ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g97 7/8 ਸਫ਼ੇ 5-8
  • ਇੰਟਰਨੈੱਟ ਦੀਆਂ ਸੇਵਾਵਾਂ ਅਤੇ ਸਾਧਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਇੰਟਰਨੈੱਟ ਦੀਆਂ ਸੇਵਾਵਾਂ ਅਤੇ ਸਾਧਨ
  • ਜਾਗਰੂਕ ਬਣੋ!—1997
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਨਿਊਜ਼ਗਰੁਪ
  • ਫ਼ਾਈਲਾਂ ਸਾਂਝੀਆਂ ਕਰਨੀਆਂ ਅਤੇ ਵਿਸ਼ਿਆਂ ਦੀ ਤਲਾਸ਼
  • ਵਿਸ਼ਵ-ਵਿਆਪੀ ਵੈੱਬ
  • ਨੈੱਟ ਸਰਫ਼ਿੰਗ
  • “ਚੈਟ” ਕੀ ਹੈ?
  • ਇੰਟਰਨੈੱਟ ਦਾ ਖ਼ਰਚਾ ਕੌਣ ਚੁੱਕਦਾ ਹੈ?
  • ਇੰਟਰਨੈੱਟ—ਕਿਉਂ ਚੌਕਸ ਰਹਿਣਾ ਚਾਹੀਦਾ ਹੈ?
    ਜਾਗਰੂਕ ਬਣੋ!—1997
  • ਇੰਟਰਨੈੱਟ ਦਾ ਇਸਤੇਮਾਲ—ਖ਼ਤਰਿਆਂ ਤੋਂ ਸਾਵਧਾਨ ਰਹੋ!
    ਸਾਡੀ ਰਾਜ ਸੇਵਕਾਈ—1999
  • ਇੰਟਰਨੈੱਟ ਕੀ ਹੈ?
    ਜਾਗਰੂਕ ਬਣੋ!—1997
  • ਇੰਟਰਨੈੱਟ—ਵਿਸ਼ਵ-ਵਿਆਪੀ ਔਜ਼ਾਰ ਦੀ ਸਮਝਦਾਰੀ ਨਾਲ ਵਰਤੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
ਹੋਰ ਦੇਖੋ
ਜਾਗਰੂਕ ਬਣੋ!—1997
g97 7/8 ਸਫ਼ੇ 5-8

ਇੰਟਰਨੈੱਟ ਦੀਆਂ ਸੇਵਾਵਾਂ ਅਤੇ ਸਾਧਨ

ਇੰਟਰਨੈੱਟ ਦੁਆਰਾ ਮੁਹੱਈਆ ਕੀਤਾ ਗਿਆ ਇਕ ਆਮ ਸਾਧਨ, ਈ-ਮੇਲ ਨਾਮਕ ਇਕ ਅਜਿਹੀ ਵਿਸ਼ਵ-ਵਿਆਪੀ ਵਿਵਸਥਾ ਹੈ ਜਿਸ ਦੁਆਰਾ ਇਲੈਕਟ੍ਰਾਨਿਕ ਡਾਕ ਭੇਜੀ ਅਤੇ ਹਾਸਲ ਕੀਤੀ ਜਾਂਦੀ ਹੈ। ਅਸਲ ਵਿਚ, ਇੰਟਰਨੈੱਟ ਤੇ ਜ਼ਿਆਦਾਤਰ ਈ-ਮੇਲ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਅਨੇਕ ਵਿਅਕਤੀ ਕੇਵਲ ਇੰਟਰਨੈੱਟ ਦੇ ਇਸ ਸਾਧਨ ਨੂੰ ਹੀ ਵਰਤਦੇ ਹਨ। ਇਹ ਕਿਸ ਤਰ੍ਹਾਂ ਕੰਮ ਕਰਦੀ ਹੈ? ਇਸ ਸਵਾਲ ਦੇ ਜਵਾਬ ਲਈ, ਆਓ ਅਸੀਂ ਪਹਿਲਾਂ ਆਮ ਡਾਕ ਵਿਵਸਥਾ ਉੱਤੇ ਪੁਨਰ-ਵਿਚਾਰ ਕਰੀਏ।

ਕਲਪਨਾ ਕਰੋ ਕਿ ਤੁਸੀਂ ਕੈਨੇਡਾ ਵਿਚ ਰਹਿੰਦੇ ਹੋ ਅਤੇ ਮਾਸਕੋ ਵਿਚ ਰਹਿੰਦੀ ਆਪਣੀ ਬੇਟੀ ਨੂੰ ਪੱਤਰ ਭੇਜਣਾ ਚਾਹੁੰਦੇ ਹੋ। ਲਿਫ਼ਾਫ਼ੇ ਉੱਤੇ ਸਹੀ ਤਰ੍ਹਾਂ ਨਾਲ ਪਤਾ ਲਿਖਣ ਤੋਂ ਬਾਅਦ, ਤੁਸੀਂ ਪੱਤਰ ਨੂੰ ਲੈੱਟਰ-ਬਾਕਸ ਵਿਚ ਪਾ ਦਿੰਦੇ ਹੋ, ਜਿਸ ਨਾਲ ਉਸ ਦਾ ਸਫ਼ਰ ਆਰੰਭ ਹੋ ਜਾਂਦਾ ਹੈ। ਇਕ ਡਾਕ-ਘਰ ਵਿਚ, ਪੱਤਰ ਨੂੰ ਅਗਲੇ ਸਥਾਨ ਤੇ ਭੇਜਿਆ ਜਾਂਦਾ ਹੈ, ਜੋ ਸ਼ਾਇਦ ਇਕ ਇਲਾਕਾਈ ਜਾਂ ਰਾਸ਼ਟਰੀ ਵੰਡਾਈ ਕੇਂਦਰ ਹੋਵੇ, ਅਤੇ ਫਿਰ ਉਸ ਤੋਂ ਬਾਅਦ ਤੁਹਾਡੀ ਬੇਟੀ ਦੇ ਲਾਗਲੇ ਇਕ ਸਥਾਨਕ ਡਾਕ-ਘਰ ਵਿਚ ਭੇਜਿਆ ਜਾਂਦਾ ਹੈ।

