੇ ਪਰਿਵਾਰਕ ਅਧਿਐਨ, ਪ੍ਰਚਾਰ ਦੇ ਕੰਮ ਜਾਂ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਕੰਮ ਆਉਣਗੀਆਂ। ਲੋਕਾਂ ਨਾਲ ਅਤੇ ਕੌਮਾਂ ਨਾਲ ਯਹੋਵਾਹ ਦੇ ਸਲੂਕ ਤੋਂ ਅਸੀਂ ਯਹੋਵਾਹ ਦੇ ਕਿਹੜੇ ਗੁਣਾਂ ਬਾਰੇ ਸਿੱਖਦੇ ਹਾਂ? ਤੁਸੀਂ ਕੀ ਸਿੱਖਿਆ ਜਿਸ ਤੋਂ ਤੁਹਾਡੀ ਨਿਹਚਾ ਮਜ਼ਬੂਤ ਹੋਈ ਹੈ ਅਤੇ ਯਹੋਵਾਹ ਪ੍ਰਤੀ ਤੁਹਾਡੀ ਕਦਰਦਾਨੀ ਹੋਰ ਜ਼ਿਆਦਾ ਵਧੀ ਹੈ? ਤੁਸੀਂ ਮਿਥੇ ਗਏ ਅਧਿਆਵਾਂ ਵਿੱਚੋਂ ਕਿਸੇ ਵੀ ਨੁਕਤੇ ਉੱਤੇ ਟਿੱਪਣੀ ਦੇ ਸਕਦੇ ਹੋ। ਤੁਸੀਂ ਪੇਸ਼ਕਾਰੀ ਨੰ. 2 ਵਿਚ ਪੜ੍ਹੀਆਂ ਜਾਣ ਵਾਲੀਆਂ ਆਇਤਾਂ ਉੱਤੇ ਵੀ ਟਿੱਪਣੀ ਦੇ ਸਕਦੇ ਹੋ ਕਿਉਂਕਿ ਬਾਈਬਲ ਪਠਨ ਕਰਨ ਵਾਲਾ ਭਰਾ ਆਇਤਾਂ ਉੱਤੇ ਚਰਚਾ ਨਹੀਂ ਕਰੇਗਾ।
7 ਪੇਸ਼ਕਾਰੀ ਨੰ. 2: ਹਰ ਹਫ਼ਤੇ ਵਿਦਿਆਰਥੀਆਂ ਦੁਆਰਾ ਦਿੱਤੀ ਜਾਣ ਵਾਲੀ ਇਸ ਪਹਿਲੀ ਪੇਸ਼ਕਾਰੀ ਵਿਚ ਵਿਦਿਆਰਥੀ ਸਟੇਜ ਉੱਤੇ ਆ ਕੇ ਮਿਥੀ ਗਈ ਸਾਮੱਗਰੀ ਨੂੰ ਪੜ੍ਹੇਗਾ। ਮਹੀਨੇ ਦੇ ਆਖ਼ਰੀ ਹਫ਼ਤੇ ਨੂੰ ਛੱਡ ਕੇ ਬਾਕੀ ਸਾਰੇ ਹਫ਼ਤਿਆਂ ਦੌਰਾਨ ਸਾਮੱਗਰੀ ਉਸ ਹਫ਼ਤੇ ਦੇ ਬਾਈਬਲ ਪਠਨ ਵਿੱਚੋਂ ਲਈ ਜਾਵੇਗੀ। ਮਹੀਨੇ ਦੇ ਆਖ਼ਰੀ ਹਫ਼ਤੇ ਦੀ ਸਾਮੱਗਰੀ ਪਹਿਰਾਬੁਰਜ ਤੋਂ ਲਈ ਜਾਵੇਗੀ। ਵਿਦਿਆਰਥੀ ਆਪਣੇ ਪਠਨ ਤੋਂ ਪਹਿਲਾਂ ਜਾਂ ਬਾਅਦ ਵਿਚ ਕੋਈ ਟਿੱਪਣੀ ਨਹੀਂ ਦੇਵੇਗਾ। ਇਸ ਤਰ੍ਹਾਂ ਉਹ ਆਪਣੇ ਭਾਗ ਨੂੰ ਚੰਗੀ ਤਰ੍ਹਾਂ ਨਾਲ ਪੜ੍ਹਨ ਉੱਤੇ ਪੂਰਾ-ਪੂਰਾ ਧਿਆਨ ਦੇ ਸਕੇਗਾ।—1 ਤਿਮੋ. 4:13.
