ਪ੍ਰਚਾਰ ਦੇ ਕੰਮ ਵਿਚ ਵਿਰੋਧਤਾ ਲਈ ਤਿਆਰ ਰਹੋ
1. ਅਸੀਂ ਕਿਸ ਚੀਜ਼ ਦੀ ਉਮੀਦ ਰੱਖ ਸਕਦੇ ਹਾਂ ਅਤੇ ਇਸ ਬਾਰੇ ਕਿਹੜੇ ਸਵਾਲ ਪੈਦਾ ਹੁੰਦੇ ਹਨ?
1 ਯਿਸੂ ਨੇ ਪਹਿਲਾਂ ਹੀ ਦੱਸਿਆ ਸੀ ਕਿ ਉਸ ਦੇ ਚੇਲਿਆਂ ਨੂੰ ਸਤਾਇਆ ਜਾਵੇਗਾ। (ਯੂਹੰ. 15:20) ਜਿਉਂ-ਜਿਉਂ ਇਸ ਸੰਸਾਰ ਦਾ ਅੰਤ ਨਜ਼ਦੀਕ ਆ ਰਿਹਾ ਹੈ ਅਤੇ ਸ਼ਤਾਨ ਦਾ ਕ੍ਰੋਧ ਹੋਰ ਵੀ ਭੜਕ ਰਿਹਾ ਹੈ, ਅਸੀਂ ਉਮੀਦ ਰੱਖ ਸਕਦੇ ਹਾਂ ਕਿ ਅਗਾਹਾਂ ਨੂੰ ਸਾਡੇ ਖ਼ਿਲਾਫ਼ ਵਿਰੋਧਤਾ ਵਧੇਗੀ। (ਪਰ. 12:12) ਅਸੀਂ ਪ੍ਰਚਾਰ ਵਿਚ ਆਪਣਾ ਬਚਾਅ ਕਿੱਦਾਂ ਕਰ ਸਕਦੇ ਹਾਂ? ਜੇ ਮਦਦ ਦੀ ਲੋੜ ਪਵੇ, ਤਾਂ ਕੀ ਸਾਨੂੰ ਪੁਲਸ ਨੂੰ ਸੱਦਣਾ ਚਾਹੀਦਾ ਹੈ? ਕੀ ਸਾਨੂੰ ਜ਼ੁਲਮ ਢਾਹੁਣ ਵਾਲਿਆਂ ਉੱਤੇ ਮੁਕੱਦਮਾ ਚਲਾਉਣਾ ਚਾਹੀਦਾ ਹੈ?
2. ਮਸੀਹੀਆਂ ਨੂੰ ਆਪਣੇ ਬਚਾਅ ਲਈ ਕਿਉਂ ਕਦਮ ਚੁੱਕਣੇ ਚਾਹੀਦੇ ਹਨ?
2 ਜ਼ਿੰਦਗੀ ਅਣਮੋਲ ਹੈ: ਯਹੋਵਾਹ ਦੀਆਂ ਨਜ਼ਰਾਂ ਵਿਚ ਜ਼ਿੰਦਗੀ ਅਣਮੋਲ ਹੈ। ਜਦ ਯਹੋਵਾਹ ਨੇ ਇਸਰਾਏਲ ਦੀ ਕੌਮ ਨੂੰ ਬਿਵਸਥਾ ਦਿੱਤੀ ਸੀ, ਤਾਂ ਉਸ ਵਿਚ ਜ਼ਿੰਦਗੀ ਅਤੇ ਸਿਹਤ ਦੋਵਾਂ ਨੂੰ ਸੁਰੱਖਿਅਤ ਰੱਖਣ ਵਾਲੇ ਹੁਕਮ ਵੀ ਸਨ। (ਕੂਚ 21:22-29) ਭਾਵੇਂ ਕਿ ਹੁਣ ਇਹ ਬਿਵਸਥਾ ਮਸੀਹੀਆਂ ʼਤੇ ਲਾਗੂ ਨਹੀਂ ਹੁੰਦੀ, ਪਰ ਫਿਰ ਵੀ ਅਸੀਂ ਜ਼ਿੰਦਗੀ ਦੀ ਬਹੁਤ ਕਦਰ ਕਰਦੇ ਹਾਂ। ਇਸ ਕਰਕੇ ਜਦੋਂ ਲੋਕ ਸਾਡੇ ʼਤੇ ਜ਼ੁਲਮ ਢਾਹੁਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਅਸੀਂ ਆਪਣੇ ਆਪ ਨੂੰ ਬਚਾਉਣ ਲਈ ਕਦਮ ਚੁੱਕਦੇ ਹਾਂ।
3. ਜੇ ਸਾਡੇ ਇਲਾਕੇ ਵਿਚ ਖ਼ਤਰਨਾਕ ਹਾਲਾਤ ਪੈਦਾ ਹੋ ਜਾਣ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
