ਕੀ ਤੁਹਾਨੂੰ ਇੰਟਰਨੈੱਟ ਦੀ ਸੱਚ-ਮੁੱਚ ਜ਼ਰੂਰਤ ਹੈ?
ਕੀ ਤੁਹਾਨੂੰ ਇੰਟਰਨੈੱਟ ਇਸਤੇਮਾਲ ਕਰਨਾ ਚਾਹੀਦਾ ਹੈ? ਨਿਰਸੰਦੇਹ, ਇਹ ਇਕ ਨਿੱਜੀ ਮਾਮਲਾ ਹੈ, ਜਿਸ ਬਾਰੇ ਤੁਹਾਨੂੰ ਧਿਆਨ ਨਾਲ ਸੋਚਣਾ ਚਾਹੀਦਾ ਹੈ। ਤੁਹਾਡੇ ਫ਼ੈਸਲੇ ਉੱਤੇ ਕਿਹੜੇ ਤੱਤ ਪ੍ਰਭਾਵ ਪਾ ਸਕਦੇ ਹਨ?
ਜ਼ਰੂਰਤ—ਕੀ ਤੁਸੀਂ ਖ਼ਰਚ ਦਾ ਹਿਸਾਬ ਲਗਾਇਆ ਹੈ?
ਇੰਟਰਨੈੱਟ ਦੀ ਹਾਲ ਹੀ ਦੀ ਜ਼ਿਆਦਾਤਰ ਤਰੱਕੀ ਦਾ ਸਿਹਰਾ, ਵਪਾਰ ਜਗਤ ਦੇ ਸਖ਼ਤ ਵਿੱਕਰੀ ਜਤਨਾਂ ਨੂੰ ਦਿੱਤਾ ਜਾ ਸਕਦਾ ਹੈ। ਸਪੱਸ਼ਟ ਤੌਰ ਤੇ, ਉਨ੍ਹਾਂ ਦਾ ਮਨੋਰਥ, ਜ਼ਰੂਰਤ ਦੀ ਇਕ ਭਾਵਨਾ ਨੂੰ ਵਿਕਸਿਤ ਕਰਨਾ ਹੈ। ਮਹਿਸੂਸ ਕੀਤੀ ਗਈ ਇਸ ਜ਼ਰੂਰਤ ਨੂੰ ਵਿਕਸਿਤ ਕਰਨ ਤੋਂ ਬਾਅਦ, ਕੁਝ ਸੰਸਥਾਵਾਂ ਉਸ ਜਾਣਕਾਰੀ ਜਾਂ ਸੇਵਾ, ਜੋ ਤੁਸੀਂ ਪਹਿਲਾਂ-ਪਹਿਲ ਬਿਨਾਂ ਖ਼ਰਚ ਦੇ ਲੈ ਸਕਦੇ ਸੀ, ਦੇ ਲਈ ਮੈਂਬਰਸ਼ਿਪ ਜਾਂ ਸਾਲਾਨਾ ਚੰਦੇ ਦੀ ਮੰਗ ਕਰਦੀਆਂ ਹਨ। ਇਹ ਫ਼ੀਸ ਤੁਹਾਡੇ ਮਾਸਿਕ ਇੰਟਰਨੈੱਟ ਪ੍ਰਵੇਸ਼ ਖ਼ਰਚ ਤੋਂ ਵੱਖਰੀ ਹੁੰਦੀ ਹੈ। ਕੁਝ ਆਨ-ਲਾਈਨ ਅਖ਼ਬਾਰਾਂ ਇਸ ਅਭਿਆਸ ਦੀਆਂ ਆਮ ਉਦਾਹਰਣਾਂ ਹਨ।
ਕੀ ਤੁਸੀਂ ਸਾਜ਼-ਸਾਮਾਨ ਅਤੇ ਕੰਪਿਊਟਰ ਪ੍ਰੋਗ੍ਰਾਮਾਂ ਦੇ ਖ਼ਰਚ ਦੀ ਤੁਲਨਾ ਆਪਣੀ ਅਸਲੀ ਜ਼ਰੂਰਤ ਦੇ ਨਾਲ ਕੀਤੀ ਹੈ? (ਤੁਲਨਾ ਕਰੋ ਲੂਕਾ 14:28.) ਕੀ ਅਜਿਹੀਆਂ ਪਬਲਿਕ ਲਾਇਬ੍ਰੇਰੀਆਂ ਜਾਂ ਸਕੂਲ ਹਨ ਜੋ ਇੰਟਰਨੈੱਟ ਨਾਲ ਜੁੜੇ ਹੋਏ ਹਨ? ਇਕ ਨਿੱਜੀ ਕੰਪਿਊਟਰ ਅਤੇ ਸੰਬੰਧਿਤ ਸਾਜ਼-ਸਾਮਾਨ ਵਾਸਤੇ ਵੱਡੀ ਰਕਮ ਖ਼ਰਚ ਕੀਤੇ ਬਿਨਾਂ, ਇਨ੍ਹਾਂ ਸਾਧਨਾਂ ਨੂੰ ਪਹਿਲਾਂ ਇਸਤੇਮਾਲ ਕਰਨ ਦੁਆਰਾ ਸ਼ਾਇਦ ਤੁਹਾਡੀ ਜ਼ਰੂਰਤ ਨਿਰਧਾਰਿਤ ਕਰਨ ਵਿਚ ਮਦਦ ਕਰੇ। ਜ਼ਰੂਰਤ ਅਨੁਸਾਰ, ਤੁਸੀਂ ਸ਼ਾਇਦ ਉਦੋਂ ਤਕ ਉਚਿਤ ਪਬਲਿਕ ਇੰਟਰਨੈੱਟ ਸਾਧਨਾਂ ਨੂੰ ਇਸਤੇਮਾਲ ਕਰ ਸਕਦੇ ਹੋ ਜਦੋਂ ਤਕ ਇਹ ਸਪੱਸ਼ਟ ਨਾ ਹੋ ਜਾਵੇ ਕਿ ਤੁਹਾਨੂੰ ਕਿੰਨੀ ਵਾਰ ਅਜਿਹੇ ਸਾਧਨਾਂ ਦੀ ਅਸਲ ਵਿਚ ਜ਼ਰੂਰਤ ਪੈਂਦੀ ਹੈ। ਯਾਦ ਰੱਖੋ ਕਿ ਇੰਟਰਨੈੱਟ ਦੇ ਦੋ ਦਹਾਕਿਆਂ ਤੋਂ ਹੋਂਦ ਵਿਚ ਹੋਣ ਦੇ ਬਾਵਜੂਦ ਵੀ ਆਮ ਜਨਤਾ ਨੂੰ ਇਸ ਬਾਰੇ ਨਹੀਂ ਪਤਾ ਸੀ, ਫਿਰ ਇਸ ਦੀ ਜ਼ਰੂਰਤ ਮਹਿਸੂਸ ਕਰਨ ਦੀ ਗੱਲ ਤਾਂ ਇਕ ਪਾਸੇ ਰਹੀ!
ਸੁਰੱਖਿਆ—ਕੀ ਤੁਹਾਡਾ ਇਕਲਵੰਝ ਸੁਰੱਖਿਅਤ ਹੈ?
ਭੇਤਦਾਰੀ ਇਕ ਹੋਰ ਮੂਲ ਚਿੰਤਾ ਹੈ। ਉਦਾਹਰਣ ਲਈ, ਤੁਹਾਡਾ ਈ-ਮੇਲ ਸੰਦੇਸ਼ ਕੇਵਲ ਉਸ ਵਿਅਕਤੀ ਦੁਆਰਾ ਹੀ ਪੜ੍ਹਿਆ ਜਾਣਾ ਚਾਹੀਦਾ ਹੈ ਜਿਸ ਨੂੰ ਉਹ ਭੇਜਿਆ ਜਾਂਦਾ ਹੈ। ਪਰੰਤੂ, ਜਦ ਤੁਹਾਡਾ ਪੱਤਰ ਰਾਹ ਵਿਚ ਹੀ ਹੁੰਦਾ ਹੈ, ਤਾਂ ਇਕ ਚਤੁਰ ਅਤੇ ਸ਼ਾਇਦ ਬੇਅਸੂਲਾ ਵਿਅਕਤੀ ਜਾਂ ਸਮੂਹ ਤੁਹਾਡੇ ਚਿੱਠੀ-ਪੱਤਰ ਨੂੰ ਰਾਹ ਵਿਚ ਰੋਕ ਸਕਦਾ ਹੈ ਜਾਂ ਉਸ ਨੂੰ ਪੜ੍ਹ ਸਕਦਾ ਹੈ। ਸੰਦੇਸ਼ਾਂ ਨੂੰ ਸੁਰੱਖਿਅਤ ਰੱਖਣ ਦੇ ਲਈ, ਕੁਝ ਵਿਅਕਤੀ ਆਪਣੇ ਪੱਤਰ ਨੂੰ ਭੇਜਣ ਤੋਂ ਪਹਿਲਾਂ ਉਸ ਦੇ ਨਾਜ਼ੁਕ ਵਿਸ਼ਿਆਂ ਨੂੰ ਖਲਤ-ਮਲਤ ਕਰਨ ਲਈ ਈ-ਮੇਲ ਕੰਪਿਊਟਰ ਪ੍ਰੋਗ੍ਰਾਮ ਉਤਪਾਦਨਾਂ ਦੀ ਵਰਤੋਂ ਕਰਦੇ ਹਨ। ਦੂਜੇ ਪਾਸੇ, ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ ਉਹ ਸੰਦੇਸ਼ ਪੜ੍ਹਨ ਲਈ, ਸ਼ਾਇਦ ਉਸੇ ਸਮਾਨ ਕੰਪਿਊਟਰ ਪ੍ਰੋਗ੍ਰਾਮ ਇਸਤੇਮਾਲ ਕਰਨੇ ਪੈਣ।
ਹਾਲ ਹੀ ਵਿਚ, ਵਪਾਰਕ ਵਰਤੋਂ ਦੇ ਲਈ ਕ੍ਰੈਡਿਟ ਕਾਰਡਾਂ ਬਾਰੇ ਅਤੇ ਦੂਜੀ ਨਾਜ਼ੁਕ ਜਾਣਕਾਰੀ ਦੇ ਵਟਾਂਦਰੇ ਬਾਰੇ ਇੰਟਰਨੈੱਟ ਉੱਤੇ ਬਾਹਲੀ ਚਰਚਾ ਹੋਈ ਹੈ। ਭਾਵੇਂ ਕਿ ਇਹ ਵਿਚਾਰ ਕੀਤਾ ਜਾਂਦਾ ਹੈ ਕਿ ਕਾਫ਼ੀ ਨਵੀਆਂ-ਨਵੀਆਂ ਕਾਢਾਂ ਸੁਰੱਖਿਆ ਨੂੰ ਮਜ਼ਬੂਤ ਬਣਾ ਦੇਣਗੀਆਂ, ਪ੍ਰਸਿੱਧ ਕੰਪਿਊਟਰ ਸੁਰੱਖਿਆ ਵਿਸ਼ਲੇਸ਼ਕ, ਡੌਰਥੀ ਡੈਨਿੰਗ ਬਿਆਨ ਕਰਦੀ ਹੈ: “ਪੂਰੇ ਤੌਰ ਤੇ ਸੁਰੱਖਿਅਤ ਸਿਸਟਮ ਮੁਮਕਿਨ ਨਹੀਂ ਹਨ, ਪਰੰਤੂ ਕਾਫ਼ੀ ਹੱਦ ਤਕ ਖ਼ਤਰਾ ਘਟਾਇਆ ਜਾ ਸਕਦਾ ਹੈ। ਇਹ ਖ਼ਤਰਾ ਉਸ ਹੱਦ ਤਕ ਘਟਾਇਆ ਜਾ ਸਕਦਾ ਹੈ ਜੋ ਸਿਸਟਮਾਂ ਵਿਚ ਸਾਂਭੀ ਗਈ ਜਾਣਕਾਰੀ ਦੀ ਮਹੱਤਤਾ ਅਤੇ ਮਾਹਰਾਂ ਤੇ ਭੇਤੀਆਂ ਦੋਵਾਂ ਵੱਲੋਂ ਪੇਸ਼ ਕੀਤੇ ਗਏ ਖ਼ਤਰਿਆਂ ਦੇ ਮੁਕਾਬਲੇ ਵਿਚ ਢੁਕਵਾਂ ਹੈ।” ਕੋਈ ਵੀ ਕੰਪਿਊਟਰ ਪ੍ਰਣਾਲੀ, ਭਾਵੇਂ ਇੰਟਰਨੈੱਟ ਦੇ ਨਾਲ ਜੁੜੀ ਹੋਵੇ ਜਾਂ ਨਾ, ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਬਣਾਈ ਜਾ ਸਕਦੀ ਹੈ।
ਕੀ ਤੁਸੀਂ ਸਮਾਂ ਕੱਢ ਸਕਦੇ ਹੋ?