8 ਪੇਸ਼ਕਾਰੀ ਨੰ. 3 ਅਤੇ ਨੰ. 4: ਕੁਝ ਪੇਸ਼ਕਾਰੀਆਂ ਲਈ ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਵਿੱਚੋਂ ਕਾਫ਼ੀ ਸਾਰੀ ਸਾਮੱਗਰੀ ਦਿੱਤੀ ਗਈ ਹੈ, ਜਦੋਂ ਕਿ ਦੂਸਰੀਆਂ ਪੇਸ਼ਕਾਰੀਆਂ ਲਈ ਘੱਟ ਸਾਮੱਗਰੀ ਦਿੱਤੀ ਗਈ ਹੈ; ਕੁਝ ਪੇਸ਼ਕਾਰੀਆਂ ਦਾ ਤਾਂ ਸਿਰਫ਼ ਵਿਸ਼ਾ ਹੀ ਦਿੱਤਾ ਗਿਆ ਹੈ। ਕਈ ਭਾਸ਼ਾਵਾਂ ਵਿਚ ਤਰਕ ਕਰਨਾ ਕਿਤਾਬ ਨਾ ਹੋਣ ਕਰਕੇ ਇਕ ਹੋਰ ਕਿਤਾਬ ਦੇ ਹਵਾਲੇ ਵੀ ਦਿੱਤੇ ਗਏ ਹਨ। ਜਿਨ੍ਹਾਂ ਨੂੰ ਘੱਟ ਸਾਮੱਗਰੀ ਜਾਂ ਸਿਰਫ਼ ਵਿਸ਼ਾ ਹੀ ਦਿੱਤਾ ਜਾਂਦਾ ਹੈ, ਉਨ੍ਹਾਂ ਕੋਲ ਵਧੀਆ ਮੌਕਾ ਹੈ ਕਿ ਉਹ ਮਸੀਹੀ ਪ੍ਰਕਾਸ਼ਨਾਂ ਵਿੱਚੋਂ ਰਿਸਰਚ ਕਰ ਕੇ ਆਪਣੀ ਪੇਸ਼ਕਾਰੀ ਲਈ ਸਾਮੱਗਰੀ ਇਕੱਠੀ ਕਰਨ। ਇਹ ਖ਼ਾਸਕਰ ਭੈਣਾਂ ਲਈ ਲਾਭਦਾਇਕ ਹੋਵੇਗਾ ਕਿਉਂਕਿ ਉਹ ਆਪਣੀ ਸਹਾਇਕਣ ਮੁਤਾਬਕ ਆਪਣੀ ਪੇਸ਼ਕਾਰੀ ਨੂੰ ਢਾਲ਼ ਸਕਦੀਆਂ ਹਨ।
9 ਸੈਟਿੰਗ: ਜਿਵੇਂ ਸੇਵਾ ਸਕੂਲ ਕਿਤਾਬ ਦੇ ਸਫ਼ਾ 45 ਉੱਤੇ ਦੱਸਿਆ ਗਿਆ ਹੈ, ਸਕੂਲ ਨਿਗਾਹਬਾਨ ਵਿਦਿਆਰਥਣ ਲਈ ਇਕ ਸੈਟਿੰਗ ਚੁਣ ਸਕਦਾ ਹੈ। ਜੇ ਉਹ ਕੋਈ ਸੈਟਿੰਗ ਨਹੀਂ ਦਿੰਦਾ ਹੈ, ਤਾਂ ਭੈਣਾਂ ਸਫ਼ਾ 82 ਉੱਤੇ ਦਿੱਤੀ ਗਈ ਸੂਚੀ ਵਿੱਚੋਂ ਇਕ ਸੈਟਿੰਗ ਚੁਣ ਸਕਦੀਆਂ ਹਨ। ਜੇ ਇਕ ਭੈਣ ਹਰ ਦੋ ਮਹੀਨਿਆਂ ਬਾਅਦ ਪੇਸ਼ਕਾਰੀ ਦਿੰਦੀ ਹੈ ਅਤੇ ਹਰ ਵਾਰੀ ਉਹ ਸੂਚੀ ਵਿਚ ਦਿੱਤੀਆਂ 30 ਸੈਟਿੰਗਾਂ ਵਿੱਚੋਂ ਇਕ ਨਵੀਂ ਸੈਟਿੰਗ ਚੁਣਦੀ ਹੈ, ਤਾਂ ਪੰਜ ਸਾਲ ਤਕ ਉਹ ਵੱਖੋ-ਵੱਖਰੀ ਸੈਟਿੰਗ ਇਸਤੇਮਾਲ ਕਰ ਸਕੇਗੀ। ਸੈਟਿੰਗ ਨੰ. 30 ਯਾਨੀ “ਹੋਰ ਕੋਈ ਸੈਟਿੰਗ ਜੋ ਤੁਹਾਡੇ ਇਲਾਕੇ ਮੁਤਾਬਕ ਸਹੀ ਹੋਵੇ” ਚੁਣਨ ਵਾਲੀਆਂ ਭੈਣਾਂ ਨੂੰ ਆਪਣੀ ਪੇਸ਼ਕਾਰੀ ਨਿਯੁਕਤੀ ਪਰਚੀ (S-89) ਦੇ ਨਿਚਲੇ ਹਿੱਸੇ ਤੇ ਜਾਂ ਪਰਚੀ ਦੇ ਪਿੱਛੇ ਆਪਣੀ ਸੈਟਿੰਗ ਲਿਖਣੀ ਚਾਹੀਦੀ ਹੈ। ਸਕੂਲ ਨਿਗਾਹਬਾਨ ਵਿਦਿਆਰਥਣ ਦੀ ਕਿਤਾਬ ਦੇ ਸਫ਼ਾ 82 ਉੱਤੇ ਵਿਦਿਆਰਥਣ ਦੁਆਰਾ ਚੁਣੀ ਗਈ ਸੈਟਿੰਗ ਦੇ ਅੱਗੇ ਉਹ ਤਾਰੀਖ਼ ਲਿਖੇਗਾ ਜਿਸ ਦਿਨ ਤੇ ਇਹ ਪੇਸ਼ਕਾਰੀ ਦਿੱਤੀ ਗਈ ਸੀ। ਉਹ ਵਿਦਿਆਰਥੀ ਦੇ ਸਲਾਹ ਫਾਰਮ ਨੂੰ ਭਰਨ ਵੇਲੇ ਇਹ ਤਾਰੀਖ਼ ਲਿਖ ਸਕਦਾ ਹੈ।
10 ਸਲਾਹ ਫਾਰਮ: ਸਲਾਹ ਫਾਰਮ ਤੁਹਾਡੀ ਕਿਤਾਬ ਵਿਚ ਛਪਿਆ ਹੋਇਆ ਹੈ। ਇਹ ਸਫ਼ੇ 79-81 ਉੱਤੇ ਹੈ। ਇਸ ਲਈ ਤੁਹਾਨੂੰ ਆਪਣੀ ਹਰ ਪੇਸ਼ਕਾਰੀ ਮਗਰੋਂ ਆਪਣੀ ਕਿਤਾਬ ਸਕੂਲ ਨਿਗਾਹਬਾਨ ਨੂੰ ਦੇਣੀ ਪਵੇਗੀ। ਸਕੂਲ ਨਿਗਾਹਬਾਨ ਨੂੰ ਸਹੀ-ਸਹੀ ਰਿਕਾਰਡ ਰੱਖਣਾ ਚਾਹੀਦਾ ਹੈ ਕਿ ਵਿਦਿਆਰਥੀ ਕਿਹੜੇ ਸਲਾਹ ਨੁਕਤਿਆਂ ਉੱਤੇ ਕੰਮ ਕਰ ਰਹੇ ਹਨ।