ਈ-ਮੇਲ ਨਾਲ ਵੀ ਇਹੋ ਜਿਹਾ ਹੀ ਹੁੰਦਾ ਹੈ। ਆਪਣੇ ਕੰਪਿਊਟਰ ਤੇ ਪੱਤਰ ਨੂੰ ਤਿਆਰ ਕਰਨ ਤੋਂ ਬਾਅਦ, ਤੁਹਾਨੂੰ ਇਕ ਈ-ਮੇਲ ਪਤਾ ਲਿਖਣਾ ਪਵੇਗਾ ਜੋ ਤੁਹਾਡੀ ਬੇਟੀ ਦੀ ਸ਼ਨਾਖਤ ਕਰਦਾ ਹੈ। ਇਸ ਇਲੈਕਟ੍ਰਾਨਿਕ ਪੱਤਰ ਨੂੰ ਭੇਜਣ ਤੋਂ ਬਾਅਦ, ਅਕਸਰ ਇਹ ਇਕ ਮੋਡਮ ਆਖੇ ਜਾਂਦੇ ਯੰਤਰ ਰਾਹੀਂ ਤੁਹਾਡੇ ਕੰਪਿਊਟਰ ਤੋਂ ਸਫ਼ਰ ਕਰਦਾ ਹੈ, ਜੋ ਕਿ ਟੈਲੀਫ਼ੋਨ ਨੈੱਟਵਰਕ ਰਾਹੀਂ ਤੁਹਾਡੇ ਕੰਪਿਊਟਰ ਨੂੰ ਇੰਟਰਨੈੱਟ ਨਾਲ ਜੋੜਦਾ ਹੈ। ਹੁਣ ਇਹ ਪੱਤਰ ਆਪਣੇ ਰਾਹ ਚੱਲ ਪੈਂਦਾ ਹੈ, ਜਿਸ ਦੇ ਦੌਰਾਨ ਇਹ ਅਨੇਕ ਕੰਪਿਊਟਰਾਂ ਵਿੱਚੋਂ ਲੰਘਦਾ ਹੈ ਜੋ ਸਥਾਨਕ ਅਤੇ ਰਾਸ਼ਟਰੀ ਡਾਕ ਭਿਜਵਾਈ ਸਹੂਲਤਾਂ ਵਜੋਂ ਕੰਮ ਕਰਦੇ ਹਨ। ਉਨ੍ਹਾਂ ਕੰਪਿਊਟਰਾਂ ਵਿਚ ਚੋਖੀ ਜਾਣਕਾਰੀ ਹੁੰਦੀ ਹੈ ਜੋ ਪੱਤਰ ਨੂੰ ਨਿਯਤ ਕੰਪਿਊਟਰ ਤਕ ਪਹੁੰਚਾ ਦਿੰਦੀ ਹੈ, ਜਿੱਥੋਂ ਤੁਹਾਡੀ ਬੇਟੀ ਉਸ ਨੂੰ ਪ੍ਰਾਪਤ ਕਰ ਸਕਦੀ ਹੈ।

ਆਮ ਡਾਕ ਦੇ ਉਲਟ, ਈ-ਮੇਲ ਕੁਝ ਹੀ ਮਿੰਟਾਂ ਜਾਂ ਇਸ ਤੋਂ ਵੀ ਘੱਟ ਸਮੇਂ ਵਿਚ, ਦੂਜਿਆਂ ਮਹਾਂਦੀਪਾਂ ਵਿਚ ਵੀ ਆਪਣੀ ਮੰਜ਼ਲ ਤੇ ਪਹੁੰਚ ਜਾਂਦੀ ਹੈ, ਬਸ਼ਰਤੇ ਕਿ ਨੈੱਟਵਰਕ ਦਾ ਕੋਈ ਹਿੱਸਾ ਬਹੁਤ ਹੀ ਭਰਿਆ ਹੋਇਆ ਨਾ ਹੋਵੇ ਜਾਂ ਵਿਗੜਿਆ ਨਾ ਹੋਵੇ। ਜਦੋਂ ਤੁਹਾਡੀ ਬੇਟੀ ਆਪਣੇ ਇਲੈਕਟ੍ਰਾਨਿਕ ਮੇਲ-ਬਾਕਸ ਵਿਚ ਤਲਾਸ਼ ਕਰਦੀ ਹੈ, ਤਾਂ ਉਸ ਨੂੰ ਤੁਹਾਡੀ ਈ-ਮੇਲ ਮਿਲੇਗੀ। ਈ-ਮੇਲ ਦੀ ਰਫ਼ਤਾਰ ਅਤੇ ਜਿਸ ਆਸਾਨੀ ਦੇ ਨਾਲ ਇਹ ਅਨੇਕ ਵਿਅਕਤੀਆਂ ਨੂੰ ਸੰਸਾਰ ਭਰ ਵਿਚ ਭੇਜੀ ਜਾ ਸਕਦੀ ਹੈ, ਇਸ ਨੂੰ ਇਕ ਲੋਕਪ੍ਰਿਯ ਸੰਚਾਰ-ਸਾਧਨ ਬਣਾਉਂਦੀ ਹੈ।

ਨਿਊਜ਼ਗਰੁਪ

ਇਕ ਹੋਰ ਲੋਕਪ੍ਰਿਯ ਸੇਵਾ ਯੂਜ਼ਨੈੱਟ (Usenet) ਸੱਦੀ ਜਾਂਦੀ ਹੈ। ਯੂਜ਼ਨੈੱਟ, ਨਿਊਜ਼ਗਰੁਪਾਂ ਨੂੰ ਵਿਸ਼ੇਸ਼ ਵਿਸ਼ਿਆਂ ਉੱਤੇ ਸਮੂਹਕ ਚਰਚੇ ਕਰਨ ਦੇ ਯੋਗ ਬਣਾਉਂਦਾ ਹੈ। ਕੁਝ ਨਿਊਜ਼ਗਰੁਪ ਭਾਂਤ-ਭਾਂਤ ਦੀਆਂ ਉਪਭੋਗੀ ਚੀਜ਼ਾਂ ਵੇਚਣ ਅਤੇ ਖ਼ਰੀਦਣ ਨਾਲ ਵਾਸਤਾ ਰੱਖਦੇ ਹਨ। ਹਜ਼ਾਰਾਂ ਹੀ ਨਿਊਜ਼ਗਰੁਪ ਮੌਜੂਦ ਹਨ, ਅਤੇ ਯੂਜ਼ਨੈੱਟ ਵਿਚ ਪ੍ਰਵੇਸ਼ ਕਰਨ ਤੋਂ ਬਾਅਦ, ਇਕ ਖਪਤਕਾਰ ਨੂੰ ਇਨ੍ਹਾਂ ਵਿਚ ਸ਼ਾਮਲ ਹੋਣ ਲਈ ਚੰਦਾ ਨਹੀਂ ਦੇਣਾ ਪੈਂਦਾ ਹੈ।

