ਪ੍ਰਬੰਧਕ ਸਭਾ ਵੱਲੋਂ ਚਿੱਠੀ
ਸਾਡੇ ਪਿਆਰੇ ਭੈਣ-ਭਰਾਵੋ:
ਸਾਨੂੰ ਕਿੰਨਾ ਮਾਣ ਹੈ ਕਿ ਅਸੀਂ ਅੱਤ ਮਹਾਨ ਯਹੋਵਾਹ ਦੇ ਨਾਂ ਤੋਂ ਜਾਣੇ ਜਾਂਦੇ ਹਾਂ! ਇਹ ਨਾਂ ਸਦਾ ਲਈ ਰਹੇਗਾ, ਕਦੇ ਨਹੀਂ ਮਿਟੇਗਾ ਤੇ ਬੇਮਿਸਾਲ ਹੈ। ਯਹੋਵਾਹ ਨੇ ਖ਼ੁਦ ਸਾਨੂੰ ਇਹ ਨਾਂ ਦਿੱਤਾ ਅਤੇ ਖ਼ਾਸ ਕਰਕੇ 1931 ਤੋਂ ਲੈ ਕੇ ਅਸੀਂ ਇਸ ਨਾਂ ਤੋਂ ਜਾਣੇ ਗਏ ਹਾਂ। (ਯਸਾ. 43:10) ਅਸੀਂ ਫ਼ਖ਼ਰ ਨਾਲ ਆਪਣੇ ਆਪ ਨੂੰ ਯਹੋਵਾਹ ਦੇ ਗਵਾਹ ਕਹਾਉਂਦੇ ਹਾਂ।
ਸ਼ਤਾਨ ਲਗਾਤਾਰ ਪਰਮੇਸ਼ੁਰ ਦੇ ਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕਰਦਾ ਹੈ। ਉਸ ਦੇ ਕਬਜ਼ੇ ਵਿਚ ਆਈਆਂ ਕੌਮਾਂ ਯਹੋਵਾਹ ਦੇ ਨਾਂ ਨੂੰ ਠੁਕਰਾਉਂਦੀਆਂ ਹਨ। ਵੱਡੀ ਬਾਬਲ ਯਾਨੀ ਦੁਨੀਆਂ ਦੇ ਧਰਮ ਇਸ ਨਾਂ ਤੋਂ ਨਫ਼ਰਤ ਕਰਦੇ ਹਨ ਤੇ ਉਨ੍ਹਾਂ ਨੇ ਬਾਈਬਲ ਦੇ ਕਈ ਤਰਜਮਿਆਂ ਵਿੱਚੋਂ ਯਹੋਵਾਹ ਦੇ ਨਾਂ ਨੂੰ ਕੱਢ ਦਿੱਤਾ ਹੈ। ਉਨ੍ਹਾਂ ਦੇ ਉਲਟ, ਯਿਸੂ ਨੇ ਆਪਣੇ ਪਿਤਾ ਦੇ ਨਾਂ ਨੂੰ ਉੱਚਾ ਕੀਤਾ ਅਤੇ ਆਪਣੇ ਚੇਲਿਆਂ ਨੂੰ ਸਿਖਾਈ ਪ੍ਰਾਰਥਨਾ ਵਿਚ ਇਸ ਨਾਂ ਨੂੰ ਪਹਿਲਾ ਥਾਂ ਦਿੱਤਾ। ਉਸ ਨੇ ਕਿਹਾ: “ਤੁਸੀਂ ਇਸ ਬਿਧ ਨਾਲ ਪ੍ਰਾਰਥਨਾ ਕਰੋ, ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ।” (ਮੱਤੀ 6:9) ਬਾਅਦ ਵਿਚ ਆਪਣੇ ਪਿਤਾ ਨੂੰ ਦਿਲੋਂ ਪ੍ਰਾਰਥਨਾ ਕਰਦਿਆਂ ਉਸ ਨੇ ਕਿਹਾ: “ਜਿਹੜੇ ਮਨੁੱਖ ਤੈਂ ਜਗਤ ਵਿੱਚੋਂ ਮੈਨੂੰ ਦਿੱਤੇ ਓਹਨਾਂ ਉੱਤੇ ਮੈਂ ਤੇਰਾ ਨਾਮ ਪਰਗਟ ਕੀਤਾ।” (ਯੂਹੰ. 17:6) ਯਿਸੂ ਦੀ ਮਿਸਾਲ ਤੇ ਚੱਲਦਿਆਂ ਅਸੀਂ ਹੁਣ ਪਹਿਲਾਂ ਨਾਲੋਂ ਵੀ ਦ੍ਰਿੜ੍ਹ ਹਾਂ ਕਿ ਅਸੀਂ ਪੂਰੀ ਧਰਤੀ ਵਿਚ ਯਹੋਵਾਹ ਦੇ ਨਾਂ ਦਾ ਜ਼ੋਰਾਂ-ਸ਼ੋਰਾਂ ਨਾਲ ਐਲਾਨ ਕਰਾਂਗੇ।