3 ਆਪਣੇ ਆਪ ਨੂੰ ਕਿਵੇਂ ਬਚਾਈਏ? ਯਿਸੂ ਨੂੰ ਵੀ ਆਪਣੇ ਵਿਰੋਧੀਆਂ ਤੋਂ ਭੱਜਣਾ ਪਿਆ ਸੀ। (ਲੂਕਾ 4:28-30; ਯੂਹੰ. 8:59) ਇਸੇ ਤਰ੍ਹਾਂ ਜੇ ਸਾਡੇ ਇਲਾਕੇ ਵਿਚ ਖ਼ਤਰਨਾਕ ਹਾਲਾਤ ਪੈਦਾ ਹੋ ਜਾਣ, ਤਾਂ ਉੱਥੋਂ ਖਿਸਕ ਜਾਣਾ ਅਕਲਮੰਦੀ ਦੀ ਗੱਲ ਹੋਵੇਗੀ। ਹਾਲਾਤ ਸ਼ਾਂਤ ਹੋਣ ਤਕ ਕਿਸੇ ਹੋਰ ਇਲਾਕੇ ਵਿਚ ਜਾ ਕੇ ਪ੍ਰਚਾਰ ਕਰਨਾ ਬਿਹਤਰ ਹੋਵੇਗਾ।—ਮੱਤੀ 10:23.
4. ਜੇ ਸਾਨੂੰ ਕੋਈ ਜ਼ਬਰਦਸਤੀ ਰੋਕਣ ਦੀ ਕੋਸ਼ਿਸ਼ ਕਰੇ, ਤਾਂ ਅਸੀਂ ਕੀ ਕਰ ਸਕਦੇ ਹਾਂ?
4 ਪਰ ਜੇ ਕੋਈ ਵਿਰੋਧੀ ਸਾਨੂੰ ਜ਼ਬਰਦਸਤੀ ਰੋਕਣ ਜਾਂ ਆਪਣੇ ਘਰ ਵਿਚ ਬੰਦ ਕਰਨ ਦੀ ਕੋਸ਼ਿਸ਼ ਕਰੇ, ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਸੋਚ-ਸਮਝ ਕੇ ਫ਼ੈਸਲਾ ਕਰਨਾ ਚਾਹੀਦਾ ਹੈ। ਪਰ ਇਕ ਮਸੀਹੀ ਨੂੰ ਚੁੱਪ-ਚਾਪ ਕਿਸੇ ਦੀਆਂ ਨਾਜਾਇਜ਼ ਹਰਕਤਾਂ ਬਰਦਾਸ਼ਤ ਕਰਨ ਦੀ ਕੋਈ ਲੋੜ ਨਹੀਂ। ਅਸੀਂ ਸ਼ਾਇਦ ਵਿਰੋਧੀ ਨੂੰ ਧੱਕਾ ਦੇ ਕੇ ਉੱਥੋਂ ਫਟਾਫਟ ਭੱਜ ਸਕਦੇ ਹਾਂ ਤੇ ਕੁੱਟ-ਮਾਰ ਖਾਣ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ। ਜੇ ਇਕ ਮਸੀਹੀ ਨਾਲ ਹੱਥੋ-ਪਾਈ ਸ਼ੁਰੂ ਹੋ ਜਾਵੇ ਜਾਂ ਉਸ ਦੀ ਜਾਨ ਖ਼ਤਰੇ ਵਿਚ ਹੋਵੇ, ਤਾਂ ਉਹ ਵਿਰੋਧੀ ਨੂੰ ਜਕੜ ਕੇ ਫੜ ਸਕਦਾ ਹੈ ਜਾਂ ਉਸ ਨੂੰ ਰੋਕਣ ਲਈ ਮੁੱਕਾ ਮਾਰ ਸਕਦਾ ਹੈ। ਜਨਵਰੀ-ਮਾਰਚ 2011 ਦੇ ਜਾਗਰੂਕ ਬਣੋ! ਰਸਾਲੇ ਵਿਚ ਸਫ਼ੇ 18-19 ʼਤੇ “ਬਾਈਬਲ ਕੀ ਕਹਿੰਦੀ ਹੈ: ਦੂਜੀ ਗੱਲ੍ਹ ਮੋੜਨ ਦਾ ਕੀ ਮਤਲਬ ਹੈ?” ਨਾਂ ਦਾ ਲੇਖ ਦੇਖੋ।
5. ਆਪਣੀ ਸੇਵਕਾਈ ਨਿਭਾਉਣ ਲਈ ਅਸੀਂ ਕਿਹੜੀਆਂ ਕਾਨੂੰਨੀ ਸਹੂਲਤਾਂ ਦਾ ਫ਼ਾਇਦਾ ਉੱਠਾ ਸਕਦੇ ਹਾਂ?
