ਬਾਈਬਲ ਸਟੱਡੀਆਂ ਤੇ ਅਸਰਦਾਰ ਤਰੀਕੇ ਨਾਲ ਹਵਾਲਿਆਂ ਦੀ ਵਰਤੋ
1 ਅਸੀਂ ਲੋਕਾਂ ਨਾਲ ਇਸ ਲਈ ਬਾਈਬਲ ਸਟੱਡੀਆਂ ਕਰਦੇ ਹਾਂ ਤਾਂਕਿ ਉਹ ਪਰਮੇਸ਼ੁਰ ਦਾ ਬਚਨ ਸਿਰਫ਼ ਸਮਝ ਹੀ ਨਾ ਸਕਣ, ਸਗੋਂ ਉਹ ਉਸ ਦੀਆਂ ਸਿੱਖਿਆਵਾਂ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਸਕਣ ਅਤੇ ਯਿਸੂ ਦੇ ‘ਚੇਲੇ ਬਣ’ ਸਕਣ। (ਮੱਤੀ 28:19, 20; 1 ਥੱਸ. 2:13) ਇਸ ਕਰਕੇ ਉਨ੍ਹਾਂ ਨਾਲ ਕੀਤੀ ਜਾਂਦੀ ਸਟੱਡੀ ਬਾਈਬਲ ਵਿੱਚੋਂ ਹਵਾਲਿਆਂ ʼਤੇ ਹੀ ਆਧਾਰਿਤ ਹੋਣੀ ਚਾਹੀਦੀ ਹੈ। ਸ਼ੁਰੂ ਤੋਂ ਹੀ ਉਨ੍ਹਾਂ ਨੂੰ ਆਪਣੀ ਬਾਈਬਲ ਵਿੱਚੋਂ ਹਵਾਲੇ ਲੱਭਣ ਵਿਚ ਮਦਦ ਦਿਓ।
2 ਕਿਹੜੇ ਹਵਾਲੇ ਪੜ੍ਹੀਏ: ਸਟੱਡੀ ਦੀ ਤਿਆਰੀ ਕਰਦੇ ਸਮੇਂ, ਦੇਖੋ ਕਿ ਬਾਈਬਲ ਦੇ ਹਵਾਲਿਆਂ ਦਾ ਚਰਚਾ ਕੀਤੇ ਜਾ ਰਹੇ ਵਿਸ਼ੇ ਨਾਲ ਕੀ ਸੰਬੰਧ ਹੈ। ਫਿਰ ਫ਼ੈਸਲਾ ਕਰੋ ਕਿ ਸਟੱਡੀ ਦੌਰਾਨ ਤੁਸੀਂ ਬਾਈਬਲ ਵਿੱਚੋਂ ਕਿਹੜੇ ਹਵਾਲੇ ਪੜ੍ਹੋਗੇ ਤੇ ਉਨ੍ਹਾਂ ਦੀ ਚਰਚਾ ਕਰੋਗੇ। ਆਮ ਤੌਰ ਤੇ ਉਹ ਹਵਾਲੇ ਪੜ੍ਹਨੇ ਫ਼ਾਇਦੇਮੰਦ ਹੋਣਗੇ ਜੋ ਦਿਖਾਉਂਦੇ ਹਨ ਕਿ ਸਾਡੀਆਂ ਸਿੱਖਿਆਵਾਂ ਕਿੱਥੋਂ ਲਈਆਂ ਗਈਆਂ ਹਨ। ਉਹ ਆਇਤਾਂ ਪੜ੍ਹਨੀਆਂ ਜ਼ਰੂਰੀ ਨਹੀਂ ਜੋ ਵਾਧੂ ਜਾਣਕਾਰੀ ਪੇਸ਼ ਕਰਦੀਆਂ ਹਨ। ਹਰ ਸਟੱਡੀ ਦੀਆਂ ਵੱਖੋ-ਵੱਖਰੀਆਂ ਲੋੜਾਂ ਅਤੇ ਵੱਖੋ-ਵੱਖਰੇ ਹਾਲਾਤਾਂ ਨੂੰ ਧਿਆਨ ਵਿਚ ਰੱਖੋ।
3 ਸਵਾਲ ਵਰਤੋ: ਬਾਈਬਲ ਦੇ ਹਵਾਲੇ ਆਪ ਹੀ ਸਮਝਾਉਣ ਦੀ ਬਜਾਇ, ਸਟੱਡੀ ਨੂੰ ਕਹੋ ਕਿ ਉਹ ਤੁਹਾਨੂੰ ਸਮਝਾਵੇ। ਤੁਸੀਂ ਢੁਕਵੇਂ ਸਵਾਲ ਪੁੱਛ ਕੇ ਉਸ ਦੀ ਮਦਦ ਕਰ ਸਕਦੇ ਹੋ। ਜੇ ਹਵਾਲੇ ਦਾ ਮਤਲਬ ਸਾਫ਼ ਹੈ, ਤਾਂ ਤੁਸੀਂ ਉਸ ਨੂੰ ਉਸ ਦਾ ਪੈਰੇ ਵਿਚ ਦੱਸੀ ਗੱਲ ਨਾਲ ਸੰਬੰਧ ਪੁੱਛ ਸਕਦੇ ਹੋ। ਨਹੀਂ ਤਾਂ ਤੁਸੀਂ ਸਹੀ ਨਤੀਜੇ ʼਤੇ ਪਹੁੰਚਣ ਵਾਸਤੇ ਉਸ ਨੂੰ ਕੋਈ ਖ਼ਾਸ ਸਵਾਲ ਜਾਂ ਦੋ-ਤਿੰਨ ਸਵਾਲ ਪੁੱਛ ਸਕਦੇ ਹੋ।
4 ਸੌਖੀ ਤਰ੍ਹਾਂ ਸਮਝਾਓ: ਇਕ ਹੁਨਰਮੰਦ ਤੀਰਅੰਦਾਜ਼ ਅਕਸਰ ਇੱਕੋ ਹੀ ਤੀਰ ਨਾਲ ਆਪਣਾ ਨਿਸ਼ਾਨਾ ਲਗਾ ਸਕਦਾ ਹੈ। ਇਸੇ ਤਰ੍ਹਾਂ ਇਕ ਹੁਨਰਮੰਦ ਸਿੱਖਿਅਕ ਨੂੰ ਗੱਲ ਸਮਝਾਉਣ ਲਈ ਬਹੁਤਾ ਬੋਲਣ ਦੀ ਲੋੜ ਨਹੀਂ ਹੁੰਦੀ। ਸਟੱਡੀ ਦੌਰਾਨ ਹਰ ਹਵਾਲੇ ਵਿਚ ਹਰ ਗੱਲ ਸਮਝਾਉਣ ਦੀ ਕੋਸ਼ਿਸ਼ ਕਰਨ ਤੋਂ ਪਰਹੇਜ਼ ਕਰੋ। ਸਿਰਫ਼ ਉਹੀ ਨੁਕਤਾ ਸ਼ਾਮਲ ਕਰੋ ਜਿਸ ਦੀ ਚਰਚਾ ਕੀਤੀ ਜਾ ਰਹੀ ਹੈ। ਕਦੇ-ਕਦੇ ਸਾਨੂੰ ਪ੍ਰਕਾਸ਼ਨਾਂ ਵਿਚ ਇਕ ਹਵਾਲੇ ਦੀ ਰੀਸਰਚ ਕਰ ਕੇ ਉਸ ਨੂੰ ਚੰਗੀ ਤਰ੍ਹਾਂ ਸਮਝਾਉਣ ਦੀ ਲੋੜ ਹੁੰਦੀ ਹੈ।—2 ਤਿਮੋ. 2:15.
