ਕੀ ਤੁਸੀਂ ਸਕੂਲ ਜਾਣ ਲਈ ਤਿਆਰ ਹੋ?
1. ਸਕੂਲ ਸ਼ੁਰੂ ਕਰਦਿਆਂ ਤੁਹਾਡੇ ਸਾਮ੍ਹਣੇ ਕਿਹੜੇ ਮੌਕੇ ਪੇਸ਼ ਹੋਣਗੇ?
1 ਮਸੀਹੀ ਨੌਜਵਾਨੋ ਭਾਵੇਂ ਤੁਸੀਂ ਸਕੂਲ ਵਿਚ ਦਾਖ਼ਲ ਹੋ ਰਹੇ ਹੋ ਜਾਂ ਤੁਸੀਂ ਛੁੱਟੀਆਂ ਤੋਂ ਬਾਅਦ ਅਗਲੀ ਕਲਾਸ ਵਿਚ ਜਾ ਰਹੇ ਹੋ, ਤੁਸੀਂ ਨਵੀਆਂ ਤੋਂ ਨਵੀਆਂ ਚੁਣੌਤੀਆਂ ਤੇ ਦਬਾਵਾਂ ਦਾ ਸਾਮ੍ਹਣਾ ਕਰੋਗੇ। ਪਰ ਖ਼ੁਸ਼ੀ ਦੀ ਗੱਲ ਇਹ ਹੈ ਕਿ ਤੁਹਾਨੂੰ ‘ਸਚਿਆਈ ਉੱਤੇ ਸਾਖੀ ਦੇਣ’ ਦੇ ਨਵੇਂ ਮੌਕੇ ਮਿਲਣਗੇ। (ਯੂਹੰ. 18:37) ਕੀ ਤੁਸੀਂ ਗਵਾਹੀ ਦੇਣ ਲਈ ਚੰਗੀ ਤਰ੍ਹਾਂ ਤਿਆਰ ਹੋ?
2. ਤੁਸੀਂ ਸਕੂਲ ਲਈ ਕਿੱਦਾਂ ਤਿਆਰੀ ਕੀਤੀ ਹੈ?
2 ਜ਼ਿੰਦਗੀ ਦੇ ਹਰ ਮੋੜ ਤੇ ਸਫ਼ਲਤਾ ਪਾਉਣ ਲਈ ਤੁਹਾਨੂੰ ਯਹੋਵਾਹ, ਤੁਹਾਡੇ ਮਾਪਿਆਂ ਤੇ ਮਾਤਬਰ ਅਤੇ ਬੁੱਧਵਾਨ ਨੌਕਰ ਤੋਂ ਕਾਫ਼ੀ ਸਿਖਲਾਈ ਮਿਲ ਚੁੱਕੀ ਹੈ। (ਕਹਾ. 1:8; 6:20; 23:23-25; ਅਫ਼. 6:1-4; 2 ਤਿਮੋ. 3:16, 17) ਹੁਣ ਤਕ ਤੁਹਾਨੂੰ ਪਤਾ ਹੀ ਹੋਣਾ ਕਿ ਤੁਸੀਂ ਆਪਣੇ ਸਕੂਲ ਵਿਚ ਕਿਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰੋਗੇ। ਤਾਂ ਫਿਰ ਇਹ ਜਾਣਦੇ ਹੋਏ ਕਿ ਪਰਮੇਸ਼ੁਰ ਦੀਆਂ ਮੰਗਾਂ ਕੀ ਹਨ ਅਤੇ ਤੁਹਾਡੇ ਸਕੂਲ ਦਾ ਮਾਹੌਲ ਕਿੱਦਾਂ ਦਾ ਹੋਵੇਗਾ, ਤੁਹਾਨੂੰ ਗਵਾਹੀ ਦੇਣ ਲਈ ਤਿਆਰੀ ਕਰਨੀ ਚਾਹੀਦੀ ਹੈ। (ਕਹਾ. 22:3) ਨੌਜਵਾਨ ਪੁੱਛਦੇ ਹਨ (ਅੰਗ੍ਰੇਜ਼ੀ) ਨਾਂ ਦੀਆਂ ਦੋ ਕਿਤਾਬਾਂ ਅਤੇ ਜਾਗਰੂਕ ਬਣੋ! ਰਸਾਲਿਆਂ ਵਿਚ ਜਾਣਕਾਰੀ ਅਤੇ ਬਾਈਬਲ ਦੀ ਸਲਾਹ ਵੱਲ ਪੂਰਾ ਧਿਆਨ ਦਿਓ ਜਿਸ ਤੋਂ ਤੁਹਾਨੂੰ ਮਦਦ ਮਿਲ ਸਕਦੀ ਹੈ।
3. ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਗਵਾਹੀ ਦੇ ਸਕੋਗੇ?
3 ਤੁਹਾਡੇ ਕੋਲ ਇਸ ਖੇਤਰ ਵਿਚ ਗਵਾਹੀ ਦੇਣ ਦੇ ਕਈ ਸੁਨਹਿਰੇ ਮੌਕੇ ਹਨ। ਜਦੋਂ ਦੂਸਰੇ ਦੇਖਦੇ ਹਨ ਕਿ ਤੁਹਾਡਾ ਪਹਿਰਾਵਾ ਤੇ ਹਾਰ-ਸ਼ਿੰਗਾਰ ਕਿੰਨਾ ਚੰਗਾ ਹੈ, ਤੁਹਾਡਾ ਚਾਲ-ਚਲਣ ਤੇ ਬੋਲ-ਬਾਣੀ ਕਿੰਨੀ ਵਧੀਆ ਹੈ, ਤੁਸੀਂ ਦੂਸਰੇ ਬੱਚਿਆਂ ਤੇ ਟੀਚਰਾਂ ਨਾਲ ਕਿੰਨੇ ਆਦਰ ਨਾਲ ਪੇਸ਼ ਆਉਂਦੇ ਹੋ, ਤੁਹਾਨੂੰ ਇਮਤਿਹਾਨਾਂ ਵਿਚ ਇੰਨੇ ਚੰਗੇ ਨੰਬਰ ਮਿਲਦੇ ਹਨ ਅਤੇ ਇਹ ਵੀ ਕਿ ਤੁਹਾਡੀ ਜ਼ਿੰਦਗੀ ਵਿਚ ਮਕਸਦ ਹੈ, ਤਾਂ ਉਹ ਸ਼ਾਇਦ ਪੁੱਛਣ, “ਤੁਸੀਂ ਦੂਸਰਿਆਂ ਤੋਂ ਕਿਉਂ ਇੰਨੇ ਵੱਖਰੇ ਹੋ?” (ਮਲਾ. 3:18; ਯੂਹੰ. 15:19) ਤੁਹਾਨੂੰ ਸ਼ਾਇਦ ਗਵਾਹੀ ਦੇਣ ਅਤੇ ਆਪਣੇ ਵਿਸ਼ਵਾਸ ਸਮਝਾਉਣ ਦਾ ਮੌਕਾ ਮਿਲੇ। (1 ਤਿਮੋ. 2:9, 10) ਪੂਰੇ ਸਾਲ ਦੌਰਾਨ ਤੁਸੀਂ ਤਰ੍ਹਾਂ-ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਮ੍ਹਣਾ ਕਰੋਗੇ ਜਿਵੇਂ ਕਿ ਰਾਸ਼ਟਰੀ ਤਿਉਹਾਰ ਜਾਂ ਛੁੱਟੀਆਂ ਮਨਾਉਣ ਸਮੇਂ। ਜੇ ਤੁਹਾਨੂੰ ਪੁੱਛਿਆ ਜਾਵੇ ਕਿ ਤੁਸੀਂ ਇਹ ਤਿਉਹਾਰ ਕਿਉਂ ਨਹੀਂ ਮਨਾਉਂਦੇ, ਕੀ ਤੁਸੀਂ ਬੱਸ ਇਹੀ ਕਹੋਗੇ ਕਿ “ਮੇਰਾ ਧਰਮ ਮਨ੍ਹਾ ਕਰਦਾ ਹੈ, ਮੈਂ ਯਹੋਵਾਹ ਦਾ ਇਕ ਗਵਾਹ ਹੋਣ ਕਰਕੇ ਇਨ੍ਹਾਂ ਵਿਚ ਵਿਸ਼ਵਾਸ ਨਹੀਂ ਕਰਦਾ,” ਜਾਂ ਕੀ ਤੁਸੀਂ ਇਸ ਮੌਕੇ ਦਾ ਫ਼ਾਇਦਾ ਉਠਾ ਕੇ ਆਪਣੇ ਪਿਆਰੇ ਪਿਤਾ ਯਹੋਵਾਹ ਬਾਰੇ ਗਵਾਹੀ ਦਿਓਗੇ? ਯਹੋਵਾਹ ਦੀ ਮਦਦ ਨਾਲ ਚੰਗੀ ਤਿਆਰੀ ਕਰ ਕੇ ਤੁਸੀਂ ਟੀਚਰਾਂ, ਦੂਸਰੇ ਬੱਚਿਆਂ ਤੇ ਹੋਰਨਾਂ ਨੂੰ ਵਧੀਆ ਗਵਾਹੀ ਦੇਣ ਲਈ ਤਿਆਰ ਹੋ ਸਕਦੇ ਹੋ।—1 ਪਤ. 3:15.
4. ਤੁਹਾਨੂੰ ਕਿਉਂ ਯਕੀਨ ਹੈ ਕਿ ਤੁਸੀਂ ਅਗਲੇ ਸਾਲ ਸਕੂਲ ਵਿਚ ਸਫ਼ਲ ਹੋਵੋਗੇ?
4 ਭਾਵੇਂ ਕਿ ਤੁਹਾਨੂੰ ਸਕੂਲ ਜਾਣ ਬਾਰੇ ਥੋੜ੍ਹੀ-ਬਹੁਤੀ ਚਿੰਤਾ ਹੋਵੇ, ਯਕੀਨ ਕਰੋ ਕਿ ਅਸੀਂ ਸਾਰੇ ਜਣੇ ਤੁਹਾਨੂੰ ਆਸਰਾ ਦੇਣ ਲਈ ਤਿਆਰ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਕੂਲ ਵਿਚ ਚੰਗਾ ਸਾਲ ਬਿਤਾਓ। ਇਸ ਤੋਂ ਇਲਾਵਾ, ਅਸੀਂ ਖ਼ੁਸ਼ ਹਾਂ ਕਿ ਤੁਹਾਨੂੰ ਆਪਣੇ ਸਕੂਲ ਦੇ ਖੇਤਰ ਵਿਚ ਗਵਾਹੀ ਦੇਣ ਦਾ ਸੁਨਹਿਰੇ ਮੌਕੇ ਮਿਲਣਗੇ। ਇਸ ਕਰਕੇ ਬਹਾਦਰ ਬਣੋ ਤੇ ਸਕੂਲ ਲਈ ਤਿਆਰੀ ਕਰੋ!