ਇੰਟਰਨੈੱਟ ਦਾ ਇਸਤੇਮਾਲ—ਖ਼ਤਰਿਆਂ ਤੋਂ ਸਾਵਧਾਨ ਰਹੋ!
1 ਯਹੋਵਾਹ ਦੇ ਲੋਕ ਇਕ ਦੂਸਰੇ ਨਾਲ ਫ਼ਾਇਦੇਮੰਦ ਸੰਗਤੀ ਦਾ ਆਨੰਦ ਮਾਣਦੇ ਹਨ। ਉਹ ਖੇਤਰ ਸੇਵਕਾਈ ਦੇ ਅਨੁਭਵਾਂ ਨੂੰ ਇਕ ਦੂਸਰੇ ਨਾਲ ਸਾਂਝਾ ਕਰ ਕੇ ਆਨੰਦ ਮਾਣਦੇ ਹਨ। ਉਹ ਸੰਸਾਰ ਭਰ ਵਿਚ ਦੂਸਰੇ ਯਹੋਵਾਹ ਦੇ ਗਵਾਹਾਂ ਬਾਰੇ ਅਤੇ ਪ੍ਰਚਾਰ ਦੇ ਕੰਮ ਬਾਰੇ ਸੁਣ ਕੇ ਖ਼ੁਸ਼ ਹੁੰਦੇ ਹਨ। ਜੇ ਉਨ੍ਹਾਂ ਦੇ ਭਰਾਵਾਂ ਨਾਲ ਕੋਈ ਖ਼ਾਸ ਘਟਨਾ ਵਾਪਰਦੀ ਹੈ ਜਿਵੇਂ ਕਿ ਉਹ ਕਿਸੇ ਸੰਕਟ ਜਾਂ ਕੁਦਰਤੀ ਤਬਾਹੀ ਦਾ ਸ਼ਿਕਾਰ ਹੁੰਦੇ ਹਨ, ਤਾਂ ਉਹ ਇਸ ਬਾਰੇ ਜਾਣਨਾ ਚਾਹੁੰਦੇ ਹਨ। ਉਹ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਕੀ ਉਹ ਉਨ੍ਹਾਂ ਦੀ ਕੋਈ ਮਦਦ ਕਰ ਸਕਦੇ ਹਨ। ਅਜਿਹੀ ਦਿਲਚਸਪੀ ਦਿਖਾਉਣ ਨਾਲ ਭਾਈਚਾਰੇ ਦੀ ਏਕਤਾ ਨਜ਼ਰ ਆਉਂਦੀ ਹੈ ਜੋ ਇਹ ਸਾਬਤ ਕਰਦੀ ਹੈ ਕਿ ਅਸੀਂ ਇਕ ਦੂਸਰੇ ਨਾਲ ਸੱਚਾ ਪ੍ਰੇਮ ਕਰਦੇ ਹਾਂ।—ਯੂਹੰ. 13:34, 35.
2 ਅੱਜ-ਕੱਲ੍ਹ ਸਾਨੂੰ ਸੰਸਾਰ ਵਿਚ ਵਾਪਰ ਰਹੀਆਂ ਘਟਨਾਵਾਂ ਬਾਰੇ ਝੱਟ ਹੀ ਪਤਾ ਲੱਗ ਜਾਂਦਾ ਹੈ। ਰੇਡੀਓ ਅਤੇ ਟੈਲੀਵਿਯਨ ਵਾਪਰ ਰਹੀਆਂ ਘਟਨਾਵਾਂ ਦਾ ਅੱਖੀਂ ਡਿੱਠਾ ਹਾਲ ਪੂਰੇ ਸੰਸਾਰ ਵਿਚ ਪ੍ਰਸਾਰਿਤ ਕਰਦੇ ਹਨ। ਟੈਲੀਫ਼ੋਨ ਨਾਲ ਸੰਸਾਰ ਦੇ ਕਿਸੇ ਵੀ ਹਿੱਸੇ ਦੇ ਲੋਕਾਂ ਨਾਲ ਫ਼ੌਰਨ ਗੱਲ ਕਰਨੀ ਮੁਮਕਿਨ ਹੋ ਗਈ ਹੈ। ਹਾਲ ਹੀ ਵਿਚ ਗੱਲ-ਬਾਤ ਕਰਨ ਦਾ ਇਕ ਨਵਾਂ ਜ਼ਰੀਆ ਉਪਲਬਧ ਹੋਇਆ ਹੈ ਜੋ ਕਿ ਸੰਸਾਰ ਭਰ ਵਿਚ ਦਿਨ-ਬ-ਦਿਨ ਮਸ਼ਹੂਰ ਹੋ ਰਿਹਾ ਹੈ, ਉਹ ਹੈ ਇੰਟਰਨੈੱਟ।—ਜੁਲਾਈ-ਸਤੰਬਰ 1997 ਦਾ ਜਾਗਰੂਕ ਬਣੋ! ਦੇਖੋ।
3 ਟੈਲੀਫ਼ੋਨ ਦੀ ਕਾਢ ਨੇ ਸੰਸਾਰ ਦੇ ਦੂਸਰੇ ਲੋਕਾਂ ਨਾਲ ਫਟਾਫਟ ਗੱਲ ਕਰਨ ਦਾ ਰਾਹ ਖੋਲ੍ਹ ਦਿੱਤਾ ਹੈ। ਭਾਵੇਂ ਕਿ ਟੈਲੀਫ਼ੋਨ ਬਹੁਤ ਹੀ ਲਾਹੇਵੰਦ ਹੈ, ਪਰ ਇਸ ਨੂੰ ਵਰਤਦੇ ਸਮੇਂ ਚੌਕਸ ਰਹਿਣ ਦੀ ਲੋੜ ਹੈ, ਕਿਉਂਕਿ ਇਹ ਗ਼ਲਤ ਸੰਗਤੀ ਜਾਂ ਗ਼ਲਤ ਕੰਮਾਂ ਦਾ ਇਕ ਜ਼ਰੀਆ ਹੋ ਸਕਦਾ ਹੈ ਅਤੇ ਟੈਲੀਫ਼ੋਨ ਦੀ ਹੱਦੋਂ ਵੱਧ ਵਰਤੋਂ ਕਰਨੀ ਬਹੁਤ ਮਹਿੰਗੀ ਹੋ ਸਕਦੀ ਹੈ। ਸਿੱਖਿਆ ਦੇ ਖੇਤਰ ਵਿਚ ਟੈਲੀਵਿਯਨ ਅਤੇ ਰੇਡੀਓ ਵਧੀਆ ਜ਼ਰੀਏ ਹਨ। ਪਰ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਦੇ ਜ਼ਿਆਦਾਤਰ ਪ੍ਰੋਗ੍ਰਾਮ ਅਸ਼ਲੀਲ ਹੁੰਦੇ ਹਨ ਅਤੇ ਇਨ੍ਹਾਂ ਨੂੰ ਦੇਖਣ ਨਾਲ ਸਮਾਂ ਬਰਬਾਦ ਹੁੰਦਾ ਹੈ। ਟੈਲੀਵਿਯਨ ਅਤੇ ਰੇਡੀਓ ਦੇ ਪ੍ਰੋਗ੍ਰਾਮਾਂ ਦੀ ਚੋਣ ਕਰਨੀ ਸਮਝਦਾਰੀ ਦੀ ਗੱਲ ਹੈ।
4 ਇੰਟਰਨੈੱਟ ਦੁਆਰਾ ਇਕ ਵਿਅਕਤੀ ਦੇਸ਼-ਵਿਦੇਸ਼ ਦੇ ਲੱਖਾਂ ਹੀ ਦੂਸਰੇ ਲੋਕਾਂ ਨਾਲ ਗੱਲ-ਬਾਤ ਕਰ ਸਕਦਾ ਹੈ ਅਤੇ ਇਸ ਦੁਆਰਾ ਉਹ ਬਹੁਤ ਸਾਰੀ ਜਾਣਕਾਰੀ ਲੈ ਸਕਦਾ ਹੈ। ਇੰਟਰਨੈੱਟ ਨੂੰ ਇਸਤੇਮਾਲ ਕਰਨ ਦਾ ਖ਼ਰਚਾ ਬਹੁਤ ਘੱਟ ਹੁੰਦਾ ਹੈ। (ਜਾਗਰੂਕ ਬਣੋ! [ਅੰਗ੍ਰੇਜ਼ੀ] 8 ਜਨਵਰੀ 1998) ਪਰ ਇੰਟਰਨੈੱਟ ਨੂੰ ਬਿਨਾਂ ਸੋਚੇ ਸਮਝੇ ਇਸਤੇਮਾਲ ਕਰਨ ਨਾਲ ਇਕ ਵਿਅਕਤੀ ਬਹੁਤ ਸਾਰੇ ਅਧਿਆਤਮਿਕ ਅਤੇ ਨੈਤਿਕ ਖ਼ਤਰਿਆਂ ਵਿਚ ਪੈ ਸਕਦਾ ਹੈ। ਉਹ ਕਿਵੇਂ?
5 ਇੰਟਰਨੈੱਟ ਉੱਤੇ ਹਥਿਆਰ, ਬੰਬ ਆਦਿ ਬਣਾਉਣ ਬਾਰੇ ਦਿੱਤੀ ਗਈ ਜਾਣਕਾਰੀ ਕਰਕੇ ਬਹੁਤ ਸਾਰੇ ਲੋਕ ਫ਼ਿਕਰਮੰਦ ਹਨ। ਫੈਕਟਰੀਆਂ ਦੇ ਮਾਲਕ ਇਹ ਸ਼ਿਕਾਇਤ ਕਰਦੇ ਹਨ ਕਿ ਕਾਮੇ ਆਪਣਾ ਜ਼ਿਆਦਾਤਰ ਸਮਾਂ ਇੰਟਰਨੈੱਟ ਉੱਤੇ ਬਰਬਾਦ ਕਰਦੇ ਹਨ। ਸਾਡੇ ਪ੍ਰਕਾਸ਼ਨਾਂ ਵਿਚ ਇੰਟਰਨੈੱਟ ਤੋਂ ਹੋਣ ਵਾਲੇ ਅਧਿਆਤਮਿਕ ਖ਼ਤਰਿਆਂ ਬਾਰੇ ਸਪੱਸ਼ਟ ਤਰੀਕੇ ਨਾਲ ਬਹੁਤ ਕੁਝ ਦੱਸਿਆ ਗਿਆ ਹੈ। ਕਈ ਵੈੱਬ ਸਾਈਟਾਂ ਤੇ ਹਿੰਸਕ ਅਤੇ ਅਸ਼ਲੀਲ ਸਾਮੱਗਰੀ ਪਾਈ ਜਾਂਦੀ ਹੈ ਜੋ ਕਿ ਮਸੀਹੀਆਂ ਲਈ ਬਿਲਕੁਲ ਚੰਗੀ ਨਹੀਂ ਹੈ। (ਜ਼ਬੂ. 119:37) ਇਨ੍ਹਾਂ ਖ਼ਤਰਿਆਂ ਤੋਂ ਇਲਾਵਾ, ਯਹੋਵਾਹ ਦੇ ਗਵਾਹਾਂ ਨੂੰ ਖ਼ਾਸ ਤੌਰ ਤੇ ਇਕ ਹੋਰ ਗੁਪਤ ਖ਼ਤਰੇ ਤੋਂ ਬਚਣ ਦੀ ਲੋੜ ਹੈ। ਉਹ ਖ਼ਤਰਾ ਕਿਹੜਾ ਹੈ?