5 ਕੀ ਸਾਨੂੰ ਪੁਲਸ ਨੂੰ ਸੱਦਣਾ ਚਾਹੀਦਾ ਹੈ? ਪ੍ਰਚਾਰ ਕਰਦਿਆਂ ਪੌਲੁਸ ਰਸੂਲ ਨੇ ਰੋਮੀ ਕਾਨੂੰਨਾਂ ਦਾ ਫ਼ਾਇਦਾ ਉਠਾਇਆ ਸੀ। ਮਿਸਾਲ ਲਈ, ਜਦੋਂ ਵਿਰੋਧੀਆਂ ਨੇ ਉਸ ਉੱਤੇ ਝੂਠੇ ਦੋਸ਼ ਲਗਾਏ, ਤਾਂ ਪੌਲੁਸ ਨੇ ਕਾਨੂੰਨ ਦਾ ਸਹਾਰਾ ਲਿਆ ਜਿਸ ਕਰਕੇ ਉਹ ਕੈਸਰ ਅੱਗੇ ਆਪਣਾ ਕੇਸ ਪੇਸ਼ ਕਰ ਸਕਿਆ। (ਰਸੂ. 25:11) ਇਕ ਹੋਰ ਮੌਕੇ ਤੇ ਪੌਲੁਸ ਨੇ ਰੋਮੀ ਹੋਣ ਦੇ ਹੱਕ ਜਤਾਏ ਤਾਂਕਿ ਉਸ ਨੂੰ ਕੋਰੜਿਆਂ ਨਾਲ ਮਾਰਿਆ ਨਾ ਜਾਵੇ। (ਰਸੂ. 22:25, 29) ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਮਸੀਹੀ ਵੀ ਅਧਿਕਾਰੀਆਂ ਤੋਂ ਸੁਰੱਖਿਆ ਭਾਲ ਸਕਦੇ ਹਨ ਜੋ ‘ਸਾਡੀ ਭਲਿਆਈ ਲਈ ਹੀ ਪਰਮੇਸ਼ੁਰ ਦਾ ਸੇਵਕ ਹੈ।’—ਰੋਮੀ. 13:4.
6. ਸਾਨੂੰ ਕੀ ਕਰਨਾ ਚਾਹੀਦਾ ਹੈ ਜੇ ਅਸੀਂ ਕਿਸੇ ਖ਼ਤਰਨਾਕ ਸਥਿਤੀ ਵਿਚ ਪੈ ਜਾਈਏ ਜਿਸ ਤੋਂ ਅਸੀਂ ਭੱਜ ਨਹੀਂ ਸਕਦੇ?
6 ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ, ਜੇ ਅਸੀਂ ਪ੍ਰਚਾਰ ਵਿਚ ਕਿਸੇ ਖ਼ਤਰਨਾਕ ਸਥਿਤੀ ਵਿਚ ਪੈ ਜਾਈਏ ਜਿਸ ਤੋਂ ਅਸੀਂ ਭੱਜ ਨਹੀਂ ਸਕਦੇ, ਤਾਂ ਸਾਨੂੰ ਇਕਦਮ ਪੁਲਸ ਨੂੰ ਬੁਲਾਉਣਾ ਚਾਹੀਦਾ ਹੈ। ਕਈ ਸਮਝਦਾਰ ਭੈਣਾਂ-ਭਰਾਵਾਂ ਨੇ ਸਭ ਤੋਂ ਨੇੜਲੇ ਪੁਲਸ ਸਟੇਸ਼ਨ ਦਾ ਨੰਬਰ ਆਪਣੇ ਮੋਬਾਇਲ ਵਿਚ ਭਰਿਆ ਹੋਇਆ ਹੈ ਤਾਂਕਿ ਗੜਬੜ ਸ਼ੁਰੂ ਹੋਣ ਤੇ ਉਹ ਝੱਟ ਸਹਾਇਤਾ ਮੰਗ ਸਕਦੇ ਹਨ। ਪ੍ਰਚਾਰ ਦੀਆਂ ਸਭਾਵਾਂ ਕਰਨ ਵਾਲੇ ਭਰਾਵਾਂ ਨੂੰ ਉਨ੍ਹਾਂ ਪਬਲੀਸ਼ਰਾਂ ਦੀ ਦੇਖ-ਭਾਲ ਕਰਨੀ ਚਾਹੀਦੀ ਹੈ ਜੋ ਉਨ੍ਹਾਂ ਦੇ ਨਾਲ ਪ੍ਰਚਾਰ ਕਰਦੇ ਹਨ।—1 ਪਤ. 5:2, 3.
