ਕੀ ਤੁਸੀਂ ਐਤਵਾਰ ਨੂੰ ਪ੍ਰਚਾਰ ਕਰਨ ਜਾ ਸਕਦੇ ਹੋ?
1. ਫ਼ਿਲਿੱਪੈ ਸ਼ਹਿਰ ਵਿਚ ਪੌਲੁਸ ਅਤੇ ਉਸ ਦੇ ਸਾਥੀਆਂ ਦੇ ਪ੍ਰਚਾਰ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
1 ਫ਼ਿਲਿੱਪੈ ਸ਼ਹਿਰ ਵਿਚ ਸਬਤ ਦੇ ਦਿਨ ਯਹੂਦੀ ਜ਼ਿਆਦਾਤਰ ਆਰਾਮ ਹੀ ਕਰਦੇ ਸਨ। ਪੌਲੁਸ ਅਤੇ ਉਸ ਦੇ ਸਾਥੀ ਆਪਣੇ ਮਿਸ਼ਨਰੀ ਦੌਰੇ ਦੌਰਾਨ ਉਸ ਸ਼ਹਿਰ ਵਿਚ ਠਹਿਰੇ ਹੋਏ ਸਨ। ਉਹ ਬੜੇ ਮਿਹਨਤੀ ਸਨ ਇਸ ਲਈ ਜੇ ਉਹ ਸਬਤ ਦੇ ਦਿਨ ਆਰਾਮ ਵੀ ਕਰਦੇ, ਤਾਂ ਇਸ ਵਿਚ ਕੋਈ ਹਰਜ਼ ਨਹੀਂ ਸੀ। ਪਰ ਉਨ੍ਹਾਂ ਨੂੰ ਪਤਾ ਸੀ ਕਿ ਯਹੂਦੀ ਲੋਕ ਸ਼ਹਿਰ ਦੇ ਬਾਹਰ ਪ੍ਰਾਰਥਨਾ ਕਰਨ ਲਈ ਇਕੱਠੇ ਹੁੰਦੇ ਸਨ ਇਸ ਕਰਕੇ ਪੌਲੁਸ ਅਤੇ ਉਸ ਦੇ ਸਾਥੀਆਂ ਨੇ ਉੱਥੇ ਜਾ ਕੇ ਲੋਕਾਂ ਨੂੰ ਪ੍ਰਚਾਰ ਕੀਤਾ। ਉਹ ਕਿੰਨੇ ਖ਼ੁਸ਼ ਹੋਏ ਹੋਣੇ ਜਦੋਂ ਲੁਦਿਯਾ ਨਾਮੇ ਇਕ ਔਰਤ ਨੇ ਉਨ੍ਹਾਂ ਦੀ ਗੱਲ ਸੁਣੀ ਤੇ ਆਪਣੇ ਟੱਬਰ ਸਣੇ ਬਪਤਿਸਮਾ ਲਿਆ! (ਰਸੂ. 16:13-15) ਅੱਜ-ਕੱਲ੍ਹ ਕਈ ਲੋਕ ਐਤਵਾਰ ਨੂੰ ਆਰਾਮ ਕਰਦੇ ਹਨ, ਇਸ ਲਈ ਕਿਉਂ ਨਾ ਅਸੀਂ ਇਸ ਦਿਨ ਕੁਝ ਸਮਾਂ ਕੱਢ ਕੇ ਉਨ੍ਹਾਂ ਨੂੰ ਪ੍ਰਚਾਰ ਕਰਨ ਜਾਈਏ?
2. ਐਤਵਾਰ ਦੇ ਦਿਨ ਪ੍ਰਚਾਰ ਕਰ ਸਕਣ ਲਈ ਯਹੋਵਾਹ ਦੇ ਲੋਕਾਂ ਨੇ ਕਿਹੜੀਆਂ ਰੁਕਾਵਟਾਂ ਦਾ ਸਾਮ੍ਹਣਾ ਕੀਤਾ ਹੈ?
2 ਐਤਵਾਰ ਦੇ ਦਿਨ ਪ੍ਰਚਾਰ ਕਰਨ ਲਈ ਸੰਘਰਸ਼: 1927 ਦੌਰਾਨ ਯਹੋਵਾਹ ਦੇ ਲੋਕਾਂ ਨੂੰ ਐਤਵਾਰ ਦੇ ਦਿਨ ਨੂੰ ਕੁਝ ਸਮੇਂ ਲਈ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ ਸੀ। ਪਰ ਅਧਿਕਾਰੀਆਂ ਨੇ ਝੱਟ ਹੀ ਇਤਰਾਜ਼ ਕੀਤਾ। ਅਮਰੀਕਾ ਵਿਚ ਕਈ ਭੈਣਾਂ-ਭਰਾਵਾਂ ਉੱਤੇ ਇਲਜ਼ਾਮ ਲਾਇਆ ਗਿਆ ਕਿ ਉਹ ਐਤਵਾਰ ਦੇ ਸਬਤ ਦਾ ਕਾਨੂੰਨ ਤੋੜ ਰਹੇ ਸਨ, ਲੋਕਾਂ ਨੂੰ ਪਰੇਸ਼ਾਨ ਕਰ ਰਹੇ ਸਨ ਅਤੇ ਲਸੰਸ ਤੋਂ ਬਿਨਾਂ ਸਾਹਿੱਤ ਵੇਚ ਰਹੇ ਸਨ। ਇਸ ਲਈ ਉਨ੍ਹਾਂ ਨੂੰ ਗਿਰਫ਼ਤਾਰ ਕੀਤਾ ਗਿਆ, ਪਰ ਯਹੋਵਾਹ ਦੇ ਲੋਕਾਂ ਨੇ ਹਾਰ ਨਹੀਂ ਮੰਨੀ। 