ਇੰਟਰਨੈੱਟ—ਕਿਉਂ ਚੌਕਸ ਰਹਿਣਾ ਚਾਹੀਦਾ ਹੈ?
ਇੰਟਰਨੈੱਟ ਨਿਸ਼ਚੇ ਹੀ ਵਿਦਿਅਕ ਵਰਤੋਂ ਅਤੇ ਦਿਨ-ਪ੍ਰਤਿ-ਦਿਨ ਸੰਚਾਰ ਕਰਨ ਦਾ ਸੰਭਵ ਸਾਧਨ ਹੈ। ਪਰੰਤੂ, ਇਸ ਦੀ ਉੱਚ ਤਕਨਾਲੋਜੀ ਦੀ ਚਮਕ-ਦਮਕ ਤੋਂ ਬਗੈਰ, ਇੰਟਰਨੈੱਟ ਦੀਆਂ ਉਹੀ ਸਮੱਸਿਆਵਾਂ ਹਨ ਜੋ ਟੈਲੀਵਿਯਨ, ਟੈਲੀਫ਼ੋਨ, ਅਖ਼ਬਾਰਾਂ, ਅਤੇ ਲਾਇਬ੍ਰੇਰੀਆਂ ਦੀਆਂ ਲੰਮੇ ਸਮੇਂ ਤੋਂ ਰਹੀਆਂ ਹਨ। ਇਸ ਲਈ, ਇਕ ਢੁਕਵਾਂ ਸਵਾਲ ਪੁੱਛਿਆ ਜਾ ਸਕਦਾ ਹੈ, ਕੀ ਇੰਟਰਨੈੱਟ ਦੀ ਸਾਮੱਗਰੀ ਮੇਰੇ ਅਤੇ ਮੇਰੇ ਪਰਿਵਾਰ ਦੇ ਲਈ ਉਚਿਤ ਹੈ?
ਬੇਸ਼ੁਮਾਰ ਰਿਪੋਰਟਾਂ ਨੇ ਇੰਟਰਨੈੱਟ ਤੇ ਅਸ਼ਲੀਲ ਸਾਮੱਗਰੀ ਦੀ ਉਪਲਬਧੀ ਬਾਰੇ ਦੱਸਿਆ ਹੈ। ਪਰੰਤੂ, ਕੀ ਇਸ ਤੱਤ ਦਾ ਇਹ ਅਰਥ ਹੈ ਕਿ ਇੰਟਰਨੈੱਟ ਕੇਵਲ ਕਾਮ-ਵਿਕ੍ਰਿਤ ਵਿਸ਼ਿਆਂ ਨਾਲ ਭਰਪੂਰ ਇਕ ਲੁੱਚਖ਼ਾਨਾ ਹੀ ਹੈ? ਕਈ ਵਿਅਕਤੀ ਕਹਿੰਦੇ ਹਨ ਕਿ ਇਹ ਤਾਂ ਬਿਲਕੁਲ ਹੀ ਅਤਿਕਥਨ ਹੈ। ਉਹ ਦਾਅਵਾ ਕਰਦੇ ਹਨ ਕਿ ਇਤਰਾਜ਼ਯੋਗ ਸਾਮੱਗਰੀ ਲੱਭਣ ਲਈ ਇਕ ਵਿਅਕਤੀ ਨੂੰ ਖ਼ਾਸ ਅਤੇ ਜਾਣ-ਬੁੱਝ ਕੇ ਜਤਨ ਕਰਨਾ ਪੈਂਦਾ ਹੈ।
ਇਹ ਗੱਲ ਸੱਚ ਹੈ ਕਿ ਨੁਕਸਾਨਦੇਹ ਸਾਮੱਗਰੀ ਨੂੰ ਭਾਲਣ ਲਈ ਇਕ ਵਿਅਕਤੀ ਨੂੰ ਜਾਣ-ਬੁੱਝ ਕੇ ਜਤਨ ਕਰਨਾ ਪੈਂਦਾ ਹੈ, ਪਰੰਤੂ ਦੂਜੇ ਦਲੀਲ ਦਿੰਦੇ ਹਨ ਕਿ ਦੂਜੀਆਂ ਥਾਵਾਂ ਨਾਲੋਂ ਇੰਟਰਨੈੱਟ ਤੇ ਇਹ ਕਾਫ਼ੀ ਸੌਖਿਆਂ ਹੀ ਲੱਭੀ ਜਾ ਸਕਦੀ ਹੈ। ਕੁਝ ਹੀ ਬਟਨਾਂ ਨੂੰ ਦਬਾਉਣ ਦੇ ਨਾਲ, ਇਕ ਖਪਤਕਾਰ ਨੂੰ ਕਾਮ-ਉਤੇਜਕ ਸਾਮੱਗਰੀ ਮਿਲ ਸਕਦੀ ਹੈ, ਜਿਵੇਂ ਕਿ ਲਿੰਗੀ ਤੌਰ ਤੇ ਸਪੱਸ਼ਟ ਫੋਟੋਆਂ, ਜਿਨ੍ਹਾਂ ਵਿਚ ਆਵਾਜ਼ ਅਤੇ ਵਿਡਿਓ ਫ਼ਿਲਮ ਦਾ ਹਿੱਸਾ ਵੀ ਸ਼ਾਮਲ ਹੁੰਦਾ ਹੈ।
ਅੱਜ-ਕੱਲ੍ਹ ਇਸ ਵਿਸ਼ੇ ਉੱਤੇ ਕਾਫ਼ੀ ਗਰਮਾ-ਗਰਮ ਬਹਿਸ ਹੋ ਰਹੀ ਹੈ ਕਿ ਇੰਟਰਨੈੱਟ ਤੇ ਕਿੰਨਾ ਕੁ ਅਸ਼ਲੀਲ ਸਾਹਿੱਤ ਉਪਲਬਧ ਹੈ। ਕੁਝ ਵਿਅਕਤੀ ਮਹਿਸੂਸ ਕਰਦੇ ਹਨ ਕਿ ਇਸ ਨੂੰ ਇਕ ਵਿਆਪਕ ਸਮੱਸਿਆ ਕਹਿਣ ਵਾਲੀਆਂ ਰਿਪੋਰਟਾਂ ਵਧਾਈਆਂ-ਚੜ੍ਹਾਈਆਂ ਗਈਆਂ ਹਨ। ਪਰੰਤੂ, ਜੇਕਰ ਤੁਹਾਨੂੰ ਪਤਾ ਚੱਲਦਾ ਹੈ ਕਿ ਤੁਹਾਡੇ ਵਿਹੜੇ ਵਿਚ 100 ਜ਼ਹਿਰੀਲੇ ਸੱਪ ਨਹੀਂ ਪਰੰਤੂ ਥੋੜ੍ਹੇ ਜਿਹੇ ਹੀ ਹਨ, ਤਾਂ ਕੀ ਤੁਸੀਂ ਆਪਣੇ ਪਰਿਵਾਰ ਦੀ ਸੁਰੱਖਿਆ ਬਾਰੇ ਕੋਈ ਘੱਟ ਚਿੰਤਾ ਕਰੋਗੇ? ਇੰਟਰਨੈੱਟ ਤੇ ਪ੍ਰਵੇਸ਼ ਕਰਨ ਵਾਲੇ ਵਿਅਕਤੀ ਚੌਕਸ ਰਹਿਣ ਵਿਚ ਬੁੱਧੀਮਾਨ ਹੋਣਗੇ।
ਉਨ੍ਹਾਂ ਤੋਂ ਸਾਵਧਾਨ ਰਹੋ ਜੋ ਬੱਚਿਆਂ ਨੂੰ ਸ਼ਿਕਾਰ ਬਣਾਉਂਦੇ ਹਨ!
ਹਾਲ ਹੀ ਦੀਆਂ ਖ਼ਬਰਾਂ ਨੇ ਦਿਖਾਇਆ ਹੈ ਕਿ ਕੁਝ ਬਾਲ ਵਿਕ੍ਰਿਤ-ਕਾਮੀ ਲੋਕ, ਨੌਜਵਾਨਾਂ ਦੇ ਨਾਲ ਆਨ-ਲਾਈਨ ਚੈਟ ਚਰਚਿਆਂ ਵਿਚ ਸ਼ਾਮਲ ਹੁੰਦੇ ਹਨ। ਛੋਟੇ ਬੱਚਿਆਂ ਦੇ ਭੇਸ ਵਿਚ, ਇਹ ਬਾਲਗ ਚਤੁਰਾਈ ਨਾਲ ਭੋਲਿਆਂ ਬੱਚਿਆਂ ਤੋਂ ਉਨ੍ਹਾਂ ਦਾ ਨਾਂ ਅਤੇ ਪਤਾ ਕਢਵਾ ਲੈਂਦੇ ਹਨ।
ਲਾਪਤਾ ਅਤੇ ਸ਼ੋਸ਼ਿਤ ਬੱਚਿਆਂ ਦਾ ਰਾਸ਼ਟਰੀ ਕੇਂਦਰ (NCMEC [National Center for Missing and Exploited Children]) ਨੇ ਇਸ ਸਰਗਰਮੀ ਦਾ ਕੁਝ ਲਿਖਤ ਸਬੂਤ ਦਰਜ ਕੀਤਾ ਹੈ। ਉਦਾਹਰਣ ਲਈ, 1996 ਵਿਚ, ਪੁਲਸ ਨੇ ਦੱਖਣੀ ਕੈਰੋਲਾਇਨਾ, ਯੂ. ਐੱਸ. ਏ., ਤੋਂ 13 ਅਤੇ 15 ਸਾਲਾਂ ਦੀਆਂ ਦੋ ਲੜਕੀਆਂ ਨੂੰ ਲੱਭਿਆ, ਜੋ ਇਕ ਹਫ਼ਤੇ ਤੋਂ ਲਾਪਤਾ ਸਨ। ਇੰਟਰਨੈੱਟ ਤੇ ਇਕ 18-ਸਾਲਾ ਮੁੰਡੇ ਨਾਲ ਸੰਪਰਕ ਕਰਨ ਤੋਂ ਬਾਅਦ ਉਹ ਉਸ ਦੇ ਨਾਲ ਇਕ ਹੋਰ ਰਾਜ ਵਿਚ ਚਲੀਆਂ ਗਈਆਂ ਸਨ। ਇਕ 35-ਸਾਲਾ ਆਦਮੀ ਨੂੰ, ਇਕ 14-ਸਾਲਾ ਮੁੰਡੇ ਦੇ ਨਾਲ ਉਸ ਦੇ ਮਾਪਿਆਂ ਦੀ ਗ਼ੈਰ-ਹਾਜ਼ਰੀ ਵਿਚ, ਨਾਜਾਇਜ਼ ਲਿੰਗੀ ਰਿਸ਼ਤੇ ਵਿਚ ਲੁਭਾਉਣ ਲਈ ਗਿਰਫ਼ਤਾਰ ਕੀਤਾ ਗਿਆ। ਦੋਵੇਂ ਘਟਨਾਵਾਂ ਇੰਟਰਨੈੱਟ ਦੇ ਚੈਟ ਰੂਮ ਵਿਚ ਗੱਲਬਾਤ ਨਾਲ ਆਰੰਭ ਹੋਈਆਂ। 1995 ਵਿਚ, ਇਕ ਹੋਰ ਬਾਲਗ ਇਕ ਆਨ-ਲਾਈਨ 15-ਸਾਲਾ ਮੁੰਡੇ ਦੇ ਨਾਲ ਸੰਪਰਕ ਕਰਨ ਤੋਂ ਬਾਅਦ, ਨਿਧੜਕ ਹੋ ਕੇ ਉਸ ਨੂੰ ਉਹ ਦੇ ਸਕੂਲ ਵਿਚ ਮਿਲਣ ਗਿਆ। ਇਕ ਹੋਰ ਬਾਲਗ ਨੇ ਕਬੂਲ ਕੀਤਾ ਕਿ ਉਸ ਨੇ ਇਕ 14-ਸਾਲਾ ਲੜਕੀ ਦੇ ਨਾਲ ਸੰਭੋਗ ਕੀਤਾ। ਇਸ ਲੜਕੀ ਨੇ ਆਨ-ਲਾਈਨ ਬੁਲੇਟਿਨ ਬੋਰਡਾਂ ਦੁਆਰਾ ਦੂਜੇ ਕਿਸ਼ੋਰਾਂ ਦੇ ਨਾਲ ਸੰਚਾਰ ਕਰਨ ਲਈ ਆਪਣੇ ਪਿਤਾ ਦਾ ਕੰਪਿਊਟਰ ਇਸਤੇਮਾਲ ਕੀਤਾ ਸੀ। ਇਸ ਬਾਲਗ ਦੇ ਨਾਲ ਉਸ ਦੀ ਮੁਲਾਕਾਤ ਵੀ ਇੰਟਰਨੈੱਟ ਤੇ ਹੋਈ ਸੀ। ਆਖ਼ਰਕਾਰ ਉਨ੍ਹਾਂ ਬਾਲਗਾਂ ਨੇ ਇਨ੍ਹਾਂ ਸਾਰੇ ਕਿਸ਼ੋਰਾਂ ਨੂੰ ਆਪਣੇ ਅਸਲੀ ਨਾਂ ਪ੍ਰਗਟ ਕਰਨ ਲਈ ਮਨਾ ਲਿਆ ਸੀ।
ਮਾਪਿਆਂ ਦੀ ਅਗਵਾਈ ਦੀ ਜ਼ਰੂਰਤ
