ਪ੍ਰਸ਼ਨ ਡੱਬੀ
◼ ਬਾਈਬਲ ਵਿਸ਼ਿਆਂ ਉੱਤੇ ਰਿਸਰਚ ਕਰਨ ਜਾਂ ਤਰਕ-ਵਿਤਰਕ ਕਰਨ ਲਈ ਕਈ ਯਹੋਵਾਹ ਦੇ ਗਵਾਹਾਂ ਨੇ ਗਰੁੱਪ ਬਣਾਏ ਹੋਏ ਹਨ। ਕੀ “ਮਾਤਬਰ ਅਤੇ ਬੁੱਧਵਾਨ ਨੌਕਰ” ਅਜਿਹੇ ਗਰੁੱਪਾਂ ਨੂੰ ਮਨਜ਼ੂਰੀ ਦਿੰਦਾ ਹੈ?—ਮੱਤੀ 24:45, 47.
ਇਸ ਦਾ ਜਵਾਬ ਹੈ ਨਹੀਂ। ਦੁਨੀਆਂ ਦੇ ਕਈ ਹਿੱਸਿਆਂ ਵਿਚ ਸਾਡੀ ਸੰਸਥਾ ਨਾਲ ਜੁੜੇ ਕੁਝ ਲੋਕਾਂ ਨੇ ਅਜਿਹੇ ਗਰੁੱਪ ਬਣਾਏ ਹੋਏ ਹਨ। ਇਹ ਲੋਕ ਮਿਲ ਕੇ ਪੁਰਾਣੀਆਂ ਇਬਰਾਨੀ ਅਤੇ ਯੂਨਾਨੀ ਭਾਸ਼ਾਵਾਂ ਦੀ ਸਟੱਡੀ ਕਰਦੇ ਹਨ ਤਾਂਕਿ ਉਹ ਇਹ ਪਰਖ ਸਕਣ ਕਿ ਨਿਊ ਵਰਲਡ ਟ੍ਰਾਂਸਲੇਸ਼ਨ ਬਾਈਬਲ ਦਾ ਅਨੁਵਾਦ ਸਹੀ ਹੈ ਜਾਂ ਨਹੀਂ। ਕੁਝ ਗਰੁੱਪ ਬਾਈਬਲ ਨਾਲ ਜੁੜੇ ਵਿਗਿਆਨਕ ਵਿਸ਼ਿਆਂ ਉੱਤੇ ਰਿਸਰਚ ਕਰਦੇ ਹਨ। ਕਈਆਂ ਨੇ ਤਾਂ ਇੰਟਰਨੈੱਟ ਉੱਤੇ ਵੈੱਬ-ਸਾਈਟਾਂ ਅਤੇ ਚੈਟ ਰੂਮ ਵੀ ਬਣਾਏ ਹਨ ਜਿਨ੍ਹਾਂ ਵਿਚ ਜਾ ਕੇ ਵੱਖ-ਵੱਖ ਭੈਣ-ਭਰਾ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਨ। ਉਹ ਕਾਨਫਰੰਸ ਵੀ ਕਰਦੇ ਹਨ। ਕੁਝ ਲੋਕਾਂ ਨੇ ਆਪਣੀ ਰਿਸਰਚ ਦੇ ਨਤੀਜਿਆਂ ਦੀਆਂ ਕਿਤਾਬਾਂ ਵੀ ਛਾਪੀਆਂ ਹਨ ਤਾਂਕਿ ਦੂਸਰੇ ਭੈਣ-ਭਰਾ ਸੰਸਥਾ ਵੱਲੋਂ ਛਾਪੇ ਸਾਹਿੱਤ ਅਤੇ ਮਸੀਹੀ ਸਭਾਵਾਂ ਵਿਚ ਮਿਲਣ ਵਾਲੀ ਜਾਣਕਾਰੀ ਤੋਂ ਇਲਾਵਾ ਉਨ੍ਹਾਂ ਦੀ ਰਿਸਰਚ ਤੋਂ ਵੀ ਫ਼ਾਇਦਾ ਲੈ ਸਕਣ।
ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਨੂੰ ਸਭਾਵਾਂ, ਸੰਮੇਲਨਾਂ ਅਤੇ ਸੰਸਥਾ ਦੁਆਰਾ ਤਿਆਰ ਕੀਤੇ ਸਾਹਿੱਤ ਤੋਂ ਬੇਸ਼ੁਮਾਰ ਜਾਣਕਾਰੀ ਮਿਲਦੀ ਹੈ। ਯਹੋਵਾਹ ਆਪਣੀ ਪਵਿੱਤਰ ਆਤਮਾ ਅਤੇ ਆਪਣੇ ਬਚਨ ਬਾਈਬਲ ਦੁਆਰਾ ਆਪਣੇ ਭਗਤਾਂ ਨੂੰ ਲੋੜੀਂਦੀ ਸਿੱਖਿਆ ਦਿੰਦਾ ਹੈ ਤਾਂਕਿ ਸਾਰੇ “ਇੱਕੋ ਮਨ ਅਤੇ ਇੱਕੋ ਵਿਚਾਰ” ਦੇ ਹੋਣ ਅਤੇ “ਨਿਹਚਾ ਵਿੱਚ ਦ੍ਰਿੜ੍ਹ” ਰਹਿਣ। (1 ਕੁਰਿੰ. 