6 ਕੀ ਤੁਸੀਂ ਇਕ ਅਜਨਬੀ ਨੂੰ ਬਿਨਾਂ ਜਾਣੇ ਆਪਣੇ ਘਰ ਬੁਲਾਓਗੇ? ਉਦੋਂ ਕੀ ਜੇਕਰ ਉਸ ਬਾਰੇ ਪਤਾ ਲਾਉਣ ਦਾ ਕੋਈ ਤਰੀਕਾ ਹੀ ਨਾ ਹੋਵੇ? ਕੀ ਤੁਸੀਂ ਉਸ ਅਜਨਬੀ ਨਾਲ ਆਪਣੇ ਬੱਚਿਆਂ ਨੂੰ ਇਕੱਲਾ ਛੱਡੋਗੇ? ਇੰਟਰਨੈੱਟ ਤੋਂ ਬਿਲਕੁਲ ਇਸੇ ਤਰ੍ਹਾਂ ਦਾ ਖ਼ਤਰਾ ਹੋ ਸਕਦਾ ਹੈ।
7 ਤੁਸੀਂ ਉਨ੍ਹਾਂ ਲੋਕਾਂ ਨੂੰ ਇਲੈਕਟ੍ਰਾਨਿਕ ਡਾਕ ਭੇਜ ਸਕਦੇ ਹੋ ਅਤੇ ਉਨ੍ਹਾਂ ਲੋਕਾਂ ਤੋਂ ਡਾਕ ਪ੍ਰਾਪਤ ਕਰ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ ਹੋ। ਤੁਸੀਂ ਕੰਪਿਊਟਰ ਰਾਹੀਂ ਫੋਰਮ ਜਾਂ ਚੈਟ ਰੂਮ ਵਿਚ ਵੀ ਅਣਜਾਣ ਲੋਕਾਂ ਨਾਲ ਗੱਲ-ਬਾਤ ਕਰਦੇ ਹੋ। ਗੱਲ-ਬਾਤ ਵਿਚ ਹਿੱਸਾ ਲੈਣ ਵਾਲੇ ਲੋਕ ਕਦੀ-ਕਦੀ ਯਹੋਵਾਹ ਦੇ ਗਵਾਹ ਹੋਣ ਦਾ ਦਾਅਵਾ ਕਰ ਸਕਦੇ ਹਨ, ਪਰ ਅਕਸਰ ਉਹ ਗਵਾਹ ਨਹੀਂ ਹੁੰਦੇ ਹਨ। ਕੋਈ ਵਿਅਕਤੀ ਨੌਜਵਾਨ ਹੋਣ ਦਾ ਦਾਅਵਾ ਕਰ ਸਕਦਾ ਹੈ, ਜਦ ਕਿ ਉਹ ਨੌਜਵਾਨ ਨਹੀਂ ਹੁੰਦਾ। ਜਾਂ ਇੱਥੋਂ ਤਕ ਕਿ ਇਕ ਵਿਅਕਤੀ ਝੂਠੀ-ਮੂਠੀ ਤੀਵੀਂ ਜਾਂ ਆਦਮੀ ਹੋਣ ਦਾ ਦਾਅਵਾ ਕਰ ਸਕਦਾ ਹੈ।
8 ਤੁਹਾਨੂੰ ਜਾਣਕਾਰੀ ਸ਼ਾਇਦ ਅਨੁਭਵਾਂ ਜਾਂ ਸਾਡੇ ਵਿਸ਼ਵਾਸਾਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਦੇ ਰੂਪ ਵਿਚ ਮਿਲੇ। ਇਹ ਜਾਣਕਾਰੀ ਦੂਸਰੇ ਲੋਕਾਂ ਨੂੰ ਦਿੱਤੀ ਜਾਂਦੀ ਹੈ ਜੋ ਅੱਗੋਂ ਇਹ ਜਾਣਕਾਰੀ ਦੂਸਰਿਆਂ ਨੂੰ ਦਿੰਦੇ ਹਨ। ਇਸ ਜਾਣਕਾਰੀ ਦੀ ਆਮ ਤੌਰ ਤੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਅਤੇ ਇਹ ਝੂਠੀ ਹੋ ਸਕਦੀ ਹੈ। ਇਹ ਟਿੱਪਣੀਆਂ ਧਰਮ-ਤਿਆਗੀ ਵਿਚਾਰਾਂ ਨੂੰ ਫੈਲਾਉਣ ਦਾ ਜ਼ਰੀਆ ਹੋ ਸਕਦੀਆਂ ਹਨ।—2 ਥੱਸ. 2:1-3.
9 ਜੇਕਰ ਤੁਸੀਂ ਇੰਟਰਨੈੱਟ ਇਸਤੇਮਾਲ ਕਰਦੇ ਹੋ, ਤਾਂ ਇਸ ਖ਼ਤਰੇ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਆਪ ਨੂੰ ਪੁੱਛੋ: ‘ਮੈਂ ਇਸ ਨੂੰ ਕਿਸ ਕੰਮ ਲਈ ਇਸਤੇਮਾਲ ਕਰਦਾ ਹਾਂ? ਜਿਸ ਤਰੀਕੇ ਨਾਲ ਮੈਂ ਇਸ ਨੂੰ ਇਸਤੇਮਾਲ ਕਰ ਰਿਹਾ ਹਾਂ, ਕੀ ਉਸ ਨਾਲ ਮੈਨੂੰ ਅਧਿਆਤਮਿਕ ਤੌਰ ਤੇ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ? ਕਿਤੇ ਮੈਂ ਦੂਸਰਿਆਂ ਨੂੰ ਅਧਿਆਤਮਿਕ ਤੌਰ ਤੇ ਨੁਕਸਾਨ ਤਾਂ ਨਹੀਂ ਪਹੁੰਚਾ ਰਿਹਾ?’
10 “ਯਹੋਵਾਹ ਦੇ ਗਵਾਹਾਂ” ਦੀ ਵੈੱਬ ਸਾਈਟ: ਮਿਸਾਲ ਵਜੋਂ ਇਸ ਗੱਲ ਉੱਤੇ ਵਿਚਾਰ ਕਰੋ ਕਿ ਕੁਝ ਇੰਟਰਨੈੱਟ ਸਾਈਟਾਂ ਉਨ੍ਹਾਂ ਵਿਅਕਤੀਆਂ ਨੇ ਬਣਾਈਆਂ ਹਨ ਜੋ ਯਹੋਵਾਹ ਦੇ ਗਵਾਹ ਹੋਣ ਦਾ ਦਾਅਵਾ ਕਰਦੇ ਹਨ। ਉਹ ਤੁਹਾਨੂੰ ਆਪਣੀਆਂ ਸਾਈਟਾਂ ਤੇ ਆਉਣ ਦਾ ਸੱਦਾ ਦਿੰਦੇ ਹਨ ਤਾਂਕਿ ਤੁਸੀਂ ਉਨ੍ਹਾਂ ਅਨੁਭਵਾਂ ਨੂੰ ਪੜ੍ਹ ਸਕੋ ਜੋ ਗਵਾਹ ਹੋਣ ਦਾ ਦਾਅਵਾ ਕਰਨ ਵਾਲੇ ਦੂਸਰੇ ਲੋਕਾਂ ਨੇ ਪਾਏ ਹਨ। ਉਹ ਤੁਹਾਨੂੰ ਉਤਸ਼ਾਹਿਤ ਕਰਨਗੇ ਕਿ ਤੁਸੀਂ ਸੋਸਾਇਟੀ ਦੇ ਸਾਹਿੱਤ ਬਾਰੇ ਆਪਣੀ ਰਾਇ ਅਤੇ ਵਿਚਾਰ ਸਾਂਝੇ ਕਰੋ। ਉਹ ਕੁਝ ਪੇਸ਼ਕਾਰੀਆਂ ਦੱਸਦੇ ਹਨ ਜਿਨ੍ਹਾਂ ਨੂੰ ਖੇਤਰ ਸੇਵਕਾਈ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ। ਇਨ੍ਹਾਂ ਸਾਈਟਾਂ ਤੇ ਚੈਟ ਰੂਮ ਵੀ ਹੁੰਦੇ ਹਨ ਜਿਨ੍ਹਾਂ ਵਿਚ ਤੁਸੀਂ ਦੂਸਰੇ ਲੋਕਾਂ ਨਾਲ ਸਿੱਧੀ ਗੱਲ ਕਰ ਸਕਦੇ ਹੋ, ਉਸੇ ਤਰ੍ਹਾਂ ਜਿਵੇਂ ਟੈਲੀਫ਼ੋਨ ਤੇ ਗੱਲ-ਬਾਤ ਕੀਤੀ ਜਾਂਦੀ ਹੈ। ਉਹ ਅਕਸਰ ਤੁਹਾਨੂੰ ਦੂਸਰੀਆਂ ਸਾਈਟਾਂ ਬਾਰੇ ਦੱਸਣਗੇ ਜਿੱਥੇ ਤੁਸੀਂ ਦੁਨੀਆਂ ਭਰ ਦੇ ਯਹੋਵਾਹ ਦੇ ਗਵਾਹਾਂ ਨਾਲ ਆਨ-ਲਾਈਨ ਸੰਗਤੀ ਕਰ ਸਕਦੇ ਹੋ। ਪਰ ਕੀ ਤੁਸੀਂ ਦਾਅਵੇ ਨਾਲ ਕਹਿ ਸਕਦੇ ਕਿ ਇਹ ਵੈੱਬ ਸਾਈਟਾਂ ਧਰਮ-ਤਿਆਗੀਆਂ ਨੇ ਨਹੀਂ ਬਣਾਈਆਂ ਹਨ?