5 ਨਿੱਜੀ ਫ਼ਾਇਦੇ ਸਮਝਾਓ: ਜੇ ਢੁਕਦਾ ਹੋਵੇ, ਤਾਂ ਸਟੱਡੀ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਬਾਈਬਲ ਦੀਆਂ ਆਇਤਾਂ ਉਸ ਉੱਤੇ ਕਿੱਦਾਂ ਲਾਗੂ ਹੁੰਦੀਆਂ ਹਨ। ਮਿਸਾਲ ਲਈ, ਤੁਸੀਂ ਉਸ ਨਾਲ ਇਬਰਾਨੀਆਂ 10:24, 25 ਦੀ ਚਰਚਾ ਕਰਨ ਤੋਂ ਬਾਅਦ ਉਸ ਨੂੰ ਇਕ ਮੀਟਿੰਗ ਬਾਰੇ ਸਮਝਾ ਕੇ ਉਸ ਵਿਚ ਆਉਣ ਦਾ ਸਦਾ ਦੇ ਸਕਦੇ ਹੋ। ਉਸ ਨੂੰ ਮੀਟਿੰਗਾਂ ਵਿਚ ਆਉਣ ਦਾ ਸੱਦਾ ਤਾਂ ਦਿਓ, ਪਰ ਉਸ ਨੂੰ ਮਜਬੂਰ ਨਾ ਕਰੋ। ਪਰਮੇਸ਼ੁਰ ਦੇ ਬਚਨ ਨੂੰ ਉਸ ਉੱਤੇ ਅਸਰ ਪਾਉਣ ਦਿਓ ਤਾਂਕਿ ਉਹ ਉਹ ਕੰਮ ਕਰੇ ਜਿਸ ਤੋਂ ਯਹੋਵਾਹ ਖ਼ੁਸ਼ ਹੋਵੇਗਾ।—ਇਬ. 4:12.
6 ਆਓ ਆਪਾਂ ਚੇਲੇ ਬਣਾਉਣ ਦੀ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਈਏ ਅਤੇ ਅਸਰਦਾਰ ਤਰੀਕੇ ਨਾਲ ਬਾਈਬਲ ਦੇ ਹਵਾਲਿਆਂ ਦੀ ਵਰਤੋ ਕਰ ਕੇ ਉਨ੍ਹਾਂ ਵਿਚ “ਨਿਹਚਾ ਦੀ ਆਗਿਆਕਾਰੀ” ਵਧਾਈਏ।—ਰੋਮੀ. 16:26.
[ਸਵਾਲ]
1. ਬਾਈਬਲ ਸਟੱਡੀ ਕਰਦਿਆਂ ਸਾਨੂੰ ਹਵਾਲਿਆਂ ʼਤੇ ਕਿਉਂ ਜ਼ੋਰ ਦੇਣਾ ਚਾਹੀਦਾ ਹੈ?
2. ਅਸੀਂ ਕਿੱਦਾਂ ਫ਼ੈਸਲਾ ਕਰਦੇ ਹਾਂ ਕਿ ਕਿਹੜੇ ਹਵਾਲੇ ਪੜ੍ਹ ਕੇ ਉਨ੍ਹਾਂ ʼਤੇ ਚਰਚਾ ਕਰਨੀ ਹੈ?
3. ਸਵਾਲ ਪੁੱਛਣ ਦੇ ਕੀ ਫ਼ਾਇਦੇ ਹਨ ਅਤੇ ਅਸੀਂ ਇਹ ਕਿਵੇਂ ਪੁੱਛ ਸਕਦੇ ਹਾਂ?
4. ਹਵਾਲਿਆਂ ਨੂੰ ਕਿਸ ਹੱਦ ਤਕ ਸਮਝਾਉਣਾ ਚਾਹੀਦਾ ਹੈ?
5, 6. ਅਸੀਂ ਸਟੱਡੀ ਨੂੰ ਪਰਮੇਸ਼ੁਰ ਦਾ ਬਚਨ ਲਾਗੂ ਕਰਨ ਵਿਚ ਕਿੱਦਾਂ ਮਦਦ ਦੇ ਸਕਦੇ ਹਾਂ, ਪਰ ਸਾਨੂੰ ਕਿਨ੍ਹਾਂ ਗੱਲਾਂ ਦਾ ਖ਼ਿਆਲ ਰੱਖਣ ਦੀ ਲੋੜ ਹੈ?