1:10; ਕੁਲੁ. 2:6, 7) ਇਨ੍ਹਾਂ ਅੰਤ ਦੇ ਦਿਨਾਂ ਵਿਚ ਇੰਨਾ ਸਾਰਾ ਰੂਹਾਨੀ ਗਿਆਨ ਦੇਣ ਲਈ ਕੀ ਸਾਨੂੰ ਯਹੋਵਾਹ ਦੇ ਸ਼ੁਕਰਗੁਜ਼ਾਰ ਨਹੀਂ ਹੋਣਾ ਚਾਹੀਦਾ? ਸੋ “ਮਾਤਬਰ ਅਤੇ ਬੁੱਧਵਾਨ ਨੌਕਰ” ਕਿਸੇ ਵੀ ਸਾਹਿੱਤ, ਮੀਟਿੰਗ ਜਾਂ ਵੈੱਬ-ਸਾਈਟ ਨੂੰ ਮਨਜ਼ੂਰੀ ਨਹੀਂ ਦਿੰਦਾ ਹੈ ਜੋ ਉਸ ਵੱਲੋਂ ਨਹੀਂ ਹੈ।—ਮੱਤੀ 24:45-47.
ਇਹ ਚੰਗੀ ਗੱਲ ਹੈ ਕਿ ਕੁਝ ਲੋਕ ਆਪਣੇ ਤੇਜ਼ ਦਿਮਾਗ਼ ਨੂੰ ਖ਼ੁਸ਼ ਖ਼ਬਰੀ ਫੈਲਾਉਣ ਦੇ ਕੰਮ ਵਿਚ ਲਗਾਉਣਾ ਚਾਹੁੰਦੇ ਹਨ। ਪਰ ਕੋਈ ਵੀ ਨਿੱਜੀ ਰਿਸਰਚ ਉਸ ਕੰਮ ਤੋਂ ਜ਼ਿਆਦਾ ਮਹੱਤਵਪੂਰਣ ਨਹੀਂ ਹੋਣੀ ਚਾਹੀਦੀ ਜੋ ਯਿਸੂ ਮਸੀਹ ਅੱਜ ਮਸੀਹੀ ਕਲੀਸਿਯਾ ਦੁਆਰਾ ਕਰਾ ਰਿਹਾ ਹੈ। ਪਹਿਲੀ ਸਦੀ ਵਿਚ ਕੁਝ ਭਰਾ “ਕੁਲਪੱਤ੍ਰੀਆਂ” ਵਰਗੇ ਵਿਸ਼ਿਆਂ ਉੱਤੇ ਬਹਿਸ ਕਰਦੇ ਸਨ। ਪੌਲੁਸ ਰਸੂਲ ਨੇ ਖ਼ਬਰਦਾਰ ਕੀਤਾ ਸੀ ਕਿ ਉਹ ਇਨ੍ਹਾਂ “ਕੁਲਪੱਤ੍ਰੀਆਂ ਉੱਤੇ ਚਿੱਤ ਨਾ ਲਾਉਣ ਜਿਹੜੀਆਂ ਪਰਮੇਸ਼ੁਰ ਦੇ ਉਸ ਪਰਬੰਧ ਨੂੰ ਨਹੀਂ ਜਿਹੜਾ ਨਿਹਚਾ ਉੱਤੇ ਬਣਿਆ ਹੋਇਆ ਹੈ ਪਰ ਸਵਾਲਾਂ ਨੂੰ ਤਰੱਕੀ ਦਿੰਦੀਆਂ ਹਨ।” (1 ਤਿਮੋ. 1:3-7) ਸਾਰੇ ਮਸੀਹੀਆਂ ਨੂੰ ‘ਮੂਰਖਪੁਣੇ ਦਿਆਂ ਪ੍ਰਸ਼ਨਾਂ ਅਤੇ ਕੁਲਪੱਤ੍ਰੀਆਂ ਅਤੇ ਝਗੜਿਆਂ ਅਤੇ ਉਨ੍ਹਾਂ ਬਖੇੜਿਆਂ ਤੋਂ ਜਿਹੜੇ ਸ਼ਰਾ ਦੇ ਵਿਖੇ ਹੋਣ ਲਾਂਭੇ ਰਹਿਣਾ ਚਾਹੀਦਾ ਹੈ ਕਿਉਂ ਜੋ ਏਹ ਨਿਸਫਲ ਅਤੇ ਅਕਾਰਥ ਹਨ।’—ਤੀਤੁ. 3:9.
