ਅਗਵਾਈ ਕਰਨ ਵਾਲੇ ਨਿਗਾਹਬਾਨ—ਦੈਵ-ਸ਼ਾਸਕੀ ਸੇਵਕਾਈ ਸਕੂਲ ਨਿਗਾਹਬਾਨ
1 ਦੈਵ-ਸ਼ਾਸਕੀ ਸੇਵਕਾਈ ਸਕੂਲ ਨਿਗਾਹਬਾਨ ਇਕ ਅਧਿਆਤਮਿਕ ਤੌਰ ਤੇ ਬਜ਼ੁਰਗ ਭਰਾ ਹੁੰਦਾ ਹੈ ਜੋ ਬਚਨ ਸੁਣਾਉਣ ਅਤੇ ਸਿੱਖਿਆ ਦੇਣ ਵਿਚ ਸਖ਼ਤ ਮਿਹਨਤ ਕਰਦਾ ਹੈ, ਅਤੇ ਜੋ ਸਾਡੇ ਆਦਰ ਅਤੇ ਸਹਿਯੋਗ ਦੇ ਯੋਗ ਹੁੰਦਾ ਹੈ। (1 ਤਿਮੋ. 5:17) ਉਸ ਦੀਆਂ ਕਿਹੜੀਆਂ-ਕਿਹੜੀਆਂ ਜ਼ਿੰਮੇਵਾਰੀਆਂ ਹਨ?
2 ਰਾਜ-ਗ੍ਰਹਿ ਦੀ ਦੈਵ-ਸ਼ਾਸਕੀ ਸੇਵਕਾਈ ਸਕੂਲ ਲਾਇਬ੍ਰੇਰੀ ਉਸ ਦੀ ਦੇਖ-ਰੇਖ ਅਧੀਨ ਆਉਂਦੀ ਹੈ। ਉਹ ਉਨ੍ਹਾਂ ਸਾਰਿਆਂ ਨੂੰ ਉਤਸ਼ਾਹਿਤ ਕਰਨ ਵਿਚ ਗਹਿਰੀ ਦਿਲਚਸਪੀ ਰੱਖਦਾ ਹੈ, ਜੋ ਸਕੂਲ ਵਿਚ ਨਾਂ ਲਿਖਾਉਣ ਦੇ ਯੋਗ ਹਨ। ਉਹ ਇਹ ਨਿਸ਼ਚਿਤ ਕਰਦਾ ਹੈ ਕਿ ਸਹੀ ਰਿਕਾਰਡ ਰੱਖਿਆ ਗਿਆ ਹੈ ਤਾਂਕਿ ਹਰ ਸਕੂਲ ਸੈਸ਼ਨ ਤੋਂ ਘੱਟੋ-ਘੱਟ ਤਿੰਨ ਹਫ਼ਤੇ ਪਹਿਲਾਂ ਨਿਯੁਕਤੀਆਂ ਤਰਤੀਬ ਅਨੁਸਾਰ ਦਿੱਤੀਆਂ ਜਾ ਸਕਣ। ਉਸ ਨੂੰ ਕਲੀਸਿਯਾ ਨੂੰ ਚੰਗੀ ਤਰ੍ਹਾਂ ਜਾਣਨ ਦੀ ਲੋੜ ਹੈ, ਅਤੇ ਉਸ ਨੂੰ ਹਰੇਕ ਵਿਦਿਆਰਥੀ ਤੇ ਉਸ ਦੀਆਂ ਯੋਗਤਾਵਾਂ ਨੂੰ ਮਨ ਵਿਚ ਰੱਖਣਾ ਚਾਹੀਦਾ ਹੈ। ਚਾਹੇ ਸਕੂਲ ਅਨੁਸੂਚੀ ਬਣਾਉਣ ਵਿਚ ਕੋਈ ਦੂਸਰਾ ਭਰਾ ਉਸ ਦੀ ਮਦਦ ਕਰ ਸਕਦਾ ਹੈ, ਪਰ ਨਿਯੁਕਤੀਆਂ ਨੂੰ ਸਹੀ ਢੰਗ ਨਾਲ ਵੰਡਣ ਦਾ ਕੰਮ ਨਿਗਾਹਬਾਨ ਦੀ ਆਪਣੀ ਨਿਗਰਾਨੀ ਅਧੀਨ ਹੋਣਾ ਚਾਹੀਦਾ ਹੈ।
3 ਸਕੂਲ ਵਿਚ ਵਧੀਆ ਢੰਗ ਨਾਲ ਸਿਖਾਉਣ ਲਈ, ਸਕੂਲ ਨਿਗਾਹਬਾਨ ਨੂੰ ਹਰ ਹਫ਼ਤੇ ਨਿਯੁਕਤ ਸਾਮੱਗਰੀ ਦਾ ਚੰਗੀ ਤਰ੍ਹਾਂ ਅਧਿਐਨ ਕਰਦੇ ਹੋਏ ਮੁਕੰਮਲ ਤਿਆਰੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਉਹ ਪਾਠਕ੍ਰਮ ਵਿਚ ਕਲੀਸਿਯਾ ਦੀ ਦਿਲਚਸਪੀ ਨੂੰ ਜਗਾਈ ਰੱਖ ਸਕੇਗਾ, ਅਤੇ ਇਹ ਨਿਸ਼ਚਿਤ ਕਰ ਸਕੇਗਾ ਕਿ ਨਿਯੁਕਤ ਸਾਮੱਗਰੀ ਨੂੰ ਸਹੀ ਤਰੀਕੇ ਨਾਲ ਪੂਰਾ ਕੀਤਾ ਗਿਆ ਹੈ ਜਾਂ ਨਹੀਂ। ਉਹ ਉਨ੍ਹਾਂ ਮਹੱਤਵਪੂਰਣ ਨੁਕਤਿਆਂ ਨੂੰ ਵੀ ਉਜਾਗਰ ਕਰ ਸਕੇਗਾ ਜਿਹੜੇ ਕਿ ਲਿਖਤੀ ਪੁਨਰ-ਵਿਚਾਰ ਵਿਚ ਸ਼ਾਮਲ ਕੀਤੇ ਜਾਣਗੇ।
4 ਹਰੇਕ ਵਿਦਿਆਰਥੀ ਦੇ ਭਾਸ਼ਣ ਤੋਂ ਬਾਅਦ, ਨਿਗਾਹਬਾਨ ਵਿਦਿਆਰਥੀ ਦੀ ਸ਼ਲਾਘਾ ਕਰੇਗਾ ਅਤੇ ਸਮਝਾਏਗਾ ਕਿ ਜਿਸ ਗੁਣ ਉੱਤੇ ਉਹ ਕੰਮ ਕਰ ਰਿਹਾ ਸੀ, ਉਸ ਵਿਚ ਉਸ ਨੇ ਕਿਵੇਂ ਵਧੀਆ ਕੀਤਾ ਹੈ ਜਾਂ ਕਿਉਂ ਉਸ ਵਿਚ ਸੁਧਾਰ ਦੀ ਜ਼ਰੂਰਤ ਹੈ। ਜੇਕਰ ਕਿਸੇ ਵਿਦਿਆਰਥੀ ਨੂੰ ਸਕੂਲ ਦੀ ਨਿਯੁਕਤੀ ਤਿਆਰ ਕਰਨ ਵਾਸਤੇ ਹੋਰ ਜ਼ਿਆਦਾ ਮਦਦ ਦੀ ਜ਼ਰੂਰਤ ਹੈ, ਤਾਂ ਸਕੂਲ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਕੀਤਾ ਗਿਆ ਕੋਈ ਹੋਰ ਵਿਅਕਤੀ ਨਿੱਜੀ ਤੌਰ ਤੇ ਉਸ ਦੀ ਮਦਦ ਕਰ ਸਕਦਾ ਹੈ।
5 ਦੈਵ-ਸ਼ਾਸਕੀ ਸੇਵਕਾਈ ਸਕੂਲ ਨਿਗਾਹਬਾਨ ਅਤੇ ਉਸ ਤੋਂ ਇਲਾਵਾ ਦੂਸਰੇ ਸਲਾਹਕਾਰ ਜੋ ਉਸ ਦੇ ਨਿਰਦੇਸ਼ਨ ਅਧੀਨ ਕੰਮ ਕਰਦੇ ਹਨ, ਦੀ ਸਖ਼ਤ ਮਿਹਨਤ ਤੋਂ ਪੂਰਾ ਫ਼ਾਇਦਾ ਲੈਣ ਲਈ ਸਾਨੂੰ ਸਕੂਲ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੋਣਾ ਚਾਹੀਦਾ ਹੈ। ਸਾਨੂੰ ਆਪਣੀਆਂ ਸਾਰੀਆਂ ਨਿਯੁਕਤੀਆਂ ਵੀ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਜੋ ਸਲਾਹ ਸਾਨੂੰ ਅਤੇ ਦੂਸਰੇ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ, ਉਸ ਨੂੰ ਲਾਗੂ ਕਰਨਾ ਚਾਹੀਦਾ ਹੈ। ਇਸ ਤਰੀਕੇ ਨਾਲ, ਅਸੀਂ ਜਨਤਕ ਤੌਰ ਤੇ ਅਤੇ ਘਰ-ਘਰ ਰਾਜ ਸੰਦੇਸ਼ ਸੁਣਾਉਣ ਦੀ ਆਪਣੀ ਯੋਗਤਾ ਨੂੰ ਵਧਾਉਂਦੇ ਜਾਵਾਂਗੇ।—ਰਸੂ. 20:20; 1 ਤਿਮੋ. 4:13, 15.