11 ਜ਼ਬਾਨੀ ਪੁਨਰ-ਵਿਚਾਰ: ਦੈਵ-ਸ਼ਾਸਕੀ ਸੇਵਕਾਈ ਸਕੂਲ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਇਹ ਹਰ ਦੋ ਮਹੀਨਿਆਂ ਬਾਅਦ ਕੀਤਾ ਜਾਵੇਗਾ ਅਤੇ ਇਹ 30 ਮਿੰਟਾਂ ਲਈ ਹੋਵੇਗਾ। ਪੁਨਰ-ਵਿਚਾਰ ਲਈ ਸਵਾਲ ਸਾਡੀ ਰਾਜ ਸੇਵਕਾਈ ਵਿਚ ਦਿੱਤੇ ਜਾਣਗੇ। ਜੇ ਜ਼ਬਾਨੀ ਪੁਨਰ-ਵਿਚਾਰ ਦੇ ਹਫ਼ਤੇ ਦੌਰਾਨ ਸਰਕਟ ਸੰਮੇਲਨ ਹੈ ਜਾਂ ਸਰਕਟ ਨਿਗਾਹਬਾਨ ਕਲੀਸਿਯਾ ਦਾ ਦੌਰਾ ਕਰ ਰਿਹਾ ਹੈ, ਤਾਂ ਉਸ ਹਫ਼ਤੇ ਦੌਰਾਨ ਅਗਲੇ ਹਫ਼ਤੇ ਦੀਆਂ ਪੇਸ਼ਕਾਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਜ਼ਬਾਨੀ ਪੁਨਰ-ਵਿਚਾਰ ਉਸ ਤੋਂ ਅਗਲੇ ਹਫ਼ਤੇ ਕੀਤਾ ਜਾਵੇਗਾ।
12 ਵੱਖਰੀਆਂ ਕਲਾਸਾਂ: ਜੇ ਕਲੀਸਿਯਾ ਵਿਚ 50 ਤੋਂ ਜ਼ਿਆਦਾ ਵਿਦਿਆਰਥੀ ਹਨ, ਤਾਂ ਬਜ਼ੁਰਗ ਇਕ ਵੱਖਰੀ ਕਲਾਸ ਰੱਖਣ ਬਾਰੇ ਸੋਚ ਸਕਦੇ ਹਨ। “ਵੱਖਰੀ ਕਲਾਸ ਵਿਚ ਵਿਦਿਆਰਥੀਆਂ ਦੀਆਂ ਸਾਰੀਆਂ ਪੇਸ਼ਕਾਰੀਆਂ ਜਾਂ ਸਿਰਫ਼ ਆਖ਼ਰੀ ਦੋ ਪੇਸ਼ਕਾਰੀਆਂ ਦਿੱਤੀਆਂ ਜਾ ਸਕਦੀਆਂ ਹਨ।” (ਸੇਵਾ ਸਕੂਲ, ਸਫ਼ਾ 285) ਆਖ਼ਰੀ ਦੋ ਪੇਸ਼ਕਾਰੀਆਂ ਦੇਣ ਦਾ ਸੁਝਾਅ ਉਨ੍ਹਾਂ ਕਲੀਸਿਯਾਵਾਂ ਲਈ ਵਧੀਆ ਰਹੇਗਾ ਜਿਨ੍ਹਾਂ ਵਿਚ ਬਹੁਤ ਸਾਰੀਆਂ ਭੈਣਾਂ ਹਨ, ਪਰ ਪੇਸ਼ਕਾਰੀ ਨੰ. 2 ਦੇਣ ਲਈ ਭਰਾਵਾਂ ਦੀ ਗਿਣਤੀ ਘੱਟ ਹੈ। ਬਜ਼ੁਰਗ ਇਨ੍ਹਾਂ ਵੱਖਰੀਆਂ ਕਲਾਸਾਂ ਦੀ ਨਿਗਰਾਨੀ ਯੋਗ ਭਰਾਵਾਂ ਨੂੰ ਸੌਂਪਣਗੇ।