ਸਮਾਂ ਇਕ ਹੋਰ ਮਹੱਤਵਪੂਰਣ ਵਾਦ-ਵਿਸ਼ਾ ਹੈ। ਇੰਟਰਨੈੱਟ ਇਸਤੇਮਾਲ ਕਰਨ ਲਈ ਲੋੜੀਂਦੇ ਔਜ਼ਾਰਾਂ ਨੂੰ ਲਗਾਉਣ ਅਤੇ ਸਿੱਖਣ ਲਈ ਕਿੰਨਾ ਸਮਾਂ ਲੱਗੇਗਾ? ਨਾਲੇ, ਇੰਟਰਨੈੱਟ ਦੇ ਇਕ ਇੰਸਟ੍ਰਕਟਰ ਨੇ ਦੱਸਿਆ ਕਿ ਇੰਟਰਨੈੱਟ ਸਰਫ਼ਿੰਗ “ਇਕ ਨਵੇਂ ਇੰਟਰਨੈੱਟ ਖਪਤਕਾਰ ਵਾਸਤੇ ਬਹੁਤ ਜ਼ਿਆਦਾ ਸਮਾਂ-ਖਾਊ ਸਰਗਰਮੀ ਹੋ ਸਕਦੀ ਹੈ ਅਤੇ ਇਸ ਦੀ ਆਦਤ ਬਹੁਤ ਆਸਾਨੀ ਨਾਲ ਲੱਗ ਜਾਂਦੀ ਹੈ।” ਇਵੇਂ ਕਿਉਂ ਹੈ?
ਅਨੇਕ ਦਿਲਚਸਪ ਵਿਸ਼ੇ ਹਨ ਅਤੇ ਖੋਜ ਕਰਨ ਲਈ ਅਣਗਿਣਤ ਨਵੀਆਂ ਚੀਜ਼ਾਂ ਹਨ। ਅਸਲ ਵਿਚ, ਇੰਟਰਨੈੱਟ, ਦ੍ਰਿਸ਼ਟ ਰੂਪ ਵਿਚ ਆਕਰਸ਼ਕ ਡਾਕੂਮੈਂਟਾਂ ਨਾਲ ਭਰਪੂਰ ਲਾਇਬ੍ਰੇਰੀਆਂ ਦਾ ਇਕ ਵਿਸ਼ਾਲ ਸੰਗ੍ਰਹਿ ਹੈ। ਉਸ ਵਿੱਚੋਂ ਥੋੜ੍ਹੇ ਜਿਹੇ ਹਿੱਸੇ ਉੱਤੇ ਹੀ ਨਜ਼ਰ ਮਾਰਦੇ-ਮਾਰਦੇ ਸ਼ਾਮ ਦਾ ਅਧਿਕ ਸਮਾਂ ਬਰਬਾਦ ਹੋ ਸਕਦਾ ਹੈ ਜਦ ਕਿ ਤੁਸੀਂ ਥਕਾਵਟ ਵੀ ਨਾ ਮਹਿਸੂਸ ਕਰੋ। (ਸਫ਼ਾ 13 ਉੱਤੇ “ਤੁਹਾਡਾ ਸਮਾਂ ਕਿੰਨਾ ਕੀਮਤੀ ਹੈ?” ਡੱਬੀ ਦੇਖੋ।) ਨਿਰਸੰਦੇਹ, ਇਸ ਦਾ ਇਹ ਅਰਥ ਨਹੀਂ ਹੈ ਕਿ ਸਾਰੇ ਵੈੱਬ ਖਪਤਕਾਰਾਂ ਕੋਲ ਆਤਮ-ਸੰਜਮ ਨਹੀਂ ਹੁੰਦਾ ਹੈ। ਪਰੰਤੂ, ਵੈੱਬ ਸਰਫ਼ਿੰਗ ਦੇ ਸੰਬੰਧ ਵਿਚ, ਸਮੇਂ ਅਤੇ ਵਿਸ਼ੇ ਉੱਤੇ ਪਾਬੰਦੀਆਂ ਲਾਉਣੀਆਂ ਬੁੱਧੀਮਤਾ ਹੋਵੇਗੀ—ਖ਼ਾਸ ਕਰਕੇ ਨੌਜਵਾਨਾਂ ਦੇ ਲਈ। ਅਨੇਕ ਪਰਿਵਾਰ, ਟੈਲੀਵਿਯਨ ਨਾਲ ਇਹੋ ਹੀ ਕਰਦੇ ਹਨ।a ਇਵੇਂ ਕਰਨਾ ਪਰਿਵਾਰਕ ਅਤੇ ਅਧਿਆਤਮਿਕ ਸਰਗਰਮੀਆਂ ਲਈ ਅਲੱਗ ਰੱਖੇ ਗਏ ਸਮੇਂ ਦੀ ਰੱਖਿਆ ਕਰੇਗਾ।—ਬਿਵਸਥਾ ਸਾਰ 6:6, 7; ਮੱਤੀ 5:3.