ਜਦ ਕਿ ਉਪਰੋਕਤ ਘਟਨਾਵਾਂ ਟਾਵੀਆਂ-ਟਾਵੀਆਂ ਵਾਪਰਦੀਆਂ ਹਨ, ਫਿਰ ਵੀ ਮਾਪਿਆਂ ਨੂੰ ਇਸ ਮਾਮਲੇ ਦੀ ਧਿਆਨ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ। ਆਪਣੇ ਬੱਚਿਆਂ ਨੂੰ ਅਪਰਾਧ ਅਤੇ ਸ਼ੋਸ਼ਣ ਦੇ ਸ਼ਿਕਾਰ ਬਣਨ ਤੋਂ ਬਚਾਉਣ ਲਈ ਕਿਹੜੇ ਸਾਧਨ ਉਪਲਬਧ ਹਨ?
ਕੰਪਨੀਆਂ ਹੁਣ ਫਿਲਮਾਂ ਵਰਗੇ ਰੇਟਿੰਗ ਸਿਸਟਮਾਂ ਤੋਂ ਲੈ ਕੇ ਸ਼ਬਦ ਫੜਨ ਵਾਲੇ ਉਨ੍ਹਾਂ ਕੰਪਿਊਟਰ ਪ੍ਰੋਗ੍ਰਾਮਾਂ ਵਰਗੇ ਔਜ਼ਾਰਾਂ ਨੂੰ ਪੇਸ਼ ਕਰਨ ਲੱਗ ਪਈਆਂ ਹਨ ਜੋ ਅਨੁਚਿਤ ਵਿਸ਼ਿਆਂ ਨੂੰ ਰੋਕ ਦਿੰਦੇ ਹਨ, ਅਤੇ ਉਹ ਸਿਸਟਮ ਵੀ ਹਨ ਜੋ ਉਮਰ ਦੇ ਸਬੂਤ ਦੀ ਮੰਗ ਕਰਦੇ ਹਨ। ਕਈ ਸਿਸਟਮ, ਸਾਮੱਗਰੀ ਨੂੰ ਪਰਿਵਾਰ ਦੇ ਕੰਪਿਊਟਰ ਤਕ ਪੁੱਜਣ ਤੋਂ ਪਹਿਲਾਂ ਹੀ ਰੋਕ ਦਿੰਦੇ ਹਨ। ਫਿਰ ਵੀ, ਇਨ੍ਹਾਂ ਵਿੱਚੋਂ ਜ਼ਿਆਦਾਤਰ ਸਿਸਟਮ ਭਰੋਸੇਯੋਗ ਨਹੀਂ ਹੁੰਦੇ ਹਨ, ਅਤੇ ਅਨੇਕ ਤਰੀਕਿਆਂ ਦੁਆਰਾ ਭੰਗ ਕੀਤੇ ਜਾ ਸਕਦੇ ਹਨ। ਯਾਦ ਰੱਖੋ ਕਿ ਇੰਟਰਨੈੱਟ ਦਾ ਮੁਢਲਾ ਡੀਜ਼ਾਈਨ ਗੜਬੜੀਆਂ ਨੂੰ ਰੋਕਣ ਲਈ ਬਣਾਇਆ ਗਿਆ ਸੀ, ਇਸ ਲਈ ਕਾਂਟਛਾਂਟ ਮੁਸ਼ਕਲ ਹੈ।
ਜਾਗਰੂਕ ਬਣੋ! ਦੇ ਨਾਲ ਇਕ ਇੰਟਰਵਿਊ ਵਿਚ, ਇਕ ਪੁਲਸ ਸਾਰਜੈਂਟ, ਜੋ ਕੈਲੇਫ਼ੋਰਨੀਆ ਵਿਚ ਇਕ ਬਾਲ ਸ਼ੋਸ਼ਣ ਪੁੱਛ-ਗਿੱਛ ਸਮੂਹ ਦੀ ਨਿਗਰਾਨੀ ਕਰਦਾ ਹੈ, ਨੇ ਇਹ ਸਲਾਹ ਦਿੱਤੀ: “ਮਾਪਿਆਂ ਦੀ ਅਗਵਾਈ ਦੀ ਥਾਂ ਕੋਈ ਹੋਰ ਨਹੀਂ ਲੈ ਸਕਦਾ ਹੈ। ਮੇਰਾ ਆਪਣਾ ਇਕ 12-ਸਾਲਾ ਲੜਕਾ ਹੈ। ਮੈਂ ਅਤੇ ਮੇਰੀ ਪਤਨੀ ਨੇ ਉਸ ਨੂੰ ਇੰਟਰਨੈੱਟ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਹੈ, ਪਰੰਤੂ ਅਸੀਂ ਇਸ ਨੂੰ ਇਕ ਪਰਿਵਾਰ ਦੇ ਤੌਰ ਤੇ ਇਸਤੇਮਾਲ ਕਰਦੇ ਹਾਂ ਅਤੇ ਇਸ ਉੱਤੇ ਧਿਆਨ ਨਾਲ ਸੀਮਿਤ ਸਮਾਂ ਬਿਤਾਉਂਦੇ ਹਾਂ।” ਇਹ ਪਿਤਾ ਖ਼ਾਸ ਕਰਕੇ ਚੈਟ ਰੂਮ ਬਾਰੇ ਚੌਕਸ ਰਹਿੰਦਾ ਹੈ, ਅਤੇ ਉਨ੍ਹਾਂ ਦੀ ਵਰਤੋਂ ਉੱਤੇ ਦ੍ਰਿੜ੍ਹ ਪਾਬੰਦੀਆਂ ਲਾਉਂਦਾ ਹੈ। ਉਹ ਅੱਗੇ ਕਹਿੰਦਾ ਹੈ: “ਨਿੱਜੀ ਕੰਪਿਊਟਰ ਮੇਰੇ ਲੜਕੇ ਦੇ ਕਮਰੇ ਵਿਚ ਨਹੀਂ ਹੈ, ਪਰੰਤੂ ਘਰ ਦੀ ਇਕ ਸਾਂਝੀ ਥਾਂ ਤੇ ਰੱਖਿਆ ਹੋਇਆ ਹੈ।”