1930 ਦੇ ਦਹਾਕੇ ਵਿਚ ਕਈ ਕਲੀਸਿਯਾਵਾਂ ਦੇ ਭੈਣ-ਭਰਾ ਇਕੱਠੇ ਮਿਲ ਕੇ ਇੱਕੋ ਇਲਾਕੇ ਵਿਚ ਪ੍ਰਚਾਰ ਕਰਦੇ ਸਨ। ਕਦੇ-ਕਦਾਈਂ ਜਦੋਂ ਕੁਝ ਪਬਲੀਸ਼ਰਾਂ ਨੂੰ ਗਿਰਫ਼ਤਾਰ ਕੀਤਾ ਜਾਂਦਾ ਸੀ, ਉਨ੍ਹਾਂ ਦੀ ਵੱਡੀ ਗਿਣਤੀ ਕਾਰਨ ਅਧਿਕਾਰੀ ਉਨ੍ਹਾਂ ਨੂੰ ਪ੍ਰਚਾਰ ਕਰਨ ਤੋਂ ਹਟਾ ਨਹੀਂ ਸਕੇ। ਕੀ ਤੁਸੀਂ ਉਨ੍ਹਾਂ ਭਰਾਵਾਂ ਦੀ ਕੁਰਬਾਨੀ ਦੀ ਵਾਕਈ ਕਦਰ ਕਰਦੇ ਹੋ ਅਤੇ ਉਨ੍ਹਾਂ ਵਾਂਗ ਜੋਸ਼ ਨਾਲ ਪ੍ਰਚਾਰ ਕਰਨਾ ਚਾਹੁੰਦੇ ਹੋ?
3. ਐਤਵਾਰ ਨੂੰ ਪ੍ਰਚਾਰ ਕਰਨਾ ਕਿਉਂ ਚੰਗਾ ਹੈ?
3 ਪ੍ਰਚਾਰ ਕਰਨ ਦਾ ਵਧੀਆ ਦਿਨ: ਐਤਵਾਰ ਦੇ ਦਿਨ ਕਈ ਲੋਕਾਂ ਨੂੰ ਕੰਮ ਤੋਂ ਛੁੱਟੀ ਹੁੰਦੀ ਹੈ ਅਤੇ ਇਸ ਕਰਕੇ ਉਹ ਸ਼ਾਇਦ ਸਾਡੇ ਨਾਲ ਗੱਲ ਕਰਨ ਲਈ ਰਾਜ਼ੀ ਹੋਣ। ਚਰਚਾਂ ਵਿਚ ਜਾਣ ਵਾਲੇ ਲੋਕ ਸ਼ਾਇਦ ਇਸ ਦਿਨ ਰੱਬ ਬਾਰੇ ਗੱਲ ਕਰਨ ਲਈ ਤਿਆਰ ਹੋਣ। ਜੇ ਤੁਹਾਡੀ ਮੀਟਿੰਗ ਐਤਵਾਰ ਨੂੰ ਹੁੰਦੀ ਹੈ ਤੇ ਤੁਸੀਂ ਮੀਟਿੰਗ ʼਤੇ ਜਾਣ ਲਈ ਢੁਕਵੇਂ ਕੱਪੜੇ ਪਾਏ ਹੋਏ ਹਨ, ਤਾਂ ਕਿਉਂ ਨਾ ਮੀਟਿੰਗ ਤੋਂ ਪਹਿਲਾਂ ਜਾਂ ਬਾਅਦ ਵਿਚ ਪ੍ਰਚਾਰ ਵਿਚ ਵੀ ਥੋੜ੍ਹਾ-ਬਹੁਤਾ ਹਿੱਸਾ ਲਓ? ਜੇ ਲੋੜ ਹੋਵੇ, ਤਾਂ ਤੁਸੀਂ ਆਪਣੇ ਨਾਲ ਕੁਝ ਖਾਣ-ਪੀਣ ਲਈ ਵੀ ਲਿਜਾ ਸਕਦੇ ਹਾਂ।
4. ਐਤਵਾਰ ਦੇ ਦਿਨ ਪ੍ਰਚਾਰ ਵਿਚ ਕੁਝ ਸਮਾਂ ਲਗਾ ਕੇ ਸਾਨੂੰ ਕਿਹੜੀ ਖ਼ੁਸ਼ੀ ਮਿਲ ਸਕਦੀ ਹੈ?
4 ਜੇ ਅਸੀਂ ਐਤਵਾਰ ਨੂੰ ਕੁਝ ਸਮੇਂ ਲਈ ਪ੍ਰਚਾਰ ਕਰਦੇ ਹਾਂ, ਤਾਂ ਸਾਡੇ ਕੋਲ ਫਿਰ ਵੀ ਆਰਾਮ ਕਰਨ ਲਈ ਸਮਾਂ ਹੋਵੇਗਾ। ਇਸ ਤੋਂ ਇਲਾਵਾ ਪਰਮੇਸ਼ੁਰ ਦੀ ਸੇਵਾ ਵਿਚ ਹਿੱਸਾ ਲੈ ਕੇ ਸਾਨੂੰ ਮਨ ਦੀ ਸ਼ਾਂਤੀ ਮਿਲੇਗੀ। (ਕਹਾ. 19:23) ਅਸੀਂ ਕਿੰਨੇ ਖ਼ੁਸ਼ ਹੋਵਾਂਗੇ ਜੇ ਸਾਨੂੰ ਵੀ ਲੁਦਿਯਾ ਵਰਗਾ ਕੋਈ ਵਿਅਕਤੀ ਲੱਭ ਪਵੇ!