11 ਇੰਟਰਨੈੱਟ ਰਾਹੀਂ ਸੰਗਤੀ ਕਰਨੀ ਸ਼ਾਇਦ ਅਫ਼ਸੀਆਂ 5:15-17 ਵਿਚ ਪਾਈ ਜਾਂਦੀ ਸਲਾਹ ਮੁਤਾਬਕ ਢੁਕਵੀਂ ਨਾ ਹੋਵੇ। ਪੌਲੁਸ ਰਸੂਲ ਨੇ ਲਿਖਿਆ: “ਚੌਕਸੀ ਨਾਲ ਵੇਖੋ ਭਈਂ ਤੁਸੀਂ ਕਿੱਕੁਰ ਚੱਲਦੇ ਹੋ, ਨਿਰਬੁੱਧਾਂ ਵਾਂਙੁ ਨਹੀਂ ਸਗੋਂ ਬੁੱਧਵਾਨਾਂ ਵਾਂਙੁ। ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ ਇਸ ਲਈ ਜੋ ਦਿਨ ਬੁਰੇ ਹਨ। ਇਸ ਕਾਰਨ ਤੁਸੀਂ ਮੂਰਖ ਨਾ ਹੋਵੋ ਸਗੋਂ ਸਮਝੋ ਭਈ ਪ੍ਰਭੁ ਦੀ ਕੀ ਇੱਛਿਆ ਹੈ।”
12 ਪਰਮੇਸ਼ੁਰ ਮਸੀਹੀ ਕਲੀਸਿਯਾ ਵਿਚ ਸਾਨੂੰ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਅਧਿਆਤਮਿਕ ਭੋਜਨ ਦਿੰਦਾ ਹੈ। (ਮੱਤੀ 24:45-47) ਪਰਮੇਸ਼ੁਰ ਦਾ ਸੰਗਠਨ, ਸੰਸਾਰ ਤੋਂ ਵੱਖਰੇ ਰਹਿਣ ਲਈ ਸਾਨੂੰ ਨਿਰਦੇਸ਼ਨ ਅਤੇ ਸੁਰੱਖਿਆ ਦਿੰਦਾ ਹੈ ਅਤੇ ਪ੍ਰਭੂ ਦੇ ਕੰਮ ਵਿਚ ਰੁੱਝੇ ਰਹਿਣ ਦੀ ਪ੍ਰੇਰਣਾ ਵੀ ਦਿੰਦਾ ਹੈ। (1 ਕੁਰਿੰ. 15:58) ਜ਼ਬੂਰਾਂ ਦੇ ਲਿਖਾਰੀ ਨੇ ਸੰਕੇਤ ਕੀਤਾ ਕਿ ਪਰਮੇਸ਼ੁਰ ਦੇ ਇਕੱਠੇ ਹੋਏ ਲੋਕਾਂ ਵਿਚਕਾਰ ਉਸ ਨੇ ਆਨੰਦ ਮਾਣਿਆ ਅਤੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕੀਤਾ। (ਜ਼ਬੂ. 27:4, 5; 55:14; 122:1) ਪਰ ਇਸ ਦੇ ਨਾਲ-ਨਾਲ, ਕਲੀਸਿਯਾ ਵਿਚ ਭੈਣਾਂ-ਭਰਾਵਾਂ ਨੂੰ ਅਧਿਆਤਮਿਕ ਤੌਰ ਤੇ ਸਹਾਰਾ ਅਤੇ ਸਹਾਇਤਾ ਮਿਲਦੀ ਹੈ। ਕਲੀਸਿਯਾ ਵਿਚ ਭਰਾ ਤੁਹਾਨੂੰ ਮਦਦ ਅਤੇ ਦਿਲਾਸਾ ਦੇਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। (2 ਕੁਰਿੰ. 7:5-7) ਜਿਹੜੇ ਲੋਕ ਜਾਣ-ਬੁੱਝ ਕੇ ਪਾਪ ਕਰਦੇ ਹਨ ਜਾਂ ਜਿਹੜੇ ਧਰਮ-ਤਿਆਗੀ ਸੋਚਣੀ ਨੂੰ ਫੈਲਾਉਂਦੇ ਹਨ, ਉਨ੍ਹਾਂ ਨੂੰ ਬਾਈਬਲ ਵਿਚ ਦਿੱਤੇ ਸਿਧਾਂਤ ਅਨੁਸਾਰ ਕਲੀਸਿਯਾ ਵਿੱਚੋਂ ਛੇਕ ਕੇ ਕਲੀਸਿਯਾ ਦੇ ਮੈਂਬਰਾਂ ਦੀ ਰਾਖੀ ਕੀਤੀ ਜਾਂਦੀ ਹੈ। (1 ਕੁਰਿੰ. 5:9-13; ਤੀਤੁ. 3:10, 11) ਜਦੋਂ ਅਸੀਂ ਇੰਟਰਨੈੱਟ ਤੇ ਦੂਸਰਿਆਂ ਨਾਲ ਸੰਗਤੀ ਕਰਦੇ ਹਾਂ, ਤਾਂ ਕੀ ਅਸੀਂ ਇਹੋ ਜਿਹੇ ਪ੍ਰੇਮਪੂਰਣ ਇੰਤਜ਼ਾਮਾਂ ਦੀ ਉਮੀਦ ਰੱਖ ਸਕਦੇ ਹਾਂ?
13 ਇਹ ਸਪੱਸ਼ਟ ਹੋ ਚੁੱਕਾ ਹੈ ਕਿ ਇੰਟਰਨੈੱਟ ਸਾਡੀ ਰਾਖੀ ਕਰਨ ਦੀ ਬਜਾਇ ਸਾਨੂੰ ਅਕਸਰ ਨੁਕਸਾਨ ਪਹੁੰਚਾਉਂਦਾ ਹੈ। ਕੁਝ ਵੈੱਬ ਸਾਈਟਾਂ ਸੱਚ-ਮੁੱਚ ਧਰਮ-ਤਿਆਗੀ ਸਿੱਖਿਆਵਾਂ ਦਾ ਪ੍ਰਚਾਰ ਕਰਨ ਦਾ ਜ਼ਰੀਆ ਹਨ। ਅਜਿਹੀਆਂ ਵੈੱਬ ਸਾਈਟਾਂ ਸ਼ਾਇਦ ਦਾਅਵਾ ਕਰਨ ਕਿ ਉਹ ਅਜਿਹੀਆਂ ਸਿੱਖਿਆਵਾਂ ਨਹੀਂ ਫੈਲਾਉਂਦੀਆਂ ਹਨ ਅਤੇ ਸਾਈਟਾਂ ਚਲਾਉਣ ਵਾਲੇ ਇਹ ਯਕੀਨ ਦਿਵਾਉਣ ਲਈ ਸ਼ਾਇਦ ਲੰਮੀ-ਚੌੜੀ ਸਫ਼ਾਈ ਪੇਸ਼ ਕਰਨ ਕਿ ਉਹ ਵਾਕਈ ਯਹੋਵਾਹ ਦੇ ਗਵਾਹ ਹਨ। ਉਹ ਸ਼ਾਇਦ ਤੁਹਾਡੇ ਕੋਲੋਂ ਵੀ ਇਸ ਗੱਲ ਦਾ ਸਬੂਤ ਮੰਗਣ ਕਿ ਤੁਸੀਂ ਇਕ ਯਹੋਵਾਹ ਦੇ ਗਵਾਹ ਹੋ ਜਾਂ ਨਹੀਂ।
14 ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਸਮਝ ਦਾ ਇਸਤੇਮਾਲ ਕਰੋ। ਕਿਉਂ? ਕਿਉਂਕਿ ਉਹ ਜਾਣਦਾ ਹੈ ਕਿ ਇਹ ਤੁਹਾਡੀ ਤਰ੍ਹਾਂ-ਤਰ੍ਹਾਂ ਦੇ ਖ਼ਤਰਿਆਂ ਤੋਂ ਰਾਖੀ ਕਰੇਗੀ। ਕਹਾਉਤਾਂ 2:10-19 ਵਿਚ ਲਿਖਿਆ ਹੈ: “ਕਿਉਂ ਜੋ ਬੁੱਧ ਤੇਰੇ ਮਨ ਵਿੱਚ ਆਵੇਗੀ ਅਤੇ ਗਿਆਨ ਤੇਰੇ ਮਨ ਨੂੰ ਪਿਆਰਾ ਲੱਗੇਗਾ। ਮੱਤ ਤੇਰੀ ਪਾਲਨਾ ਕਰੇਗੀ, ਅਤੇ ਸਮਝ ਤੇਰੀ ਰਾਖੀ ਕਰੇਗੀ।” ਕਿਸ ਤੋਂ ਰਾਖੀ ਕਰੇਗੀ? “ਬੁਰਿਆਂ ਰਾਹਾਂ” ਤੋਂ, ਸਚਿਆਈ ਦੇ ਰਾਹ ਨੂੰ ਛੱਡਣ ਵਾਲਿਆਂ ਤੋਂ ਅਤੇ ਉਨ੍ਹਾਂ ਲੋਕਾਂ ਤੋਂ ਜਿਨ੍ਹਾਂ ਦੀ ਚਾਲ ਵਿਗੜੀ ਹੋਈ ਹੈ।