ਸਾਲ 2009 ਦਾ ਮੁੱਖ ਹਵਾਲਾ ਸੀ “ਖ਼ੁਸ਼ ਖ਼ਬਰੀ ਉੱਤੇ ਸਾਖੀ ਦਿਓ।” ਇਸ ਨੇ ਸਾਨੂੰ ਆਪਣੀ ਸੇਵਕਾਈ ਪੂਰੀ ਕਰਨ ਲਈ ਪ੍ਰੇਰਿਆ ਸੀ। (ਰਸੂ. 20:24) ਬਿਨਾਂ ਸ਼ੱਕ ਯਹੋਵਾਹ ਨੇ ਪਿਛਲੇ ਸੇਵਾ ਸਾਲ ਦੀ ਸਾਡੀ ਮਿਹਨਤ ਉੱਤੇ ਬਰਕਤ ਪਾਈ। ਦੁਨੀਆਂ ਭਰ ਵਿਚ ਯਹੋਵਾਹ ਦੇ ਨਾਂ ਦੀ ਗਵਾਹੀ ਦਿੱਤੀ ਗਈ ਹੈ ਅਤੇ ਉਸ ਦੀ ਮਹਿਮਾ ਅਤੇ ਵਡਿਆਈ ਹੋਈ। ਪਿਛਲੇ ਸਾਲ 73,13,173 ਪਬਲੀਸ਼ਰਾਂ ਦਾ ਨਵਾਂ ਸਿਖਰ ਪ੍ਰਾਪਤ ਹੋਇਆ ਤੇ ਇਨ੍ਹਾਂ ਨੇ ਸਾਰਿਆਂ ਨੂੰ ਪ੍ਰਚਾਰ ਕਰਨ ਵਿਚ ਆਪਣੀ ਆਵਾਜ਼ ਮਿਲਾਈ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਨੇਕ-ਦਿਲ ਲੋਕਾਂ ਨੂੰ ਸਿੱਖਿਆ ਦਿੱਤੀ ਜੋ ਆਪਣੀਆਂ ਮੁਸ਼ਕਲਾਂ ਦਾ ਹੱਲ ਲੱਭ ਰਹੇ ਹਨ। ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਲਈ 1,81,68,323 ਲੋਕ ਹਾਜ਼ਰ ਹੋਏ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਸ ਦੁਸ਼ਟ ਸੰਸਾਰ ਦੇ ਅੰਤ ਤੋਂ ਪਹਿਲਾਂ ਸ਼ਾਇਦ ਲੱਖਾਂ ਹੀ ਹੋਰ ਲੋਕ ਯਹੋਵਾਹ ਦੇ ਨਾਂ ਤੇ ਹਾਲੇ ਵਿਸ਼ਵਾਸ ਕਰਨ।
ਜਦੋਂ ਤਕ ਯਹੋਵਾਹ ਅੰਤ ਨਹੀਂ ਲਿਆਉਂਦਾ, ਉਦੋਂ ਤਕ ਅਸੀਂ ਜੋਸ਼ ਨਾਲ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੀ ਜਾਵਾਂਗੇ ਤੇ ਆਪਣੇ ਇਲਾਕੇ ਵਿਚ ਲੋਕਾਂ ਤਕ ਪਹੁੰਚਣ ਲਈ ਹਰ ਜ਼ਰੀਆ ਵਰਤਾਂਗੇ। (ਮੱਤੀ 24:14; ਮਰ. 13:10) ਚਾਹੇ ਅਸੀਂ ਘਰ-ਘਰ ਜਾਂਦੇ ਹਾਂ, ਸੜਕਾਂ ਤੇ ਲੋਕਾਂ ਨੂੰ ਮਿਲਦੇ ਹਾਂ, ਚਿੱਠੀ ਲਿਖਦੇ ਜਾਂ ਟੈਲੀਫ਼ੋਨ ਕਰਦੇ ਹਾਂ ਜਾਂ ਮੌਕਾ ਮਿਲਣ ਤੇ ਕਿਸੇ ਨਾਲ ਗੱਲ ਕਰਦੇ ਹਾਂ, ਆਓ ਆਪਾਂ ਯਹੋਵਾਹ ਦੇ ਨਾਂ ਅਤੇ ਉਸ ਦੇ ਮਕਸਦਾਂ ਬਾਰੇ ਸਾਰਿਆਂ ਨੂੰ ਪ੍ਰਚਾਰ ਕਰਦੇ ਰਹੀਏ।