ਕੀ ਤੁਸੀਂ ਕੁਝ ਖੁੰਝ ਰਹੇ ਹੋ?
ਸਮਾਂ ਆਉਣ ਤੇ, ਇੰਟਰਨੈੱਟ ਤਕਨਾਲੋਜੀ ਸੰਸਾਰ ਦੇ ਵਿਕਾਸਸ਼ੀਲ ਦੇਸ਼ਾਂ ਵਿਚ ਹੋਰ ਜ਼ਿਆਦਾ ਉਪਲਬਧ ਹੋ ਜਾਵੇਗੀ। ਪਰੰਤੂ, ਪਹਿਲੇ ਲੇਖ ਵਿਚ ਜ਼ਿਕਰ ਕੀਤੇ ਗਏ ਲੋਕਾਂ ਨੂੰ ਯਾਦ ਕਰੋ। ਉਨ੍ਹਾਂ ਦੁਆਰਾ ਪ੍ਰਾਪਤ ਕੀਤੀ ਗਈ ਜ਼ਿਆਦਾਤਰ ਸੂਚਨਾ ਲਾਇਬ੍ਰੇਰੀਆਂ, ਟੈਲੀਫ਼ੋਨਾਂ, ਸਾਧਾਰਣ ਡਾਕ, ਜਾਂ ਅਖ਼ਬਾਰਾਂ ਦੇ ਜ਼ਰੀਏ ਹਾਸਲ ਕੀਤੀ ਜਾ ਸਕਦੀ ਸੀ। ਬੇੱਸ਼ਕ, ਇਨ੍ਹਾਂ ਢੰਗਾਂ ਦੁਆਰਾ ਸ਼ਾਇਦ ਜ਼ਿਆਦਾ ਸਮਾਂ ਅਤੇ ਪੈਸਾ ਲੱਗੇ। ਫਿਰ ਵੀ, ਸੰਭਵ ਹੈ ਕਿ ਪੂਰੀ ਧਰਤੀ ਉੱਤੇ ਅਧਿਕਤਰ ਲੋਕਾਂ ਦੇ ਲਈ ਇਹ ਰਿਵਾਜੀ ਢੰਗ ਕਾਫ਼ੀ ਸਮੇਂ ਲਈ ਸੰਚਾਰ ਦੇ ਬੁਨਿਆਦੀ ਜ਼ਰੀਏ ਵਜੋਂ ਜਾਰੀ ਰਹਿਣਗੇ।
[ਫੁਟਨੋਟ]
a ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਫਰਵਰੀ 22, 1985, ਦੇ ਅੰਕ ਵਿਚ “ਨੌਜਵਾਨ ਪੁੱਛਦੇ ਹਨ . . . ਮੈਂ ਇੰਨਾ ਜ਼ਿਆਦਾ ਟੀ. ਵੀ. ਦੇਖਣ ਤੋਂ ਕਿਵੇਂ ਹਟ ਸਕਦਾ ਹਾਂ?” ਲੇਖ ਦੇਖੋ।
[ਸਫ਼ੇ 9 ਉੱਤੇ ਤਸਵੀਰ]
ਨੈੱਟ ਸਰਫ਼ਿੰਗ ਇਕ ਫੰਦਾ ਬਣ ਸਕਦਾ ਹੈ ਜੇਕਰ ਆਤਮ-ਸੰਜਮ ਦੀ ਕਮੀ ਹੋਵੇ