ਫ਼ਰਜ਼ ਕਰੋ ਕਿ ਇਕ ਵਿਅਕਤੀ, ਡਾਕ-ਟਿਕਟਾਂ ਇਕੱਠੀਆਂ ਕਰਨ ਵਾਲੇ ਨਿਊਜ਼ਗਰੁਪ ਵਿਚ ਸ਼ਾਮਲ ਹੋਇਆ ਹੈ। ਜਿਉਂ-ਜਿਉਂ ਇਸ ਸਮੂਹ ਦੇ ਦੂਜੇ ਗਾਹਕ ਇਸ ਸ਼ੁਗਲ ਬਾਰੇ ਨਵੇਂ ਸੰਦੇਸ਼ ਭੇਜਦੇ ਹਨ, ਤਾਂ ਇਹ ਸੰਦੇਸ਼ ਇਸ ਨਵ-ਆਗਤ ਵਿਅਕਤੀ ਨੂੰ ਉਪਲਬਧ ਹੋ ਜਾਂਦੇ ਹਨ। ਇਹ ਵਿਅਕਤੀ ਨਾ ਕੇਵਲ ਨਿਊਜ਼ਗਰੁਪ ਨੂੰ ਭੇਜੇ ਹੋਏ ਸੰਦੇਸ਼ ਪੜ੍ਹਦਾ ਹੈ, ਪਰੰਤੂ ਉਹ ਵੀ ਜੋ ਦੂਜਿਆਂ ਨੇ ਜਵਾਬ ਵਿਚ ਲਿਖਿਆ ਹੈ। ਉਦਾਹਰਣ ਲਈ, ਜੇਕਰ ਕੋਈ ਇਕ ਖ਼ਾਸ ਡਾਕ-ਟਿਕਟ ਲੜੀ ਦੇ ਬਾਰੇ ਜਾਣਕਾਰੀ ਮੰਗਦਾ ਹੈ, ਤਾਂ ਉਸ ਤੋਂ ਥੋੜ੍ਹੇ ਹੀ ਸਮੇਂ ਬਾਅਦ ਜਵਾਬ ਵਜੋਂ ਸ਼ਾਇਦ ਸੰਸਾਰ ਭਰ ਤੋਂ ਅਨੇਕ ਜਾਣਕਾਰੀਆਂ ਭੇਜੀਆਂ ਜਾਣ, ਜੋ ਇਸ ਨਿਊਜ਼ਗਰੁਪ ਦੇ ਸਾਰਿਆਂ ਗਾਹਕਾਂ ਨੂੰ ਫੌਰਨ ਉਪਲਬਧ ਹੋ ਜਾਂਦੀਆਂ ਹਨ।

ਇਸੇ ਪ੍ਰਕਾਰ ਦੀ ਇਕ ਹੋਰ ਯੋਜਨਾ, ਬੁਲੇਟਿਨ ਬੋਰਡ ਸਿਸਟਮ (ਬੀ. ਬੀ. ਐੱਸ.) ਹੈ। ਬੀ. ਬੀ. ਐੱਸ. ਯੂਜ਼ਨੈੱਟ ਦੇ ਨਾਲ ਮਿਲਦਾ-ਜੁਲਦਾ ਹੈ, ਸਿਵਾਇ ਇਸ ਗੱਲ ਦੇ ਕਿ ਇਸ ਵਿਚ ਸਾਰੀਆਂ ਫ਼ਾਈਲਾਂ ਇੱਕੋ-ਇਕ ਕੰਪਿਊਟਰ ਵਿਚ ਪਾਈਆਂ ਜਾਂਦੀਆਂ ਹਨ, ਜੋ ਆਮ ਤੌਰ ਤੇ ਇਕ ਵਿਅਕਤੀ ਜਾਂ ਇਕ ਸਮੂਹ ਦੁਆਰਾ ਸੰਭਾਲਿਆ ਜਾਂਦਾ ਹੈ। ਨਿਊਜ਼ਗਰੁਪਾਂ ਦੇ ਵਿਸ਼ੇ, ਉਨ੍ਹਾਂ ਦੇ ਖਪਤਕਾਰਾਂ ਦੀਆਂ ਵਿਭਿੰਨ ਰੁਚੀਆਂ, ਦ੍ਰਿਸ਼ਟੀਕੋਣਾਂ, ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਪ੍ਰਤਿਬਿੰਬਤ ਕਰਦੇ ਹਨ, ਇਸ ਕਰਕੇ ਸੂਝ-ਬੂਝ ਦੀ ਜ਼ਰੂਰਤ ਹੈ।

ਫ਼ਾਈਲਾਂ ਸਾਂਝੀਆਂ ਕਰਨੀਆਂ ਅਤੇ ਵਿਸ਼ਿਆਂ ਦੀ ਤਲਾਸ਼

ਇੰਟਰਨੈੱਟ ਦਾ ਇਕ ਮੁਢਲਾ ਟੀਚਾ ਵਿਸ਼ਵ-ਵਿਆਪੀ ਤੌਰ ਤੇ ਸੂਚਨਾ ਸਾਂਝੀ ਕਰਨੀ ਸੀ। ਪਿਛਲੇ ਲੇਖ ਵਿਚ ਜ਼ਿਕਰ ਕੀਤੇ ਗਏ ਅਧਿਆਪਕ ਨੇ ਇੰਟਰਨੈੱਟ ਤੇ ਇਕ ਹੋਰ ਸਿੱਖਿਅਕ ਦਾ ਪਤਾ ਲਗਾਇਆ ਜੋ ਕਾਫ਼ੀ ਵਿਕਸਿਤ ਕੀਤੀ ਗਈ ਕੋਰਸ ਸਾਮੱਗਰੀ ਨੂੰ ਸਾਂਝਿਆਂ ਕਰਨ ਲਈ ਰਜ਼ਾਮੰਦ ਸੀ। 3,200 ਕਿਲੋਮੀਟਰ ਦੇ ਫ਼ਾਸਲੇ ਦੇ ਬਾਵਜੂਦ, ਕੁਝ ਮਿੰਟਾਂ ਵਿਚ ਹੀ ਫ਼ਾਈਲਾਂ ਇਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਈਆਂ ਗਈਆਂ।