15 ਜਦੋਂ ਅਸੀਂ ਰਾਜ ਗ੍ਰਹਿ ਵਿਚ ਜਾਂਦੇ ਹਾਂ, ਤਾਂ ਇਸ ਵਿਚ ਕੋਈ ਸ਼ੱਕ ਨਹੀਂ ਹੁੰਦਾ ਕਿ ਅਸੀਂ ਉੱਥੇ ਆਪਣੇ ਭਰਾਵਾਂ ਨਾਲ ਹੁੰਦੇ ਹਾਂ। ਅਸੀਂ ਉਨ੍ਹਾਂ ਨੂੰ ਜਾਣਦੇ ਹਾਂ। ਉੱਥੇ ਕੋਈ ਵੀ ਇਸ ਗੱਲ ਦਾ ਸਬੂਤ ਨਹੀਂ ਮੰਗਦਾ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ ਜਾਂ ਨਹੀਂ, ਕਿਉਂਕਿ ਭਰਾਵਾਂ ਲਈ ਸਾਡਾ ਪ੍ਰੇਮ ਇਸ ਗੱਲ ਨੂੰ ਜ਼ਾਹਰ ਕਰਦਾ ਹੈ। ਅਸੀਂ ਨਿੱਜੀ ਤੌਰ ਤੇ ਕਿਸੇ ਨੂੰ ਕੋਈ ਸਰਟੀਫਿਕੇਟ ਨਹੀਂ ਦਿਖਾਉਂਦੇ ਕਿ ਅਸੀਂ ਵਾਕਈ ਯਹੋਵਾਹ ਦੇ ਗਵਾਹ ਹਾਂ। ਅਸੀਂ ਰਾਜ ਗ੍ਰਹਿ ਵਿਚ ਹੀ ਇਕ ਦੂਸਰੇ ਨੂੰ ਉਹ ਅਸਲੀ ਉਤਸ਼ਾਹ ਦਿੰਦੇ ਹਾਂ ਜਿਸ ਬਾਰੇ ਪੌਲੁਸ ਨੇ ਇਬਰਾਨੀਆਂ 10:24, 25 ਵਿਚ ਗੱਲ ਕੀਤੀ ਹੈ। ਵੈੱਬ ਸਾਈਟਾਂ ਜੋ ਆਨ-ਲਾਈਨ ਸੰਗਤੀ ਨੂੰ ਉਤਸ਼ਾਹਿਤ ਕਰਦੀਆਂ ਹਨ, ਸਾਨੂੰ ਇਹ ਉਤਸ਼ਾਹ ਨਹੀਂ ਦੇ ਸਕਦੀਆਂ। ਜ਼ਬੂਰਾਂ ਦੀ ਪੋਥੀ 26:4, 5 ਵਿਚ ਦਿੱਤੇ ਸ਼ਬਦ ਸਾਨੂੰ ਉਨ੍ਹਾਂ ਖ਼ਤਰਿਆਂ ਤੋਂ ਚੌਕਸ ਕਰਦੇ ਹਨ ਜਿਨ੍ਹਾਂ ਦਾ ਅਸੀਂ ਇੰਟਰਨੈੱਟ ਉੱਤੇ ਵੈੱਬ ਸਾਈਟਾਂ ਨੂੰ ਇਸਤੇਮਾਲ ਕਰਦੇ ਸਮੇਂ ਸਾਮ੍ਹਣਾ ਕਰ ਸਕਦੇ ਹਾਂ।
16 ਇੰਟਰਨੈੱਟ ਖਪਤਕਾਰ ਵੱਖੋ-ਵੱਖਰੇ ਵਿਸ਼ਿਆਂ ਉੱਤੇ ਬੇਸ਼ੁਮਾਰ ਜਾਣਕਾਰੀ ਉਪਲਬਧ ਕਰਾਉਂਦੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਵੀ ਬੇਸ਼ੁਮਾਰ ਜਾਣਕਾਰੀ ਮਿਲਦੀ ਹੈ। ਅਕਸਰ, ਬੱਚੇ ਅਤੇ ਕਿਸ਼ੋਰ ਹੀ ਆਸਾਨੀ ਨਾਲ ਅਪਰਾਧ ਅਤੇ ਸ਼ੋਸ਼ਣ ਦਾ ਨਿਸ਼ਾਨਾ ਬਣਦੇ ਹਨ। ਬੱਚੇ ਦੂਸਰਿਆਂ ਤੇ ਭਰੋਸਾ ਕਰਨ ਵਾਲੇ ਅਤੇ ਉਤਸੁਕ ਹੁੰਦੇ ਹਨ ਜਿਸ ਕਰਕੇ ਉਹ ਸਾਈਬਰ ਸਪੇਸ ਦੇ ਨਵੇਂ ਸੰਸਾਰ ਦੀਆਂ ਗੱਲਾਂ ਸਿੱਖਣ ਲਈ ਕਾਹਲੇ ਹੁੰਦੇ ਹਨ। ਇਸ ਲਈ ਇੰਟਰਨੈੱਟ ਇਸਤੇਮਾਲ ਕਰਨ ਦੇ ਮਾਮਲੇ ਵਿਚ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਨਿਗਰਾਨੀ ਕਰਨ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਇਸ ਬਾਰੇ ਬਾਈਬਲ ਦੀ ਸਲਾਹ ਅਨੁਸਾਰ ਚੰਗੀ ਅਗਵਾਈ ਦੇਣ ਦੀ ਲੋੜ ਹੈ, ਉਸੇ ਤਰ੍ਹਾਂ ਜਿਵੇਂ ਉਹ ਆਪਣੇ ਬੱਚਿਆਂ ਨੂੰ ਸੰਗੀਤ ਜਾਂ ਫ਼ਿਲਮਾਂ ਦੇ ਮਾਮਲੇ ਵਿਚ ਅਗਵਾਈ ਦਿੰਦੇ ਹਨ।—1 ਕੁਰਿੰ. 15:33.
17 ਦੁੱਖ ਦੀ ਗੱਲ ਹੈ ਕਿ ਕੁਝ ਭੈਣ-ਭਰਾਵਾਂ ਨੂੰ ਕਲੀਸਿਯਾ ਵਿੱਚੋਂ ਛੇਕਣਾ ਪਿਆ, ਕਿਉਂਕਿ ਉਨ੍ਹਾਂ ਨੇ ਇੰਟਰਨੈੱਟ ਦੇ ਚੈਟ ਰੂਮਾਂ ਵਿਚ ਦੁਨਿਆਵੀ ਲੋਕਾਂ ਨਾਲ ਸੰਗਤ ਕਰਨੀ ਸ਼ੁਰੂ ਕੀਤੀ ਅਤੇ ਬਾਅਦ ਵਿਚ ਉਹ ਅਨੈਤਿਕਤਾ ਵਿਚ ਪੈ ਗਏ। ਇਸ ਤੋਂ ਵੀ ਜ਼ਿਆਦਾ ਸਦਮੇ ਵਾਲੀ ਗੱਲ ਜੋ ਕਲੀਸਿਯਾ ਦੇ ਬਜ਼ੁਰਗਾਂ ਨੇ ਲਿਖੀ, ਉਹ ਇਹ ਹੈ ਕਿ ਕੁਝ ਭੈਣ-ਭਰਾਵਾਂ ਨੂੰ ਇੰਟਰਨੈੱਟ ਰਾਹੀਂ ਦੂਸਰੇ ਵਿਅਕਤੀਆਂ ਨਾਲ ਪਿਆਰ ਹੋ ਗਿਆ ਜਿਸ ਕਰਕੇ ਉਨ੍ਹਾਂ ਨੇ ਅਜਿਹੇ ਵਿਅਕਤੀਆਂ ਨਾਲ ਨਾਜਾਇਜ਼ ਰਿਸ਼ਤਾ ਰੱਖਣ ਲਈ ਆਪਣੇ ਪਤੀਆਂ ਜਾਂ ਪਤਨੀਆਂ ਨੂੰ ਹੀ ਛੱਡ ਦਿੱਤਾ ਹੈ। (2 ਤਿਮੋ. 3:6) ਦੂਸਰੇ ਭੈਣ-ਭਰਾਵਾਂ ਨੇ ਧਰਮ-ਤਿਆਗੀਆਂ ਦੀਆਂ ਗੱਲਾਂ ਉੱਤੇ ਯਕੀਨ ਕਰ ਕੇ ਸੱਚਾਈ ਨੂੰ ਛੱਡ ਦਿੱਤਾ ਹੈ। (1 ਤਿਮੋ. 4:1, 2) ਇਨ੍ਹਾਂ ਗੰਭੀਰ ਖ਼ਤਰਿਆਂ ਉੱਤੇ ਵਿਚਾਰ ਕਰਦੇ ਹੋਏ, ਕੀ ਇੰਟਰਨੈੱਟ ਦੇ ਚੈਟ ਸੈਸ਼ਨਾਂ ਵਿਚ ਸ਼ਾਮਲ ਹੋਣ ਵਿਚ ਚੌਕਸੀ ਵਰਤਣੀ ਸਮਝਦਾਰੀ ਦੀ ਗੱਲ ਨਹੀਂ ਹੈ? ਯਕੀਨਨ, ਕਹਾਉਤਾਂ 2:10-19 ਵਿਚ ਦੱਸੀ ਗਈ ਬੁੱਧ, ਗਿਆਨ, ਮੱਤ ਅਤੇ ਸਮਝ ਸਾਡੀ ਇਨ੍ਹਾਂ ਖ਼ਤਰਿਆਂ ਤੋਂ ਰਾਖੀ ਕਰੇਗੀ।