ਜੇ ਕੋਈ ਬਾਈਬਲ ਉੱਤੇ ਅਧਿਐਨ ਅਤੇ ਰਿਸਰਚ ਕਰਨੀ ਚਾਹੁੰਦਾ ਹੈ, ਤਾਂ ਸਾਡੀ ਸਲਾਹ ਹੈ ਕਿ ਉਹ ਇਨਸਾਈਟ ਔਨ ਦ ਸਕ੍ਰਿਪਚਰਸ, ‘ਔਲ ਸਕ੍ਰਿਪਚਰ ਇਜ਼ ਇੰਸਪਾਇਰਡ ਆਫ਼ ਗਾਡ ਐਂਡ ਬੈਨਫਿਸ਼ਲ’ ਵਰਗੀਆਂ ਕਿਤਾਬਾਂ ਨੂੰ ਪੜ੍ਹਨ। ਇਸ ਤੋਂ ਇਲਾਵਾ ਉਹ ਦਾਨੀਏਲ, ਯਸਾਯਾਹ ਅਤੇ ਪਰਕਾਸ਼ ਦੀ ਪੋਥੀ ਦੀਆਂ ਭਵਿੱਖਬਾਣੀਆਂ ਤੇ ਚਰਚਾ ਕਰਨ ਵਾਲੀਆਂ ਕਿਤਾਬਾਂ ਵੀ ਪੜ੍ਹ ਸਕਦੇ ਹਨ। ਇਨ੍ਹਾਂ ਕਿਤਾਬਾਂ ਵਿਚ ਬਹੁਤ ਸਾਰੀ ਜਾਣਕਾਰੀ ਦਿੱਤੀ ਗਈ ਹੈ ਜਿਸ ਉੱਤੇ ਸੋਚ-ਵਿਚਾਰ ਕਰਨ ਨਾਲ ਅਸੀਂ ‘ਹਰ ਪਰਕਾਰ ਦੇ ਆਤਮਕ ਗਿਆਨ ਅਤੇ ਸਮਝ ਨਾਲ ਪਰਮੇਸ਼ੁਰ ਦੀ ਇੱਛਿਆ ਦੀ ਪਛਾਣ ਤੋਂ ਭਰਪੂਰ ਹੋ ਜਾਵਾਂਗੇ ਤਾਂ ਜੋ ਅਸੀਂ ਅਜਿਹੀ ਜੋਗ ਚਾਲ ਚੱਲੀਏ ਜਿਹੜੀ ਪ੍ਰਭੁ ਨੂੰ ਹਰ ਤਰਾਂ ਨਾਲ ਭਾਵੇ ਅਤੇ ਹਰੇਕ ਸ਼ੁਭ ਕਰਮ ਵਿੱਚ ਫਲਦੇ ਰਹੀਏ ਅਤੇ ਪਰਮੇਸ਼ੁਰ ਦੀ ਪਛਾਣ ਵਿੱਚ ਵੱਧਦੇ ਰਹੀਏ।’—ਕੁਲੁ. 1:9, 10.