ਮਾਪਿਆਂ ਨੂੰ ਇਹ ਫ਼ੈਸਲਾ ਕਰਨ ਵਿਚ ਸਰਗਰਮ ਦਿਲਚਸਪੀ ਲੈਣੀ ਚਾਹੀਦੀ ਹੈ ਕਿ ਜੇਕਰ ਉਹ ਆਪਣੇ ਬੱਚਿਆਂ ਨੂੰ ਇੰਟਰਨੈੱਟ ਦੀ ਵਰਤੋਂ ਕਰਨ ਦਿੰਦੇ ਹਨ ਤਾਂ ਉਹ ਉਨ੍ਹਾਂ ਨੂੰ ਇੰਟਰਨੈੱਟ ਦੀ ਕਿਹੜੀ ਵਰਤੋਂ ਕਰਨ ਦੀ ਇਜਾਜ਼ਤ ਦੇਣਗੇ। ਕਿਹੜੀਆਂ ਵਿਵਹਾਰਕ ਅਤੇ ਤਰਕਸੰਗਤ ਸਾਵਧਾਨੀਆਂ ਉੱਤੇ ਗੌਰ ਕਰਨਾ ਚਾਹੀਦਾ ਹੈ?
ਸਾਨ ਹੋਜ਼ੇ ਮਰਕਰੀ ਨਿਊਜ਼ ਦਾ ਸਟਾਫ਼ ਲੇਖਕ ਡੇਵਿਡ ਪਲੋਟਨੀਕੋਫ਼ ਉਨ੍ਹਾਂ ਮਾਪਿਆਂ ਨੂੰ ਕੁਝ ਫ਼ਾਇਦੇਮੰਦ ਸਲਾਹ ਪੇਸ਼ ਕਰਦਾ ਹੈ ਜੋ ਘਰ ਵਿਚ ਇੰਟਰਨੈੱਟ ਦੀ ਵਰਤੋਂ ਕਰਨ ਦਾ ਫ਼ੈਸਲਾ ਕਰਦੇ ਹਨ।
• ਤੁਹਾਡੇ ਬੱਚਿਆਂ ਨੂੰ ਸਭ ਤੋਂ ਸਕਾਰਾਤਮਕ ਤਜਰਬਾ ਉਦੋਂ ਹਾਸਲ ਹੁੰਦਾ ਹੈ, ਜਦੋਂ ਉਹ ਤੁਹਾਡੇ ਸੰਗ ਇਸ ਦਾ ਇਸਤੇਮਾਲ ਕਰਦੇ ਹਨ, ਅਤੇ ਉਹ ਤੁਹਾਡੀ ਰਾਇ ਅਤੇ ਅਗਵਾਈ ਦੀ ਕਦਰ ਕਰਨੀ ਸਿੱਖਦੇ ਹਨ। ਉਹ ਚੇਤਾਵਨੀ ਦਿੰਦਾ ਹੈ ਕਿ ਤੁਹਾਡੀ ਅਗਵਾਈ ਤੋਂ ਬਗੈਰ “ਨੈੱਟ ਤੇ ਉਪਲਬਧ ਸਾਰੀ ਜਾਣਕਾਰੀ ਇਕ ਗਲਾਸ ਤੋਂ ਬਿਨਾਂ ਪਾਣੀ ਦੇ ਸਮਾਨ ਹੁੰਦੀ ਹੈ।” ਜਿਨ੍ਹਾਂ ਅਸੂਲਾਂ ਤੇ ਤੁਸੀਂ ਜ਼ੋਰ ਦਿੰਦੇ ਹੋ, ਇਹ “ਉਹੋ ਬੁੱਧੀ ਦੀਆਂ ਗੱਲਾਂ ਹਨ ਜੋ ਤੁਸੀਂ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਸਿਖਾਉਂਦੇ ਆਏ ਹੋ।” ਇਸ ਦੀ ਇਕ ਉਦਾਹਰਣ ਹੋਵੇਗੀ ਅਜਨਬੀਆਂ ਦੇ ਨਾਲ ਗੱਲਬਾਤ ਕਰਨ ਦੇ ਸੰਬੰਧ ਵਿਚ ਤੁਹਾਡੇ ਅਸੂਲ।
• ਇੰਟਰਨੈੱਟ ਇਕ ਪਬਲਿਕ ਸਥਾਨ ਹੈ ਅਤੇ ਇਸ ਨੂੰ ਬੱਚਿਆਂ ਦੇ ਮਨ ਬਹਿਲਾਉਣ ਦੇ ਸਾਧਨ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ ਹੈ। “ਆਖ਼ਰ, ਤੁਸੀਂ ਆਪਣੇ 10-ਸਾਲਾ ਬੱਚੇ ਨੂੰ ਕਿਸੇ ਵੱਡੇ ਸ਼ਹਿਰ ਵਿਚ ਇਕੱਲੇ ਛੱਡ ਕੇ ਇਹ ਤਾਂ ਨਹੀਂ ਕਹੋਗੇ ਕਿ ਜਾ ਅਤੇ ਕੁਝ ਘੰਟਿਆਂ ਦੇ ਲਈ ਆਪਣੇ ਦਿਲ ਨੂੰ ਪਰਚਾ?”
• ਇੰਟਰਨੈੱਟ ਤੇ ਖੇਡਾਂ ਖੇਡਣ ਜਾਂ ਗੱਪ-ਛੱਪ ਕਰਨ ਦੇ ਸਥਾਨਾਂ ਅਤੇ ਹੋਮ-ਵਰਕ ਵਿਚ ਮਦਦ ਹਾਸਲ ਕਰਨ ਦੇ ਸਥਾਨਾਂ ਵਿਚਕਾਰ ਫ਼ਰਕ ਨੂੰ ਪਛਾਣਨਾ ਸਿੱਖੋ।
NCMEC ਦੀ ਛੋਟੀ ਪੁਸਤਿਕਾ ਸੂਚਨਾ ਹਾਈਵੇ ਤੇ ਬਾਲ ਸੁਰੱਖਿਆ (ਅੰਗ੍ਰੇਜ਼ੀ), ਜਵਾਨ ਲੋਕਾਂ ਲਈ ਅਨੇਕ ਮਾਰਗ-ਦਰਸ਼ਨ ਪੇਸ਼ ਕਰਦੀ ਹੈ:
• ਆਪਣੀ ਨਿੱਜੀ ਜਾਣਕਾਰੀ ਜਿਵੇਂ ਕਿ ਤੁਹਾਡਾ ਪਤਾ, ਤੁਹਾਡਾ ਟੈਲੀਫ਼ੋਨ ਨੰਬਰ, ਜਾਂ ਤੁਹਾਡੇ ਸਕੂਲ ਦਾ ਨਾਂ ਅਤੇ ਠਿਕਾਣਾ ਨਾ ਦੱਸੋ। ਆਪਣੇ ਮਾਪਿਆਂ ਦੀ ਇਜਾਜ਼ਤ ਤੋਂ ਬਿਨਾਂ ਫੋਟੋਆਂ ਨਾ ਭੇਜੋ।
• ਫ਼ੌਰਨ ਆਪਣੇ ਮਾਪਿਆਂ ਨੂੰ ਦੱਸੋ ਜੇਕਰ ਤੁਹਾਨੂੰ ਅਜਿਹੀ ਸੂਚਨਾ ਮਿਲਦੀ ਹੈ ਜੋ ਤੁਹਾਨੂੰ ਪਰੇਸ਼ਾਨ ਮਹਿਸੂਸ ਕਰਾਉਂਦੀ ਹੈ। ਘਟੀਆ ਜਾਂ ਆਕ੍ਰਮਣਸ਼ੀਲ ਸੰਦੇਸ਼ਾਂ ਦਾ ਕੋਈ ਜਵਾਬ ਨਾ ਦਿਓ। ਆਪਣੇ ਮਾਪਿਆਂ ਨੂੰ ਤੁਰੰਤ ਹੀ ਦੱਸੋ ਤਾਂਕਿ ਉਹ ਆਨ-ਲਾਈਨ ਸੇਵਾ ਨਾਲ ਸੰਪਰਕ ਕਰ ਸਕਣ।
• ਆਨ-ਲਾਈਨ ਹੋਣ ਲਈ ਅਸੂਲ ਸਥਾਪਿਤ ਕਰਨ ਵਿਚ ਆਪਣੇ ਮਾਪਿਆਂ ਨੂੰ ਸਹਿਯੋਗ ਦਿਓ, ਜਿਸ ਵਿਚ ਸ਼ਾਮਲ ਹੈ ਕਦੋਂ ਅਤੇ ਕਿੰਨੇ ਸਮੇਂ ਲਈ ਆਨ-ਲਾਈਨ ਹੋਣਾ ਹੈ ਅਤੇ ਕਿਹੜੇ ਉਚਿਤ ਸਥਾਨਾਂ ਤੇ ਪ੍ਰਵੇਸ਼ ਕਰਨਾ ਚਾਹੀਦਾ ਹੈ; ਉਨ੍ਹਾਂ ਦੀਆਂ ਸਲਾਹਾਂ ਦੀ ਦ੍ਰਿੜ੍ਹਤਾ ਨਾਲ ਪਾਲਣਾ ਕਰੋ।
ਇਹ ਯਾਦ ਰੱਖੋ ਕਿ ਸਾਵਧਾਨੀਆਂ ਬਾਲਗਾਂ ਦੇ ਲਈ ਵੀ ਲਾਭਦਾਇਕ ਹੁੰਦੀਆਂ ਹਨ। ਪਹਿਲਾਂ ਹੀ ਕੁਝ ਬਾਲਗ ਆਪਣੀ ਲਾਪਰਵਾਹੀ ਦੇ ਕਾਰਨ ਬੇਲੋੜੇ ਰਿਸ਼ਤਿਆਂ ਅਤੇ ਗੰਭੀਰ ਸਮੱਸਿਆਵਾਂ ਵਿਚ ਫਸ ਚੁੱਕੇ ਹਨ। ਚੈਟ ਰੂਮ ਦੇ ਰਹੱਸਪੂਰਣ ਮਾਹੌਲ—ਨਜ਼ਰੀ ਸੰਪਰਕ ਦੀ ਕਮੀ ਅਤੇ ਗੁਮਨਾਮੀ—ਨੇ ਕਈਆਂ ਨੂੰ ਖੁੱਲ੍ਹ ਦਿੱਤੀ ਹੈ ਅਤੇ ਉਨ੍ਹਾਂ ਵਿਚ ਸੁਰੱਖਿਆ ਦੀ ਝੂਠੀ ਭਾਵਨਾ ਪੈਦਾ ਕੀਤੀ ਹੈ। ਹੇ ਬਾਲਗੋ, ਸਾਵਧਾਨ ਰਹੋ!