ਉਦੋਂ ਕਿਹੜੀ ਮਦਦ ਉਪਲਬਧ ਹੈ ਜਦੋਂ ਇਕ ਵਿਅਕਤੀ ਨੂੰ ਇਹ ਨਹੀਂ ਪਤਾ ਹੁੰਦਾ ਹੈ ਕਿ ਇੰਟਰਨੈੱਟ ਤੇ ਇਕ ਵਿਸ਼ਾ ਕਿੱਥੇ ਲੱਭਿਆ ਜਾ ਸਕਦਾ ਹੈ? ਜਿਸ ਤਰ੍ਹਾਂ ਅਸੀਂ ਇਕ ਟੈਲੀਫ਼ੋਨ ਡਾਇਰੈਕਟਰੀ ਨੂੰ ਇਸਤੇਮਾਲ ਕਰ ਕੇ ਇਕ ਫ਼ੋਨ ਨੰਬਰ ਲੱਭ ਸਕਦੇ ਹਾਂ, ਉਸੇ ਤਰ੍ਹਾਂ ਇਕ ਖਪਤਕਾਰ ਪਹਿਲਾਂ ਸਰਚ ਸਾਈਟ (search sites) ਤੇ ਜਾ ਕੇ ਇੰਟਰਨੈੱਟ ਤੇ ਰੁਚੀ ਵਾਲੀਆਂ ਥਾਵਾਂ (locations) ਨੂੰ ਲੱਭ ਸਕਦਾ ਹੈ। ਖਪਤਕਾਰ ਇਕ ਸ਼ਬਦ ਜਾਂ ਇਕ ਵਾਕਾਂਸ਼ ਟਾਈਪ ਕਰਦਾ ਹੈ; ਫਿਰ ਸਾਈਟ, ਉਨ੍ਹਾਂ ਇੰਟਰਨੈੱਟ ਥਾਵਾਂ ਦੀ ਇਕ ਸੂਚੀ ਦਿੰਦੀ ਹੈ ਜਿੱਥੇ ਸੂਚਨਾ ਪਾਈ ਜਾ ਸਕਦੀ ਹੈ। ਆਮ ਤੌਰ ਤੇ, ਤਲਾਸ਼ ਮੁਫ਼ਤ ਹੁੰਦੀ ਹੈ ਅਤੇ ਕੁਝ ਸੈਕਿੰਡ ਹੀ ਲੱਗਦੇ ਹਨ!

ਪਹਿਲਾਂ ਜ਼ਿਕਰ ਕੀਤੇ ਗਏ ਕਿਸਾਨ ਨੇ, ਅਚੂਕ ਖੇਤੀ-ਬਾੜੀ ਨਾਮਕ ਅਜਿਹੇ ਇਕ ਨਵੇਂ ਢੰਗ ਬਾਰੇ ਸੁਣਿਆ ਹੋਇਆ ਸੀ ਜੋ ਕੰਪਿਊਟਰਾਂ ਅਤੇ ਉਪਗ੍ਰਹਿ ਨਕਸ਼ਿਆਂ ਨੂੰ ਇਸਤੇਮਾਲ ਕਰਦਾ ਹੈ। ਸਰਚ ਸਾਈਟ ਤੇ “ਅਚੂਕ ਖੇਤੀ-ਬਾੜੀ” ਵਾਕਾਂਸ਼ ਟਾਈਪ ਕਰਨ ਦੇ ਨਾਲ, ਉਹ ਉਨ੍ਹਾਂ ਕਿਸਾਨਾਂ ਦੇ ਨਾਂ ਲੱਭ ਸਕਿਆ ਜੋ ਇਸ ਨੂੰ ਇਸਤੇਮਾਲ ਕਰ ਰਹੇ ਸਨ ਅਤੇ ਨਾਲ ਹੀ ਉਹ ਉਸ ਢੰਗ ਦੇ ਬਾਰੇ ਵੇਰਵੇ-ਸਹਿਤ ਜਾਣਕਾਰੀ ਨੂੰ ਲੱਭ ਸਕਿਆ।

ਵਿਸ਼ਵ-ਵਿਆਪੀ ਵੈੱਬ

ਇੰਟਰਨੈੱਟ ਦਾ ਇਕ ਹਿੱਸਾ ਜਿਸ ਨੂੰ ਵਿਸ਼ਵ-ਵਿਆਪੀ ਵੈੱਬ (ਜਾਂ, ਵੈੱਬ) ਸੱਦਿਆ ਜਾਂਦਾ ਹੈ, ਲੇਖਕਾਂ ਨੂੰ ਫੁਟਨੋਟ ਇਸਤੇਮਾਲ ਕਰਨ ਦੇ ਪੁਰਾਣੇ ਢੰਗ ਨੂੰ ਇਕ ਨਵੇਂ ਢੰਗ ਨਾਲ ਇਸਤੇਮਾਲ ਕਰਨ ਦੇ ਯੋਗ ਬਣਾਉਂਦਾ ਹੈ। ਜਦੋਂ ਇਕ ਰਸਾਲੇ ਦੇ ਲੇਖ ਦਾ, ਜਾਂ ਇਕ ਪੁਸਤਕ ਦਾ ਲੇਖਕ, ਇਕ ਫੁਟਨੋਟ ਚਿੰਨ੍ਹ ਨੂੰ ਸ਼ਾਮਲ ਕਰਦਾ ਹੈ, ਤਾਂ ਅਸੀਂ ਸਫ਼ੇ ਦੇ ਅਖ਼ੀਰ ਵਿਚ ਦੇਖਦੇ ਹਾਂ ਅਤੇ ਸੰਭਵ ਹੈ ਕਿ ਸਾਨੂੰ ਕਿਸੇ ਹੋਰ ਸਫ਼ੇ ਜਾਂ ਪੁਸਤਕ ਵੱਲ ਨਿਰਦੇਸ਼ਿਤ ਕੀਤਾ ਜਾਂਦਾ ਹੈ। ਇੰਟਰਨੈੱਟ ਕੰਪਿਊਟਰ ਡਾਕੂਮੈਂਟਾਂ ਦੇ ਲੇਖਕ ਵੀ ਅਸਲ ਵਿਚ ਇੰਜ ਕਰ ਸਕਦੇ ਹਨ, ਇਕ ਅਜਿਹੀ ਤਕਨੀਕ ਨੂੰ ਵਰਤ ਕੇ ਜੋ ਉਨ੍ਹਾਂ ਦੇ ਡਾਕੂਮੈਂਟ ਵਿਚ ਇਕ ਸ਼ਬਦ, ਇਕ ਵਾਕਾਂਸ਼, ਜਾਂ ਇਕ ਚਿੱਤਰ ਨੂੰ ਲਕੀਰੇਗਾ ਜਾਂ ਉਜਾਗਰ ਕਰ ਦੇਵੇਗਾ।