7. ਜੇ ਪ੍ਰਚਾਰ ਕਰਦਿਆਂ ਸਾਡੇ ʼਤੇ ਹਮਲਾ ਕੀਤਾ ਜਾਂਦਾ ਹੈ, ਤਾਂ ਮੁਕੱਦਮਾ ਚਲਾਉਣ ਦਾ ਕੀ ਫ਼ਾਇਦਾ ਹੈ?
7 ਕੀ ਸਾਨੂੰ ਮੁਕੱਦਮਾ ਚਲਾਉਣਾ ਚਾਹੀਦਾ ਹੈ? ਜੇ ਪ੍ਰਚਾਰ ਕਰਦਿਆਂ ਘਰ-ਮਾਲਕ ਸਾਡੇ ʼਤੇ ਹਮਲਾ ਕਰੇ, ਤਾਂ ਕੀ ਸਾਨੂੰ ਉਸ ʼਤੇ ਮੁਕੱਦਮਾ ਚਲਾਉਣਾ ਚਾਹੀਦਾ ਹੈ? ਕੁਝ ਭੈਣ-ਭਰਾ ਸ਼ਾਇਦ ਇਵੇਂ ਨਾ ਕਰਨਾ ਚਾਹੁੰਣ ਕਿਉਂਕਿ ਉਹ ਵਾਧੂ ਦੀਆਂ ਮੁਸ਼ਕਲਾਂ ਸਹੇੜਨ ਤੋਂ ਡਰਦੇ ਹਨ ਜਾਂ ਉਹ ਯਹੋਵਾਹ ਨੂੰ ਨਾ ਮੰਨਣ ਵਾਲੇ ਆਪਣੇ ਰਿਸ਼ਤੇਦਾਰਾਂ ਜਾਂ ਸਮਾਜ ਦੀਆਂ ਨਜ਼ਰਾਂ ਵਿਚ ਬੇਇੱਜ਼ਤ ਨਹੀਂ ਹੋਣਾ ਚਾਹੁੰਦੇ। ਪਰ ਜੇ ਅਸੀਂ ਨਾ ਮੁਕੱਦਮਾ ਚਲਾਈਏ, ਤਾਂ ਸ਼ਾਇਦ ਸਾਡੇ ਵਿਰੋਧੀ ਸੋਚਣ ਕਿ ਉਹ ਯਹੋਵਾਹ ਦੇ ਗਵਾਹਾਂ ʼਤੇ ਜਦੋਂ ਜੀ ਚਾਹੇ ਹਮਲਾ ਕਰ ਸਕਦੇ ਹਨ ਤੇ ਉਨ੍ਹਾਂ ਨੂੰ ਕੋਈ ਕੁਝ ਨਹੀਂ ਕਹਿ ਸਕਦਾ। ਇਸ ਤੋਂ ਉਨ੍ਹਾਂ ਦੀ ਹਿੰਮਤ ਹੋਰ ਵੀ ਵਧ ਸਕਦੀ ਹੈ। (ਉਪ. 8:11) ਮੁਕੱਦਮਾ ਚਲਾ ਕੇ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਹੱਕ ਪ੍ਰਾਪਤ ਕਰਨ ਲਈ ਕਾਨੂੰਨੀ ਲੜਾਈ ਲੜ ਸਕਦੇ ਹਾਂ ਅਤੇ ਹੋ ਸਕਦਾ ਹੈ ਕਿ ਉਸ ਇਲਾਕੇ ਵਿਚ ਅਗਾਹਾਂ ਨੂੰ ਸਾਡੇ ਭੈਣਾਂ-ਭਰਾਵਾਂ ʼਤੇ ਹਮਲਾ ਨਾ ਕੀਤਾ ਜਾਵੇ ਜਦੋਂ ਉਹ ਉੱਥੇ ਪ੍ਰਚਾਰ ਕਰਨ।—ਫ਼ਿਲਿ. 1:7.