ਇਕ ਸੰਤੁਲਿਤ ਦ੍ਰਿਸ਼ਟੀਕੋਣ ਰੱਖਣਾ
ਇੰਟਰਨੈੱਟ ਤੇ ਪਾਈ ਜਾਂਦੀ ਕੁਝ ਸਾਮੱਗਰੀ ਅਤੇ ਅਨੇਕ ਸੇਵਾਵਾਂ ਵਿਦਿਅਕ ਤੌਰ ਤੇ ਮੁੱਲਵਾਨ ਹਨ ਅਤੇ ਇਕ ਲਾਭਦਾਇਕ ਮਕਸਦ ਪੂਰਾ ਕਰ ਸਕਦੀਆਂ ਹਨ। ਵਧਦੀ ਗਿਣਤੀ ਵਿਚ ਕਾਰਪੋਰੇਸ਼ਨਾਂ ਨਿੱਜੀ ਡਾਕੂਮੈਂਟਾਂ ਨੂੰ ਆਪਣੇ ਨਿੱਜੀ ਨੈੱਟਵਰਕਾਂ, ਜਾਂ ਇੰਟ੍ਰਾਨੈੱਟਾਂ ਤੇ ਸਾਂਭਦੀਆਂ ਹਨ। ਪ੍ਰਚਲਿਤ ਹੋ ਰਹੀਆਂ ਇੰਟਰਨੈੱਟ-ਆਧਾਰਿਤ ਵਿਡਿਓ ਅਤੇ ਆਡੀਓ ਕਾਨਫਰੰਸਾਂ, ਸਾਡੇ ਯਾਤਰਾ ਅਤੇ ਵਪਾਰਕ-ਸਭਾਵਾਂ ਦੇ ਤਰੀਕਿਆਂ ਨੂੰ ਸਥਾਈ ਰੂਪ ਵਿਚ ਬਦਲਣ ਦੀ ਸੰਭਾਵਨਾ ਰੱਖਦੀਆਂ ਹਨ। ਕੰਪਨੀਆਂ ਆਪਣੇ ਕੰਪਿਊਟਰ ਪ੍ਰੋਗ੍ਰਾਮਾਂ ਨੂੰ ਵੰਡਣ ਲਈ ਇੰਟਰਨੈੱਟ ਦਾ ਇਸਤੇਮਾਲ ਕਰਦੀਆਂ ਹਨ, ਜਿਸ ਕਾਰਨ ਉਨ੍ਹਾਂ ਦਾ ਖ਼ਰਚ ਘੱਟ ਜਾਂਦਾ ਹੈ। ਇਹ ਸੰਭਵ ਹੈ ਕਿ ਅਨੇਕ ਸੇਵਾਵਾਂ, ਜਿਵੇਂ ਕਿ ਸਫ਼ਰ ਅਤੇ ਸਟਾਕ ਦਲਾਲੀ ਕੰਪਨੀਆਂ, ਜੋ ਸੌਦੇਬਾਜ਼ੀ ਲਈ ਹੁਣ ਕਰਮਚਾਰੀਆਂ ਨੂੰ ਵਰਤਦੀਆਂ ਹਨ, ਉੱਤੇ ਪ੍ਰਭਾਵ ਪਵੇਗਾ ਜਿਉਂ-ਜਿਉਂ ਇੰਟਰਨੈੱਟ ਦੇ ਖਪਤਕਾਰ ਆਪਣੇ ਕੁਝ ਕੁ ਜਾਂ ਸਾਰਿਆਂ ਪ੍ਰਬੰਧਾਂ ਨਾਲ ਨਜਿੱਠਣ ਦੇ ਯੋਗ ਹੋ ਜਾਂਦੇ ਹਨ। ਜੀ ਹਾਂ, ਇੰਟਰਨੈੱਟ ਦਾ ਪ੍ਰਭਾਵ ਡੂੰਘਾ ਰਿਹਾ ਹੈ, ਅਤੇ ਸੰਭਵ ਹੈ ਕਿ ਇਹ ਸੂਚਨਾ ਸਾਂਝੀ ਕਰਨ, ਵਪਾਰ ਚਲਾਉਣ, ਅਤੇ ਸੰਚਾਰ ਕਰਨ ਦੇ ਇਕ ਮਹੱਤਵਪੂਰਣ ਜ਼ਰੀਏ ਵਜੋਂ ਜਾਰੀ ਰਹੇਗਾ।
ਅਧਿਕਤਰ ਔਜ਼ਾਰਾਂ ਦੇ ਵਾਂਗ, ਇੰਟਰਨੈੱਟ ਦੇ ਲਾਭਦਾਇਕ ਪ੍ਰਯੋਗ ਹਨ। ਪਰੰਤੂ, ਇਸ ਦੀ ਦੁਰਵਰਤੋਂ ਦੀ ਸੰਭਾਵਨਾ ਵੀ ਹੈ। ਕੁਝ ਲੋਕ ਸ਼ਾਇਦ ਇੰਟਰਨੈੱਟ ਦੇ ਸਕਾਰਾਤਮਕ ਪਹਿਲੂਆਂ ਦੀ ਹੋਰ ਜ਼ਿਆਦਾ ਖੋਜ ਕਰਨੀ ਪਸੰਦ ਕਰਨ, ਜਦ ਕਿ ਦੂਜੇ ਸ਼ਾਇਦ ਇੰਜ ਨਾ ਕਰਨ ਦੀ ਚੋਣ ਕਰਨ। ਨਿੱਜੀ ਮਾਮਲਿਆਂ ਵਿਚ ਇਕ ਮਸੀਹੀ ਨੂੰ ਦੂਜੇ ਵਿਅਕਤੀ ਦੇ ਫ਼ੈਸਲਿਆਂ ਦੀ ਆਲੋਚਨਾ ਕਰਨ ਦਾ ਹੱਕ ਨਹੀਂ ਹੈ।—ਰੋਮੀਆਂ 14:4.