ਉਜਾਗਰ ਕੀਤਾ ਹੋਇਆ ਸ਼ਬਦ ਜਾਂ ਚਿੱਤਰ, ਪਾਠਕ ਲਈ ਇਕ ਇਸ਼ਾਰਾ ਹੁੰਦਾ ਹੈ ਕਿ ਇਕ ਸੰਬੰਧਿਤ ਇੰਟਰਨੈੱਟ ਸਾਧਨ ਜੋ ਅਕਸਰ ਇਕ ਹੋਰ ਡਾਕੂਮੈਂਟ ਹੁੰਦਾ ਹੈ, ਮੌਜੂਦ ਹੈ। ਇਹ ਇੰਟਰਨੈੱਟ ਡਾਕੂਮੈਂਟ ਇਲੈਕਟ੍ਰਾਨਿਕ ਤੌਰ ਤੇ ਪਾਠਕ ਦੇ ਲਈ ਇਕਦਮ ਕੱਢਿਆ ਅਤੇ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ। ਇਹ ਡਾਕੂਮੈਂਟ ਸ਼ਾਇਦ ਇਕ ਵੱਖਰੇ ਕੰਪਿਊਟਰ ਤੇ ਅਤੇ ਕਿਸੇ ਹੋਰ ਦੇਸ਼ ਵਿਚ ਹੋ ਸਕਦਾ ਹੈ। ਇੰਟਰਨੈੱਟ ਵਿਚ ਪ੍ਰਵੇਸ਼ ਕਰੋ! (ਅੰਗ੍ਰੇਜ਼ੀ) ਦਾ ਲੇਖਕ, ਡੇਵਿਡ ਪੀਲ ਟਿੱਪਣੀ ਕਰਦਾ ਹੈ ਕਿ ਇਹ ਤਕਨੀਕ “ਤੁਹਾਡਾ ਅਸਲੀ ਡਾਕੂਮੈਂਟਾਂ ਦੇ ਨਾਲ ਸੰਪਰਕ ਕਰਾਉਂਦਾ ਹੈ, ਨਾ ਕਿ ਸਿਰਫ਼ ਉਨ੍ਹਾਂ ਦੇ ਹਵਾਲਿਆਂ ਦੇ ਨਾਲ ਹੀ।”

ਵੈੱਬ—ਫੋਟੋਆਂ, ਗ੍ਰਾਫਿਕਸ, ਜੀਵੰਤ ਕਾਰਟੂਨਾਂ, ਵਿਡਿਓ, ਅਤੇ ਆਵਾਜ਼ਾਂ ਨੂੰ ਸਾਂਭਣਾ ਅਤੇ ਮੁੜ ਕੱਢਣਾ, ਜਾਂ ਵਜਾਉਣਾ ਮੁਮਕਿਨ ਬਣਾਉਂਦਾ ਹੈ। ਪਿਛਲੇ ਲੇਖ ਦੇ ਆਰੰਭ ਵਿਚ ਜ਼ਿਕਰ ਕੀਤੀ ਗਈ ਸੁਆਣੀ, ਲੋਮਾ ਨੇ ਵਿਸ਼ਵ ਦੇ ਬਾਰੇ ਪ੍ਰਚਲਿਤ ਸਿਧਾਂਤਾਂ ਦੀ ਇਕ ਛੋਟੀ ਰੰਗੀਨ ਫ਼ਿਲਮ ਪ੍ਰਾਪਤ ਕਰ ਕੇ ਦੇਖੀ। ਉਸ ਨੇ ਉਸ ਦੀ ਵਾਰਤਾ ਆਪਣੇ ਕੰਪਿਊਟਰ ਦੇ ਆਡੀਓ ਸਿਸਟਮ ਦੇ ਜ਼ਰੀਏ ਸੁਣੀ।

ਨੈੱਟ ਸਰਫ਼ਿੰਗ

ਇਕ ਵੈੱਬ ਬਰਾਉਜ਼ਰ ਨੂੰ ਇਸਤੇਮਾਲ ਕਰਦਿਆਂ, ਇਕ ਵਿਅਕਤੀ ਆਸਾਨੀ ਨਾਲ ਝਟਪਟ ਉਸ ਸੂਚਨਾ ਅਤੇ ਰੰਗਦਾਰ ਗ੍ਰਾਫਿਕਸ ਨੂੰ ਦੇਖ ਸਕਦਾ ਹੈ ਜੋ ਕਈ ਅਲੱਗ-ਅਲੱਗ ਦੇਸ਼ਾਂ ਵਿਚ ਕੰਪਿਊਟਰਾਂ ਵਿਚ ਹੋ ਸਕਦੇ ਹਨ। ਇਕ ਵੈੱਬ ਬਰਾਉਜ਼ਰ ਨੂੰ ਇਸਤੇਮਾਲ ਕਰਨਾ, ਕੁਝ ਤਰੀਕਿਆਂ ਵਿਚ ਸਫ਼ਰ ਕਰਨ ਦੇ ਸਮਾਨ ਹੈ, ਪਰੰਤੂ ਉਸ ਨਾਲੋਂ ਕਾਫ਼ੀ ਸੌਖਾ ਹੈ। ਇਕ ਵਿਅਕਤੀ ਮ੍ਰਿਤ ਸਾਗਰ ਪੋਥੀਆਂ ਦੀਆਂ ਵੈੱਬ ਨੁਮਾਇਸ਼ਾਂ ਦਾ, ਜਾਂ ਹਾਲੋਕਾਸਟ ਮਿਮੋਰੀਅਲ ਮਿਊਜ਼ੀਅਮ ਦਾ ਦੌਰਾ ਕਰ ਸਕਦਾ ਹੈ। ਇਕ ਇੰਟਰਨੈੱਟ ਵੈੱਬ ਸਾਈਟ ਤੋਂ ਦੂਜੀ ਸਾਈਟ ਤਕ ਫੁਰਤੀ ਨਾਲ ਅੱਗੇ-ਪਿੱਛੇ ਜਾ ਸਕਣ ਦੀ ਯੋਗਤਾ ਨੂੰ ਆਮ ਤੌਰ ਤੇ ਨੈੱਟ ਸਰਫ਼ਿੰਗ ਸੱਦਿਆ ਜਾਂਦਾ ਹੈ।

