ਕਈ ਭਾਸ਼ਾਵਾਂ ਵਿਚ ਟ੍ਰੈਕਟਾਂ ਦੀ ਦੱਥੀ
1 ਭਾਰਤ ਵਿਚ ਪ੍ਰਚਾਰ ਦਾ ਕੰਮ ਕਰਨਾ ਵੱਡੀ ਚੁਣੌਤੀ ਹੈ ਕਿਉਂਕਿ ਇਸ ਦੇ 28 ਰਾਜਾਂ ਵਿਚ 1600 ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। (ਮੱਤੀ 24:14; ਪਰ. 7:9) ਬਹੁਤ ਸਾਰੇ ਪਬਲੀਸ਼ਰ ਇਸ ਚੁਣੌਤੀ ਦਾ ਕਾਮਯਾਬੀ ਨਾਲ ਸਾਮ੍ਹਣਾ ਕਰਦੇ ਹਨ। ਉਹ ਸਿਰਫ਼ ਆਪਣੀ ਭਾਸ਼ਾ ਦੇ ਲੋਕਾਂ ਨੂੰ ਹੀ ਪ੍ਰਚਾਰ ਨਹੀਂ ਕਰਦੇ, ਸਗੋਂ ਆਪਣੇ ਇਲਾਕੇ ਵਿਚ ਹੋਰ “ਉੱਮਤਾਂ ਅਤੇ ਭਾਖਿਆਂ” ਦੇ ਲੋਕਾਂ ਨੂੰ ਵੀ ਪ੍ਰਚਾਰ ਕਰਦੇ ਹਨ। ਤੁਸੀਂ ਵੀ ਸ਼ਾਇਦ ਕਈ ਭਾਸ਼ਾਵਾਂ ਜਾਣਦੇ ਹੋਵੋਗੇ ਜਾਂ ਫਿਰ ਹਿੰਦੀ ਜਾਂ ਅੰਗ੍ਰੇਜ਼ੀ ਵਰਗੀਆਂ ਆਮ ਭਾਸ਼ਾਵਾਂ ਦੀ ਮਦਦ ਨਾਲ ਲੋਕਾਂ ਨਾਲ ਗੱਲ ਕਰਦੇ ਹੋ। ਜੇ ਨਹੀਂ ਤਾਂ ਤੁਸੀਂ ਲੋੜ ਪੈਣ ਤੇ ਸਾਰੀਆਂ ਕੌਮਾਂ ਲਈ ਖ਼ੁਸ਼ ਖ਼ਬਰੀ ਨਾਂ ਦੀ ਕਿਤਾਬ ਇਸਤੇਮਾਲ ਕਰਦੇ ਹੋਣੇ।
2 ਸਾਰੇ ਪਬਲੀਸ਼ਰ ਇਸ ਗੱਲ ਦੀ ਕਦਰ ਕਰਦੇ ਹਨ ਕਿ ਸੰਸਥਾ ਭਾਰਤ ਦੀਆਂ 26 ਭਾਸ਼ਾਵਾਂ ਵਿਚ ਬਾਈਬਲ ਸਾਹਿੱਤ ਮੁਹੱਈਆ ਕਰਾ ਕੇ ਪ੍ਰਚਾਰ ਦੇ ਕੰਮ ਵਿਚ ਮਦਦ ਕਰਦੀ ਹੈ। ਫਿਰ ਵੀ ਉਦੋਂ ਨਿਰਾਸ਼ਾ ਹੁੰਦੀ ਹੈ ਜਦੋਂ ਦਿਲਚਸਪੀ ਦਿਖਾਉਣ ਵਾਲੇ ਵਿਅਕਤੀ ਦੀ ਭਾਸ਼ਾ ਵਿਚ ਤੁਹਾਡੇ ਕੋਲ ਜਾਂ ਕਲੀਸਿਯਾ ਦੇ ਸਟਾਕ ਵਿਚ ਸਾਹਿੱਤ ਨਹੀਂ ਹੁੰਦਾ। ਕਿੰਨੀ ਵਧੀਆ ਗੱਲ ਹੋਵੇਗੀ ਜੇ ਅਸੀਂ ਦਿਲਚਸਪੀ ਦਿਖਾਉਣ ਵਾਲੇ ਵਿਅਕਤੀ ਨੂੰ ਬਾਈਬਲ ਸਾਹਿੱਤ ਦੇ ਸਕੀਏ, ਉਹ ਵੀ ਉਸ ਦੀ ਆਪਣੀ ਭਾਸ਼ਾ ਵਿਚ!