ਇੰਟਰਨੈੱਟ ਦੀ ਵਰਤੋਂ ਕਰਨੀ, ਕਿਸੇ ਦੂਜੇ ਦੇਸ਼ ਨੂੰ ਸਫ਼ਰ ਕਰਨ ਦੇ ਵਾਂਗ ਹੋ ਸਕਦੀ ਹੈ, ਜਿੱਥੇ ਅਨੇਕ ਨਵੀਆਂ ਚੀਜ਼ਾਂ ਸੁਣਨ ਅਤੇ ਦੇਖਣ ਵਿਚ ਆਉਂਦੀਆਂ ਹਨ। ਸਫ਼ਰ ਲੋੜਦਾ ਹੈ ਕਿ ਤੁਸੀਂ ਚੰਗੇ ਸ਼ਿਸ਼ਟਾਚਾਰ ਪ੍ਰਦਰਸ਼ਿਤ ਕਰੋ ਅਤੇ ਸਮਝਦਾਰੀ ਨਾਲ ਚੌਕਸੀ ਵਰਤੋ। ਇਹੋ ਚੌਕਸੀ ਦੀ ਲੋੜ ਹੋਵੇਗੀ, ਜੇਕਰ ਤੁਸੀਂ ਇੰਟਰਨੈੱਟ, ਅਰਥਾਤ ਸੂਚਨਾ ਸੁਪਰਹਾਈਵੇ ਤੇ ਆਨ-ਲਾਈਨ ਹੋਣ ਦਾ ਫ਼ੈਸਲਾ ਕਰਦੇ ਹੋ।
[ਸਫ਼ੇ 12 ਉੱਤੇ ਸੁਰਖੀ]
“ਨਿੱਜੀ ਕੰਪਿਊਟਰ ਮੇਰੇ ਲੜਕੇ ਦੇ ਕਮਰੇ ਵਿਚ ਨਹੀਂ ਹੈ, ਪਰੰਤੂ ਘਰ ਦੀ ਇਕ ਸਾਂਝੀ ਥਾਂ ਤੇ ਰੱਖਿਆ ਹੋਇਆ ਹੈ”
[ਸਫ਼ੇ 13 ਉੱਤੇ ਸੁਰਖੀ]
ਇੰਟਰਨੈੱਟ ਇਕ ਪਬਲਿਕ ਸਥਾਨ ਹੈ ਅਤੇ ਇਸ ਨੂੰ ਬੱਚਿਆਂ ਦੇ ਮਨ ਬਹਿਲਾਉਣ ਦੇ ਸਾਧਨ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ ਹੈ
[ਸਫ਼ੇ 11 ਉੱਤੇ ਡੱਬੀ/ਤਸਵੀਰ]
ਸ਼ਿਸ਼ਟਾਚਾਰ ਅਤੇ ਸਾਵਧਾਨੀ ਦੀ ਲੋੜ
ਸ਼ਿਸ਼ਟਾਚਾਰ
ਸ਼ਿਸ਼ਟਾਚਾਰ ਅਤੇ ਅਦਬ-ਆਦਾਬ ਦੇ ਅਸੂਲ ਸਿੱਖੋ। ਅਧਿਕ ਇੰਟਰਨੈੱਟ ਸੇਵਾ ਕੰਪਨੀਆਂ, ਆਚਰਣ ਦੇ ਸੰਬੰਧ ਵਿਚ ਸੁਹਿਰਦ ਅਤੇ ਸਵੀਕਾਰਯੋਗ ਮਾਰਗ-ਦਰਸ਼ਨ ਪ੍ਰਕਾਸ਼ਿਤ ਕਰਦੀਆਂ ਹਨ। ਦੂਜੇ ਖਪਤਕਾਰ ਤੁਹਾਡੀ ਸੰਵੇਦਨਸ਼ੀਲਤਾ ਅਤੇ ਚੰਗੇ ਸ਼ਿਸ਼ਟਾਚਾਰ ਦੀ ਕਦਰ ਪਾਉਣਗੇ।
ਸਾਵਧਾਨੀ
ਚਰਚਾ ਵਾਲੇ ਕੁਝ ਸਮੂਹ ਧਾਰਮਿਕ ਜਾਂ ਵਿਵਾਦੀ ਮਾਮਲਿਆਂ ਉੱਤੇ ਵਿਚਾਰ-ਵਟਾਂਦਰਾ ਕਰਦੇ ਹਨ। ਅਜਿਹੇ ਚਰਚਾ ਸਮੂਹਾਂ ਨੂੰ ਟਿੱਪਣੀਆਂ ਭੇਜਣ ਤੋਂ ਸਾਵਧਾਨ ਰਹੋ; ਸੰਭਵ ਹੈ ਕਿ ਤੁਹਾਡਾ ਈ-ਮੇਲ ਪਤਾ ਅਤੇ ਨਾਂ ਸਮੂਹ ਵਿਚ ਸ਼ਾਮਲ ਸਾਰਿਆਂ ਨੂੰ ਪ੍ਰਸਾਰਿਤ ਕੀਤਾ ਜਾਵੇਗਾ। ਇਸ ਦਾ ਨਤੀਜਾ ਅਕਸਰ ਸਮਾਂ-ਖਾਊ ਅਤੇ ਬੇਲੋੜਾ ਪੱਤਰ-ਵਿਹਾਰ ਹੁੰਦਾ ਹੈ। ਵਾਕਈ ਹੀ, ਕੁਝ ਅਜਿਹੇ ਨਿਊਜ਼ਗਰੁਪ ਹੁੰਦੇ ਹਨ ਜਿਨ੍ਹਾਂ ਦੇ ਸੰਦੇਸ਼ ਪੜ੍ਹਨ ਦੇ ਅਯੋਗ ਹਨ, ਅਤੇ ਉਨ੍ਹਾਂ ਦੇ ਨਾਲ ਵਿਚਾਰ-ਵਟਾਂਦਰਾ ਕਰਨ ਦੀ ਤਾਂ ਗੱਲ ਹੀ ਛੱਡੋ।
ਸੰਗੀ ਮਸੀਹੀਆਂ ਦੇ ਲਈ ਇਕ ਚਰਚਾ ਸਮੂਹ, ਜਾਂ ਨਿਊਜ਼ਗਰੁਪ ਬਣਾਉਣ ਦੇ ਬਾਰੇ ਕੀ ਕਿਹਾ ਜਾ ਸਕਦਾ ਹੈ? ਇਹ ਸ਼ਾਇਦ ਪਹਿਲੇ ਅਨੁਮਾਨਾਂ ਨਾਲੋਂ ਜ਼ਿਆਦਾ ਸਮੱਸਿਆਵਾਂ ਅਤੇ ਖ਼ਤਰਿਆਂ ਨੂੰ ਪੇਸ਼ ਕਰੇ। ਉਦਾਹਰਣ ਲਈ, ਪਤਾ ਚਲਿਆ ਹੈ ਕਿ ਭੈੜੇ ਇਰਾਦਿਆਂ ਵਾਲੇ ਵਿਅਕਤੀਆਂ ਨੇ ਇੰਟਰਨੈੱਟ ਤੇ ਆਪਣੀ ਗ਼ਲਤ ਸ਼ਨਾਖਤ ਦਿੱਤੀ ਹੈ। ਹਾਲ ਦੀ ਘੜੀ, ਇੰਟਰਨੈੱਟ ਦੇ ਖਪਤਕਾਰ, ਇੰਟਰਨੈੱਟ ਉੱਤੇ ਪੇਸ਼ ਹੋਏ ਵਿਅਕਤੀਆਂ ਦੀ ਪਛਾਣ ਦੀ ਪੁਸ਼ਟੀ ਨਹੀਂ ਕਰ ਸਕਦੇ ਹਨ। ਇਸ ਤੋਂ ਇਲਾਵਾ, ਅਜਿਹੇ ਸਮੂਹ ਦੀ ਤੁਲਨਾ ਇਕ ਵਿਸ਼ਾਲ, ਚਾਲੂ ਸਮਾਜਕ ਇਕੱਠ ਨਾਲ ਕੀਤੀ ਜਾ ਸਕਦੀ ਹੈ, ਜਿਸ ਦੀ ਲੋੜੀਂਦੀ ਅਤੇ ਜ਼ਿੰਮੇਵਾਰ ਨਿਗਰਾਨੀ ਕਰਨ ਲਈ ਉਸ ਦੇ ਮੀਜ਼ਬਾਨ ਨੂੰ ਕਾਫ਼ੀ ਸਮਾਂ ਅਤੇ ਯੋਗਤਾ ਇਸਤੇਮਾਲ ਕਰਨੀ ਪੈਂਦੀ ਹੈ।—ਤੁਲਨਾ ਕਰੋ ਕਹਾਉਤਾਂ 27:12.