ਆਪਣੇ ਉਤਪਾਦਨਾਂ ਜਾਂ ਸੇਵਾਵਾਂ, ਨਾਲੇ ਹੋਰ ਤਰ੍ਹਾਂ ਦੀਆਂ ਸੂਚਨਾਵਾਂ ਦਾ ਇਸ਼ਤਿਹਾਰ ਦੇਣ ਦੇ ਵਸੀਲੇ ਵਜੋਂ, ਵਪਾਰ-ਕੇਂਦਰ ਅਤੇ ਦੂਜੇ ਸੰਗਠਨ ਵੈੱਬ ਵਿਚ ਦਿਲਚਸਪੀ ਲੈਣ ਲੱਗ ਪਏ ਹਨ। ਉਹ ਇਕ ਵੈੱਬ ਸਫ਼ਾ ਰਚਦੇ ਹਨ ਜੋ ਮਾਨੋ ਦੁਕਾਨ ਦੀ ਇਲੈਕਟ੍ਰਾਨਿਕ ਨੁਮਾਇਸ਼ ਖਿੜਕੀ ਵਾਂਗ ਹੈ। ਇਕ ਸੰਗਠਨ ਦੇ ਵੈੱਬ ਸਫ਼ੇ ਦਾ ਪਤਾ ਜਾਣਨ ਤੋਂ ਬਾਅਦ, ਸੰਭਾਵੀ ਗਾਹਕ ਇਕ ਬਰਾਉਜ਼ਰ ਇਸਤੇਮਾਲ ਕਰ ਕੇ “ਖ਼ਰੀਦਾਰੀ” ਕਰ ਸਕਦੇ ਹਨ, ਜਾਂ ਸੂਚਨਾ ਉੱਤੇ ਨਜ਼ਰ ਮਾਰ ਸਕਦੇ ਹਨ। ਫਿਰ ਵੀ, ਕਿਸੇ ਵੀ ਬਾਜ਼ਾਰ ਦੀ ਤਰ੍ਹਾਂ, ਇੰਟਰਨੈੱਟ ਉੱਤੇ ਮੁਹੱਈਆ ਕੀਤੇ ਗਏ ਸਾਰੇ ਉਤਪਾਦਨ, ਸੇਵਾਵਾਂ, ਜਾਂ ਸੂਚਨਾਵਾਂ ਗੁਣਕਾਰੀ ਨਹੀਂ ਹੁੰਦੀਆਂ ਹਨ।

ਖੋਜਕਾਰ ਇੰਟਰਨੈੱਟ ਨੂੰ ਗੁਪਤ ਅਤੇ ਸੁਰੱਖਿਅਤ ਸੌਦਿਆਂ ਲਈ ਮਹਿਫੂਜ਼ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। (ਅਸੀਂ ਸੁਰੱਖਿਆ ਬਾਰੇ ਬਾਅਦ ਵਿਚ ਹੋਰ ਚਰਚਾ ਕਰਾਂਗੇ।) ਵਪਾਰਕ ਸਰਗਰਮੀਆਂ ਕਾਰਨ ਇੰਟਰਨੈੱਟ ਦੀ ਵਧੇਰੀ ਵਰਤੋਂ ਦੇ ਕਾਰਨ, ਇਕ ਹੋਰ ਵਿਸ਼ਵ-ਵਿਆਪੀ ਇੰਟਰਨੈੱਟ ਵਿਕਸਿਤ ਕੀਤਾ ਜਾ ਰਿਹਾ ਹੈ, ਜਿਸ ਨੂੰ ਕਈ ਵਿਅਕਤੀ ਇੰਟਰਨੈੱਟ II ਸੱਦਦੇ ਹਨ।

“ਚੈਟ” ਕੀ ਹੈ?

ਇੰਟਰਨੈੱਟ ਦੀ ਇਕ ਹੋਰ ਸਾਧਾਰਣ ਸੇਵਾ ਹੈ ਇੰਟਰਨੈੱਟ ਰਿਲੇ ਚੈਟ, ਜਾਂ ਚੈਟ। ਚੈਟ ਰਾਹੀਂ ਲੋਕਾਂ ਦਾ ਇਕ ਸਮੂਹ ਉਪਨਾਮ ਵਰਤਦਿਆਂ, ਇਕ ਦੂਜੇ ਨੂੰ ਫ਼ੌਰਨ ਹੀ ਸੰਦੇਸ਼ ਭੇਜ ਸਕਦੇ ਹਨ। ਜਦ ਕਿ ਵਿਭਿੰਨ ਉਮਰਾਂ ਵਾਲੇ ਸਮੂਹ ਇਸ ਨੂੰ ਵਰਤਦੇ ਹਨ, ਇਹ ਖ਼ਾਸ ਕਰਕੇ ਨੌਜਵਾਨਾਂ ਵਿਚ ਲੋਕਪ੍ਰਿਯ ਹੈ। ਇਸ ਨਾਲ ਜੋੜੇ ਜਾਣ ਤੋਂ ਬਾਅਦ, ਇਕ ਖਪਤਕਾਰ ਸੰਸਾਰ ਭਰ ਦੇ ਦੂਜੇ ਖਪਤਕਾਰਾਂ ਦੀ ਵੱਡੀ ਗਿਣਤੀ ਦੇ ਸੰਪਰਕ ਵਿਚ ਲਿਆਇਆ ਜਾਂਦਾ ਹੈ।

ਅਜਿਹੇ ਅਖਾਉਤੀ ਚੈਟ ਰੂਮ, ਜਾਂ ਚੈਟ ਚੈਨਲ ਬਣਾਏ ਜਾਂਦੇ ਹਨ ਜੋ ਇਕ ਵਿਸ਼ੇਸ਼ ਵਿਸ਼ੇ ਨੂੰ ਪੇਸ਼ ਕਰਦੇ ਹਨ ਜਿਵੇਂ ਕਿ ਵਿਗਿਆਨ ਗ਼ਲਪ, ਫਿਲਮਾਂ, ਖੇਡਾਂ, ਜਾਂ ਰੁਮਾਂਸ। ਇਸ ਚੈਟ ਰੂਮ ਅੰਦਰ ਟਾਈਪ ਕੀਤੇ ਗਏ ਸਾਰੇ ਸੰਦੇਸ਼ ਉਸ ਚੈਟ ਰੂਮ ਵਿਚ ਸਾਰੇ ਹਿੱਸਾ ਲੈਣ ਵਾਲਿਆਂ ਦੇ ਕੰਪਿਊਟਰ ਸਕਰੀਨਾਂ ਉੱਤੇ ਲਗਭਗ ਇੱਕੋ ਸਮੇਂ ਤੇ ਦੇਖੇ ਜਾ ਸਕਦੇ ਹਨ।

ਚੈਟ ਰੂਮ ਮਾਨੋ ਲੋਕਾਂ ਦੀ ਇਕ ਪਾਰਟੀ ਵਾਂਗ ਹੁੰਦਾ ਹੈ, ਜਿੱਥੇ ਉਹ ਤਕਰੀਬਨ ਇੱਕੋ ਸਮੇਂ ਤੇ ਰਲ-ਮਿਲ ਕੇ ਗੱਲਾਂ ਕਰਦੇ ਹਨ, ਫ਼ਰਕ ਸਿਰਫ਼ ਇੰਨਾ ਹੁੰਦਾ ਹੈ ਕਿ ਉਹ ਸਾਰੇ ਛੋਟੇ-ਛੋਟੇ ਸੰਦੇਸ਼ ਟਾਈਪ ਕਰ ਰਹੇ ਹੁੰਦੇ ਹਨ। ਚੈਟ ਰੂਮ ਆਮ ਤੌਰ ਤੇ 24 ਘੰਟੇ ਸਰਗਰਮ ਰਹਿੰਦੇ ਹਨ। ਨਿਰਸੰਦੇਹ, ਮਸੀਹੀ ਅਹਿਸਾਸ ਕਰਦੇ ਹਨ ਕਿ ਸੰਗਤ ਬਾਰੇ ਬਾਈਬਲ ਸਿਧਾਂਤ, ਜਿਵੇਂ ਕਿ 1 ਕੁਰਿੰਥੀਆਂ 15:33 ਵਿਚ ਪਾਇਆ ਜਾਂਦਾ ਹੈ, ਚੈਟ ਸਮੂਹਾਂ ਵਿਚ ਹਿੱਸਾ ਲੈਣ ਉੱਤੇ ਵੀ ਲਾਗੂ ਹੁੰਦੇ ਹਨ, ਠੀਕ ਜਿਵੇਂ ਉਹ ਜੀਵਨ ਦੇ ਸਾਰੇ ਪਹਿਲੂਆਂ ਉੱਤੇ ਲਾਗੂ ਹੁੰਦੇ ਹਨ।a

ਇੰਟਰਨੈੱਟ ਦਾ ਖ਼ਰਚਾ ਕੌਣ ਚੁੱਕਦਾ ਹੈ?

ਤੁਸੀਂ ਸ਼ਾਇਦ ਵਿਚਾਰ ਕਰ ਰਹੇ ਹੋਵੋਗੇ ਕਿ ‘ਉਨ੍ਹਾਂ ਵੱਡਿਆਂ ਫ਼ਾਸਲਿਆਂ ਲਈ ਕੌਣ ਖ਼ਰਚਾ ਚੁੱਕਦਾ ਹੈ ਜੋ ਇਕ ਵਿਅਕਤੀ ਇੰਟਰਨੈੱਟ ਉੱਤੇ ਤੈ ਕਰ ਸਕਦਾ ਹੈ?’ ਖਪਤਕਾਰ ਭਾਵੇਂ ਕਾਰਪੋਰੇਟ ਜਾਂ ਨਿੱਜੀ ਹੋਣ, ਸਾਰੇ ਇਸ ਦਾ ਖ਼ਰਚਾ ਚੁੱਕਦੇ ਹਨ। ਪਰੰਤੂ, ਇਹ ਜ਼ਰੂਰੀ ਨਹੀਂ ਕਿ ਇੰਟਰਨੈੱਟ ਦੇ ਇਕ ਖਪਤਕਾਰ ਨੂੰ ਲੰਬੀ ਦੂਰੀ ਦੀਆਂ ਟੈਲੀਫ਼ੋਨ ਕਾਲਾਂ ਦਾ ਇਕ ਬਿਲ ਪੇਸ਼ ਕੀਤਾ ਜਾਂਦਾ ਹੈ, ਭਾਵੇਂ ਕਿ ਉਹ ਅਨੇਕ ਅੰਤਰ-ਰਾਸ਼ਟਰੀ ਸਥਾਨਾਂ ਦਾ ਦੌਰਾ ਕਰਦਾ ਹੈ। ਜ਼ਿਆਦਾਤਰ ਖਪਤਕਾਰਾਂ ਦਾ ਇਕ ਸਥਾਨਕ ਇੰਟਰਨੈੱਟ ਸੇਵਾ ਕੰਪਨੀ ਦੇ ਨਾਲ ਇਕ ਲੇਖਾ ਚਾਲੂ ਹੁੰਦਾ ਹੈ, ਜੋ ਕਈ ਮਾਮਲਿਆਂ ਵਿਚ ਖਪਤਕਾਰ ਨੂੰ ਇਕ ਨਿਯਤ ਮਾਸਿਕ ਬਿਲ ਭੇਜਦੀ ਹੈ। ਵਾਧੂ ਫ਼ੋਨ ਖ਼ਰਚਿਆਂ ਤੋਂ ਬਚਣ ਲਈ, ਕੰਪਨੀਆਂ ਆਮ ਤੌਰ ਤੇ ਇਕ ਸਥਾਨਕ ਨੰਬਰ ਮੁਹੱਈਆ ਕਰਦੀਆਂ ਹਨ। ਇਕ ਆਮ ਮਾਸਿਕ ਪ੍ਰਵੇਸ਼ ਫ਼ੀਸ ਤਕਰੀਬਨ 20 ਅਮਰੀਕੀ ਡਾਲਰ ਹੈ।

ਜਿਵੇਂ ਤੁਸੀਂ ਦੇਖ ਸਕਦੇ ਹੋ, ਇੰਟਰਨੈੱਟ ਦੀਆਂ ਸੰਭਾਵਨਾਵਾਂ ਬੇਹੱਦ ਹਨ। ਪਰੰਤੂ ਕੀ ਤੁਹਾਨੂੰ ਇਸ ਸੂਚਨਾ ਸੁਪਰਹਾਈਵੇ ਤੇ ਪ੍ਰਵੇਸ਼ ਕਰਨਾ ਚਾਹੀਦਾ ਹੈ?

[ਫੁਟਨੋਟ]

a ਚੈਟ ਰੂਮ ਦੇ ਸੰਬੰਧ ਵਿਚ ਸਾਵਧਾਨੀ ਦੀ ਜ਼ਰੂਰਤ ਬਾਰੇ ਬਾਅਦ ਵਿਚ ਚਰਚਾ ਕੀਤੀ ਜਾਵੇਗੀ।

[ਸਫ਼ੇ 7 ਉੱਤੇ ਡੱਬੀ/ਤਸਵੀਰ]

ਇੰਟਰਨੈੱਟ ਪਤੇ—ਉਹ ਕੀ ਹਨ?