3 ਇਸ ਤਰ੍ਹਾਂ ਕਰਨ ਵਿਚ ਸਾਡੀ ਮਦਦ ਕਰਨ ਲਈ, ਹੁਣ ਕਲੀਸਿਯਾਵਾਂ ਵਾਚਟਾਵਰ ਪਬਲੀਕੇਸ਼ਨ ਲਿਸਟ ਵਿਚ ਦਰਜ ਸਾਰੀਆਂ ਭਾਸ਼ਾਵਾਂ ਤੋਂ ਇਲਾਵਾ ਚੀਨੀ, ਫਾਰਸੀ ਤੇ ਫਰਾਂਸੀਸੀ ਵਰਗੀਆਂ ਵਿਦੇਸ਼ੀ ਭਾਸ਼ਾਵਾਂ ਵਿਚ ਵੀ ਥੋੜ੍ਹੀ-ਥੋੜ੍ਹੀ ਗਿਣਤੀ ਵਿਚ ਟ੍ਰੈਕਟ ਮੰਗਵਾ ਸਕਦੀਆਂ ਹਨ। ਫਿਰ ਹਰ ਪਬਲੀਸ਼ਰ ਆਪਣੇ ਇਲਾਕੇ ਦੀ ਜ਼ਰੂਰਤ ਅਨੁਸਾਰ 10, 15 ਜਾਂ 20 ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਟ੍ਰੈਕਟਾਂ ਦੀ ਦੱਥੀ ਬਣਾ ਸਕਦਾ ਹੈ। ਕਲੀਸਿਯਾ ਦੀ ਸੇਵਾ ਕਮੇਟੀ ਵਾਚਟਾਵਰ ਪਬਲੀਕੇਸ਼ਨ ਲਿਸਟ ਦੀ ਮਦਦ ਨਾਲ ਫ਼ੈਸਲਾ ਕਰ ਸਕਦੀ ਹੈ ਕਿ ਕਲੀਸਿਯਾ ਦੇ ਇਲਾਕੇ ਲਈ ਕਿਹੜੀਆਂ ਭਾਸ਼ਾਵਾਂ ਵਿਚ ਟ੍ਰੈਕਟ ਮੰਗਵਾਉਣੇ ਹਨ ਤੇ ਇਨ੍ਹਾਂ ਭਾਸ਼ਾਵਾਂ ਵਿਚ ਕਿਹੜੇ ਟ੍ਰੈਕਟ ਕਾਰਗਰ ਸਾਬਤ ਹੋਣਗੇ।
4 ਪਬਲੀਸ਼ਰ ਆਪਣੀ ਦੱਥੀ ਵਿੱਚੋਂ ਲੋਕਾਂ ਨੂੰ ਟ੍ਰੈਕਟ ਦੇਣ ਤੋਂ ਬਾਅਦ ਕਲੀਸਿਯਾ ਦੇ ਸਟਾਕ ਵਿੱਚੋਂ ਟ੍ਰੈਕਟਾਂ ਦੀਆਂ ਹੋਰ ਕਾਪੀਆਂ ਲੈ ਸਕਦੇ ਹਨ। ਇਸ ਤਰ੍ਹਾਂ ਉਨ੍ਹਾਂ ਕੋਲ ਪ੍ਰਚਾਰ ਦੌਰਾਨ ਹਮੇਸ਼ਾ ਕਈ ਭਾਸ਼ਾਵਾਂ ਵਿਚ ਸਾਹਿੱਤ ਹੋਵੇਗਾ। ਇਸ ਤੋਂ ਇਲਾਵਾ, ਪੂਰੀ ਦੱਥੀ ਦਿਖਾ ਕੇ ਅਸੀਂ ਲੋਕਾਂ ਨੂੰ ਸਮਝਾ ਸਕਦੇ ਹਾਂ ਕਿ ਅਸੀਂ ਕਿਸੇ ਵੀ ਭਾਸ਼ਾ ਜਾਂ ਤਬਕੇ ਦੇ ਲੋਕਾਂ ਨਾਲ ਪੱਖਪਾਤ ਨਹੀਂ ਕਰਦੇ ਅਤੇ ਸਾਰੇ ਲੋਕਾਂ ਨੂੰ ਪ੍ਰਚਾਰ ਕਰਨ ਦੇ ਹੁਕਮ ਨੂੰ ਗੰਭੀਰਤਾ ਨਾਲ ਲੈਂਦੇ ਹਾਂ।
5 ਕੁਝ ਭਾਸ਼ਾਵਾਂ ਦੇ ਟ੍ਰੈਕਟ ਸ਼ਾਇਦ ਹੀ ਕਦੇ ਇਸਤੇਮਾਲ ਹੋਣ, ਇਸ ਲਈ ਉਨ੍ਹਾਂ ਨੂੰ ਧਿਆਨ ਨਾਲ ਰੱਖਣਾ ਚਾਹੀਦਾ ਹੈ ਤਾਂਕਿ ਉਹ ਖ਼ਰਾਬ ਨਾ ਹੋਣ। ਲੋਕਾਂ ਨੂੰ ਸਾਫ਼-ਸੁਥਰੇ ਟ੍ਰੈਕਟ ਦੇਣ ਨਾਲ ਅਸੀਂ ਆਪਣੇ ਸੰਦੇਸ਼ ਨੂੰ ‘ਸਿੰਗਾਰਦੇ’ ਹਾਂ। (ਤੀਤੁ. 2:10) ਫਟੇ-ਪੁਰਾਣੇ ਟ੍ਰੈਕਟ ਸੁੱਟ ਕੇ ਨਵੇਂ ਟ੍ਰੈਕਟ ਰੱਖੋ।
6 ਹਰ ਸਾਲ ਭਾਰਤ ਦੇ ਬ੍ਰਾਂਚ ਆਫਿਸ ਵਿਚ 26 ਭਾਸ਼ਾਵਾਂ ਵਿਚ 46,00,000 ਟ੍ਰੈਕਟ ਛਾਪੇ ਜਾਂਦੇ ਹਨ। ਆਓ ਆਪਾਂ ਸਾਰੀਆਂ ਭਾਸ਼ਾਵਾਂ ਦੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਟ੍ਰੈਕਟ ਦੇ ਕੇ ਯਹੋਵਾਹ ਦੀ ਸੇਵਾ ਕਰਨ ਵਿਚ ਮਦਦ ਕਰੀਏ।—ਯਸਾ. 2:2, 3.