13 ਸਹਾਇਕ ਸਲਾਹਕਾਰ: ਜਿਵੇਂ ਦੈਵ-ਸ਼ਾਸਕੀ ਸੇਵਕਾਈ ਸਕੂਲ ਅਨੁਸੂਚੀ ਵਿਚ ਦੱਸਿਆ ਗਿਆ ਹੈ, ਬਜ਼ੁਰਗਾਂ ਦੇ ਸਮੂਹ ਨੂੰ ਇਕ ਸਹਾਇਕ ਸਲਾਹਕਾਰ ਚੁਣਨਾ ਚਾਹੀਦਾ ਹੈ ਜੋ ਬਾਈਬਲ ਦੀਆਂ ਖ਼ਾਸ-ਖ਼ਾਸ ਗੱਲਾਂ ਉੱਤੇ ਚਰਚਾ ਕਰਨ ਵਾਲੇ ਅਤੇ ਹਿਦਾਇਤੀ ਭਾਸ਼ਣ ਦੇਣ ਵਾਲੇ ਬਜ਼ੁਰਗਾਂ ਤੇ ਸਹਾਇਕ ਸੇਵਕਾਂ ਨੂੰ ਨਿੱਜੀ ਤੌਰ ਤੇ ਸਲਾਹ ਦੇਵੇਗਾ। ਇਸ ਹੈਸੀਅਤ ਵਿਚ ਸੇਵਾ ਕਰਨ ਵਾਲਾ ਭਰਾ ਤਜਰਬੇਕਾਰ ਹੋਣਾ ਚਾਹੀਦਾ ਹੈ ਜਿਸ ਦੀ ਸਲਾਹ ਦਾ ਦੂਸਰੇ ਬਜ਼ੁਰਗ ਆਦਰ ਕਰਨਗੇ। ਉਸ ਦੀ ਸਲਾਹ ਉਸਾਰੂ ਹੋਣੀ ਚਾਹੀਦੀ ਹੈ। ਉਹ ਭਰਾਵਾਂ ਦੇ ਭਾਸ਼ਣ ਦੇਣ ਦੇ ਚੰਗੇ ਗੁਣਾਂ ਅਤੇ ਸਿਖਾਉਣ ਦੇ ਵਧੀਆ ਤਰੀਕਿਆਂ ਦੀ ਤਾਰੀਫ਼ ਕਰੇਗਾ ਅਤੇ ਇਕ-ਦੋ ਗੱਲਾਂ ਵਿਚ ਸੁਧਾਰ ਕਰਨ ਲਈ ਸੁਝਾਅ ਦੇਵੇਗਾ। ਤਜਰਬੇਕਾਰ ਭਾਸ਼ਣਕਾਰਾਂ ਨੂੰ ਹਰ ਭਾਸ਼ਣ ਮਗਰੋਂ ਸਲਾਹ ਦੇਣ ਦੀ ਲੋੜ ਨਹੀਂ। ਫਿਰ ਵੀ, ਸਹਾਇਕ ਸਲਾਹਕਾਰ ਇਸ ਗੱਲ ਦਾ ਧਿਆਨ ਰੱਖੇਗਾ ਕਿ ਕਿਨ੍ਹਾਂ ਨੂੰ ਕਿਹੜੀਆਂ ਗੱਲਾਂ ਵਿਚ ਸੁਧਾਰ ਕਰਨ ਦੀ ਲੋੜ ਹੈ। ਉਹ ਜਾਣਦਾ ਹੈ ਕਿ ਪਬਲਿਕ ਭਾਸ਼ਣ ਦੇਣ ਵਾਲੇ ਭਰਾ ਵੀ ਤਰੱਕੀ ਕਰ ਸਕਦੇ ਹਨ।—1 ਤਿਮੋ. 4:15.