18 ਇਸ ਗੱਲ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਕੁਝ ਵਿਅਕਤੀਆਂ ਨੇ ਖ਼ੁਸ਼ ਖ਼ਬਰੀ ਨੂੰ ਪ੍ਰਚਾਰ ਕਰਨ ਦੇ ਬਹਾਨੇ ਵੈੱਬ ਸਾਈਟਾਂ ਬਣਾਈਆਂ ਹਨ। ਸਾਡੇ ਕੁਝ ਨਾਸਮਝ ਭਰਾਵਾਂ ਨੇ ਵੀ ਅਜਿਹੀਆਂ ਕੁਝ ਵੈੱਬ ਸਾਈਟਾਂ ਬਣਾਈਆਂ ਹਨ। ਦੂਸਰੀਆਂ ਸਾਈਟਾਂ ਦੇ ਸਰਪਰਸਤ ਸ਼ਾਇਦ ਧਰਮ-ਤਿਆਗੀ ਹੋਣ ਜੋ ਭੋਲੇ-ਭਾਲੇ ਲੋਕਾਂ ਨੂੰ ਭਰਮਾਉਣਾ ਚਾਹੁੰਦੇ ਹਨ। (2 ਯੂਹੰਨਾ 9-11) ਇਸ ਗੱਲ ਉੱਤੇ ਟਿੱਪਣੀ ਕਰਦੇ ਹੋਏ ਕਿ ਸਾਡੇ ਭਰਾਵਾਂ ਨੂੰ ਅਜਿਹੀਆਂ ਵੈੱਬ ਸਾਈਟਾਂ ਬਣਾਉਣ ਦੀ ਲੋੜ ਹੈ ਜਾਂ ਨਹੀਂ, ਨਵੰਬਰ 1997 ਦੀ ਸਾਡੀ ਰਾਜ ਸੇਵਕਾਈ ਦਾ ਸਫ਼ਾ 3 ਕਹਿੰਦਾ ਹੈ: “ਕਿਸੇ ਵਿਅਕਤੀ ਨੂੰ ਯਹੋਵਾਹ ਦੇ ਗਵਾਹਾਂ ਬਾਰੇ, ਸਾਡੀਆਂ ਸਰਗਰਮੀਆਂ ਬਾਰੇ ਜਾਂ ਸਾਡੇ ਵਿਸ਼ਵਾਸਾਂ ਬਾਰੇ ਇੰਟਰਨੈੱਟ ਸਫ਼ੇ ਤਿਆਰ ਕਰਨ ਦੀ ਲੋੜ ਨਹੀਂ ਹੈ। ਸਾਡੀ ਅਧਿਕਾਰਿਤ ਵੈੱਬ ਸਾਈਟ [www.watchtower.org] ਕਿਸੇ ਵੀ ਇੱਛੁਕ ਵਿਅਕਤੀ ਨੂੰ ਸਹੀ ਜਾਣਕਾਰੀ ਪ੍ਰਦਾਨ ਕਰ ਸਕਦੀ ਹੈ।”
19 ਇੰਟਰਨੈੱਟ ਰਾਹੀਂ ਅਧਿਐਨ ਕਰਨ ਵਿਚ ਮਦਦ? ਕਈ ਭੈਣ-ਭਰਾ ਸੋਚਦੇ ਹਨ ਕਿ ਮਸੀਹੀ ਸਿੱਖਿਆਵਾਂ ਜਾਂ ਕੰਮਾਂ ਉੱਤੇ ਰਿਸਰਚ ਕਰ ਕੇ ਪ੍ਰਾਪਤ ਹੋਈ ਜਾਣਕਾਰੀ ਨੂੰ ਇੰਟਰਨੈੱਟ ਉੱਤੇ ਪਾਉਣ ਦੁਆਰਾ ਉਹ ਭਰਾਵਾਂ ਦੀ ਮਦਦ ਕਰ ਰਹੇ ਹਨ। ਮਿਸਾਲ ਵਜੋਂ, ਸ਼ਾਇਦ ਇਕ ਵਿਅਕਤੀ ਜਨਤਕ ਭਾਸ਼ਣ ਉੱਤੇ ਰਿਸਰਚ ਕਰੇ ਅਤੇ ਬਾਅਦ ਵਿਚ ਇਹ ਸੋਚ ਕੇ ਇਸ ਰਿਸਰਚ ਨੂੰ ਇੰਟਰਨੈੱਟ ਉੱਤੇ ਪਾ ਦੇਵੇ ਕਿ ਇਸ ਤੋਂ ਦੂਸਰੇ ਭਰਾਵਾਂ ਨੂੰ ਫ਼ਾਇਦਾ ਹੋਵੇਗਾ ਜੋ ਇਹੀ ਭਾਸ਼ਣ ਦੇਣਗੇ। ਦੂਸਰੇ ਭੈਣ-ਭਰਾ ਸ਼ਾਇਦ ਆਉਣ ਵਾਲੇ ਹਫ਼ਤੇ ਦੇ ਪਹਿਰਾਬੁਰਜ ਲੇਖ ਲਈ ਸਾਰੇ ਸ਼ਾਸਤਰਵਚਨ ਜਾਂ ਦੈਵ-ਸ਼ਾਸਕੀ ਸੇਵਕਾਈ ਸਕੂਲ ਜਾਂ ਕਲੀਸਿਯਾ ਪੁਸਤਕ ਅਧਿਐਨ ਦੀ ਮੁਢਲੀ ਸਾਮੱਗਰੀ ਇੰਟਰਨੈੱਟ ਤੇ ਪਾ ਦੇਣ। ਕੁਝ ਸ਼ਾਇਦ ਖੇਤਰ ਸੇਵਕਾਈ ਦੀਆਂ ਪੇਸ਼ਕਾਰੀਆਂ ਲਈ ਸੁਝਾਅ ਪੇਸ਼ ਕਰਨ। ਕੀ ਅਜਿਹੀ ਜਾਣਕਾਰੀ ਸੱਚ-ਮੁੱਚ ਲਾਹੇਵੰਦ ਹੈ?
20 ਯਹੋਵਾਹ ਦੇ ਸੰਗਠਨ ਨੇ ਸਾਡੇ ਮਨਾਂ ਨੂੰ ਅਧਿਆਤਮਿਕ ਵਿਚਾਰਾਂ ਨਾਲ ਭਰਨ ਲਈ ਅਤੇ “ਭਲੇ ਬੁਰੇ ਦੀ ਜਾਚ ਕਰਨ” ਵਿਚ ਸਿਖਲਾਈ ਦੇਣ ਲਈ ਪ੍ਰਕਾਸ਼ਨ ਮੁਹੱਈਆ ਕੀਤੇ ਹਨ। (ਇਬ. 5:14) ਜੇਕਰ ਦੂਸਰੇ ਸਾਡੇ ਲਈ ਰਿਸਰਚ ਕਰਦੇ ਹਨ, ਤਾਂ ਕੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਇਹ ਸਿਖਲਾਈ ਹਾਸਲ ਕਰ ਰਹੇ ਹਾਂ?
21 ਬਰਿਯਾ ਦੇ ਲੋਕਾਂ ਨੂੰ “ਥੱਸਲੁਨੀਕੇ ਦੇ ਲੋਕਾਂ ਨਾਲੋਂ ਬਹੁਤ ਚੰਗੇ” ਕਿਹਾ ਗਿਆ ਸੀ। ਕਿਉਂ? ਕਿਉਂਕਿ “ਏਹਨਾਂ ਨੇ ਦਿਲ ਦੀ ਵੱਡੀ ਚਾਹ ਨਾਲ ਬਚਨ ਨੂੰ ਮੰਨ ਲਿਆ ਅਤੇ ਰੋਜ ਲਿਖਤਾਂ ਵਿੱਚ ਭਾਲ ਕਰਦੇ ਰਹੇ ਭਈ ਏਹ ਗੱਲਾਂ ਇਸੇ ਤਰਾਂ ਹਨ ਕਿ ਨਹੀਂ।” (ਰਸੂ. 17:11) ਭਾਵੇਂ ਕਿ ਪੌਲੁਸ ਅਤੇ ਸੀਲਾਸ ਨੇ ਉਨ੍ਹਾਂ ਨੂੰ ਪ੍ਰਚਾਰ ਕੀਤਾ ਸੀ, ਪਰ ਸੱਚਾਈ ਨੂੰ ਅਪਣਾਉਣ ਲਈ ਉਨ੍ਹਾਂ ਲਈ ਨਿੱਜੀ ਅਧਿਐਨ ਕਰਨਾ ਜ਼ਰੂਰੀ ਸੀ।
22 ਅਸਲ ਵਿਚ ਇਕ ਭਾਸ਼ਣ ਲਈ ਜਾਂ ਦੂਸਰੀਆਂ ਸਭਾਵਾਂ ਦੀ ਤਿਆਰੀ ਕਰਨ ਲਈ ਕਿਸੇ ਦੂਸਰੇ ਵਿਅਕਤੀ ਦੁਆਰਾ ਕੀਤੀ ਰਿਸਰਚ ਨੂੰ ਇਸਤੇਮਾਲ ਕਰਨ ਨਾਲ ਨਿੱਜੀ ਅਧਿਐਨ ਦਾ ਮਕਸਦ ਪੂਰਾ ਨਹੀਂ ਹੁੰਦਾ ਹੈ। ਕੀ ਤੁਸੀਂ ਖ਼ੁਦ ਪਰਮੇਸ਼ੁਰ ਦੇ ਬਚਨ ਵਿਚ ਆਪਣੀ ਨਿਹਚਾ ਨੂੰ ਮਜ਼ਬੂਤ ਨਹੀਂ ਕਰਨਾ ਚਾਹੁੰਦੇ? ਖ਼ੁਦ ਵਿਸ਼ਵਾਸ ਕਰਨ ਤੋਂ ਬਾਅਦ ਹੀ ਤੁਸੀਂ ਆਪਣੇ ਭਾਸ਼ਣਾਂ ਵਿਚ, ਸਭਾਵਾਂ ਵਿਚ ਟਿੱਪਣੀਆਂ ਕਰ ਕੇ ਅਤੇ ਖੇਤਰ ਸੇਵਕਾਈ ਵਿਚ ਲੋਕਾਂ ਸਾਮ੍ਹਣੇ ਆਪਣੀ ਨਿਹਚਾ ਦਾ ਇਕਰਾਰ ਕਰ ਸਕਦੇ ਹੋ। (ਰੋਮੀ. 10:10) ਜੇ ਤੁਸੀਂ ਦੂਸਰੇ ਵਿਅਕਤੀ ਦੁਆਰਾ ਰਿਸਰਚ ਕੀਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਦੇ ਹੋ, ਤਾਂ ਤੁਸੀਂ ਕਹਾਉਤਾਂ 2:4, 5 ਅਨੁਸਾਰ ਨਿੱਜੀ ਤੌਰ ਤੇ ‘ਪਰਮੇਸ਼ੁਰ ਦੇ ਗਿਆਨ ਦੀ ਗੁਪਤ ਧਨ ਵਾਂਙੁ ਭਾਲ ਅਤੇ ਖੋਜ’ ਨਹੀਂ ਕਰ ਸਕੋਗੇ।