ਇੰਟਰਨੈੱਟ ਦੇ ਨਾਲ ਜੁੜੇ ਲੋਕਾਂ ਦੀ ਸ਼ਨਾਖਤ, ਈ-ਮੇਲ ਪਤਿਆਂ ਦੇ ਨਾਲ ਕੀਤੀ ਜਾਂਦੀ ਹੈ। ਫ਼ਰਜ਼ ਕਰੋ ਕਿ ਤੁਸੀਂ ਇਕ ਮਿੱਤਰ ਨੂੰ ਈ-ਮੇਲ ਭੇਜਣੀ ਚਾਹੁੰਦੇ ਹੋ ਜਿਸ ਦਾ ਈ-ਮੇਲ ਪਤਾ drg@tekwriting.com.b ਹੈ। ਇਸ ਮਿਸਾਲ ਵਿਚ, ਇਸ ਵਿਅਕਤੀ ਦੀ ਸ਼ਨਾਖ਼ਤ, ਜਾਂ ਲੌਗ-ਇਨ, “drg” ਹੈ। ਆਪਣੀ ਸ਼ਨਾਖ਼ਤ ਵਜੋਂ, ਲੋਕੀ ਅਕਸਰ ਆਪਣੇ ਨਾਂ ਦੇ ਮੁਢਲੇ ਅੱਖਰਾਂ ਨੂੰ ਜਾਂ ਪੂਰੇ ਨਾਂ ਨੂੰ ਇਸਤੇਮਾਲ ਕਰਦੇ ਹਨ। “@” ਚਿੰਨ੍ਹ ਤੋਂ ਬਾਅਦ ਦਾ ਸ਼ਬਦ, ਉਨ੍ਹਾਂ ਦਾ ਮਾਲਕ, ਉਨ੍ਹਾਂ ਦੇ ਕਾਰਜ ਸਥਾਨ, ਜਾਂ ਉਨ੍ਹਾਂ ਦੀ ਈ-ਮੇਲ ਸੇਵਾ ਕੰਪਨੀ ਹੋ ਸਕਦੀ ਹੈ। ਇਸ ਮਾਮਲੇ ਵਿਚ, “tekwriting” ਅਜਿਹੇ ਇਕ ਬਿਜ਼ਨਿਸ ਦੀ ਸ਼ਨਾਖਤ ਕਰਦਾ ਹੈ। ਪਤੇ ਦਾ ਆਖ਼ਰੀ ਹਿੱਸਾ ਸ਼ਨਾਖਤ ਕਰਦਾ ਹੈ ਕਿ ਕਿਸ ਪ੍ਰਕਾਰ ਦੇ ਸੰਗਠਨ ਨਾਲ ਤੁਹਾਡੇ ਮਿੱਤਰ ਦਾ ਲੌਗ-ਇਨ ਹੈ। ਇਸ ਮਾਮਲੇ ਵਿਚ, “com” ਇਕ ਵਪਾਰਕ ਸੰਗਠਨ ਨੂੰ ਸੰਕੇਤ ਕਰਦਾ ਹੈ। ਵਿਦਿਅਕ ਸੰਗਠਨਾਂ ਦਾ ਵੀ ਇਸੇ ਸਮਾਨ ਨਾਂ ਰੱਖਣ ਦਾ ਰਿਵਾਜ ਹੈ, ਪਰੰਤੂ ਉਹ ਪਤੇ ਦੇ ਅਖ਼ੀਰ ਵਿਚ “edu” ਲਿਖਦੇ ਹਨ, ਅਤੇ ਗ਼ੈਰ-ਮੁਨਾਫ਼ਾ ਸੰਗਠਨ “org” ਲਿਖਦੇ ਹਨ। ਇਕ ਹੋਰ ਈ-ਮੇਲ ਸਟੈਂਡਡ ਪਤਾ, ਇਕ ਵਿਅਕਤੀ ਦੇ ਦੇਸ਼ ਦੇ ਕੋਡ ਦੇ ਨਾਲ ਸਮਾਪਤ ਹੁੰਦਾ ਹੈ। ਮਿਸਾਲ ਲਈ lvg@spicyfoods.ar ਪਤਾ ਸੰਕੇਤ ਕਰਦਾ ਹੈ ਕਿ ਉਹ ਵਿਅਕਤੀ ਜਿਸ ਦੀ ਸ਼ਨਾਖ਼ਤ “lvg” ਹੈ, ਅਰਜਨਟੀਨਾ ਵਿਚ ਇਕ “spicyfoods” ਨਾਮਕ ਕੰਪਨੀ ਦੇ ਨਾਲ ਸੰਬੰਧਿਤ ਹੈ।

ਇਕ ਹੋਰ ਤਰ੍ਹਾਂ ਦਾ ਪਤਾ ਇੰਟਰਨੈੱਟ ਤੇ ਵੈੱਬ ਡਾਕੂਮੈਂਟਾਂ ਨੂੰ ਲੱਭਦਾ ਹੈ। ਫ਼ਰਜ਼ ਕਰੋ ਕਿ ਬਹੁ-ਵਰਖਾ ਜੰਗਲਾਂ ਉੱਤੇ ਖੋਜ ਬਾਰੇ ਸੂਚਨਾ http://www.ecosystems.com/research/forests/rf ਤੇ ਵੈੱਬ ਡਾਕੂਮੈਂਟ ਵਿਚ ਪਾਈ ਜਾਂਦੀ ਹੈ। ਇਹ ਅੱਖਰ “http” (Hypertext Transfer Protocol) ਇਕ ਪ੍ਰਕਾਰ ਦੇ ਵੈੱਬ ਡਾਕੂਮੈਂਟ ਨੂੰ ਵਰਤਣ ਲਈ ਲੋੜੀਂਦੇ ਪ੍ਰੋਟੋਕੋਲ ਦੀ ਸ਼ਨਾਖਤ ਕਰਦੇ ਹਨ, ਅਤੇ “www.ecosystems.com” ਵੈੱਬ ਸਰਵਰ ਦੇ ਨਾਂ ਨੂੰ ਸੰਕੇਤ ਕਰਦਾ ਹੈ, ਅਰਥਾਤ ਇਕ ਕੰਪਿਊਟਰ—ਜੋ ਇਸ ਮਾਮਲੇ ਵਿਚ “ecosystems” ਨਾਮਕ ਇਕ ਵਪਾਰਕ ਕੰਪਨੀ ਹੈ। ਪਤੇ ਦਾ ਅੰਤਲਾ ਹਿੱਸਾ—“research/forests/rf,”—ਅਸਲੀ ਵੈੱਬ ਡਾਕੂਮੈਂਟ ਹੁੰਦਾ ਹੈ। ਵੈੱਬ ਪਤੇ ਅਕਸਰ ਯੂਨੀਫ਼ੌਮ ਰਿਸੋਰਸ ਲੋਕੇਟਰਸ, ਜਾਂ ਸੰਖੇਪ ਵਿਚ, ਯੂ. ਆਰ. ਐੱਲ. ਸੱਦੇ ਜਾਂਦੇ ਹਨ।

[ਫੁਟਨੋਟ]

b ਇੱਥੇ ਦੱਸੇ ਗਏ ਇੰਟਰਨੈੱਟ ਪਤੇ ਨਕਲੀ ਹਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