[ਸਫ਼ੇ 13 ਉੱਤੇ ਡੱਬੀ/ਤਸਵੀਰ]
ਤੁਹਾਡਾ ਸਮਾਂ ਕਿੰਨਾ ਕੀਮਤੀ ਹੈ?
ਇਸ 20ਵੀਂ ਸਦੀ ਵਿਚ, ਜੀਵਨ ਹੌਲੀ-ਹੌਲੀ ਵਧੇਰਾ ਗੁੰਝਲਦਾਰ ਬਣ ਗਿਆ ਹੈ। ਉਹ ਕਾਢਾਂ ਜਿਨ੍ਹਾਂ ਤੋਂ ਕਈ ਲੋਕਾਂ ਨੂੰ ਲਾਭ ਮਿਲਿਆ ਹੈ, ਅਨੇਕਾਂ ਦੇ ਲਈ ਅਕਸਰ ਸਮਾਂ-ਖਾਊ ਸਾਬਤ ਹੋਈਆਂ ਹਨ। ਇਸ ਤੋਂ ਇਲਾਵਾ, ਅਨੈਤਿਕ ਅਤੇ ਹਿੰਸਕ ਟੀ. ਵੀ. ਪ੍ਰੋਗ੍ਰਾਮ, ਅਸ਼ਲੀਲ ਪੁਸਤਕਾਂ, ਭ੍ਰਿਸ਼ਟ ਕਰਨ ਵਾਲੀਆਂ ਸੰਗੀਤ ਰਿਕਾਰਡਿੰਗਜ਼, ਇਤਿਆਦਿ, ਉਨ੍ਹਾਂ ਤਕਨਾਲੋਜੀਆਂ ਦੀਆਂ ਉਦਾਹਰਣਾਂ ਹਨ ਜਿਨ੍ਹਾਂ ਦੀ ਦੁਰਵਰਤੋਂ ਕੀਤੀ ਗਈ ਹੈ। ਉਹ ਨਾ ਸਿਰਫ਼ ਕੀਮਤੀ ਸਮਾਂ ਬਰਬਾਦ ਕਰਦੀਆਂ ਹਨ ਪਰੰਤੂ ਲੋਕਾਂ ਨੂੰ ਅਧਿਆਤਮਿਕ ਤੌਰ ਤੇ ਵੀ ਨੁਕਸਾਨ ਪਹੁੰਚਾਉਂਦੀਆਂ ਹਨ।
ਨਿਰਸੰਦੇਹ, ਇਕ ਮਸੀਹੀ ਦੀ ਪਹਿਲੀ ਪ੍ਰਾਥਮਿਕਤਾ ਅਧਿਆਤਮਿਕ ਮਾਮਲੇ ਹੁੰਦੇ ਹਨ, ਜਿਵੇਂ ਕਿ ਰੋਜ਼ ਬਾਈਬਲ ਪੜ੍ਹਨਾ ਅਤੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਵਿਚ ਅਤੇ ਵਾਚ ਟਾਵਰ ਸੋਸਾਇਟੀ ਦੇ ਦੂਜੇ ਪ੍ਰਕਾਸ਼ਨਾਂ ਵਿਚ ਚਰਚਿਤ ਅਨਮੋਲ ਸ਼ਾਸਤਰ-ਸੰਬੰਧੀ ਸੱਚਾਈਆਂ ਨਾਲ ਚੰਗੀ ਤਰ੍ਹਾਂ ਜਾਣੂ ਹੋਣਾ। ਸਦੀਵੀ ਲਾਭ, ਇੰਟਰਨੈੱਟ ਸਰਫ਼ਿੰਗ ਕਰਨ ਤੋਂ ਹਾਸਲ ਨਹੀਂ ਹੁੰਦੇ ਹਨ, ਪਰੰਤੂ ਇੱਕੋ-ਇਕ ਸੱਚੇ ਪਰਮੇਸ਼ੁਰ ਅਤੇ ਉਸ ਦੇ ਪੁੱਤਰ, ਯਿਸੂ ਮਸੀਹ ਦਾ ਗਿਆਨ ਲੈਣ ਅਤੇ ਇਸ ਨੂੰ ਸਰਗਰਮੀ ਨਾਲ ਲਾਗੂ ਕਰਨ ਵਿਚ ਆਪਣਾ ਸਮਾਂ ਲਾਉਣ ਤੋਂ ਹਾਸਲ ਹੁੰਦੇ ਹਨ।—ਯੂਹੰਨਾ 17:3; ਨਾਲੇ ਦੇਖੋ ਅਫ਼ਸੀਆਂ 5:15-17.