23 ਮਿਸਾਲ ਵਜੋਂ, ਜਦੋਂ ਤੁਸੀਂ ਆਪਣੀ ਬਾਈਬਲ ਵਿੱਚੋਂ ਸ਼ਾਸਤਰਵਚਨ ਪੜ੍ਹਦੇ ਹੋ, ਤਾਂ ਤੁਸੀਂ ਉਸ ਸ਼ਾਸਤਰਵਚਨ ਦੇ ਕੁਝ ਅਗਲੇ-ਪਿਛਲੇ ਸ਼ਾਸਤਰਵਚਨ ਪੜ੍ਹ ਕੇ ਉਸ ਦਾ ਵਿਸ਼ਾ ਜਾਣ ਸਕਦੇ ਹੋ। ਜਿਵੇਂ ਲੂਕਾ ਨੇ ਆਪਣੀ ਇੰਜੀਲ ਲਿਖਣ ਵੇਲੇ ਭਾਲ ਕੀਤੀ ਸੀ, ਉਸੇ ਤਰ੍ਹਾਂ ਤੁਸੀਂ ਵੀ “ਸਾਰੀ ਵਾਰਤਾ ਦੀ ਵੱਡੇ ਜਤਨ ਨਾਲ ਭਾਲ” ਕਰ ਸਕਦੇ ਹੋ। (ਲੂਕਾ 1:3) ਹੋਰ ਜ਼ਿਆਦਾ ਜਤਨ ਕਰਨ ਨਾਲ ਤੁਸੀਂ ਸੇਵਕਾਈ ਕਰਦੇ ਸਮੇਂ ਜਾਂ ਭਾਸ਼ਣ ਦਿੰਦੇ ਸਮੇਂ ਸ਼ਾਸਤਰਵਚਨਾਂ ਨੂੰ ਲੱਭਣ ਵਿਚ ਮਾਹਰ ਹੋ ਜਾਓਗੇ। ਬਹੁਤ ਸਾਰੇ ਲੋਕਾਂ ਨੇ ਕਿਹਾ ਹੈ ਕਿ ਉਹ ਯਹੋਵਾਹ ਦੇ ਗਵਾਹਾਂ ਤੋਂ ਬਹੁਤ ਪ੍ਰਭਾਵਿਤ ਹੋਏ ਹਨ, ਕਿਉਂਕਿ ਉਹ ਜਾਣਦੇ ਹਨ ਕਿ ਬਾਈਬਲ ਨੂੰ ਕਿਵੇਂ ਇਸਤੇਮਾਲ ਕਰਨਾ ਹੈ। ਪਰ ਅਸੀਂ ਤਦ ਹੀ ਇਸ ਵਿਚ ਮਹਾਰਤ ਹਾਸਲ ਕਰ ਸਕਦੇ ਹਾਂ ਜੇਕਰ ਅਸੀਂ ਆਪ ਆਪਣੀ ਬਾਈਬਲ ਵਿੱਚੋਂ ਸ਼ਾਸਤਰਵਚਨਾਂ ਨੂੰ ਲੱਭਣ ਦਾ ਅਭਿਆਸ ਕਰਦੇ ਹਾਂ।
24 ਆਪਣੇ ਸਮੇਂ ਨੂੰ ਅਕਲਮੰਦੀ ਨਾਲ ਇਸਤੇਮਾਲ ਕਰੋ: ਸਾਨੂੰ ਇਸ ਬਾਰੇ ਵੀ ਗੌਰ ਕਰਨਾ ਚਾਹੀਦਾ ਹੈ ਕਿ ਅਸੀਂ ਇੰਟਰਨੈੱਟ ਤੇ ਜਾਣਕਾਰੀ ਭੇਜਣ, ਇਸ ਉੱਤੇ ਉਪਲਬਧ ਜਾਣਕਾਰੀ ਨੂੰ ਪੜ੍ਹਨ ਅਤੇ ਉਸ ਦਾ ਜਵਾਬ ਦੇਣ ਵਿਚ ਕਿੰਨਾ ਸਮਾਂ ਲਗਾਉਂਦੇ ਹਾਂ। ਜ਼ਬੂਰਾਂ ਦੀ ਪੋਥੀ 90:12 ਸਾਨੂੰ ਪ੍ਰਾਰਥਨਾ ਕਰਨ ਲਈ ਉਤਸ਼ਾਹਿਤ ਕਰਦਾ ਹੈ: “ਸਾਨੂੰ ਸਾਡੇ ਦਿਨ ਗਿਣਨ ਐਉਂ ਸਿਖਲਾ, ਭਈ ਅਸੀਂ ਹਿਕਮਤ ਵਾਲਾ ਮਨ ਪਰਾਪਤ ਕਰੀਏ।” ਪੌਲੁਸ ਨੇ ਕਿਹਾ: “ਸਮਾਂ ਬਹੁਤ ਥੋੜ੍ਹਾ ਰਹਿ ਗਿਆ ਹੈ।” (1 ਕੁਰਿੰ. 7:29, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਸ ਤੋਂ ਇਲਾਵਾ: “ਉਪਰੰਤ ਜਿਵੇਂ ਸਾਨੂੰ ਮੌਕਾ ਮਿਲੇ ਅਸੀਂ ਸਭਨਾਂ ਨਾਲ ਭਲਾ ਕਰੀਏ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।”—ਗਲਾ. 6:10.
25 ਅਜਿਹੀ ਸਲਾਹ ਇਸ ਗੱਲ ਦੀ ਲੋੜ ਉੱਤੇ ਜ਼ੋਰ ਦਿੰਦੀ ਹੈ ਕਿ ਸਾਨੂੰ ਆਪਣੇ ਸਮੇਂ ਨੂੰ ਅਕਲਮੰਦੀ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ। ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਵਿਚ ਸਮਾਂ ਲਗਾਉਣਾ ਕਿੰਨਾ ਜ਼ਿਆਦਾ ਫ਼ਾਇਦੇਮੰਦ ਹੈ! (ਜ਼ਬੂ. 1:1, 2) ਇਹ ਸਾਡੇ ਲਈ ਸਭ ਤੋਂ ਵਧੀਆ ਸੰਗਤੀ ਹੈ। (2 ਤਿਮੋ. 3:16, 17) ਮਾਪਿਓ, ਕੀ ਤੁਸੀਂ ਆਪਣੇ ਬੱਚਿਆਂ ਨੂੰ ਅਕਲਮੰਦੀ ਨਾਲ ਰਾਜ ਦੇ ਕੰਮਾਂ ਵਿਚ ਸਮਾਂ ਲਗਾਉਣ ਦੀ ਅਹਿਮੀਅਤ ਨੂੰ ਸਮਝਣ ਵਿਚ ਮਦਦ ਦੇ ਰਹੇ ਹੋ? (ਉਪ. 12:1) ਇੰਟਰਨੈੱਟ ਨੂੰ ਇਸਤੇਮਾਲ ਕਰਨ ਨਾਲ ਜੋ ਫ਼ਾਇਦਾ ਹੁੰਦਾ ਹੈ, ਉਸ ਨਾਲੋਂ ਵੀ ਕਿਤੇ ਜ਼ਿਆਦਾ ਫ਼ਾਇਦਾ ਨਿੱਜੀ ਅਤੇ ਪਰਿਵਾਰਕ ਬਾਈਬਲ ਅਧਿਐਨ, ਸਭਾਵਾਂ ਵਿਚ ਹਾਜ਼ਰ ਹੋਣ ਨਾਲ ਅਤੇ ਖੇਤਰ ਸੇਵਕਾਈ ਵਿਚ ਜਾਣ ਨਾਲ ਹੁੰਦਾ ਹੈ।
26 ਇਸ ਸੰਬੰਧ ਵਿਚ ਬੁੱਧੀਮਤਾ ਦੀ ਗੱਲ ਇਹੀ ਹੈ ਕਿ ਅਸੀਂ ਆਪਣਾ ਧਿਆਨ ਅਧਿਆਤਮਿਕ ਗੱਲਾਂ ਉੱਤੇ ਅਤੇ ਮਸੀਹੀ ਜ਼ਿੰਦਗੀ ਨਾਲ ਸੰਬੰਧਿਤ ਜ਼ਰੂਰੀ ਕੰਮਾਂ ਉੱਤੇ ਕੇਂਦ੍ਰਿਤ ਕਰੀਏ। ਇਸ ਲਈ ਸਾਨੂੰ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨ ਦੀ ਲੋੜ ਹੈ ਕਿ ਸਾਨੂੰ ਕਿਸ ਤਰ੍ਹਾਂ ਦੀ ਜਾਣਕਾਰੀ ਉੱਤੇ ਆਪਣਾ ਸਮਾਂ ਅਤੇ ਧਿਆਨ ਲਾਉਣ ਦੀ ਲੋੜ ਹੈ। ਮਸੀਹੀ ਹੋਣ ਦੇ ਨਾਤੇ, ਜਿਹੜੀ ਗੱਲ ਸਾਡੀ ਜ਼ਿੰਦਗੀ ਲਈ ਜ਼ਿਆਦਾ ਜ਼ਰੂਰੀ ਹੈ ਮਸੀਹ ਨੇ ਉਸ ਦਾ ਇਹ ਨਿਚੋੜ ਕੱਢਿਆ: “ਪਰ ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।” (ਮੱਤੀ 6:33) ਕੀ ਤੁਸੀਂ ਉਦੋਂ ਬਹੁਤ ਖ਼ੁਸ਼ ਨਹੀਂ ਹੁੰਦੇ ਜਦੋਂ ਤੁਹਾਡੀ ਜ਼ਿੰਦਗੀ ਦੂਸਰੇ ਕੰਮਾਂ ਵਿਚ ਰੁੱਝੀ ਹੋਣ ਦੀ ਬਜਾਇ ਰਾਜ ਦੇ ਕੰਮਾਂ ਵਿਚ ਰੁੱਝੀ ਹੋਈ ਹੁੰਦੀ ਹੈ?