8. ਵਿਰੋਧਤਾ ਦੇ ਬਾਵਜੂਦ ਅਸੀਂ ਨਿਡਰ ਰਹਿ ਕੇ ਪ੍ਰਚਾਰ ਕਿਉਂ ਕਰ ਸਕਦੇ ਹਾਂ?
8 ਵਿਰੋਧੀ ਜਿੱਤ ਨਹੀਂ ਸਕਦੇ: ਭਾਵੇਂ ਅਸੀਂ ਵਿਰੋਧਤਾ ਦੀ ਉਮੀਦ ਰੱਖਦੇ ਹਾਂ, ਪਰ ਸਾਨੂੰ ਡਰਨ ਦੀ ਲੋੜ ਨਹੀਂ ਹੈ। ਸਾਰੇ ਜਗਤ ਦਾ ਅੱਤ ਮਹਾਨ ਸਾਡੇ ਨਾਲ ਹੈ। (ਯਸਾ. 41:10; ਇਬ. 13:6) ਯਹੋਵਾਹ ਸਾਡੇ ਵਿਰੋਧੀਆਂ ਨੂੰ ਸਾਨੂੰ ਪ੍ਰਚਾਰ ਕਰਨ ਤੋਂ ਰੋਕਣ ਨਹੀਂ ਦੇਵੇਗਾ। (ਯਸਾ. 54:17) ਇਹ ਗੱਲ ਕਦੇ ਨਾ ਭੁੱਲੋ ਕਿ ਵਿਰੋਧਤਾ ਦੇ ਬਾਵਜੂਦ ਵਫ਼ਾਦਾਰੀ ਨਾਲ ਪ੍ਰਚਾਰ ਕਰਦੇ ਰਹਿਣਾ “ਪਰਮੇਸ਼ੁਰ ਨੂੰ ਪਰਵਾਨ ਹੈ।” ਅੰਤ ਵਿਚ ਯਹੋਵਾਹ ਵਿਰੋਧੀਆਂ ਦੇ ਕੀਤੇ ਹਰ ਨੁਕਸਾਨ ਦੀ ਭਰਪਾਈ ਕਰ ਦੇਵੇਗਾ। (1 ਪਤ. 2:19, 20) ਯਹੋਵਾਹ ਦੀ ਸੰਸਥਾ ਸਾਨੂੰ ਸਹਾਰਾ ਦਿੰਦੀ ਹੈ। ਪ੍ਰਚਾਰ ਦੇ ਕੰਮ ਵਿਚ ਜੇ ਸਾਡੇ ਉੱਤੇ ਹਮਲਾ ਕੀਤਾ ਜਾਵੇ ਜਾਂ ਜੇ ਅਧਿਕਾਰੀ ਇਹ ਸੋਚਦੇ ਹਨ ਕਿ ਅਸੀਂ ਪ੍ਰਚਾਰ ਕਰ ਕੇ ਕਾਨੂੰਨ ਤੋੜ ਰਹੇ ਹਾਂ, ਤਾਂ ਸਾਨੂੰ ਇਕਦਮ ਆਪਣੇ ਬਜ਼ੁਰਗਾਂ ਨੂੰ ਦੱਸ ਦੇਣਾ ਚਾਹੀਦਾ ਹੈ ਜੋ ਫਿਰ ਬ੍ਰਾਂਚ ਆਫ਼ਿਸ ਨਾਲ ਸੰਪਰਕ ਕਰਨਗੇ। ਇਨ੍ਹਾਂ ਖ਼ਤਰਨਾਕ ਸਮਿਆਂ ਵਿਚ ਸਾਨੂੰ ਸਾਵਧਾਨ ਰਹਿ ਕੇ ਚੰਗੇ ਫ਼ੈਸਲੇ ਕਰਨੇ ਚਾਹੀਦੇ ਹਨ ਕਿਉਂਕਿ ਅਸੀਂ ਖ਼ੁਸ਼ ਖ਼ਬਰੀ ਸੁਣਾਉਣ ਤੋਂ ਨਹੀਂ ਹਟਣਾ ਚਾਹੁੰਦੇ।—ਰਸੂ. 5:41, 42.