ਸਾਨੂੰ ਇਹ ਯਕੀਨ ਕਰਨ ਦਾ ਹਰ ਕਾਰਨ ਹੈ ਕਿ ਯਹੋਵਾਹ ਹੁਣ ਜਲਦੀ ਹੀ ਆਪਣਾ ਨਾਂ ਪਵਿੱਤਰ ਠਹਿਰਾਉਣ ਲਈ ਕਦਮ ਚੁੱਕੇਗਾ। (ਹਿਜ਼. 36:23) ਉਹ ਸਮਾਂ ਜਲਦੀ ਹੀ ਆ ਰਿਹਾ ਹੈ ਜਦੋਂ ਉਸ ਦੇ ਨਾਂ ਨੂੰ ਬਦਨਾਮ ਕਰਨ ਵਾਲੇ ਸਾਰੇ ਲੋਕ ਚੁੱਪ ਕਰਾਏ ਜਾਣਗੇ। ਯਹੋਵਾਹ ਦੇ ਉਨ੍ਹਾਂ ਸਾਰੇ ਵਫ਼ਾਦਾਰ ਸੇਵਕਾਂ ਲਈ ਉਹ ਕਿੰਨਾ ਸੁਨਹਿਰਾ ਦਿਨ ਹੋਵੇਗਾ ਜਿਨ੍ਹਾਂ ਨੇ ਯਹੋਵਾਹ ਦੇ ਨਾਂ ਦਾ ਐਲਾਨ ਕੀਤਾ ਹੈ ਅਤੇ ਉਸ ਦੀ ਹਕੂਮਤ ਦਾ ਪੱਖ ਲਿਆ ਹੈ!
2009 ਵਿਚ ਸੰਸਾਰ ਦੇ ਕਾਫ਼ੀ ਇਲਾਕਿਆਂ ਵਿਚ ਹੋਏ “ਜਾਗਦੇ ਰਹੋ!” ਜ਼ਿਲ੍ਹਾ ਤੇ ਅੰਤਰਰਾਸ਼ਟਰੀ ਸੰਮੇਲਨਾਂ ਵਿਚ ਯਹੋਵਾਹ ਦਾ ਆਪਣੇ ਲੋਕਾਂ ਲਈ ਪਿਆਰ ਸਾਫ਼-ਸਾਫ਼ ਜ਼ਾਹਰ ਹੋਇਆ। ਪਰਮੇਸ਼ੁਰ ਦੇ ਲੋਕਾਂ ਦੇ ਇਤਿਹਾਸ ਵਿਚ ਉਹ ਸੰਮੇਲਨ ਅਹਿਮ ਸਾਬਤ ਹੋਏ ਤੇ ਇਨ੍ਹਾਂ ਨੇ ਸਾਨੂੰ ਯਹੋਵਾਹ ਦੇ ਦਿਨ ਲਈ ਜਾਗਦੇ ਰਹਿਣ ਲਈ ਉਕਸਾਇਆ।—ਮਰ. 13:37; 1 ਥੱਸ. 5:1, 2, 4.
ਸੱਚ-ਮੁੱਚ ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ। ਅਸੀਂ ਦਿਲੋਂ ਖ਼ੁਸ਼ੀ ਮਨਾਉਂਦੇ ਹਾਂ। ਉਹ ਸਾਨੂੰ ਹਰੇ ਹਰੇ ਘਾਹ ਦੀਆਂ ਜੂਹਾਂ ਵਿੱਚ ਬਿਠਾਉਂਦਾ ਹੈ ਅਤੇ ਸੁਖਦਾਇਕ ਪਾਣੀਆਂ ਕੋਲ ਲੈ ਜਾਂਦਾ ਹੈ।—ਜ਼ਬੂ. 23:1, 2; 100:2, 5.
ਯਕੀਨ ਰੱਖੋ ਕਿ ਯਹੋਵਾਹ ਦੀ ਬਰਕਤ ਤੁਹਾਡੇ ਉੱਤੇ ਹੋਵੇਗੀ ਜਿਉਂ-ਜਿਉਂ ਤੁਸੀਂ ਅਗਾਹਾਂ ਦੇ ਮਹੀਨਿਆਂ ਵਿਚ ਲਗਨ ਨਾਲ ਉਸ ਦੀ ਸੇਵਾ ਕਰਦੇ ਰਹੋਗੇ!
ਸੰਸਾਰ ਭਰ ਵਿਚ ਸਾਡੇ ਭਾਈਚਾਰੇ ਨੂੰ ਨਿੱਘਾ ਮਸੀਹੀ ਪਿਆਰ,
ਤੁਹਾਡੇ ਭਰਾ,
ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