27 ਇੰਟਰਨੈੱਟ ਈ-ਮੇਲ: ਦੂਰ ਰਹਿੰਦੇ ਪਰਿਵਾਰ ਦੇ ਮੈਂਬਰਾਂ ਨਾਲ ਜਾਂ ਦੋਸਤਾਂ ਨਾਲ ਆਪਣੇ ਨਿੱਜੀ ਅਨੁਭਵ ਜਾਂ ਵਿਚਾਰ ਸਾਂਝੇ ਕਰਨੇ ਚੰਗੀ ਗੱਲ ਹੈ, ਪਰ ਕੀ ਇਹ ਜਾਣਕਾਰੀ ਦੂਸਰੇ ਲੋਕਾਂ ਤਕ ਫੈਲਾਉਣੀ ਪ੍ਰੇਮਮਈ ਹੈ ਜੋ ਸ਼ਾਇਦ ਤੁਹਾਡੇ ਪਰਿਵਾਰ ਨੂੰ ਜਾਂ ਦੋਸਤਾਂ ਨੂੰ ਨਹੀਂ ਜਾਣਦੇ ਹਨ? ਜਾਂ ਕੀ ਇਹ ਜਾਣਕਾਰੀ ਵੈੱਬ ਸਫ਼ੇ ਉੱਤੇ ਪਾਉਣੀ ਚਾਹੀਦੀ ਹੈ ਤਾਂਕਿ ਹਰ ਕੋਈ ਪੜ੍ਹ ਸਕੇ? ਕੀ ਇਨ੍ਹਾਂ ਨਿੱਜੀ ਸੰਦੇਸ਼ਾਂ ਨੂੰ ਬਿਨਾਂ ਸੋਚੇ-ਸਮਝੇ ਕਾਪੀ ਕਰ ਕੇ ਆਪਣੇ ਜਾਣ-ਪਛਾਣ ਵਾਲਿਆਂ ਨੂੰ ਜਾਂ ਅਣਜਾਣ ਵਿਅਕਤੀਆਂ ਨੂੰ ਭੇਜਣਾ ਚਾਹੀਦਾ ਹੈ? ਇਸੇ ਤਰ੍ਹਾਂ, ਜੇਕਰ ਤੁਹਾਨੂੰ ਦੂਸਰਿਆਂ ਤੋਂ ਸੰਦੇਸ਼ ਮਿਲਦੇ ਹਨ ਜੋ ਸਪੱਸ਼ਟ ਤੌਰ ਤੇ ਤੁਹਾਡੇ ਲਈ ਨਹੀਂ ਹਨ, ਤਾਂ ਫਿਰ ਕੀ ਉਹ ਸੰਦੇਸ਼ ਦੂਸਰੇ ਲੋਕਾਂ ਨੂੰ ਭੇਜਣੇ ਠੀਕ ਹਨ?
28 ਤਦ ਕੀ ਜੇ ਤੁਹਾਡੇ ਵੱਲੋਂ ਅੱਗੇ ਕਿਸੇ ਹੋਰ ਨੂੰ ਭੇਜਿਆ ਗਿਆ ਅਨੁਭਵ ਸੱਚ ਨਹੀਂ ਹੈ? ਕੀ ਇਹ ਝੂਠ ਨੂੰ ਫੈਲਾਉਣਾ ਨਹੀਂ ਹੋਵੇਗਾ? (ਕਹਾ. 12:19; 21:28; 30:8; ਕੁਲੁ. 3:9) ਯਕੀਨਨ, ਅਸੀਂ ਇਸ ਗੱਲ ਬਾਰੇ ਵਿਚਾਰ ਕਰਨ ਲਈ ਪ੍ਰੇਰਿਤ ਹੋਵਾਂਗੇ ਜੇਕਰ ਅਸੀਂ ‘ਚੌਕਸੀ ਨਾਲ ਵੇਖੀਏ ਭਈਂ ਅਸੀਂ ਕਿੱਕੁਰ ਚੱਲਦੇ ਹਾਂ, ਨਿਰਬੁੱਧਾਂ ਵਾਂਙੁ ਨਹੀਂ ਸਗੋਂ ਬੁੱਧਵਾਨਾਂ ਵਾਂਙੁ।’ (ਅਫ਼. 5:15) ਅਸੀਂ ਕਿੰਨੇ ਖ਼ੁਸ਼ ਹਾਂ ਕਿ ਯੀਅਰਬੁੱਕ, ਪਹਿਰਾਬੁਰਜ ਅਤੇ ਜਾਗਰੂਕ ਬਣੋ! ਵਿਚ ਸੱਚੇ ਅਨੁਭਵ ਦਿੱਤੇ ਜਾਂਦੇ ਹਨ ਜੋ ਸਾਨੂੰ ਉਤਸ਼ਾਹਿਤ ਅਤੇ ਪ੍ਰੇਰਿਤ ਕਰਦੇ ਹਨ ਕਿ ਅਸੀਂ ਪਰਮੇਸ਼ੁਰ ਦੁਆਰਾ ਦਿਖਾਏ “ਰਾਹ” ਉੱਤੇ ਚੱਲਦੇ ਰਹੀਏ!—ਯਸਾ. 30:20, 21.
29 ਪਰ ਇਕ ਹੋਰ ਖ਼ਤਰਾ ਵੀ ਹੈ। ਪੌਲੁਸ ਰਸੂਲ ਨੇ ਕੁਝ ਲੋਕਾਂ ਬਾਰੇ ਕਿਹਾ: “ਨਾਲੇ ਓਹ ਘਰ ਘਰ ਫਿਰ ਕੇ ਆਲਸਣਾਂ ਨਣਬਾਂ ਸਿੱਖਦੀਆਂ ਹਨ ਅਤੇ ਨਿਰੀਆਂ ਆਲਸਣਾਂ ਹੀ ਨਹੀਂ ਸਗੋਂ ਬੁੜ ਬੁੜ ਕਰਨ ਵਾਲੀਆਂ ਅਤੇ ਪਰਾਇਆ ਕੰਮਾਂ ਵਿੱਚ ਲੱਤ ਅੜਾਉਣ ਵਾਲੀਆਂ ਹੁੰਦੀਆਂ ਹਨ ਅਤੇ ਅਜੋਗ ਗੱਲਾਂ ਕਰਦੀਆਂ ਹਨ।” (1 ਤਿਮੋ. 5:13) ਇਸ ਵਿਚ ਦਿੱਤੀ ਦਲੀਲ ਅਨੁਸਾਰ ਸਾਨੂੰ ਆਪਣੇ ਭਰਾਵਾਂ ਨੂੰ ਫਜ਼ੂਲ ਜਾਣਕਾਰੀ ਭੇਜਣ ਵਿਚ ਸਮਾਂ ਲਗਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
30 ਇਸ ਬਾਰੇ ਵੀ ਸੋਚੋ ਕਿ ਈ-ਮੇਲ ਤੇ ਆਏ ਬਹੁਤ ਸਾਰੇ ਸੰਦੇਸ਼ਾਂ ਨੂੰ ਪੜ੍ਹਨ ਅਤੇ ਭੇਜਣ ਵਿਚ ਕਿੰਨਾ ਸਮਾਂ ਲੱਗਦਾ ਹੈ। ਦਿਲਚਸਪੀ ਦੀ ਗੱਲ ਹੈ ਕਿ ਕਿਤਾਬ ਜਾਣਕਾਰੀ ਦੀ ਭਰਮਾਰ (Data Smog) ਕਹਿੰਦੀ ਹੈ: “ਜਦੋਂ ਇਕ ਵਿਅਕਤੀ ਜ਼ਿਆਦਾ ਤੋਂ ਜ਼ਿਆਦਾ ਸਮਾਂ ਆਨ-ਲਾਈਨ ਬਤੀਤ ਕਰਨ ਲੱਗ ਜਾਂਦਾ ਹੈ, ਤਾਂ ਹਰ ਦਿਨ ਸਹਿਕਰਮੀਆਂ ਤੋਂ, ਦੋਸਤਾਂ ਤੋਂ, ਪਰਿਵਾਰ ਤੋਂ . . . ਆਏ ਦਰਜਨਾਂ ਸੰਦੇਸ਼ਾਂ ਨੂੰ ਅਤੇ ਕੰਪਨੀਆਂ ਦੇ ਇਸ਼ਤਿਹਾਰਾਂ ਨੂੰ ਪੜ੍ਹਨ ਅਤੇ ਉਨ੍ਹਾਂ ਦਾ ਜਵਾਬ ਦੇਣ ਵਿਚ ਕਾਫ਼ੀ ਸਮਾਂ ਲੱਗਦਾ ਹੈ, ਜਿਸ ਕਰਕੇ ਈ-ਮੇਲ ਝੱਟ ਹੀ ਸੰਚਾਰ ਕਰਨ ਦੇ ਜ਼ਰੀਏ ਦੀ ਬਜਾਇ ਇਕ ਸਮਾਂ-ਖਾਊ ਚੀਜ਼ ਬਣ ਜਾਂਦੀ ਹੈ। ਇਹ ਅੱਗੇ ਕਹਿੰਦੀ ਹੈ: “ਬਹੁਤ ਸਾਰੇ ਵਿਅਕਤੀਆਂ ਨੂੰ ਇਹ ਲਤ ਲੱਗ ਜਾਂਦੀ ਹੈ ਕਿ ਇੰਟਰਨੈੱਟ ਉੱਤੇ ਜੋ ਵੀ ਦਿਲਚਸਪ ਜਾਣਕਾਰੀ ਉਪਲਬਧ ਹੁੰਦੀ ਹੈ, ਜਿਵੇਂ ਕਿ ਚੁਟਕਲੇ, ਕੋਈ ਮਨ-ਘੜਤ ਕਹਾਣੀ, ਇਲੈਕਟ੍ਰਾਨਿਕ ਚੇਨ ਲੈਟਰਸ ਆਦਿ, ਉਸ ਨੂੰ ਉਹ ਆਪਣੀ ਇਲੈਕਟ੍ਰਾਨਿਕ ਐਡਰੈੱਸ ਬੁੱਕ ਵਿਚ ਦਰਜ਼ ਸਾਰੇ ਲੋਕਾਂ ਨੂੰ ਭੇਜਦੇ ਹਨ।”
31 ਇਹ ਵੀ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਭਰਾ ਈ-ਮੇਲ ਰਾਹੀਂ ਇਕ ਦੂਸਰੇ ਨੂੰ ਸੇਵਕਾਈ ਬਾਰੇ ਚੁਟਕਲੇ ਜਾਂ ਹਾਸੇ ਵਾਲੀਆਂ ਕਹਾਣੀਆਂ, ਸਾਡੇ ਵਿਸ਼ਵਾਸਾਂ ਉੱਤੇ ਲਿਖੀਆਂ ਕਵਿਤਾਵਾਂ, ਸੰਮੇਲਨਾਂ ਅਤੇ ਮਹਾਂ-ਸੰਮੇਲਨਾਂ ਜਾਂ ਰਾਜ ਗ੍ਰਹਿ ਵਿਚ ਸੁਣੇ ਵੱਖੋ-ਵੱਖਰੇ ਭਾਸ਼ਣਾਂ ਵਿਚ ਵਰਤੀਆਂ ਗਈਆਂ ਉਦਾਹਰਣਾਂ, ਖੇਤਰ ਸੇਵਕਾਈ ਦੇ ਅਨੁਭਵ ਆਦਿ ਭੇਜਦੇ ਹਨ ਅਤੇ ਅਜਿਹੇ ਸੰਦੇਸ਼ ਭੇਜਣੇ ਗ਼ਲਤ ਵੀ ਨਹੀਂ ਲੱਗਦੇ। ਜ਼ਿਆਦਾ ਕਰਕੇ ਭੈਣ-ਭਰਾ ਇਹ ਚੈੱਕ ਨਹੀਂ ਕਰਦੇ ਕਿ ਅਜਿਹੇ ਅਨੁਭਵਾਂ ਦਾ ਸੋਮਾ ਕੌਣ ਹੈ ਤੇ ਉਹ ਇਸ ਨੂੰ ਅੱਗੇ ਭੇਜ ਦਿੰਦੇ ਹਨ। ਇਸ ਤਰ੍ਹਾਂ ਇਹ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ ਕਿ ਅਸਲ ਵਿਚ ਇਹ ਸੰਦੇਸ਼ ਸ਼ੁਰੂ ਵਿਚ ਕਿਸ ਨੇ ਘੱਲਿਆ ਸੀ। ਤਾਂ ਫਿਰ ਸਾਨੂੰ ਕਿਵੇਂ ਪਤਾ ਕਿ ਇਹ ਜਾਣਕਾਰੀ ਸੱਚ-ਮੁੱਚ ਸਹੀ ਹੈ ਜਾਂ ਨਹੀਂ?—ਕਹਾ. 22:20, 21.