14 ਕਿਨ੍ਹਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ: ਭੈਣਾਂ-ਭਰਾਵਾਂ ਦੀਆਂ ਪੇਸ਼ਕਾਰੀਆਂ ਨੂੰ ਸਲਾਹਕਾਰ ਕਿਵੇਂ ਜਾਂਚ ਸਕਦਾ ਹੈ? ਸੇਵਾ ਸਕੂਲ ਕਿਤਾਬ ਦੇ 53 ਅੰਕਿਤ ਅਧਿਆਵਾਂ ਵਿੱਚੋਂ ਜ਼ਿਆਦਾਤਰ ਅਧਿਆਵਾਂ ਵਿਚ ਤੀਸਰੀ ਡੱਬੀ ਵਿਚ ਸਾਰ ਦਿੱਤਾ ਗਿਆ ਹੈ ਕਿ ਸਲਾਹਕਾਰ ਨੂੰ ਕਿਨ੍ਹਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਸਕੂਲ ਨਿਗਾਹਬਾਨ ਕਿਤਾਬ ਵਿਚ ਦਿੱਤੀਆਂ ਦੂਸਰੀਆਂ ਗੱਲਾਂ ਜਾਂ ਸੁਝਾਵਾਂ ਉੱਤੇ ਵੀ ਗੌਰ ਕਰੇਗਾ ਜੋ ਪੇਸ਼ਕਾਰੀ ਦੇ ਤਰਕ ਅਤੇ ਅਸਰ ਨੂੰ ਜਲਦੀ ਨਾਲ ਪਰਖਣ ਵਿਚ ਉਸ ਦੀ ਮਦਦ ਕਰਨਗੇ। ਮਿਸਾਲ ਲਈ, ਸਫ਼ਾ 55 ਦੇ ਉੱਪਰ ਦਿੱਤੇ ਸਵਾਲਾਂ ਦੀ ਲੜੀ ਅਤੇ ਸਫ਼ਾ 163 ਦੇ ਆਖ਼ਰੀ ਪੈਰੇ ਵਿਚ ਦਿੱਤੇ ਵਿਚਾਰਾਂ ਵੱਲ ਧਿਆਨ ਦਿਓ।
15 ਖਾਲੀ ਥਾਂਵਾਂ ਭਰੋ: ਸੇਵਾ ਸਕੂਲ ਕਿਤਾਬ ਵਿਚ ਵੱਡੇ ਹਾਸ਼ੀਏ ਤੋਂ ਇਲਾਵਾ ਕਈ ਪੰਨਿਆਂ ਉੱਤੇ ਤੁਹਾਡੇ ਲਈ ਖਾਲੀ ਥਾਂ ਵੀ ਛੱਡੀ ਗਈ ਹੈ, ਤਾਂਕਿ ਤੁਸੀਂ ਨਿੱਜੀ ਅਧਿਐਨ ਕਰਦੇ ਸਮੇਂ ਅਤੇ ਦੈਵ-ਸ਼ਾਸਕੀ ਸੇਵਕਾਈ ਸਕੂਲ ਦੌਰਾਨ ਇਸ ਵਿਚ ਨੋਟਸ ਲਿਖ ਸਕੋ। (ਸਫ਼ੇ 77, 92, 165, 243, 246 ਅਤੇ 250 ਦੇਖੋ।) ਹਰ ਹਫ਼ਤੇ ਆਪਣੇ ਨਾਲ ਆਪਣੀ ਕਿਤਾਬ ਲਿਆਉਣੀ ਨਾ ਭੁੱਲੋ। ਆਰੰਭਕ ਭਾਸ਼ਣ ਦੌਰਾਨ ਦੱਸੇ ਗਏ ਨੁਕਤਿਆਂ ਨੂੰ ਆਪਣੀ ਕਿਤਾਬ ਵਿੱਚੋਂ ਦੇਖੋ। ਪੂਰੇ ਸਕੂਲ ਦੌਰਾਨ ਇਸ ਨੂੰ ਖੋਲ੍ਹ ਕੇ ਰੱਖੋ। ਸਕੂਲ ਨਿਗਾਹਬਾਨ ਦੇ ਸੁਝਾਵਾਂ ਨੂੰ ਧਿਆਨ ਨਾਲ ਸੁਣੋ। ਪੇਸ਼ਕਾਰੀਆਂ ਵੱਲ ਧਿਆਨ ਦਿਓ ਕਿ ਭੈਣ-ਭਰਾ ਸਿਖਾਉਣ ਦੇ ਕਿਹੜੇ ਤਰੀਕੇ, ਸਵਾਲ, ਅਲੰਕਾਰ, ਉਦਾਹਰਣਾਂ, ਦ੍ਰਿਸ਼ਟਾਂਤ, ਸਹਾਇਕ ਸਾਧਨ ਅਤੇ ਸਮਾਨਤਾ-ਅਸਮਾਨਤਾ ਇਸਤੇਮਾਲ ਕਰਦੇ ਹਨ। ਨੋਟਸ ਲੈਣ ਦੁਆਰਾ ਤੁਸੀਂ ਸਕੂਲ ਵਿਚ ਸਿੱਖੇ ਬਹੁਤ ਸਾਰੇ ਵਧੀਆ ਨੁਕਤਿਆਂ ਨੂੰ ਚੇਤੇ ਕਰ ਕੇ ਇਸਤੇਮਾਲ ਕਰ ਸਕੋਗੇ।
16 ਯਿਸੂ ਮਸੀਹ ਜਾਣਦਾ ਸੀ ਕਿ ਇਨਸਾਨਾਂ ਲਈ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਇਕ ਬਹੁਤ ਹੀ ਵੱਡਾ ਵਿਸ਼ੇਸ਼-ਸਨਮਾਨ ਹੈ। ਇਹੋ ਯਿਸੂ ਦਾ ਮੁੱਖ ਕੰਮ ਸੀ। (ਮਰ. 1:38) ਉਸ ਨੇ ਕਿਹਾ: “ਮੈਨੂੰ ਚਾਹੀਦਾ ਹੈ ਜੋ . . . ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਵਾਂ ਕਿਉਂਕਿ ਮੈਂ ਇਸੇ ਲਈ ਘੱਲਿਆ ਗਿਆ।” (ਲੂਕਾ 4:43) ਅਸੀਂ ਉਸ ਦੇ ਚੇਲੇ ਬਣਨ ਦੇ ਸੱਦੇ ਨੂੰ ਸਵੀਕਾਰ ਕੀਤਾ ਹੈ, ਇਸ ਲਈ ਅਸੀਂ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਰੁੱਝੇ ਹੋਏ ਹਾਂ। ਸਾਡੀ ਇਹੋ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਹੋਰ ਵਧੀਆ ਤਰੀਕੇ ਨਾਲ “ਉਸਤਤ ਦਾ ਬਲੀਦਾਨ” ਚੜ੍ਹਾਈਏ। (ਇਬ. 13:15) ਇਸ ਲਈ, ਆਓ ਆਪਾਂ ਪੱਕਾ ਫ਼ੈਸਲਾ ਕਰੀਏ ਕਿ ਅਸੀਂ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਬਾਕਾਇਦਾ ਹਿੱਸਾ ਲਵਾਂਗੇ, ਕਿਉਂਕਿ ਇਹ ਸਕੂਲ ਸਾਨੂੰ ਜ਼ਿੰਦਗੀ ਦੇ ਸਭ ਤੋਂ ਜ਼ਰੂਰੀ ਕੰਮ ਲਈ ਤਿਆਰ ਕਰਦਾ ਹੈ।