32 ਅਜਿਹੇ ਬੇਫਜ਼ੂਲ ਸੰਦੇਸ਼ ਖਰੀਆਂ ਗੱਲਾਂ ਨਹੀਂ ਹਨ ਜਿਨ੍ਹਾਂ ਬਾਰੇ ਪੌਲੁਸ ਨੇ ਤਿਮੋਥਿਉਸ ਨੂੰ ਲਿਖਿਆ ਸੀ: “ਤੂੰ ਓਹਨਾਂ ਖਰੀਆਂ ਗੱਲਾਂ ਦੇ ਨਮੂਨੇ ਨੂੰ ਜਿਹੜੀਆਂ ਤੈਂ ਮੈਥੋਂ ਸੁਣੀਆਂ ਉਸ ਨਿਹਚਾ ਅਤੇ ਪ੍ਰੇਮ ਨਾਲ ਜੋ ਮਸੀਹ ਯਿਸੂ ਵਿੱਚ ਹੈ ਫੜੀ ਰੱਖੀਂ।” (2 ਤਿਮੋ. 1:13) ਬਾਈਬਲ ਸੱਚਾਈ ਦੀ “ਸ਼ੁੱਧ ਭਾਸ਼ਾ” ਵਿਚ “ਖਰੀਆਂ ਗੱਲਾਂ” ਸ਼ਾਮਲ ਹਨ ਜੋ ਬਾਈਬਲ ਦੇ ਮੁੱਖ ਵਿਸ਼ੇ, ਰਾਜ ਦੇ ਰਾਹੀਂ ਯਹੋਵਾਹ ਦੀ ਸਰਬਸੱਤਾ ਦਾ ਦੋਸ਼-ਨਿਵਾਰਣ, ਉੱਤੇ ਆਧਾਰਿਤ ਹਨ। (ਸਫ਼. 3:9, ਨਿ ਵ) ਯਹੋਵਾਹ ਦੀ ਸਰਬਸੱਤਾ ਦੇ ਦੋਸ਼-ਨਿਵਾਰਣ ਦਾ ਸਮਰਥਨ ਕਰਨ ਲਈ, ਸਾਨੂੰ ਆਪਣਾ ਸਾਰਾ ਸਮਾਂ ਅਤੇ ਸਾਰੀ ਸ਼ਕਤੀ ਲਗਾਉਣ ਲਈ ਪੂਰਾ ਜਤਨ ਕਰਨਾ ਚਾਹੀਦਾ ਹੈ।
33 ਕਿਉਂਕਿ ਅਸੀਂ ਇਸ ਰੀਤੀ-ਵਿਵਸਥਾ ਦੇ ਅੰਤ ਦੇ ਬਿਲਕੁਲ ਨੇੜੇ ਹਾਂ, ਇਸ ਕਰਕੇ ਇਹ ਸੁਸਤ ਹੋਣ ਦਾ ਸਮਾਂ ਨਹੀਂ ਹੈ। ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ: “ਸੁਚੇਤ ਹੋਵੋ, ਜਾਗਦੇ ਰਹੋ! ਤੁਹਾਡਾ ਵਿਰੋਧੀ ਸ਼ਤਾਨ ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ!” (1 ਪਤ. 5:8) ਇਹ ਅੱਗੇ ਕਹਿੰਦੀ ਹੈ: “ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰੋ ਤਾਂ ਜੋ ਤੁਸੀਂ ਸ਼ਤਾਨ ਦੇ ਛਲ ਛਿੱਦ੍ਰਾਂ ਦੇ ਸਾਹਮਣੇ ਖਲੋ ਸੱਕੋ।”—ਅਫ਼. 6:11.
34 ਜੇਕਰ ਇੰਟਰਨੈੱਟ ਦੀ ਦੁਰਵਰਤੋਂ ਕੀਤੀ ਜਾਂਦੀ ਹੈ, ਤਾਂ ਸ਼ਤਾਨ ਇਸ ਦੇ ਜ਼ਰੀਏ ਉਨ੍ਹਾਂ ਲੋਕਾਂ ਨੂੰ ਚਲਾਕੀ ਨਾਲ ਭਰਮਾਉਂਦਾ ਹੈ ਜੋ ਇਸ ਦੇ ਅਸਰ ਹੇਠ ਆ ਜਾਂਦੇ ਹਨ। ਭਾਵੇਂ ਇੰਟਰਨੈੱਟ ਤੋਂ ਥੋੜ੍ਹਾ ਬਹੁਤਾ ਜ਼ਰੂਰ ਫ਼ਾਇਦਾ ਹੁੰਦਾ ਹੈ, ਪਰ ਜੇਕਰ ਇਸ ਨੂੰ ਧਿਆਨ ਨਾਲ ਇਸਤੇਮਾਲ ਨਹੀਂ ਕੀਤਾ ਜਾਂਦਾ, ਤਾਂ ਇਸ ਤੋਂ ਖ਼ਤਰਾ ਹੋ ਸਕਦਾ ਹੈ। ਜਦੋਂ ਬੱਚੇ ਇੰਟਰਨੈੱਟ ਇਸਤੇਮਾਲ ਕਰਦੇ ਹਨ, ਤਾਂ ਉਦੋਂ ਖ਼ਾਸ ਕਰਕੇ ਮਾਪਿਆਂ ਨੂੰ ਆਪਣੇ ਬੱਚਿਆਂ ਵੱਲ ਧਿਆਨ ਦੇਣ ਦੀ ਲੋੜ ਹੈ।
35 ਇੰਟਰਨੈੱਟ ਬਾਰੇ ਸੰਤੁਲਿਤ ਰਵੱਈਆ ਰੱਖਣ ਨਾਲ ਸੁਰੱਖਿਆ ਮਿਲਦੀ ਹੈ। ਪੌਲੁਸ ਦੁਆਰਾ ਸਮੇਂ ਸਿਰ ਦਿੱਤੀ ਗਈ ਯਾਦ-ਦਹਾਨੀ ਦੀ ਅਸੀਂ ਕਦਰ ਕਰਦੇ ਹਾਂ: “ਜੋ ਸੰਸਾਰਕ ਚੀਜ਼ਾਂ ਦੀ ਵਰਤੋਂ ਕਰ ਰਹੇ ਹਨ, ਉਹ ਇਸ ਤਰ੍ਹਾਂ ਕਰਨ, ਜਿਸ ਤਰ੍ਹਾਂ ਕਿ ਉਹ ਨਹੀਂ ਕਰ ਰਹੇ ਹਨ, ਕਿਉਂਕਿ ਸੰਸਾਰ ਦਾ ਵਰਤਮਾਨ ਰੂਪ ਬਦਲ ਰਿਹਾ ਹੈ।” (1 ਕੁਰਿੰ. 7:29-31, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਣ ਨਾਲ ਸਾਨੂੰ ਅਤੇ ਸਾਡੇ ਪਰਿਵਾਰ ਨੂੰ ਸੰਸਾਰ ਦੀਆਂ ਚੀਜ਼ਾਂ, ਜਿਨ੍ਹਾਂ ਵਿਚ ਇੰਟਰਨੈੱਟ ਵੀ ਸ਼ਾਮਲ ਹੈ, ਦੁਆਰਾ ਬਹਿਕਾਏ ਜਾਣ ਤੋਂ ਬਚੇ ਰਹਿਣ ਵਿਚ ਮਦਦ ਮਿਲੇਗੀ।
36 ਇਹ ਜ਼ਰੂਰੀ ਹੈ ਕਿ ਅਸੀਂ ਕਲੀਸਿਯਾ ਵਿਚ ਆਪਣੇ ਭਰਾਵਾਂ ਦੇ ਨੇੜੇ ਰਹੀਏ ਅਤੇ ਬਾਕੀ ਰਹਿੰਦੇ ਸਮੇਂ ਨੂੰ ਅਕਲਮੰਦੀ ਨਾਲ ਇਸਤੇਮਾਲ ਕਰੀਏ, ਇੰਜ ਕਰਨ ਨਾਲ ਅਸੀਂ ਰਾਜ ਹਿੱਤਾਂ ਨੂੰ ਅੱਗੇ ਵਧਾਵਾਂਗੇ। ਜਿਉਂ-ਜਿਉਂ ਇਸ ਵਿਵਸਥਾ ਦਾ ਅੰਤ ਨੇੜੇ ਆਉਂਦਾ ਜਾਂਦਾ ਹੈ, ਆਓ ਅਸੀਂ ‘ਅਗਾਹਾਂ ਨੂੰ ਅਜਿਹੀ ਚਾਲ ਨਾ ਚੱਲੀਏ ਜਿਵੇਂ ਪਰਾਈਆਂ ਕੌਮਾਂ ਵੀ ਆਪਣੀ ਬੁੱਧ ਦੇ ਵਿਰਥਾਪੁਣੇ ਨਾਲ ਚੱਲਦੀਆਂ ਹਨ,’ ਬਲਕਿ ਆਓ ‘ਸਮਝੀਏ ਭਈ ਪ੍ਰਭੁ ਦੀ ਕੀ ਇੱਛਿਆ ਹੈ।’—ਅਫ਼. 4:17; 5:17.